More Gurudwara Wiki  Posts
ਇਤਿਹਾਸ 3 ਨਵੰਬਰ – ਖਾਲਸੇ ਦੀ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ


3 ਨਵੰਬਰ ਨੂੰ ਖਾਲਸੇ ਦੀ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਹੈ , ਸਭ ਤੋ ਪਹਿਲਾ ਸਾਰੇ ਪੰਥ ਖਾਲਸਾ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਜਦੋਂ ਮੈ ਆਪਣੀ ਮਾਂ ਦਾ ਇਤਿਹਾਸ ਲਿਖਣਾ ਸ਼ੁਰੂ ਕੀਤਾ ਸਰੀਰ ਵਿੱਚ ਖੁਸ਼ੀ ਦੀ ਇਕ ਝਰਨਾਹਟ ਜਹੀ ਪੈਦਾ ਹੋਈ। ਇਉਂ ਲਗਿਆ ਜਿਵੇਂ ਮਾਂ ਨੇ ਦੋਵੇਂ ਹੱਥ ਸਿਰ ਉੱਤੇ ਰੱਖ ਕੇ ਏਨਾ ਪਿਆਰ ਦਿੱਤਾ ਜੋ ਬਿਆਨ ਤੋ ਬਾਹਰ ਹੈ।
ਆਉ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਇਤਿਹਾਸ ਦੀ ਸਾਂਝ ਪਾਈਐ।
ਭਾਈ ਰਾਮਾ ਜੀ ਰੁਹਤਾਸ ਨਗਰ ਜਿਲਾ ਜਿਹਲਮ ਬੱਸੀ.ਖਤਰੀ ਦੇ ਘਰ ਮਾਤਾ ਜੱਸ ਦੇਵੀ ਜੀ ਦੀ ਕੁੱਖੋਂ ਇਕ ਬੱਚੀ 18 ਕੱਤਕ 1681 : ਨੂੰ ਜਨਮੀ ਜਿਸ ਦਾ ਨਾਂ ਸਾਹਿਬ ਦੇਵੀ ਰੱਖਿਆ । ਬੀਬੀ ਸਾਹਿਬ ਦੇਵੀ ਇਕ ਚੰਗੇ ਧਾਰਮਿਕ ਵਾਤਾਵਰਣ ਵਾਲੇ ਘਰ ਵਿੱਚ ਪੈਦਾ ਹੋਣ ਕਰਕੇ ਪੂਰਨ ਧਾਰਮਿਕ ਵਿਚਾਰਾਂ ਨੂੰ ਗ੍ਰਹਿਣ ਕਰ ਪੂਰਨ ਗੁਰਮਤਿ ਵਿਚ ਪਰਪੱਕ ਹੋ ਗਈ । ਚੰਗੀ ਸੁੰਦਰ ਸ਼ਕਲ , ਖੁੱਲੇ ਹੱਡ ਪੈਰ , ਖੁੱਲਾ ਮਿਲਾਪੜਾ ਸੁਭਾਅ , ਨੂਰਾਨੀ ਮੁੱਖੜਾ । ਸਾਰੇ ਨਗਰ ਦੀ ਹਰਮਨ ਪਿਆਰੀ , ਮਿਠਬੋਲੜੀ , ਹਸਮੁੱਖ , ਸਹਿਣਸ਼ੀਲ , ਸਿਦਕ ਸਬੂਰੀ ਤੇ ਨਿਮਰਤਾ ਦੀ ਮੂਰਤ , ਘਰ ਵਿਚੋਂ ਗੁਰਮੁੱਖੀ ਪੜ ਜਪੁ ਜੀ , ਰਹਿਰਾਸ ਤੇ ਕੀਰਤਨ ਸੋਹਿਲਾ ਤੇ ਹੋਰ ਸ਼ਬਦ ਜਬਾਨੀ ਯਾਦ ਕਰ ਲਏ ।
ਬਚਪਨ ਤੋਂ ਹੀ ਸਾਹਿਬ ਦੇਵੀ ਪ੍ਰਮਾਤਮਾ ਦੀ ਭਗਤੀ ਵਿਚ ਮਗਨ ਰਹਿੰਦੀ ਹਰ ਵਕਤ ਸਿਮਰਨ ਕਰਦੀ ਰਹਿੰਦੀ ਬੋਲਦੀ ਘੱਟ । ਪਿੰਡ ਦੀ ਧਰਮਸ਼ਾਲਾ ਵਿੱਚ ਜਦੋਂ ਸਿੱਖ ਸੰਗਤ ਇਕੱਤਰ ਹੁੰਦੀ ਸ਼ਬਦ ਕੀਰਤਨ ਕਰਦੀ ਨਾਮ ਸਿਮਰਨ ਕਰਦੀ । ਇਲਾਕੇ ਦਾ ਮਸੰਦ ਧਰਮ ਪ੍ਰਚਾਰ ਕਰਦਾ ਬੀਬੀ ਸਾਹਿਬ ਦੇਵੀ ਸੰਗਤ ਲਈ ਲੰਗਰ ਤਿਆਰ ਕਰਦੀ।ਲੰਗਰ ਛੱਕਾ ਬਰਤਨ ਮਾਂਜਦੀ ਝਾੜੂ ਫੇਰਦੀ । ਸਾਰੀ ਸੰਗਤ ਦੁੱਖ ਸੁੱਖ ਵੇਲੇ ਇਕ ਦੂਜੇ ਦੇ ਭਾਈਵਾਲ ਹੁੰਦੀ ਇਸ ਨਗਰ ਵਿੱਚ ਪਹਿਲੇ ਗੁਰੂ ਸਾਹਿਬ ਤੋਂ ਦਸਮੇਸ਼ ਪਿਤਾ ਜੀ ਤੱਕ ਦੇ ਸ਼ਰਧਾਲੂ ਤੁਰੇ ਆਉਂਦੇ ਸਨ । ਇਥੋਂ ਪਹਿਲਾਂ ਵੀ ਸੰਗਤ ਅਨੰਦਪੁਰ ਦਸਮੇਸ਼ ਪਿਤਾ ਦੇ ਦਰਸ਼ਨਾਂ ਨੂੰ ਜਾਂਦੀ ਰਹੀ ਸੀ । ਹੋ ਸਕਦਾ ਹੈ ਸਾਹਿਬ ਦੇਵਾਂ ਇਸ ਤਰਾਂ ਗੁਰੂ ਜੀ ਦੇ ਦਰਸ਼ਨ ਕੀਤੇ ਹੋਣ ।
ਬੀਬੀ ਸਾਹਿਬ ਦੇਵੀ ਜਦੋਂ ਜੁਆਨ ਹੋਈ ਤਾਂ ਭਾਈ ਰਾਮਾ ਜੀ ਨੂੰ ਇਸ ਧਾਰਮਿਕ ਅਵਸਥਾ ਵਾਲੀ ਬਾਲੜੀ ਲਈ ਇਹੋ ਜਿਹਾ ਵਰ ਲੱਭਣ ਵਿੱਚ ਕਠਿਨਾਈ ਆਈ । ਸੋ ਉਨ੍ਹਾਂ ਦਿਨਾਂ ਵਿੱਚ ਸਿੱਖਾਂ ਵਿਚ ਗੁਰੂ ਘਰ ਨਾਲ ਸਬੰਧ ਬਣਾਉਣਾ ਆਪਣੇ ਚੰਗੇ ਭਾਗ ਸਮਝਦੇ ਸਨ । ਇਹੋ ਵਿਚਾਰ ਦਿਲ ਵਿੱਚ ਧਾਰਕੇ ਭਾਈ ਰਾਮਾ ਜੀ ਨੇ ਆਪਣੀ ਪਤਨੀ ਤੇ ਸੰਬਧੀਆਂ ਨਾਲ ਸਲਾਹ ਕਰਕੇ ਬੀਬੀ ਸਾਹਿਬ ਦੇਵੀ ਦਾ ਰਿਸ਼ਤਾ , ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਲਈ ਪੱਕੀ ਧਾਰ ਲਈ । ਇਹ ਵਿਚਾਰ ਜਦੋ ਮਾਪਿਆਂ ਨੇ ਸਾਹਿਬ ਦੇਵੀ ਨੂੰ ਦੱਸੇ ਤਾਂ ਬੀਬੀ ਜੀ ਨੇ ਹਾ ਕਰ ਦਿੱਤੀ ।
ਜਦੋਂ ਪਿੰਡ ਦੀ ਧਰਮਸ਼ਾਲਾ ਵਿੱਚ ਸੰਗਤ ਸ਼ਬਦ ਕੀਰਤਨ ਲਈ ਇੱਕਠੀ ਹੋਈ ਤਾਂ ਰਾਮਾ ਜੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਰੀ ਸੰਗਤ ਗੁਰੂ ਨਿਆਈ ਹੈ।ਦਾਸ ਆਪ ਅੱਗੇ ਬੇਨਤੀ ਕਰਦਾ ਹੈ ਕਿ ਸਾਰੀ ਸੰਗਤ ਬਾਲੜੀ ਸਾਹਿਬ ਦੇਵੀ ਦਾ ਰਿਸ਼ਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਲਈ ਇਕ ਮਨ ਹੋ ਕੇ ਅਰਦਾਸ ਕਰੋ । ‘ ਸਾਰੀ ਸੰਗਤ ਅਚੰਬਤ ਵੀ ਤੇ ਖੁਸ਼ ਵੀ ਹੋਈ ਕਿ ਗੁਰੂ ਜੀ ਦਾ ਸੰਬੰਧ ਇਸ ਤਰ੍ਹਾਂ ਪੋਠੋਹਾਰ ਦੀ ਸੰਗਤ ਨਾਲ ਸਿੱਧਾ ਹੀ ਹੋ ਜਾਵੇਗਾ । ਸਾਰਿਆ ਹੱਸ ਹੱਸ ਇਹ ਅਰਦਾਸ ਕੀਤੀ ਤੇ ਨਾਲ ਹੀ ਭਾਈ ਰਾਮਾ ਜੀ ਦੀ ਸਿਫ਼ਾਰਸ਼ ਲਈ ਸੰਗਤਾਂ ਨੇ ਅਨੰਦਪੁਰ ਜਾਣ ਲਈ ਤਿਆਰੀਆਂ ਕਰ ਲਈਆਂ । ਹਰ ਸਿੱਖ ਨੇ ਆਪਣੇ ਆਪਣੇ ਦਸਵੰਧ ਦੀ ਰਕਮ ਇਕੱਠੀ ਕਰ ਚਾਲੇ ਪਾ ਲਏ । ਭਾਈ ਰਾਮਾ ਜੀ ਆਪਣੇ ਸਾਕਾਂ ਸਬੰਧੀਆ ਸਮੇਤ ਵਿਆਹ ਦਾ ਸਾਮਾਨ ਕਪੱੜੇ , ਗਹਿਣਾ ਗੱਟਾ ਆਦਿ ਲੈ ਮੰਜ਼ਲਾਂ ਮਾਰਦੇ ਸੰਗਤ ਦੇ ਰੂਪ ਵਿੱਚ ਸ਼ਬਦ ਚੋਂਕੀ ਕਰਦੇ ਅਨੰਦਪੁਰ ਸਾਹਿਬ ਜਾ ਪੁੱਜੇ ।
ਅਨੰਦਪੁਰ ਸਾਹਿਬ ਪੁਜਦਿਆਂ ਭਾਈ ਰਾਮਾ ਜੀ ਤੇ ਸੰਗਤ ਨੇ ਆਪਣੇ ਦਸਵੰਧ ਭਾਈ ਭਗਵਾਨ ਸਿੰਘ ਦੀਵਾਨ ਪਾਸ ਜਮਾ ਕਰਾਇਆ | ਲਾਗੇ ਬੈਠੇ ਭਾਈ ਮਨੀ ਸਿੰਘ ਜੀ ਨੂੰ ਆਪਣੀ ਸਾਰੀ ਵਿਚਾਰ ਦੱਸੀ । ਇਨ੍ਹਾਂ ਦੋਵਾਂ ਭਾਈ ਰਾਮਾ ਜੀ ਨੂੰ ਯਕੀਨ ਦੁਆਇਆ ਕਿ ਉਹ ਉਸ ਦੀ ਲੜਕੀ ਦੇ ਗੁਰੂ ਜੀ ਨਾਲ ਰਿਸ਼ਤਾ ਕਰਨ ਦੀ ਗੁਰੂ ਜੀ ਨਾਲ ਗੱਲ ਤੋਰਨਗੇ । ਜਦੋਂ ਸਵੇਰੇ ਗੁਰੂ ਜੀ ਬਿਸਰਾਮ ਕਰ ਰਹੇ ਸਨ ਤਾਂ ਭਾਈ ਰਾਮਾ ਜੀ ਖੜੇ ਹੋ ਕੇ ਗਲ ਵਿਚ ਪਲਾ ਪਾ ਹੱਥ ਜੋੜ ਤੇ ਸੰਗਤ ਵੀ ਨਾਲ ਖੜ੍ਹੀ ਹੋ ਇਸੇ ਤਰ੍ਹਾਂ ਚੁੱਪ ਹੱਥ ਜੋੜ ਚੁਪ ਖੜੀ ਹੋ ਗਈ । ਬੋਲਣ ਕੁਝ ਨਾ | ਅੰਤਰਯਾਮੀ ਨੇ ਇਸ ਤਰ੍ਹਾਂ ਖੜ੍ਹਨ ਦਾ ਕਾਰਨ ਪੁਛਿਆ ਤਾਂ ਭਾਈ ਮਨੀ ਸਿੰਘ ਜੀ ਨੇ ਵਿਚੋਲਗੀ ਕਰਦਿਆਂ ਹੱਥ ਜੋੜਦੇ ਖੜੇ ਹੋ ਕਿਹਾ ਕਿ ਦੀਨ ਦੁਨੀ ਦੇ ਮਾਲਕ ਇਹ ਸੰਗਤ ਭਾਈ ਰਾਮਾ ਜੀ ਦੀ ਸਪੁੱਤਰੀ ਸਾਹਿਬ ਦੇਵੀ ਦਾ ਰਿਸ਼ਤਾ ਆਪ ਜੀ ਨਾਲ ਕਰਨ ਆਈ ਹੈ । ਕੁਝ ਚਿਰ ਚੁਪ ਰਹਿ ਗੁਰੂ ਜੀ ਬਚਨ ਕੀਤਾ ਕਿ ‘ ਮੈਂ ਅੰਮ੍ਰਿਤ ਤਿਆਰ ਕਰਨ ਵੇਲੇ ਬ੍ਰਹਮਚਾਰਜ ਧਾਰਨ ਕਰ ਲਿਆ ਸੀ । ਸੋ ਮੈਂ ਇਸ ਦੇ ਨਾਲ ਵਿਆਹ ਕਰਵਾਉਣ ਤੋਂ ਅਸਮਰਥ ਹਾਂ । ‘ ਭਾਈ ਸੰਤੋਖ ਸਿੰਘ ਲਿਖਦੇ ਹਨ : ਤਬ ਤੋਂ ਹਿਸਤ ਕਰਨ ਹਮ ਛੋਰਾ । ਬ੍ਰਹਮ ਚਰਜ ਮਹਿ ਨਿੱਤ ਮਨ ਜੋਰਾ ||
ਯਾਤੇ ਬਨੈ ਨਹੀਂ ਇਹ ਬਾਤੇ | ਛਪਯੋ ਬ੍ਰਿਤਾਂਤ ਨਾ ਸਭ ਬਖਿਆਤ ॥ ਗੁਰੂ ਜੀ ਦੇ ਇਹ ਬਚਨ ਸੁਣ ਭਾਈ ਰਾਮਾ ਜੀ ਤੇ ਪੋਠੋਹਾਰੀ ਸੰਗਤ ਇਹ ਬੜੀ ਨਿਰਾਸ਼ ਤੇ ਮਾਯੂਸ ਹੋਈ । ਇਨ੍ਹਾਂ ਨੂੰ ਦੁਖੀ ਹੋਏ ਵੇਖ ਭਾਈ ਭਗਵਾਨ ਸਿੰਘ ਜੀ ਭਾਈ ਮਨੀ ਸਿੰਘ ਜੀ ਹੋਰਾਂ ਗੁਰੂ ਜੀ ਅਗੇ ਫਿਰ ਬੇਨਤੀ ਕੀਤੀ ਕਿ ‘ ਗਰੀਬ ਨਿਵਾਜ਼ । ਆਪ ਦਾ ਬ੍ਰਹਮ ਚਰਜ ਦਾ ਧਾਰਨ ਵੀ ਠੀਕ ਹੈ ਪਰ ਇਸ ਸੰਗਤ ਦੀ ਪਿੰਡੋਂ ਤੁਰਨ ਲਗਿਆਂ ਦੀ ਕੀਤੀ ਅਰਦਾਸ ਬਾਰੇ ਫਿਰ ਵਿਚਾਰ ਕਰਨ ਦੀ ਖੇਚਲ ਕਰੋ ਕਿ ਇਹ ਕਿੱਡੀ ਦੂਰੋਂ ਵਾਟਾਂ ਮਾਰਦੇ ਆਪ ਤੇ ਸ਼ਰਧਾ ਧਾਰ ਆਏ ਹਨ । ਇਨ੍ਹਾਂ ਦੀ ਬੱਚੀ ਨੂੰ ਆਪਣੇ ਚਰਨਾਂ ਵਿਚ ਥਾਂ ਦੇ ਕੇ ਧੀਰਜ ਦਿਓ । ਭਾਈ ਰਾਮਾਂ ਜੀ ਫਿਰ ਬੜੀ ਤਰਸਯੋਗ ਹਾਲਤ ਵਿੱਚ ਤਰਲਾ ਮਾਰਦਿਆਂ ਕਿਹਾ ‘ ਮਹਾਰਾਜ ! ਕੋਈ ਬਿਧ ਬਣਾ ਦਿਉ । ‘ ਗੁਰੂ ਜੀ ਨੇ ਭਾਈ ਰਾਮਾ ਜੀ ਤੇ ਸੰਗਤ ਦੀ ਬੇਨਤੀ ਤਾਂ ਸਵੀਕਾਰ ਕਰ ਲਈ ਪਰ ਸ਼ਰਤ ਇਹ ਰੱਖ ਦਿੱਤੀ ਕਿ ਇਹ ਕਵਾਰਾ ਡੋਲਾ ਬਣਕੇ ਮਹਿਲਾਂ ਵਿਚ ਵਿਚਰ ਸਕਦੀ ਹੈ ਪਰ ਇਸ ਨਾਲ ਕੋਈ ਸੰਸਾਰਕ ਸੰਬਧ ਨਹੀਂ ਹੋਣਗੇ । ਕੇਸਰ ਸਿੰਘ ਛਿੱਬਰ ਲਿਖਦਾ ਹੈ : – ਰਹੈ ਕੁਆਰਾ ਡੋਰਾ ਰਾਮੂ ( ਰਾਮਾ ਜੀ ) , ਕਰਹਿ ਸੇਵ ਬਾਸਹੂ ਹਮ ਧਾਮੂ !
ਗੁਰੂ ਜੀ ਦੇ ਮੁਖਾਰਬਿੰਦ ਤੋਂ ਉਪ੍ਰੋਕਤ ਬਚਨ ਸੁਣ ਸਾਰੀ ਸੰਗਤ ਤੇ ਭਾਈ ਰਾਮਾ ਜੀ ਖੁਸ਼ ਹੋ ਗਏ । ਭਾਈ ਰਾਮਾ ਜੀ ਤੇ ਮਾਤਾ ਜੱਸ ਦੇਵੀ ਨੂੰ ਇਸ ਖੁਸ਼ੀ ਤੇ ਵਧਾਈਆਂ ਮਿਲਣ ਲੱਗੀਆਂ ਹੁਣ ਗੁਰੂ ਜੀ ਹੋਰਾਂ ਪਹਿਲਾਂ ਸਾਹਿਬ ਦੇਵੀ ਤੇ ਇਸ ਦੇ ਮਾਪਿਆਂ ਤੇ ਸੰਗਤ ਨੂੰ ਅੰਮ੍ਰਿਤ ਛਕਣ ਲਈ ਸ਼ਰਤ ਲਾਈ । ਇਨਾਂ ਸਾਰਿਆਂ ਨੇ ਅੰਮ੍ਰਿਤ ਪਾਨ ਕਰ ਲਿਆ । ਸਾਹਿਬ ਦੇਵੀ ਤੋਂ ਸਾਹਿਬ ਕੌਰ ਬਣਾ ਮਹਿਲਾ ਵਿਚ ਪ੍ਰਵੇਸ਼ ਕਰ ਦਿੱਤਾ । ਸਾਹਿਬ ਕੌਰ ਦੀ ਆਯੂ ਉਸ ਸਮੇਂ ਉਨ੍ਹੀ ਸਾਲ ਦੀ ਤੇ ਗੁਰੂ ਜੀ ਦੀ 34 ਸਾਲ ਸੀ । ਵਿਆਹ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਨੂੰ ਦੁਲਹਣ ਬਣਾਇਆ ਗਿਆ । ਸਾਰੇ ਸਾਕ ਸੰਬੰਧੀ ਤੇ ਸੰਗਤ ਬੜੀ ਖੁਸ਼ ਸਨ । 18 ਵਿਸਾਖ 1695 : ਨੂੰ ਭਾਈ ਰਾਮ ਕੋਇਰ [ ਗੁਰਬਖਸ਼ ਸਿੰਘ ] ਜੀ ਜਿਹੜੇ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ ਨੇ ਪੂਰਨ ਗੁਰ ਮਰਿਯਾਦਾ ਅਨੁਸਾਰ ਗੁਰੂ ਜੀ ਦਾ ਮਾਤਾ ਸਾਹਿਬ ਕੌਰ ਜੀ ਨਾਲ ਅਨੰਦ ਕਾਰਜ ਦੀ ਰੀਤੀ ਨਿਭਾਈ । ਤੇ ਪਿਛੋਂ ਮਾਤਾ ਗੁਜਰੀ ਕੌਰ ਜੀ ਆਪਣੀ ਨੂੰਹ ਮਾਤਾ ਸਾਹਿਬ ਕੌਰ ਨੂੰ ਆਪਣੇ ਨਾਲ ਮਹਿਲਾਂ ਵਿਚ ਪੱਕੇ ਤੌਰ ਤੇ ਲੈ ਗਏ । ਸੰਗਤ ਮਹੀਨੇ ਉਪਰੰਤ ਅਨੰਦਪੁਰ ਰਹਿ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਛੁੱਟੀਆਂ ਲੈ ਚਲ ਪਈ।ਪਰ ਮਾਤਾ ਸਾਹਿਬ ਕੌਰ ਦਾ ਭਰਾ ਸਾਹਿਬ ਸਿੰਘ ਏਥੋਂ ਗੁਰੂ ਜੀ ਪਾਸ ਰਹਿ ਸੇਵਾ ਵਿਚ ਜੁੱਟ ਪਿਆ । ਮਹਿਲਾਂ ਵਿਚ ਆਉਂਦਿਆਂ ਮਾਤਾ ਸਾਹਿਬ ਕੌਰ ਦੇ ਆਪਣੇ ਮਿੱਠਬੋਲੜੇ , ਮਿਲਾਪੜੇ ਨਿਰਮਤਾ ਭਰਪੂਰ ਸੁਭਾਅ ਨੇ ਮਾਤਾ ਗੁਜਰ ਕੌਰ ਤੇ ਮਾਤਾ ਸੁੰਦਰ ਕੌਰ ਦਾ ਦਿਲ ਜਿੱਤ ਲਿਆ | ਘਰ ਦਾ ਕੰਮ ਕਰਨ ਤੋਂ ਉਪਰੰਤ ਸਾਹਿਬਜ਼ਾਦਿਆਂ ਦੀ ਸੇਵਾ ਸੰਭਾਲ ਦਾ ਕੰਮ ਆਪਣੇ ਜ਼ਿਮੇ ਲੈ ਲਿਆ । ਬੜੇ ਪਿਆਰ ਤੇ ਸਧਰਾਂ ਨਾਲ ਪਾਲਦੇ ਲਾਡ ਲੁਡਾਂਦੇ । ਆਪਣੇ ਮੁਢਲੇ ਸੁਭਾਅ ਅਨੁਸਾਰ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਜ਼ਬਾਨੀ ਨਿੱਤਨੇਮ ਕਰਦੇ ਪਾਣੀ ਲਿਆ ਮਾਤਾ ਗੁਜਰ ਕੌਰ ਜੀ ਦਾ ਇਸ਼ਨਾਨ ਕਰਾਉਂਦੇ।ਫਿਰ ਘਰ ਦੇ ਕੰਮ ਕਾਜ ਵਿਚ ਜੁੱਟ ਜਾਂਦੇ । ਆਪਣੇ ਮਨ ਵਿਚ ਮਾਤਾ ਸਾਹਿਬ ਕੌਰ ਨੇ ਇਹ ਪ੍ਰਤਿਗਿਆ ਕਰ ਲਈ ਕਿ ਜਿਨਾਂ ਚਿਰ ਗੁਰੂ ਜੀ ਦੇ ਦਰਸ਼ਨ ਨਾ ਕਰ ਲੈਣ ਉਨਾਂ ਚਿਰ ਮੂੰਹ ਨਹੀਂ ਜੂਠਾਲਣਾ । ਇਨ੍ਹਾਂ ਦੇ ਪ੍ਰੇਮ ਦੇ ਬਧੇ ਗੁਰੂ ਜੀ ਇਕ ਵਾਰੀ ਮਹਿਲਾਂ ਵਿਚ ਜ਼ਰੂਰ ਸਵੇਰੇ ਚਰਨ ਪਾਉਂਦੇ।ਜਿਸ ਦੀ ਗਵਾਹੀ ਇਤਿਹਾਸ ਭਰਦਾ ਹੈ : ਜੇ ਕਿਸੇ ਕਾਰਨ ਦਰਸ਼ਨ ਨਾ ਹੋਇ ਉਸ ਦਿਨ ਖਾਇ ਆਹਾਰ ਨਾ ਹੋਇ ॥ ਮਾਤਾ ਸਾਹਿਬ ਕੌਰ ਤੇ ਗੁਰੂ ਜੀ ਦਾ ਪ੍ਰਵਾਰਿਕ ਜੀਵਨ ਰੂਹਾਨੀ ਤੇ ਆਦਰਸ਼ਕ ਪ੍ਰੇਮ ਰੂਪੀ ਜੀਵਨ ਦੀ ਉਧਾਰਨ ਸੀ । ਜਿਸ ਵਿਚ ਮਾਤਾ ਜੀ ਨੇ ਗੁਰੂ ਜੀ ਨੂੰ ਨਿੱਤ ਪਹਿਲ ਦਿੱਤੀ ਤੇ ਨਿਤ ਗੁਰੂ ਜੀ ਦੀਆਂ ਖੁਸ਼ੀਆਂ ਤੇ ਚੜ੍ਹਦੀਆਂ ਕਲਾਂ ਲੋਚਦੇ ਰਹੇ । ਮਾਤਾ ਜੀ ਨੇ ਗੁਰੂ ਜੀ ਦੇ ਅਰਾਮ ਲਈ ਮਹਿਲਾਂ ਵਿਚ ਇਕ ਪਲੰਘ ਸਜਾ ਕੇ ਰੱਖਿਆ ਹੋਇਆ ਸੀ । ਜਿੱਥੇ ਆ ਕੇ ਗੁਰੂ ਜੀ ( ਮਾਤਾ ਗੁਜਰੀ ਕੌਰ ਜੀ ਦੇ ਚਰਨ ਬੰਦਨਾ ਕਰ ) ਬਿਰਾਜ ਜਾਂਦੇ ਸਨ । ਤੇ ਮਾਤਾ ਸਾਹਿਬ ਕੌਰ ਗੁਰੂ ਜੀ ਦੇ ਚਰਨ ਤੇ ਲੱਤਾਂ ਘੱਟਣ ਦੀ ਸੇਵਾ ਕਰਨ ਲੱਗ ਜਾਂਦੇ।ਇਕ ਦਿਨ ਨਿਤ ਪ੍ਰਤੀ ਸੇਵਾ ਕਰਦੇ ਕੁਝ ਅਸ਼ਾਂਤ ਜਿਹੇ ਸਨ , ਮਨ ਵਿਚ ਕੁਝ ਬੇਚੈਨੀ ਜਿਹੀ ਅਨੁਭਵ ਕਰ ਰਹੇ ਸਨ । ਅੰਤਰਜਾਮੀ ਨੇ ਪੁਛ ਹੀ ਲਿਆ ਕਿ “ ਭਲੀਏ ਲੋਕੇ ! ਜਿਹੜੀ ਤੇਰੇ ਦਿਲ ਵਿਚ ਗੱਲ ਹੈ । ਖੁਲ੍ਹ ਕੇ ਦੱਸ , ਬੁਲਾਂ ਤੇ ਲਿਆ , ਝਿਜਕ ਨਾ । ‘ ‘
ਮਾਤਾ ਜੀ ਨੈਣਾਂ ਵਿਚ ਹੰਝੂ ਭਰ ਕਿਹਾ ਕਿ ” ਦਾਸੀ ਦੇ ਵੀ ਕੋਈ ਪੁੱਤਰ ਝੋਲੀ ਪਾਓ ਜੀ ਬਚਨ ਕੀਤਾ ਜਾ ! ਅੱਜ ਤੋਂ ਖਾਲਸਾ ਤੇਰੀ ਝੋਲੀ ਪਾਉਂਦੇ ਹਾਂ । ਤੇਰਾ ਇਹ ਪੁੱਤਰ ਜੁਗਾਂ ਜੁਗਾਂਤਰਾਂ ਤੱਕ ਰਹਿਣ ਵਾਲਾ ਹੈ । ਸੋ ਗੁਰੂ ਜੀ ਨੇ “ ਖਾਲਸਾ ” ਮਾਤਾ ਜੀ ਦੀ ਝੋਲੀ ਪਾ ਸਦਾ ਲਈ ਪੁੱਤਰਾਂ ਵਾਲੀ ਬਣਾ ਦਿੱਤਾ । ਅੰਮ੍ਰਿਤ ਛਕਣ ਵੇਲੇ ਹਰ ਪ੍ਰਾਣੀ ਨੂੰ ਕਿਹਾ ਜਾਂਦਾ ਹੈ ਕਿ “ ਅੱਜ ਤੋਂ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਤੇ ਪਿੰਡ ਅਨੰਦਪੁਰ ਹੋਇਆ । ‘ ‘ ਮਾਤਾ ਜੀ ਖਾਲਸਾ ਦੀ ਮਾਤਾ ਬਨਣ ਕਰਕੇ ਸਿੱਖ ਜਗਤ ਵਿਚ ਬੜੇ ਸਤਿਕਾਰੇ ਗਏ ॥ ਮਾਤਾ ਜੀ ਨੇ ਖਾਲਸਾ ਦੀ ਮਾਤਾ ਬਣ ਕੇ ਆਪਣੇ ਬਚਪਨ ਤੋਂ ਗ੍ਰਹਿਣ ਕੀਤੇ ਸਾਰੇ ਗੁਣ ਜਿਵੇਂ ਸੰਜਮ , ਸਿਦਕ , ਸੰਤੋਖ , ਸਬਰ ਸਹਿਣਸ਼ੀਲਤਾ , ਸੇਵਾ ਸਿਮਰਨ , ਨਿਰਭੈਅਤਾ , ਨਿਰਮਤਾ , ਸਦਾਚਾਰੀ , ਪਰਉਪਕਾਰੀ , ਨਿਆਕਾਰੀ , ਆਗਿਆਕਾਰੀ ਜਿਹੇ ਗੁਣ ਆਪਣੇ ਪੁੱਤਰ ਖਾਲਸੇ ਵਿਚ ਭਰਨੇ ਸ਼ੁਰੂ ਕਰ ਦਿੱਤੇ । ਮਾਤਾ ਦਾ ਪੁੱਤਰ ਖਾਲਸਾ ਵੀ ਆਪਣੇ ਮਾਂ ਵਾਂਗ ਜਤੀ ਸਤੀ ਰਿਹਾ । ਤਾਂ ਹੀ ਤਾਂ ” ਨੂਰ ਦੀਨ ਵਰਗਾ ਕਟੱੜ ਲਿਖਾਰੀ ਸਿੱਖਾਂ ਬਾਰੇ ਇਉਂ ਲਿਖਦਾ ਹੈ ਕਿ “ ਇਹ ਸਗ ( ਅਰਥ ( ਕੁੱਤਾ ) ਘਿਰਣਾ ਦਾ ਸ਼ਬਦ ) ਵੈਰੀ ਦੀ ਮਾਂ ਧੀ ਨੂੰ ਆਪਣੀ ਮਾਂ ਧੀ ਸਮਝਦੇ ਹਨ । ਇਨ੍ਹਾਂ ਵਿਚ ਦੁਰਾਚਾਰੀ ਤੇ ਵਿਭਚਾਰੀ ਜਿਹੀ ਕੋਈ ਚੀਜ਼ ਨਹੀਂ ਹੈ । ਇਹ ਭੱਜੇ ਜਾਂਦੇ , ਜ਼ਖ਼ਮੀ ਤੇ ਸੁੱਤੇ ਹੋਏ ਵੈਰੀ ਤੇ ਕਦੀ ਹਮਲਾ ਨਹੀਂ ਕਰਦੇ । ਅਨੰਦਪੁਰ ਤਿਆਗਣ ਵੇਲੇ ਸਰਸਾ ਨਦੀ ਕੰਢੇ ਗੁਰੂ ਜੀ ਦਾ ਪ੍ਰਵਾਰ ਤਿੰਨਾਂ ਭਾਗਾਂ ਵਿਚ ਵੰਡਿਆ ਗਿਆ । ਗੁਰੂ ਜੀ ਤੇ ਵੱਡੇ ਸਾਹਿਬਜ਼ਾਦੇ ਚਮਕੌਰ ਵੱਲ ਚਲੇ ਗਏ । ਮਾਤਾ ਗੁਜਰੀ ਕੌਰ ਤੇ ਛੋਟੇ ਸਾਹਿਬਜ਼ਾਦੇ ਗੰਗੂ ਨਾਲ ਚਲੇ ਗਏ । ਮਾਤਾਵਾਂ ਸਾਹਿਬ ਕੌਰ , ਸੁੰਦਰ ਕੌਰ ਜੀ ਸਰਸਾ ਪਾਰ ਕਰ ਭਾਈ ਮਨੀ ਸਿੰਘ ਜੀ , ਭਾਈ ਧੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਦਿੱਲੀ ਨਿਵਾਸੀਆਂ ਨਾਲ ਦਿੱਲੀ ਚਲੇ ਗਏ । ਏਥੇ ਦਿੱਲੀ ਵਾਲਿਆਂ ਸਿੱਖਾਂ ਨੇ ਇਨਾਂ ਦਾ ਉਤਾਰਾ ਕੂਚਾ ਦਿਲ ਵਾਲੀ ਅਜਮੇਰੀ ਗੇਟ ਕਰਵਾਇਆ । ਪਿਛੋਂ ਫਿਰ ਇਕ ਲਾਲ ਪੱਥਰ ਦੀ ਬਣੀ ਹਵੇਲੀ ਵਿਚ ਰਹਿਣ ਲੱਗ ਪਏ । ਮਾਤਾਵਾਂ ਦਿੱਲੀ ਆ ਪ੍ਰਵਾਰ ਦਾ ਬੜਾ ਫਿਕਰ ਕਰਨ ਲੱਗੀਆਂ । ਜਦੋਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਭਾਣੇ ਨੂੰ ਸਿਰ ਮੱਥੇ ਮੰਨ ਕੇ ਭਾਈ ਜਵਾਹਰ ਸਿੰਘ ਨੂੰ ਕਹਿ ਕੇ ਇਨ੍ਹਾਂ ਸ਼ਹੀਦਾਂ ਦੇ ਨਮਿਤ ਪਾਠ ਦਾ ਭੋਗ ਪਵਾਇਆ । ਜਦੋਂ ਮਾਤਾਵਾਂ ਨੂੰ ਗੁਰੂ ਜੀ ਦੇ ਤਲਵੰਡੀ ਸਾਬੋ ਪੁੱਜਣ ਦੀ ਖਬਰ ਮਿਲੀ ਤਾਂ ਗਿਆਨੀ ਗਿਆਨ ਸਿੰਘ ਦੀ ਲਿਖਤ ਅਨੁਸਾਰ “ ਮਾਤਾ ਸੁੰਦਰ ਕੌਰ , ਮਾਤਾ ਸਾਹਿਬ ਕੌਰ ਤੇ ਕ੍ਰਿਪਾਲ ਸਿੰਘ ਰਥਾਂ ਕਰਾਏ ਤੇ ਕਰ ਭਾਈ ਮਨੀ ਸਿੰਘ ਜੀ ਨਾਲ ਤਲਵੰਡੀ ਚੱਲ ਪਏ । ਜਦੋਂ ਉਥੇ ਪੁੱਜੇ ਤਾਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਬਾਰੇ ਖਿਆਲ ਆਇਆ ਤਾਂ ਅੱਖਾਂ ਵਿਚ ਹੰਝੂ ਭਰ ਆਇਆ ਪੁੱਤਰਾਂ ਬਾਰੇ ਪੁੱਛਿਆ । ਗੁਰੂ ਜੀ ਧੀਰਜ ਦੇਂਦਿਆਂ ਸਿੱਖਾਂ ਵੱਲ ਇਸ਼ਾਰਾ ਕਰਦਿਆਂ ਫੁਰਮਾਇਆ : “ ਇਨ ਪੁਤਰਨ ਕੇ ਸੀਸ ਪੁਰ ਵਾਰ ਦੀਏ ਸੁਤ ਚਾਰ । ਚਾਰ ਮੂਏ ਤੋ ਕਿਆ ਭਇਆ , ਜੀਵਤ ਕਈ ਹਜਾਰ ।
ਜਦੋਂ ਮਾਤਾਵਾਂ ਏਥੇ ਪੁੱਜੀਆਂ ਤਾਂ ਭਾਈ ਡੱਲੇ ਨੂੰ ਗੁਰੂ ਜੀ ਨੇ ਇਨ੍ਹਾਂ ਦੇ ਰਹਿਣ ਲਈ ਤੰਬੂ ਦਾ ਪ੍ਰਬੰਧ ਕਰਨ ਲਈ ਕਿਹਾ । ਪਰ ਡੱਲੇ ਨੇ ਇਨ੍ਹਾਂ ਨੂੰ ਆਪਣੀ ਵੱਡੀ ਹਵੇਲੀ ਵਿਚ ਆਰਾਮ ਨਾਲ ਰਹਿਣ ਲਈ ਗੁਰੂ ਜੀ ਅੱਗੇ ਬੇਨਤੀ ਕੀਤੀ । ਪਰ ਮਾਤਾਵਾਂ ਨੇ ਹਵੇਲੀ ਦਾ ਆਰਾਮ ਤਿਆਗ ਬਾਹਰ ਭੁੰਜੇ ਜ਼ਮੀਨ ਤੇ ਵਿਛਾਉਣਾ ਕਰ ਗੁਰੂ ਜੀ ਦੇ ਚਰਨਾਂ ਵਿਚ ਰਹਿਣਾ ਸਵੀਕਾਰ ਕੀਤਾ । ਭਾਈ ਸੰਤੋਖ ਸਿੰਘ ਲਿਖਦੇ ਹਨ : ਦੋਹੋ ਸੁਨ ਭਾਖਯੋ ਇਹ ਬਲੋ । ਪ੍ਰਭ ਕੇ ਪ੍ਰਾਨ ਬਿਖੇ ਹੈ ਭਲੋ । ‘ ‘ ਜਿਥੇ ਮਾਤਾਵਾਂ ਦਾ ਤੰਬੂ ਲੱਗਾ ਸੀ ਉਥੇ ਇਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ । ਸਾਬੋ ਦੀ ਤਲਵੰਡੀ ਨੂੰ ਅੱਜ ਕਲ੍ਹ ਦਮਦਮਾ ਸਾਹਿਬ ਕਹਿੰਦੇ ਹਨ । ਏਥੇ ਹੀ ਗੁਰੂ ਜੀ ਹੋਰਾਂ ਅੰਤਰ ਧਿਆਨ ਹੋ ਕੇ ਭਾਈ ਮਨੀ ਸਿੰਘ ਜੀ ਪਾਸੋਂ ( ਤੰਬੂ ਲਵਾ ਕੇ ) ਵਿਚ ਆਸਣ ਲਾ ਆਦਿ ਗ੍ਰੰਥ ਦਾ ਉਤਾਰਾ ਕਰਾਇਆ ਤੇ ਵਿਚ ਨਾਵੇਂ ਗੁਰੂ ਜੀ ਦੀ ਬਾਣੀ ਵੀ ਰਾਗਾਂ ਅਨੁਸਾਰ ਦਰਜ ਕੀਤੀ । ਭਾਈ ਦੀਪ ਸਿੰਘ ਜੀ ਨੇ ਕਲਮਾਂ ਘੜਣ , ਸਿਆਈ ਤਿਆਰ ਤੇ ਕਾਗਜ ਤਿਆਰ ਕਰਨ ਦੀ ਸੇਵਾ ਨਿਭਾਈ । ਏਥੇ ਹੀ ਗੁਰੂ ਜੀ ਹੋਰਾਂ ਭਾਈ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਹੋਰਾਂ ਨੂੰ ਆਦਿ ਗ੍ਰੰਥ ਦੇ ਵਿਆਖਿਆ ਸਹਿਤ ਅਰਥ ਸਮਝਾਏ । ਇਸ ਕਾਰਜ ਲਈ ਇਕ ਵਿਦਿਆਲਾ ਖੋਹਲਿਆ ਗਿਆ ਜਿਸ ਨੂੰ ‘ ਟਕਸਾਲ ” ਦਾ ਨਾਮ ਦਿੱਤਾ ਗਿਆ । ਏਥੇ ਗੁਰੂ ਜੀ ਦਸ ਮਹੀਨੇ ਟਿਕੇ । ਮਾਲਵੇ ਵਿਚ ਨਸ਼ਿਆਂ , ਤੰਮਾਕੂ , ਅਫੀਮ ਦਾ ਬਹੁਤ ਰਿਵਾਜ ਸੀ । ਗੁਰੂ ਜੀ ਨੇ ਪ੍ਰਚਾਰ ਦੀਆਂ ਵਹੀਰਾਂ ਚਲਾਈਆਂ ਪਿੰਡ ਪੱਧਰ ਤੇ ਪ੍ਰਚਾਰ ਕੀਤਾ ਗਿਆ । ਸਿੱਖ ਧਰਮ ਬਲਵਾਨ ਹੋਇਆ । ਮਾਤਾਵਾਂ ਏਥੇ ਗੁਰੂ ਜੀ ਪਾਸ ਰਹਿ ਕੇ ਹਰ ਪ੍ਰਕਾਰ ਦੀ ਸੇਵਾ ਤੇ ਸਹੂਲਤ ਪ੍ਰਦਾਨ ਕੀਤੀ । ਦਮਦਮਾ ਸਾਹਿਬ ਤੋਂ ਗੁਰੂ ਜੀ ਨੇ ‘ ਜ਼ਫਰਨਾਮਾ ਫਤਹਿ ਦੀ ਚਿੱਠੀ ਲਿਖ ਕੇ ਭਾਈ ਦਯਾ ਸਿੰਘ ਤੇ ਭਾਈ ਧਰਮ ਸਿੰਘ ਰਾਹੀਂ ਦੱਖਣ ਵਿਚ ਔਰੰਗਜ਼ੇਬ ਨੂੰ...

ਭੇਜਿਆ ਜਿਸ ਵਿਚ ਉਸ ਦੇ ਕਰਿੰਦਿਆਂ ਦੀਆਂ ਕਰਤੂਤਾਂ ਤੇ ਸਿੱਖਾਂ ਤੇ ਢਾਹੇ ਗਏ ਜ਼ੁਲਮਾਂ ਦਾ ਵਰਨਣ ਸੀ । ਇਹ ਚਿੱਠੀ ਪੜ੍ਹ ਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਉਸ ਨੂੰ ਮਿਲਣ ਲਈ ਸੱਦ ਭੇਜਿਆ।ਹੁਣ ਗੁਰੂ ਜੀ ਨੇ ਭਾਈ ਦੀਪ ਸਿੰਘ ਜੀ ਨੂੰ ਟਕਸਾਲ ਦੀ ਸੌਂਪਣਾ ਕਰਕੇ ਮਾਤਾਵਾਂ ਨੂੰ ਭਾਈ ਮਨੀ ਸਿੰਘ ਤੇ ਨਾਲ ਭਾਈ ਸਾਹਿਬ ਸਿੰਘ ਸਮੇਤ ਦਿੱਲੀ ਵੱਲ ਤੋਰ ਦਿੱਤਾ । ਆਪ ਅਜੇ ਰਾਜਸਥਾਨ ਹੀ ਪੁੱਜੇ ਸਨ ਕਿ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲ ਗਈ।ਦੱਖਣ ਵੱਲ ਜਾਣ ਦੀ ਬਜਾਏ ਗੁਰੂ ਜੀ ਸਿੱਧੇ ਦਿੱਲੀ ਵੱਲ ਚਲ ਪਏ । ਔਰੰਗਜ਼ੇਬ ਦੇ ਪੁੱਤਰਾਂ ਵਿਚ ਤਖ਼ਤ ਪ੍ਰਾਪਤ ਕਰਨ ਦੀ ਲੜਾਈ ਚਲ ਪਈ । ਬਹਾਦਰ ਸ਼ਾਹ ਨੇ ਸਿੱਖਾਂ ਦੀ ਬਹਾਦਰੀ ਦੀਆਂ ਸਾਖੀਆਂ ਸੁਣੀਆਂ ਹੋਈਆਂ ਸਨ । ਇਸ ਨੇ ਗੁਰੂ ਜੀ ਅੱਗੇ ਆਪਣੀ ਸਹਾਇਤਾ ਲਈ ਬੇਨਤੀ ਕੀਤੀ । ਗੁਰੂ ਜੀ ਹੇਠ ਲਿਖੀਆਂ ਸ਼ਰਤਾਂ ਤੇ ਬਹਾਦਰ ਸ਼ਾਹ ਦੀ ਸਹਾਇਤਾ ਲਈ ਤਿਆਰ ਹੋ ਗਏ ।
ਪਹਿਲਾਂ ਬਾਦਸ਼ਾਹ ਸਿੱਖਾਂ ਹਿੰਦੂਆਂ ਨੂੰ ਮੁਸਲਮਾਨਾਂ ਸਮਾਨ ਹੱਕ ਪ੍ਰਦਾਨ ਕਰੇ ਦੂਜੇ ਹਰ ਇਕ ਨੂੰ ਨਿਆਂ ਮਿਲੇ , ਤੀਜੇ ਕਿਸੇ ਧਰਮ ਦੀ ਆਜ਼ਾਦੀ ਵਿਚ ਦਖ਼ਲ ਨਾ ਦਿੱਤਾ ਜਾਵੇ । ਚੌਥੇ ਬੇਦੋਸ਼ੇ ਸਿੱਖਾਂ ਤੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ । ਇਹ ਸ਼ਰਤਾਂ ਮੰਨੇ ਜਾਣ ਤੇ ਗੁਰੂ ਜੀ ਜੇਜੋਂ ਦੁਆਬੇ ਦੀ ਲੜਾਈ ਵਿਚ ਗੁਰੂ ਜੀ ਦੇ ਤੀਰ ਨਾਲ ਇਸ ਦਾ ਭਰਾ ਆਜਿਮ ਮਾਰਿਆ ਗਿਆ ਇਸ ਜਿੱਤ ਨੇ ਬਹਾਦਰ ਸ਼ਾਹ ਨੂੰ ਦਿੱਲੀ ਦਾ ਬਾਦਸ਼ਾਹ ਬਣਾ ਦਿੱਤਾ । ਇਸ ਜਿੱਤ ਉਪਰੰਤ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਨਾਲ ਦਿੱਲੀ ਲੈ ਆਂਦਾ । ਸ਼ਾਹੀ ਮਹਿਮਾਨ ਦੇ ਤੌਰ ‘ ਤੇ ਗੁਰੂ ਜੀ ਦਾ ਸੁਵਾਗਤ ਕੀਤਾ ਗਿਆ । ਦਿੱਲੀ ਦੇ ਸਿੱਖ ਇਸ ਤਰ੍ਹਾਂ ਗੁਰੂ ਜੀ ਦਾ ਸ਼ਾਹੀ ਮਹਿਮਾਨ ਬਣ ਆਏ ਸੁਣ ਬੜੇ ਖੁਸ਼ ਹੋਏ । ਮਾਤਾਵਾਂ ਵੀ ਫੂਲੇ ਨਾ ਸਮਾਉਂਦੀਆਂ ਇਨ੍ਹਾਂ ਨੇ ਭਾਈ ਮਨੀ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਨੂੰ ਨਾਲ ਲੈ ਆਣ ਗੁਰੂ ਜੀ ਦੇ ਚਰਨ ਪਰਸੇ । ਦਿੱਲੀ ਦੇ ਸਿੱਖਾਂ ਗੁਰੂ ਜੀ ਵੱਲ ਵਹੀਰਾਂ ਘੱਤ ਦਿੱਤੀਆਂ ਰੌਣਕਾਂ ਬੱਝ ਗਈਆਂ । ਹੁਣ ਬਾਦਸ਼ਾਹ ਨੂੰ ਸੂਚਨਾ ਮਿਲੀ ਕਿ ਇਸ ਦੇ ਭਰਾ ਨੇ ਦੱਖਣ ਵਿਚ ਵਿਦਰੋਹ ਖੜ੍ਹਾ ਕਰ ਦਿੱਤਾ ਹੈ । ਇਸ ਨੇ ਗੁਰੂ ਜੀ ਨੂੰ ਆਪਣੀ ਸਹਾਇਤਾ ਲਈ ਨਾਲ ਦੱਖਣ ਵਿੱਚ ਜਾਣ ਲਈ ਤਿਆਰ ਕਰ ਲਿਆ । ਸੰਗਤ ਤੇ ਮਾਤਾਵਾਂ ਮਾਯੂਸ ਹੋ ਗਈਆਂ ਮਾਤਾਵਾਂ ਗੁਰੂ ਜੀ ਨਾਲੋਂ ਵਿਛੜਨਾ ਨਹੀਂ ਚਾਹੁੰਦੀਆਂ ਸਨ ।
ਮਾਤਾ ਸਾਹਿਬ ਕੌਰ ਦੇ ਜਿੱਦ ਕਰਨ ਤੇ ਗੁਰੂ ਜੀ ਹੋਰਾਂ ਮਾਤਾ ਭਾਗ ਕੌਰ ( ਭਾਗੋ ) ਝਬਾਲ ਜ਼ਿੰਦਾ ਸ਼ਹੀਦ ਮਾਤਾ ਸਾਹਿਬ ਕੌਰ ਇਨ੍ਹਾਂ ਦਾ ਭਰਾ ਸਾਹਿਬ ਸਿੰਘ ਤੇ ਭਾਈ ਮਨੀ ਸਿੰਘ ਜੀ ਹੋਰੀ ਨਾਲ ਲੈ ਲਏ । ਦਿੱਲੀ ਤੋਂ ਚਲ ਰਾਹ ਵਿਚ ਪ੍ਰਚਾਰ ਕਰਦੇ ਗੁਰੂ ਜੀ ਭਰਤਗੜ੍ਹ , ਬਿੰਦਰਾ ਬੰਨ੍ਹ , ਮੱਥਰਾ , ਆਗਰਾ , ਇੰਦੌਰ , ਨਾਗਪੁਰ , ਅਮਰਾਵਤੀ ਅਤੇ ਹਿੰਗੋਲ ਹੁੰਦੇ ਹੋਏ ਨੰਦੇੜ ਪੁੱਜੇ । ਰਾਹ ਵਿਚ ਇਕੱਠੀਆਂ ਹੋਈਆਂ ਬੀਬੀਆਂ ਨੂੰ ਮਾਤਾ ਜੀ ਸਿੱਖ ਧਰਮ ਦਾ ਪ੍ਰਚਾਰ ਕਰਦੇ ਗਏ ਤੇ ਗੁਰਮਤਿ ਦੇ ਲੜ ਲਾਉਂਦੇ ਗਏ । ਏਥੇ ਗੋਦਾਵਰੀ ਕੰਢੇ ਮਾਤਾ ਸਾਹਿਬ ਕੌਰ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ । ਇਥੇ ਮਾਤਾ ਜੀ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਨਿਤਨੇਮ ਕਰਦਿਆਂ ਸਾਰੀ ਸੰਗਤ ਦਾ ਲੰਗਰ ਤਿਆਰ ਕਰਦੇ।ਕੀਰਤਨ ਦਾ ਬੜਾ ਪ੍ਰਵਾਹ ਚਲਦਾ । ਬਾਲਕ ਜੱਸਾ ਸਿੰਘ ਆਹਲੂਵਾਲੀਆ ਵੀ ਸੰਗਤ ਨਾਲ ਆਇਆ ਹੋਇਆ ਸੀ । ਆਪਣੇ ਮਨੋਹਰ ਤੇ ਸੁਰੀਲੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਦਾ । ਏਥੇ ਹੀ ਗੁਰੂ ਜੀ ਨੇ ਆਪ ਨੂੰ ਪੰਥ ਦੀ ਸੇਵਾ ਕਰਨ ਦੀ ਅਸ਼ੀਰਵਾਦ ਦਿੱਤੀ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਅੰਤਮ ਸਮਾਂ ਨੇੜੇ ਆਇਆ ਵੇਖ ਮਾਤਾ ਸਾਹਿਬ ਕੌਰ ਪਾਸੋਂ ਲੰਗਰ ਛਕਦੇ ਬਚਨ ਕੀਤਾ ਕਿ ” ਅਕਾਲ ਪੁਰਖ ਤੇ ਪੂਰੀ ਸ਼ਰਧਾ ਰੱਖਣੀ । ਨਿਤ ਸਿਮਰਨ ਕਰਨਾ ਤੇ ਆਪਣੇ ਪੁੱਤਰ ਖਾਲਸੇ ਦੀ ਚੜ੍ਹਦੀ ਕਲਾ ਲਈ ਬਾਕੀ ਦਾ ਜੀਵਨ ਅਰਪਨ ਕਰਨਾ । ਮਾਤਾ ਜੀ ਆਖਰੀ ਸਮੇਂ ਤੱਕ ਗੁਰੂ ਜੀ ਪਾਸ ਵਿਚਰਨਾ ਚਾਹੁੰਦੇ ਸਨ ਵਿਛੜਨਾ ਨਹੀਂ ਸਨ ਚਾਹੁੰਦੇ । ਮਾਤਾ ਜੀ ਗੁਰੂ ਜੀ ਪਾਸੋਂ ਪੁਛਿਆ ਕਿ ਆਪ ਦੀ ਦਾਸੀ ਨੂੰ ਆਪ ਦੇ ਦਰਸ਼ਨ ਕਿਵੇਂ ਹੋਇਆ ਕਰਨਗੇ । ‘ ‘ ਮਾਤਾ ਜੀ ਵਲੋਂ ਵਾਰ ਵਾਰ ਇਹ ਬੇਨਤੀ ਸੁਣ । ਗੁਰੂ ਜੀ ਹੋਰਾਂ ਪੰਜ ਸ਼ਸਤਰ ਮਾਤਾ ਜੀ ਦੇ ਹਵਾਲੇ ਕਰਦਿਆਂ ਬਚਨ ਕੀਤਾ ਕਿ “ ਇਹ ਬੜੇ ਸਤਿਕਾਰ ਤੇ ਅਦਬ ਨਾਲ ਰੱਖਣੇ ਹਨ । ਇਸ਼ਨਾਨ ਪੂਜਾ ਪਾਠ ਕਰ ਇਨ੍ਹਾਂ ਸ਼ਸਤਰਾਂ ਦਾ ਧਿਆਨ ਕਰ ਸਾਨੂੰ ਯਾਦ ਕਰਨਾ ਹੈ । ਅਵੱਸ਼ ਸਾਡੇ ਦਰਸ਼ਨ ਹੋਣਗੇ । ਨਾਲ ਹੀ ਆਪਣੇ ਨਾਂ ਦੀ ਬਣੀ ਹੋਈ ਮੋਹਰ ਗੁਰੂ ਜੀ ਨੇ ਮਾਤਾ ਜੀ ਹਵਾਲੇ ਕਰ ਦਿੱਤੀ । ਇਸ ਦੇ ਵਰਤਨ ਦੀ ਆਗਿਆ ਕੇਵਲ ਮਾਤਾ ਜੀ ਨੂੰ ਹੀ ਦਿੱਤੀ । ਇਹ ਸ਼ਸਤਰ ( ਕ੍ਰਿਪਾਨ ) ਖੰਜਰ , ਜਮਧਰ ਅਤੇ ਦੋ ਖੰਡੇ ) ਜਿਹੜੇ ਅੱਜ ਕਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸੁਭਾਇਮਾਨ ਹਨ ।
ਗੁਰੂ ਜੀ ਹੋਰਾਂ ਇਕ ਪਾਲਕੀ ਵਿਚ ਮਾਤਾ ਸਾਹਿਬ ਕੌਰ ਦੂਸਰੀ ਪਾਲਕੀ ਵਿਚ ਇਹ ਪੰਜ ਸ਼ਸਤਰ ਰੱਖੇ ਤੇ ਪੰਜ ਤੀਰ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ ਸਨ ਇਸ ਵਿਚ ਰੱਖ ਦਿੱਤੇ । ਮਾਮਾ ਕਿਰਪਾਲ ਸਿੰਘ ਭਾਈ ਸਾਹਿਬ ਸਿੰਘ ਜੀ ਬਾਲਕ ਜੱਸਾ ਸਿੰਘ ਆਹਲੂਵਾਲੀਆ ਭਾਈ ਮਨੀ ਸਿੰਘ ਨੂੰ ਸੰਗਤ ਦੀ ਸ਼ਕਲ ਵਿਚ ਦਿੱਲੀ ਤੋਰ ਦਿੱਤਾ ਗਿਆ । ਜਦੋਂ ਮਾਤਾ ਜੀ ਵਾਪਸ ਦਿੱਲੀ ਪੁੱਜੇ ਤਾਂ ਮਾਤਾ ਸੁੰਦਰ ਕੌਰ ਜੀ ਦਿੱਲੀ ਦੀ ਸੰਗਤ ਮੋਹਰੇ ਜਾ ਕੇ ਨਿੱਘਾ ਸਵਾਗਤ ਕੀਤਾ । ਮਾਤਾ ਸਾਹਿਬ ਕੌਰ ਨੇ ਗੁਰੂ ਜੀ ਦੇ ਸਾਰੇ ਕੌਤਕ ਦੱਸੇ । ਸੰਗਤਾਂ ਸੁਣ ਸੁਣ ਨਿਹਾਲ ਹੁੰਦੀਆਂ । ਦਿੱਲੀ ਦੀ ਸਾਰੀ ਸਿੱਖ ਸੰਗਤ ਮਾਤਾ ਜੀ ਪਾਸੋਂ ਗੁਰੂ ਜੀ ਬਾਰੇ ਜਾਨਣ ਆਉਂਦੀ । ਰੌਣਕਾਂ ਲੱਗ ਗਈਆਂ ਹਰ ਵਕਤ ਸਤਿਸੰਗ ਲੱਗਾ ਰਹਿੰਦਾ । ਬਾਲਕ ਜੱਸਾ ਸਿੰਘ ਆਹਲੂਵਾਲੀਆ ਦਾ ਮਨੋਹਰ ਰਸ ਭਿੰਨਾ ਕੀਰਤਨ ਸੁਣ ਸੰਗਤ ਨਿਹਾਲ ਹੁੰਦੀ । ਹੁਣ ਉਹ ਦਿਹਾੜਾ ਵੀ ਆ ਗਿਆ , ਜਿਸ ਦਿਨ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਦੀ ਹਿਰਦੇ ਵੇਦਿਕ ਖਬਰ ਵੀ ਮਾਤਾਵਾਂ ਤੇ ਸੰਗਤਾਂ ਨੂੰ ਪੁਜ ਗਈ । ਇਹ ਵੀ ਪਤਾ ਲੱਗਾ ਕਿ ਅੱਗੇ ਤੋਂ ਗੁਰਗੱਦੀ ਗਰੰਥ ਸਾਹਿਬ ਨੂੰ ਸੌਂਪ ਗਏ ਹਨ । ਇਹ ਹਿਰਦੇਵੇਦਿਕ ਖ਼ਬਰ ਸੁਣ ਮਾਤਾ ਸਾਹਿਬ ਕੋਰ ਦੇ ਨੈਣਾਂ ‘ ਚੋਂ ਬਰਸਾਤ ਦੀ ਝੜੀ ਲੱਗ ਗਈ । ਸਮਾਧੀ ਗਤਿ ਹੋ ਬੈਠ ਗਏ । ਕਈ ਦਿਨ ਕੁਝ ਆਹਾਰ ਨਾ ਕੀਤਾ | ਬੜੇ ਦੁਰਬਲ ਤੇ ਕਮਜ਼ੋਰ ਹੋ ਗਏ । ਭਾਈ ਸੰਤੋਖ ਸਿੰਘ ਜੀ ਲਿਖਦੇ ਹਨ : ਦੁਰਬਲ ਦੇਹ ਦਸਾ ਬਹੁ ਕੀਨੀ ਕਹੇ ਸੁੰਦਰੀ ਬਹੁਤ ਸਮਝਾਇ ॥ ਤਦਪ ਅਲਪ ਹੀ ਭੋਜਨ ਖਾਇ ॥ ਸਾਹਿਬ ਕੌਰ ਸਦਾ ਸਚੰਤ ॥ ਮਾਤਾ ਸਾਹਿਬ ਕੌਰ ਆਪ ਭਾਵੇਂ ਬਹੁਤ ਘੱਟ ਖਾਂਦੇ ਪਰ ਸੰਗਤ ਦਾ ਬਹੁਤ ਖਿਆਲ ਰੱਖਦੇ । ਹਰ ਵਕਤ ਸੇਵਾ ਸਿਮਰਨ ਵਿਚ ਗਲਤਾਨ ਰਹਿੰਦੇ । ਗੁਰੂ ਕਾ ਅਤੁੱਟ ਲੰਗਰ
ਚਲਾਉਂਦੇ । ਦੋਵਾਂ ਮਾਤਾਵਾਂ ਦਾ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਜੀ ਦੀ ਬਾਣੀ ਇਕੱਤਰ ਕਰਾ ਦਸਮ ਗ੍ਰੰਥ ਤਿਆਰ ਕਰਾਨਾ ਖਾਲਸਾ ਪੰਥ ਤੇ ਇਕ ਮਹਾਨ ਪਰਉਪਕਾਰੀ ਗੱਲ ਹੈ । ਜਿਹੜਾ ਕਿ ਪੰਥ ਕਦੇ ਨਹੀਂ ਭੁਲਾ ਸਕਦਾ । ਹੁਣ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮੁਖ ਗ੍ਰੰਥੀ ਥਾਪ ਕੇ ਭੇਜਿਆ । ਜਿਹੜੀ ਸੇਵਾ ਉਨ੍ਹਾਂ ਅੰਤਮ ਸਮੇਂ ਤਕ ਨਿਭਾਈ । ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸ਼ਾਹ ਉਪਰ ਕੀਤੇ ਪਰਉਪਕਾਰਾਂ ਬਦਲੇ ਇਸ ਨੇ ਮਾਤਾਵਾਂ ਨੂੰ ਜਾਗੀਰ ਲਾ ਦਿੱਤੀ । ਜਦੋਂ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਦੋਸ਼ੀਆਂ ਨੂੰ ਸੋਧਨਾ ਸ਼ੁਰੂ ਕਰ ਦਿੱਤਾ । ਜਿਹੜੀ ਇਕ ਸ਼ਰਤ ਸੀ ਬਹਾਦਰ ਸ਼ਾਹ ਪਾਸੋਂ ਗੁਰੂ ਜੀ ਉਸ ਦੀ ਸਹਾਇਤਾ ਲਈ ਮਨਾਈ ਸੀ । ਬਾਦਸ਼ਾਹ ਨੇ ਮਾਤਾਵਾਂ ਤੇ ਦਬਾ ਪਾ ਕੇ ਬੰਦਾ ਸਿੰਘ ਬਹਾਦਰ ਨੂੰ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਤੋਂ ਰੋਕਣਾ ਚਾਹਿਆ । ‘ ‘ ਮਾਤਾ ਸਾਹਿਬ ਕੌਰ ਨੇ ਬਾਦਸ਼ਾਹ ਨੂੰ ਉੱਤਰ ਭੇਜਿਆ ਕਿ “ ਸਭ ਕੁਝ ਖੁਦਾ ਦੀ ਰਜ਼ਾ ਵਿਚ ਹੋ ਰਿਹਾ ਹੈ । ਅਸੀਂ ਅੱਲਾ ਤਾਲਾ ਦੀ ਮਨਸਾ ਵਿਚ ਦਖਲ ਨਹੀਂ ਦੇ ਸਕਦੇ । ਮਾਤਾ ਜੀ ਦਾ ਇਹ , ਨਿਰਭੈ ਤੇ ਨਿਧੜਕ ਉਤਰ ਸੁਣ ਉਹ ਅਬਗੋਲਾ ਹੋ ਗਿਆ । ਮਾਤਾਵਾਂ ਦੀ ਜਾਗੀਰ ਬੰਦ ਕਰ ਲੰਗਰ ਬੰਦ ਕਰਾਉਣ ਦੀ ਕੋਝੀ ਹਰਕਤ ਕੀਤੀ ਤੇ ਨਾਲ ਹੀ ਸਿੱਖਾਂ ਦੀ ਦਿਲੀ ਵਿਚ ਕਤਲੇਆਮ ਸ਼ੁਰੂ ਕਰ ਦਿੱਤਾ । ਸਿੱਖਾਂ ਦਾ ਕਤਲੇਆਮ ਦੀਆਂ ਖਬਰਾਂ ਸੁਣ ਮਾਤਾਵਾਂ ਬੜਾ ਦੁਖੀ ਤੇ ਚਿੰਤਾਤਰ ਹੋਈਆਂ ।
ਦਿੱਲੀ ਸਿੱਖਾਂ ਤੇ ਢਾਏ ਜਾ ਰਹੇਂ ਅੱਤਿਆਚਾਰ ਦੇ ਭਿਆਨਕ ਤੇ ਨਾਜ਼ੁਕ ਹਾਲਾਤ ਵੇਖ ਕੇ ਦਿੱਲੀ ਛੱਡ ਆਪਣੇ ਸਿੱਖਾਂ ਸਮੇਤ ਮੱਥਰਾ ਚਲੇ ਗਏ । ਪਰ ਗੁਰੂ ਜੀ ਦੇ ਪੰਜੇ ਸ਼ਸਤਰ ਭਾਈ ਜਵਾਹਰ ਸਿੰਘ ਦੇ ਹਵਾਲੇ ਕਰ ਗਏ । ਇਥੋਂ ਦੋਵੇਂ ਮਾਤਾਵਾਂ ਜੈ ਪੁਰ ਦੇ ਰਾਜੇ ਪਾਸ ਚਲੀਆਂ ਗਈਆਂ । ਜਿਥੇ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਜਾਂਦਿਆਂ ਠਹਿਰੇ ਸਨ ਤੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਸੀ । ਰਾਜੇ ਨੇ ਮਾਤਾਵਾਂ ਦੀ ਬਹੁਤ ਸੇਵਾ ਤੇ ਆਦਰ ਮਾਨ ਕੀਤਾ । ਇਨਾਂ ਦੇ ਰਹਿਣ ਲਈ ਜਮਨਾ ਦਰਿਆ ਕੰਢੇ ਇਕ ਸੁੰਦਰ ਮਹਲ ਬਣਵਾ ਦਿੱਤਾ | ਖਰਚੇ ਲਈ ਦੋ ਪਿੰਡਾਂ ਦੀ ਜਾਗੀਰ ਲਾ ਦਿੱਤੀ । ਰਾਜੇ ਜੈ ਸਿੰਘ ਨੇ ਇਨਾਂ ਲਈ ਗੋਲੀਆਂ ਕਾਂਮੀਆਂ ਰੱਖ ਦਿੱਤੀਆਂ ਤਾਂ ਕਿ ਇਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ । ਮਾਤਾਵਾਂ ਕਈ ਸਾਲ ਇਥੇ ਟਿਕੀਆਂ ਰਹੀਆਂ । ਏਥੇ ਅੱਜ ਤੱਕ “ ਮਾਤਾਵਾਂ ਦੀ ਹਵੇਲੀ ” ਕਰਕੇ ਇਹ ਥਾਂ ਪ੍ਰਸਿੱਧ ਹੈ । ਮੁਹੰਮਦ ਸ਼ਾਹ ਰੰਗੀਲੇ ਦੇ ਤਖ਼ਤ ਤੇ ਬੈਠਣ ਨਾਲ ਕੁਝ ਹਾਲਾਤ ਸੁਧਾਰੇ ਤਾਂ ਮਾਤਾਵਾਂ ਫਿਰ ਭਾਈ ਜਵਾਹਰ ਸਿੰਘ ਦੀ ਹਵੇਲੀ ਤੁਰਕਮਾਨ ਦਰਵਾਜ਼ੇ ਦਿੱਲੀ ਆ ਗਈਆਂ ਦੋਵੇਂ ਬੜੇ ਪਿਆਰ ਨਾਲ ਜੀਵਨ ਬਤੀਤ ਕਰਨ ਲੱਗੀਆਂ । ਏਥੇ ਖਾਲਸਾ ਪੰਥ ਦੇ ਮਸਲਿਆਂ ਬਾਰੇ ਬੜੇ ਠੱਰਮੇ ਤੇ ਸਿਆਣਪ ਨਾਲ ਵਿਚਾਰ ਕਰਕੇ ਫੈਸਲਾ ਦੇਂਦੇ । ਗੁਰੂ ਜੀ ਦਾ ਅੰਤਮ ਵੇਲੇ ਮਾਤਾ ਸਾਹਿਬ ਕੌਰ ਜੀ ਨੂੰ ਗੁਰੂ ਨੇ ਆਪਣੀ ਮੋਹਰ ਦੇਣ ਦਾ ਕੋਈ ਖਾਸ ਮਕਸਦ ਸੀ । ਜਿਹੜਾ ਮਾਤਾ ਜੀ ਨੇ ਬੜੇ ਸੁਚੱਜੇ ਢੰਗ , ਚਤੁਰਾਈ ਤੇ ਸਿਆਣਪ ਨਾਲ ਨਿਭਾਇਆ ਤੇ ਖਾਲਸਾ ਪੰਥ ਦੀ ਯੋਗ ਅਗਵਾਈ ਕਰ ਚੜਦੀਆਂ ਕਲਾਂ ਵੱਲ ਲਿਆਂਦਾ । ਡਾ . ਗੰਡਾ ਸਿੰਘ ਅਨੁਸਾਰ ਮਾਤਾ ਸਾਹਿਬ ਕੌਰ ਜੀ ਨੇ ਨੌ ਹੁਕਮਨਾਮੇ ਜਾਰੀ ਕੀਤੇ । ਜਿਨ੍ਹਾਂ ਤੋਂ ਆਪ ਵਿਚ ਖਾਲਸੇ ਦੀ ਮਾਂ ਦੀ ਹੋਂਦ ਤੇ ਰੂਪ ਦਰਸਾਉਂਦੇ ਹਨ । ਇਹ ਹੁਕਮਨਾਮਾ ਰਕਮ ਦੀ ਉਗਰਾਹੀ ਬਾਰੇ ਲਿਖਿਆ ਗਿਆ ਹੈ । ਜਾਂ ਲੰਗਰ ਜਾਂ ਲੋਕਭਲਾਈ ਖੂਹ ਆਦਿ ਲਵਾ ਕੇ ਲੋਕਾਂ ਨੂੰ ਦੇਣ , ਗਰੀਬਾਂ ਦੀਆਂ ਕੰਨਿਆਵਾਂ ਦੀ ਸਹਾਇਤਾ ਲਈ ਹਨ । ਇਨਾਂ ਵਿਚ ਪੁੱਤਰੋ ! ਤੁਸੀਂ ਮੇਰੇ ਪੁੱਤਰੋ , ਜਾਂ ਫਰਜ਼ੰਦ ( ਫਾਰਸੀ ) ਅਰਥ ਪੁੱਤਰ ) ਸ਼ਬਦ ਵਰਤੇ ਹਨ । ਹੁਕਮਨਾਮਿਆਂ ਵਿਚੋਂ “ ਗੁਰੂ ਗੁਰੂ ਜਪਣਾ । ਦਸਾਂ ਨੌਹਾਂ ਕਿ ਕਿਰਤ ਕਮਾਈ ਵਿਚ ਬਰਕਤ ਪਾਉਣ ਲਈ ਅਸੀਸਾਂ ਭਰੀਆਂ ਪਈਆਂ ਹਨ । ਇਕ ਹੁਕਮਨਾਮੇ ‘ ਚੋਂ ਇਹ ਪ੍ਰਤੀਤ ਹੁੰਦਾ ਹੈ ਕਿ ਕਿਸੇ ਮਨਚਲੇ ਮਸੰਦ ਨੇ ਦੋਵਾਂ ਮਾਤਾਵਾਂ ਵਿਚ ਪਾਟਿਕ ਪਾਉਣ ਦੀ ਕੋਸ਼ਿਸ਼ ਕੀਤੀ । ਇਸ ਹੁਕਮਨਾਮੇ ਵਿਚ ਉਸ ਨੂੰ ਦਬਕਿਆ ਗਿਆ ਹੈ ਕਿ ਗੁਰੂ ਘਰ ਇਕ ਹੀ ਸਮਝਣਾ ਹੈ । ਉਨਾਂ ਨੂੰ ਇਵੇਂ ਲਿਖਿਆ ਗਿਆ ਹੈ ਪਹਿਲਾਂ ਹੁਕਮਨਾਮਾ ਭਾਈ ਦੌਨਾ , ਭਾਈ ਸਭਾ , ਭਾਈ ਆਲਾ ਦੇ ਕਬੀਲੇ ਨਾਲ ਸੰਬੰਧਤ ਹੈ । ਸ੍ਰੀ ਮਾਤਾ ਸਾਹਿਬ ਦੇਵਾਂ ਜੀ ਵਲੋਂ ਭਾਈ ਦੁੱਨਾ ਸਭ ਤੁਸੀਂ ਅਸਾਡੀ ਵਲੋਂ ਫਿਰ ਰਹੇ ਹੋ ਅਰ ਕਾਰ ਭੇਟ ਲੰਗਰ ਤੇ ਕਦੀ ਕਿਛੁ ਨਹੀਂ ਭੇਜਦੇ ਕਿਆ ਤੁਸੀਂ ਮਾਤਾ ਸੁੰਦਰੀ ਦੇ ਬਖਰੇ ਆਏ ਹੋ । ਅਸਾਂ ਤੁਸਾਡੇ ਘਰ ਤੋਂ ਨਿਰਾਸਿ ਨਾਹ ਕਿਆ ਗੁਰੂ ਕਾ ਘਰ ਇਕ ਜਾਨਣਾ …. ( ਹੁਕਮਨਾਮਾ ਪੰਨਾ ੨੦੯ ਹੁਕਮਨਾਮਾ ੭੪ ) ਇਕ ਹੁਕਮਨਾਮੇ ਵਿਚ ਗਿਆਰਾਂ ਰੁਪੈ ਦੀ ਹੁੰਡੀ ਕਰਾ ਲੰਗਰ ਦੀ ਸੇਵਾ ਲਈ ਘਲਣ ਵਾਸਤੇ ਕਿਹਾ । ਨੌਸ਼ਹਿਰਾ ਪਨੂੰ ( ਤਰਨ ਤਾਰਨ ਤੋਂ ਬਾਰਾਂ ਮੀਲ ਦੀ ਵਿੱਥ ਤੇ ਹੈ । ਸ੍ਰੀ ਮਾਤਾ ਸਾਹਿਬ ਕੌਰ ਜੀ ਵਲੋਂ ਖਾਲਸਾ ਵਾਸੀ ਨਓ ਸ਼ਹਰਾ ਪਨੂਆ ਜੋਗ । ੧੧ “ ਯਾਰਾਂ ਰੁਪਏ ਲੰਗਰ ਦੇ ਖਰਚ ਨੂੰ ਤੁਸਾਡੇ ਉਪਰ ਫਰਮਾਇਸ਼ ਹੋਈ ਹੈ । ਅੱਗੇ ਕਾਰ ਭੇਟ ਸੁਖ ਮਨੰਤ ਦਸਵੰਧ ਸਭ ਤੋਂ ਅੰਤਲਾ ਹੁਕਮਨਾਮਾ ਜਿਸ ਵਿਚ ਲੰਗਰ ਲਈ ਪੈਸੇ ਹੁੰਝੀ ਕਰਾ ਕੇ ਘਲਣ ਲਈ ਕਿਹਾ ਹੈ । ਸ੍ਰੀ ਮਾਤਾ ਸਾਹਿਬ ਦੇਵੀ ਜੀ ਵਲੋਂ ਭਾਈ ਆਲਮ ਸਿੰਘ ਜੰਮਾਇਤ ਦਾਰ , ਜੋਗੁ । “ ਗੁਰੂ ਪੂਰਾ ਤੁਸਾਡੀ ਦੇਗ ਤੇਗ ਫਤਹ ਕਰੇਲੰਗਰ ਵਾਸਤੇ ਫਰਮਾਇਸ਼ ਦੇਖਦੇ ਹੀ ਸਿੰਘਾਂ ਪਾਸੋਂ ਕਾਰ ਕਰ ਕੇ ਹੁੰਡੀ ਕਰਵਾਏ ਮੇਵੜੇ ਕੋ । ‘ ‘ ਇਨ੍ਹਾਂ ਹੁਕਮਨਾਮਿਆਂ ਰਾਹੀਂ ਮਾਤਾ ਜੀ ਨੇ ਖਾਲਸਾ ਪੰਥ ਦੀ ਮਾਤਾ ਬਣ ਕੇ ਮਾਤਾ ਖੀਵੀ ਜੀ ਦੇ ਲੰਗਰ ਪ੍ਰਥਾ ਨੂੰ ਕਾਇਮ ਰੱਖਦਿਆਂ ਸਿੱਖ ਸੰਗਤ ਨੂੰ ਗੁਰੂ ਘਰ ਨਾਲ ਜੋੜੀ ਰੱਖਿਆ ਤੇ ਖਾਲਸਾ ਪੰਥ ਨੂੰ ਵੇਲੇ ਕੁਵੇਲੇ ਸੇਧ ਦੇਂਦੇ ਰਹੇ । ਹੁਣ ਮਾਤਾ ਸਾਹਿਬ ਕੌਰ ਨੇ ਅੰਤਮ ਸਮਾਂ ਨੇੜੇ ਆਇਆ ਵੇਖ ਪਹਿਲਾਂ ਗੁਰੂ ਜੀ ਦੇ ਪੂਜਨੀਕ ਪੰਜ ਸ਼ਸਤਰ ਆਪਣੀ ਭੈਣ ਮਾਤਾ ਸੁੰਦਰੀ ਜੀ ਦੇ ਅਰਪਨ ਕੀਤੇ।ਫਿਰ ਆਪ ਨੇ ਇਸ਼ਨਾਨ ਕਰ ਸਫੈਦ ਪੁਸ਼ਾਕ ਪਹਿਣ ਸੁਰਤ ਗੁਰੂ ਜੀ ਦੇ ਚਰਨਾਂ ਨਾਲ ਜੋੜ ਸਮਾਧੀ ਲਾ ਲਈ । ਕੁਝ ਸਮੇਂ ਬਾਦ ਮਾਤਾ ਸੁੰਦਰ ਕੌਰ ਜੀ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਦੀ ਰੂਹ ਉਡਾਰੀ ਲਾ ਚੁੱਕੀ ਹੈ । ਇਸ ਦਿਨ ਮਾਘ ਦੀ ਇਕਾਦਸ਼ੀ 1747 ਸੀ । ਮਾਤਾ ਜੀ 66 ਸਾਲ ਦੇ ਸਨ 39 ਸਾਲ ਗੁਰੂ ਜੀ ਦਾ ਵਿਛੋੜਾ ਬਰਦਾਸ਼ਤ ਕੀਤਾ । ਮਾਤਾ ਸੁੰਦਰ ਕੌਰ ਜੀ ਦੇ ਹੁਕਮ ਅਨੁਸਾਰ ਇਨ੍ਹਾਂ ਦੇ ਸਸਕਾਰ ਲਈ ਗੁਰੂ ਹਰਿਕ੍ਰਿਸ਼ਨ ਜੀ ਦੇ ਦੇਹੋਰੇ ਲਾਗੇ ਚਿਖਾ ਚਿਣ ਦਿੱਤੀ । ਮਾਤਾ ਜੀ ਦੇ ਸਰੀਰ ਨੂੰ ਬੜੇ ਸੁੰਦਰ ਬਿਬਾਨ ਵਿਚ ਸਜਾ ਢੋਲਕੀ ਛੈਣਿਆਂ ਨਾਲ ਸ਼ਬਦ ਕੀਰਤਨ ਕਰਦੀ ਸੰਗਤ ਉਥੇ ਲੈ ਗਈ । ਮਾਤਾ ਸੁੰਦਰੀ ਜੀ ਨੇ ਭਿੱਜੇ ਨੈਣਾਂ ਨਾਲ ਆਪਣੇ ਪ੍ਰਵਾਰ ਦੇ ਆਖਰੀ ਜੀ ਨੂੰ ਆਪਣੇ ਹੱਥਾਂ ਨਾਲ ਦਾਗ ਦਿੱਤਾ । ਇਸ ਤੋਂ ਪਹਿਲਾਂ ਆਪਦੇ ਪ੍ਰਵਾਰ ਦੇ ਕਿਸੇ ਜੀ ਨੂੰ ਅੰਤਮ ਸਮੇਂ ਆਪ ਦਾ ਹੱਥ ਤੱਕ ਨਹੀਂ ਸੀ ਲੱਗਾ । ਫਿਰ ਮਾਤਾ ਸੁੰਦਰ ਕੌਰ ਇਨਾਂ ਦੇ ਨਮਿਤ ਪਾਠ ਦਾ ਭੋਗ ਪਵਾਇਆ ॥ ਮਾਤਾ ਸਾਹਿਬ ਕੌਰ ਜੀ ਦਾ ਜੀਵਨ ਸੇਵਾ , ਸਿਮਰਨ , ਸਿਦਕ ਤੇ ਸਬਰ ਸਹਿਣਸ਼ੀਲਤਾ ਆਗਿਆਕਾਰੀ , ਪਰਉਪਕਾਰੀ , ਸਦਾਚਾਰੀ ਤੇ ਜਤ ਸਤ ਦਾ ਪ੍ਰਤੀਕ ਹੈ । ਆਪ ਨੇ ਇਹ ਸਾਰੇ ਗੁਣ ਆਪਣੇ ਪੁੱਤਰ ਖਾਲਸੇ ਵਿਚ ਪ੍ਰਵੇਸ਼ ਕੀਤੇ । ਸਾਰੇ ਸੰਸਾਰ ਵਿਚ ਇਨਾਂ ਦਾ ਜੀਵਨ ਅਦੁੱਤੀ ਤੇ ਲਾਸਾਨੀ ਹੈ ਇਨ੍ਹਾਂ ਦੀ ਉਦਾਹਰਣ ਮਿਲਣੀ ਅਸੰਭਵ ਹੈ ਕਿ ਆਪਣੇ ਪਤੀ ਦੇ ਹੁੰਦਿਆਂ ਆਪ ਨੇ ਪੂਰਨ ਜਤ ਸਤ ਤੇ ਬ੍ਰਹਮਚਾਰਜ ਜੀਵਨ ਬਤੀਤ ਕਰ ।ਉਨ੍ਹਾਂ ਦੀ ਏਨੀ ਸੇਵਾ ਕੀਤੀ ਹੋਵੇ ਕਿ ਪਿਛੋਂ ਉਨਾਂ ਦੇ ਦੱਸੇ ਮਾਰਗ ਤੇ ਚਲ ਕੇ ਏਡੀ ਮਹਾਨ ਜ਼ਿੰਮੇਵਾਰੀ ਨਿਭਾਈ ਹੋਵੇ । ਇਹ ਮਾਨ ਕੇਵਲ ਖਾਲਸਾ ਦੀ ਮਾਤਾ ਨੂੰ ਹੀ ਪ੍ਰਾਪਤ ਹੈ । ਆਪ ਨੂੰ ਗੁਰਪਤੀ ਦੀ ਸੇਵਾ ਕਰਨ ਲਈ ਕੇਵਲ ਸੱਤ ਸਾਲ ਪ੍ਰਾਪਤ ਹੋਏ । ਪਰ ਉਨ੍ਹਾਂ ਦੇ ਦਿੱਤੇ ਸ਼ਸਤਰਾਂ ਦੀ ਸੇਵਾ ਸੰਭਾਲ ਕਰਨ ਤੇ ਵਿਛੋੜਾ ਝੱਲਣ ਲਈ 39 ਸਾਲ ਦਾ ਲੰਮਾ ਸਮਾਂ ਮਿਲਿਆ । ਆਪ ਦੇ ਜਤ ਸਤ , ਸਿਦਕ ਸੰਤੋਖ ਸੰਜਮ ਆਦਿ ਗੁਣਾਂ ਦਾ ਖਾਲਸਾ ਧਾਰਨੀ ਹੋ ਗਿਆ । ਹੇ ਖਾਲਸਾ ਦੇ ਮਾਤਾ ਜੀ ਆਪ ਨੂੰ ਦੋਵੇਂ ਹੱਥ ਜੋੜ ਕੇ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।
ਦਾਸ ਜੋਰਾਵਰ ਸਿੰਘ ਤਰਸਿੱਕਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)