More Gurudwara Wiki  Posts
22 ਦਸੰਬਰ ਦਾ ਇਤਿਹਾਸ – ਵੱਡੇ ਸਾਹਿਬਜ਼ਾਦੇ ਤੇ ਸਿੰਘਾਂ ਦੀ ਸ਼ਹਾਦਤ


22 ਦਸੰਬਰ ਵਾਲੇ ਦਿਨ ਚਮਕੌਰ ਦੀ ਜੰਗ ਹੋਈ ਜਿਸ ਵਿੱਚ ਵੱਡੇ ਸਾਹਿਬਜ਼ਾਦੇ ਤੇ ਸਿੰਘਾਂ ਨੇ ਸ਼ਹਾਦਤ ਪਾਈ ਆਉ ਇਤਿਹਾਸ ਦੀ ਸਾਂਝ ਪਾਈਏ।
ਸਿੱਖ ਕੌਮ ਦਾ ਇਤਿਹਾਸ ਸੰਸਾਰ ਦੀਆਂ ਜੁਝਾਰੂ ਕੌਮਾਂ ਵਿਚੋਂ ਸਭ ਤੋਂ ਵੱਧ ਲਾਸਾਨੀ ਇਤਿਹਾਸ ਹੈ। ਨਿਰਸੰਦੇਹ, ਇਤਿਹਾਸਕ ਧਾਰਾ ਵਿਚ ਕਈ ਹੋਰ ਕੌਮਾਂ ਦਾ ਇਤਿਹਾਸ ਵੀ ਦੁਸ਼ਵਾਰੀਆਂ, ਕਠਿਨਾਈਆਂ ਅਤੇ ਕੁਰਬਾਨੀਆਂ ਦੀ ਲਾਮਿਸਾਲ ਗਾਥਾ ਰਿਹਾ ਹੈ, ਪ੍ਰੰਤੂ ਜਿਹੋ ਜਿਹੇ ‘ਪੁਰਜ਼ਾ-ਪੁਰਜਾ ਕਟ ਮਰੇ’ ਦੇ ਜੀਵੰਤ ਉਦਾਹਰਨ ਸਿੱਖ ਕੌਮ ਕੋਲ ਹੈ, ਉਸ ਦੀ ਕੋਈ ਦੂਜੀ ਮਿਸਾਲ ਸਾਰੇ ਸੰਸਾਰ ਵਿਚ ਨਹੀਂ ਮਿਲਦੀ।
ਚਮਕੌਰ ਦੀ ਗੜੀ : ਸ਼ਹਾਦਤ ਦਾ ਜਾਮ
ਸਰਸਾ ਨਦੀ ਦੇ ਕਿਨਾਰੇ ਤੋਂ ਵਿਛੜ ਕੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਸਾਥੀ ਸਿੰਘਾਂ ਨਾਲ ਚਮਕੌਰ ਦੀ ਕੱਚੀ ਗੜ੍ਹੀ ਵਿਚ ਜਾ ਪਹੁੰਚੇ। ਪਹਾੜੀ ਰਾਜਿਆਂ ਨੇ ਧੋਖਾਧੜੀ ਦੇ ਜੋ ਕੰਡੇ ਦਸਮ ਪਿਤਾ ਦੇ ਰਾਹ ਵਿਚ ਬੀਜੇ ਉਸ ਨੂੰ ਚੁਗਦਿਆਂ ਸਿੱਖੀ ਨੂੰ ਜੀਊਂਦਾ ਰੱਖਣ ਲਈ ਪੂਰੇ ਪਰਿਵਾਰ ਨੂੰ ਵਾਰਨ ਦੀ ਮਿਸਾਲ ਕਿਤਿਓਂ ਲੱਭਿਆ ਨਹੀਂ ਮਿਲਦੀ।
ਔਰੰਗਜੇਬੀ ਚਾਲ ਨੂੰ ਭਾਂਬਦਿਆਂ ਸਾਹਿਬ-ਏ-ਕਮਾਲ ਚਮਕੌਰ ਦੀ ਗੜ੍ਹੀ ਵਿਚ ਜਾ ਕੇ ਖਲੋਤੇ। ਕੁੱਤਿਆਂ ਵਾਂਗ ਇਨ੍ਹਾਂ ਦੀਆਂ ਪੈੜਾਂ ਸੁੰਘਦਿਆਂ ਮੁਗਲ ਫੌਜਾਂ ਨੇ ਚਮਕੌਰ ਦੀ ਹਵੇਲੀ ਨੂੰ ਚਾਰੇ ਪਾਸਿਓਂ ਆ ਘੇਰਾ ਪਾਇਆ ਤਾਂ ਗੁਰੂ ਸਾਹਿਬ ਨਾਲ ਭੁੱਖੇ ਪਿਆਸੇ ਤੇ ਅਸਲੇ ਤੋਂ ਥੁੜ੍ਹੇ ਹੋਏ ਪਰ ਸਿੱਖੀ ਸਿਦਕ ਦੇ ਪੂਰੇ ਕੇਵਲ ਚਾਲੀ ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਹੀ ਸਨ।
ਜਦ ਸਿੰਘ ਸ਼ਹੀਦੀਆਂ ਪਾ ਗਏ ਤਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਗੁਰੂ ਜੀ ਪਾਸੋਂ ਯੁੱਧ ਭੂਮੀ ਵਿਚ ਜਾਣ ਦੀ ਆਗਿਆ ਮੰਗੀ। ਇਤਿਹਾਸਕਾਰ ਮੈਕ ਲਿਫ ਅਨੁਸਾਰ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਧਿਆਨ ਸਿੰਘ, ਮੁੱਖਾ ਸਿੰਘ, ਆਲਿਮ ਸਿੰਘ, ਬੀਰ ਸਿੰਘ ਤੇ ਜਵਾਹਰ ਸਿੰਘ ਪੰਜ ਹੋਰ ਯੋਧੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਨੇ ਏਨੀ ਬਹਾਦਰੀ ਨਾਲ ਯੁੱਧ ਲੜਿਆ ਕਿ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ ਆਪਣੀ ਸੈਨਾ ਦੇ ਮਰ ਰਹੇ ਸਿਪਾਹੀਆਂ ਨੂੰ ਵੇਖ ਕੇ ਘਬਰਾ ਗਿਆ। ਅਖੀਰ ਯੋਧਿਆਂ ਦੀਆਂ ਤਲਵਾਰਾਂ ਟੁੱਟ ਗਈਆਂ, ਤੀਰ ਮੁੱਕ ਗਏ ਤੇ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖ 11 ਸਾਲਾ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ ਜੋਸ਼ ਉਬਾਲੇ ਮਾਰਨ ਲੱਗਾ ਤੇ ਪਿਤਾ ਤੋਂ ਆਗਿਆ ਲੈ ਕੇ ਜੁਝਾਰ ਸਿੰਘ ਜੰਗੇ ਮੈਦਾਨ ਵਿਚ ਆ ਗਰਜ਼ਿਆ ਅਤੇ ਯੁੱਧ ਕਰਦਾ ਸ਼ਹੀਦ ਹੋ ਗਿਆ।
ਯਿਹ ਹੈ ਵਹੁ ਜਗ੍ਹਾ ਜਹਾਂ ਚਾਲੀਸ ਤਨ ਸ਼ਹੀਦ ਹੂਏ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜੀ ਨੇ ਰਾਜ ਬੁਰਸ਼ਾ ਗਰਦੀ, ਪੁਜਾਰੀਵਾਦ, ਬ੍ਰਾਹਮਣੀ ਕਰਮਕਾਂਡ ਅਤੇ ਅਖੌਤੀ ਰੀਤਾਂ ਰਸਮਾਂ ਵਿਰੁੱਧ ਉੱਠ ਖੜੇ ਹੋਣ ਦਾ ਸਾਕਾ ਵਰਤਾਇਆ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਬਦ ਗੁਰੂ ਦੀ ਸ਼ਾਨ ਅਤੇ ਸਭੇ ਸਾਂਝੀਵਾਲ ਸਦਾਇਨ ਦੇ ਸਿਧਾਂਤ ਲਈ ਸ਼ਹੀਦੀ ਸਾਕਾ ਵਰਤਾਇਆ। ਗੁਰੂ ਤੇਗ ਬਹਾਦਰ ਜੀ ਨੇ ਮਜ਼ਲੂਮਾਂ ਦਾ ਧਰਮ ਬਚਾਉਣ ਲਈ ਆਪਾ ਵਾਰਿਆ ਇਉਂ ਸਾਕਿਆਂ ਦੀ ਲੜੀ ਚੱਲ ਪਈ। ਜਦ ਅਨੰਦਪੁਰ ਸਾਹਿਬ ਨੂੰ ਪਹਾੜੀਆਂ ਅਤੇ ਮੁਗਲਾਂ ਨੇ ਮਿਲ ਕੇ 7 ਮਹੀਨੇ ਦਾ ਲੰਮਾਂ ਘੇਰਾ ਪਾ ਕੇ ਰਸਤ-ਪਾਣੀ ਬੰਦ ਕਰ ਦਿੱਤਾ ਫਿਰ ਵੀ ਗੁਰੂ ਅਤੇ ਸਿੱਖਾਂ ਨੇ ਹੱਥ ਨਾ ਖੜੇ ਕੀਤੇ ਸਗੋਂ ਗਾਹੇ ਬਗਾਹੇ ਮਕਾਰਾ-ਬਕਾਰਾ ਕਰਕੇ ਰਾਤ-ਬਰਾਤੇ ਸ਼ਾਹੀ ਫੌਜਾਂ ਅਤੇ ਮਕਾਰੀ ਪਹਾੜੀਆਂ ਤੋਂ ਸ਼ੇਰ-ਮਾਰ ਵਾਂਗ ਰਸਤਾਂ-ਬਸਤਾਂ ਝੜਪ ਲਿਆਉਂਦੇ ਰਹੇ। ਜਦ ਦੁਸ਼ਮਣ ਦਾ ਵੀ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ, ਗੁਰੂ ਨਾਂ ਪਕੜਿਆ ਗਿਆ ਅਤੇ ਅਨੰਦਪੁਰ ਤੇ ਕਬਜ਼ਾ ਵੀ ਨਾਂ ਹੋ ਸਕਿਆ ਤਾਂ ਬੇਈਮਾਨ ਜ਼ਾਲਮ ਮੁਗਲਾਂ ਨੇ, ਦਿੱਲੀ ਦੇ ਤਖਤ ਤੋਂ ਇਹ ਐਲਾਨ ਕੀਤਾ ਕਿ ਜੇ ਗੁਰੂ ਆਪਣੇ ਆਪ ਅਨੰਦਪੁਰ ਖਾਲੀ ਕਰ ਦੇਵੇ ਅਤੇ ਕੁਝ ਸਮੇਂ ਲਈ ਇਧਰ-ਉਧਰ ਚਲਾ ਜਾਵੇ ਤਾਂ ਅਸੀਂ ਗੁਰੂ ਨੂੰ ਕੁਝ ਨਹੀਂ ਕਹਾਂਗੇ ਅਤੇ ਖਰਚਾ-ਪਾਣੀ ਦੇਣ ਦੇ ਨਾਲ ਮਾਨ-ਸਨਮਾਨ ਵੀ ਕਰਾਂਗੇ। ਇਸ ਐਲਾਨਨਾਮੇ ਦੀਆਂ ਲਿਖਤੀ ਚਿੱਠੀਆਂ ਆਪਣੇ ਏਲਚੀਆਂ ਰਾਹੀਂ ਗੁਰੂ ਕੋਲ ਭੇਜੀਆਂ ਗਈਆਂ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਗੜ੍ਹੀ ਵਿੱਚ ਸਮੂੰਹ ਸਿੰਘ ਸਿੰਘਣੀਆਂ ਨੂੰ ਸੰਬੋਧਨ ਕਰਦੇ ਕਿਹਾ, ਇਹ ਜ਼ਾਲਮਾਂ ਦੀ ਬਦਨੀਤੀ ਹੈ ਸਾਨੂੰ ਇਨ੍ਹਾਂ ਬੇਈਮਾਨਾਂ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਨੀਤੀਵੇਤਾ ਗੁਰੂ ਜੀ ਉੱਪਰ ਇਨ੍ਹਾਂ ਝੂਠਨਾਮਿਆਂ ਦਾ ਕੋਈ ਅਸਰ ਨਾਂ ਹੋਇਆ ਪਰ ਲੰਬੇ ਸਮੇਂ ਦੀ ਭੁੱਖ, ਬਿਮਾਰੀ ਅਤੇ ਸ਼ਸਤਰਾਂ ਦੀ ਘਾਟ ਨੇ ਕੁਝ ਸਿੰਘਾਂ ਨੂੰ ਲਾਚਾਰ ਕਰ ਦਿੱਤਾ। ਕਹਿੰਦੇ ਹਨ ”ਮੌਤੋਂ ਭੁੱਖ ਬੁਰੀ ਦਿਨੇ ਸੁੱਤੇ ਖਾ ਕੇ ਰਾਤੀਂ ਫੇਰ ਖੜੀ” ਸਿੰਘਾਂ ਨੇ ਗੁਰੂ ਜੀ ਨਾਲ ਸਲਾਹ ਕੀਤੀ ਕਿ ਕੁਝ ਸਮੇਂ ਲਈ ਆਪਾਂ ਇਸ ਦਿੱਲੀ ਤਖਤ ਦੇ ਕੀਤੇ ਐਲਾਨਨਾਮੇ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੋਰ ਮਜਬੂਤ ਕਰ ਲਈਏ ਪਰ ਨੀਤੀਵੇਤਾ ਗੁਰੂ ਜੀ ਨੇ ਇੱਕ ਤਮਾਸ਼ਾ ਦਿਖਾਇਆ ਕਿ ਚਲੋ ਆਪਾਂ ਇਨ੍ਹਾਂ ਨੂੰ ਪਰਖ ਲਈਏ। ਗੁਰੂ ਜੀ ਨੇ ਸਿੱਖਾਂ ਨੁੰ ਹੁਕਮ ਕੀਤਾ ਕਿ ਫਟੇ ਪੁਰਾਣੇ ਕਪੜੇ ਅਤੇ ਟੁੱਟੇ-ਫੁੱਟੇ ਛਿੱਤਰਾਂ ਦੀਆਂ ਪੰਡਾਂ ਬੰਨ੍ਹ ਖੱਚਰਾਂ ਤੇ ਲੱਦ ਕੇ ਕਿਲ੍ਹਾ ਖਾਲੀ ਕਰਨ ਦਾ ਡਰਾਮਾਂ ਕੀਤਾ ਜਾਵੇ। ਗੁਰੂ ਦਾ ਹੁਕਮ ਮੰਨ ਸਿੰਘਾਂ ਨੇ ਐਸਾ ਹੀ ਕੀਤਾ। ਗੁਰੂ ਦਾ ਖਜਾਨਾਂ ਜਾਂਦਾ ਸਮਝ ਕੇ ਮੁਗਲ ਕੁਰਾਨ ਅਤੇ ਹਿੰਦੂ ਪਹਾੜੀ ਆਟੇ ਦੀ ਗਊ ਮਾਤਾ ਅਤੇ ਗੀਤਾ ਦੀਆਂ ਖਾਧੀਆਂ ਝੂਠੀਆਂ ਕਸਮਾਂ ਤੋੜ ਕੇ ਗੁਰੂ ਦਾ ਸਮਾਨ ਲੁੱਟਣ ਅਤੇ ਗੁਰੂ ਨੂੰ ਜਿੰਦਾ ਪਕੜਨ ਲਈ ਅਲੀ-ਅਲੀ ਕਰਦੇ ਟੁੱਟ ਪਏ। ਗੁਰੂ ਜੀ ਘੋਰ ਸੰਕਟ ਸਮੇਂ ਸਿੱਖਾਂ ਦੀ ਅਰਜ਼ ਮੰਨ ਕੇ ਸਿੱਖਾਂ ਸਮੇਤ ਦੂਸਰੇ ਰਸਤੇ ਅਨੰਦਪੁਰ ਛੱਡ ਕੇ ਚੱਲ ਪਏ, ਓਧਰ ਵੈਰੀ ਲੁੱਟ ਦੀ ਮਨਸ਼ਾ ਨਾਲ ਟੁੱਟ ਪਏ ਤਾਂ ਅੱਗੋਂ ਖੱਚਰਾਂ ਤੇ ਲੱਦੇ ਟੁੱਟੇ ਛਿੱਤਰ ਅਤੇ ਫਟੇ ਪੁਰਾਣੇ ਕਪੜੇ ਦੇਖ, ਭਾਰੀ ਨਿਰਾਸ਼ ਹੁੰਦੇ ਹੋਏ ਆਪਸ ਵਿੱਚ ਹੀ ਉਲਝ ਕੇ ਕਟਾਵੱਡੀ ਦਾ ਸ਼ਿਕਾਰ ਹੋ ਗਏ। ਗੁਰੂ ਜੀ ਅਤੇ ਸਿੱਖ ਹਨੇਰੇ ਦਾ ਫਾਇਦਾ ਉਠਾ ਕੇ ਜਦ ਅਨੰਦਪੁਰ ਤੋਂ ਕਾਫੀ ਦੂਰ ਚਲੇ ਗਏ ਤਾਂ ਮੁਗਲ ਅਤੇ ਪਹਾੜੀ ਫੌਜਾਂ ਭਾਰੀ ਲਾਓ ਲਸ਼ਕਰ ਲੈ, ਉਨ੍ਹਾਂ ਪਿੱਛੇ ਟੁੱਟ ਪਈਆਂ। ਏਨੇ ਨੂੰ ਗੁਰੂ ਜੀ ਸਿੱਖਾਂ ਸਮੇਤ ਸਰਸਾ ਕਿਨਾਰੇ ਪਹੁੰਚ ਗਏ। ਉਨ੍ਹਾਂ ਦਿਨਾਂ ਚ਼ ਬਰਸਾਤ ਦਾ ਜੋਰ ਹੋਣ ਕਰਕੇ ਬਰਸਾਤੀ ਨਦੀ ਸਰਸਾ ਨਕਾ ਨੱਕ ਭਰ ਕੇ ਵਗ ਰਹੀ ਸੀ। ਇਸ ਕਰਕੇ ਗੁਰੂ ਨੂੰ ਓਥੇ ਰੁਕਣਾ ਪਿਆ, ਇਸ ਭਿਅਨਕ ਸਮੇਂ ਵੀ ਸਿੱਖਾਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਓਧਰ ਸ਼ਾਹੀ ਫੌਜਾਂ ਨੇ ਆਣ ਘੇਰਾ ਪਾਇਆ, ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਭਾਈ ਉਦੇ ਸਿੰਘ ਅਤੇ ਬਾਬਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੰਘ ਵੈਰੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਜੀ ਨੇ ਇਸ ਲੜਾਈ ਵਿੱਚ ਤਲਵਾਰ ਦੇ ਸ਼ਾਨਦਾਰ ਜੌਹਰ ਦਿਖਾਏ। ਵੈਰੀ ਦੀ ਫੌਜ ਦਾ ਭਾਰੀ ਨੁਕਸਾਨ ਹੋਇਆ ਅਤੇ ਕੁਝ ਸਿੰਘ ਵੀ ਸ਼ਹੀਦ ਹੋ ਗਏ। ਕੁਦਰਤ ਦਾ ਕਹਿਰ ਹੋਰ ਵਰਤਿਆ ਕਿ ਸਰਸਾ ਪਾਰ ਕਰਦੇ ਸਮੇਂ ਬਹੁਤ ਸਾਰਾ ਸਿੱਖ ਲਿਟਰੇਚਰ, ਧਨ, ਕੀਮਤੀ ਸਮਾਨ ਅਤੇ ਬੱਚੇ ਬੁੱਢੇ, ਨਿਢਾਲ ਅਤੇ ਬੀਮਾਰ ਸਿੱਖ ਵੀ ਸਰਸਾ ਦੇ ਭਾਰੀ ਵਹਿਣ ਵਿੱਚ ਰੁੜ ਗਏ, ਕੁਝ ਗਿਣਤੀ ਦੇ ਸਿੰਘ, ਗੁਰੂ ਕੇ ਮਹਿਲ, ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਪਾਰ ਲੰਘ ਗਏ। ਇਸ ਬਿਪਤਾ ਸਮੇਂ ਜਿਨ੍ਹਾਂ ਨੂੰ ਜਿਧਰ ਨੂੰ ਰਾਹ ਮਿਲਿਆ ਤੁਰ ਪਏ ਤਾਂ ਉਸ ਵੇਲੇ ਲੰਮੇ ਸਮੇਂ ਤੋਂ ਗੁਰੂ ਘਰ ਵਿੱਚ ਸੇਵਾ ਕਰਨ ਵਾਲਾ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਖੇੜੀ ਨੂੰ ਚੱਲ ਪਿਆ। ਬਾਕੀ ਵੱਡੇ ਸਾਹਿਬਜਾਦੇ ਅਤੇ 40 ਸਿੰਘ ਗੁਰੂ ਜੀ ਨਾਲ ਰੋਪੜ ਵੱਲ ਨੂੰ ਹੋ ਤੁਰੇ ਅਤੇ ਰੋਪੜ ਲਾਗੇ ਵੈੇਰੀਆਂ ਨਾਲ ਛੋਟੀ ਜਿਹੀ ਝੜਪ ਪਿੱਛੋਂ ਚਮਕੌਰ ਸਾਹਿਬ ਪਾਹੁੰਚ ਗਏ।
ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀਬਾਰੇ-ਇਉਂ ਹੈ ਕਿ ਮਰਦ ਅਗੰਮੜੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਸਤ ਧਰਮ ਦਾ ਪ੍ਰਚਾਰ ਕਰਨ, ਬੇਇਨਸਾਫੀ ਵਿਰੁੱਧ ਅਵਾਜ਼ ਉਠਾਉਣ ਅਤੇ ਦਬਲੇ ਕੁਚਲੇ ਲੋਕਾਂ ਨੂੰ ਉੱਪਰ ਉਠਾਉਣ ਅਤੇ ਰਾਜਮੱਧ ਦੇ ਹੰਕਾਰ ਵਿੱਚ ਮੱਤੇ ਆਗੂਆਂ ਨੂੰ ਸੁਧਾਰਨ ਲਈ ਸੰਘਰਸ਼ ਕਰਦਿਆਂ ਭਾਵੇਂ ਕਈ ਜੰਗਾਂ ਲੜਨੀਆਂ ਪਈਆਂ ਪਰ ਚਮਕੌਰ ਗੜ੍ਹੀ ਦਾ ਯੁੱਧ ਸੰਸਾਰ ਦਾ ਅਨੋਖਾ ਯੁੱਧ ਹੋ ਨਿਬੜਿਆ, ਜਿੱਥੇ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਨਾਲ 40 ਕੁ ਸਿੰਘਾਂ ਨੂੰ, ਜ਼ਾਲਮ ਦੀਆਂ ਲੱਖਾਂ ਦੀ ਤਦਾਦ ਵਿੱਚ ਸ਼ਾਹੀ ਫੌਜਾਂ ਦੇ ਅਣਕਿਆਸੇ ਘੇਰੇ ਨਾਲ ਜੂਝਦਿਆਂ, ਮਰਦ ਅਗੰਮੜੇ ਗੁਰੂ ਗੋਬਿੰਦ ਸਿੰਘ ਜੀ ਦੀ ਸੁਚੱਜੀ ਅਗਵਾਈ ਵਿੱਚ ਸੂਰਬੀਰਤਾ, ਸ਼ਹਿਨਸ਼ੀਲਤਾ ਅਤੇ ਸਹਜਮਈ ਜੀਵਨ ਦਾ ਸਿਖਰ ਕਰ ਵਿਖਾਇਆ। ਜ਼ਫਰਨਾਮੇ ਦੀ ਚਿੱਠੀ ਅਤੇ ਇਤਿਹਾਸ ਵਿੱਚ ਜ਼ਿਕਰ ਹੈ ਕਿ-
ਗੁਰਸ਼ਨਹ ਚਿ ਕਾਰੇ ਕੁਨੰਦ ਚਿਹਲ ਨਰ॥ ਕਿ ਦਹ ਲਕ ਬਰ-ਆਇਦ ਬਰੋ ਬੇ-ਖਬਰ॥
ਭਾਵ ਕਿ ਮਕਾਰ ਵੈਰੀ ਦੀਆਂ 10 ਲੱਖ ਟ੍ਰੇਂਡ ਫੌਜਾਂ ਜਦੋਂ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਵਾਲੇ ਬੰਦਿਆਂ ਤੇ ਟੁੱਟ ਪੈਣ ਤਾਂ ਉਹ ਕੀ ਕਰ ਸਕਦੇ ਹਨ? ਪਰ ਫਿਰ ਵੀ ਗੁਰੂ ਜੀ ਦੇ ਧਰਮ ਯੁੱਧ ਦੇ ਚਾਅ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਵਿੱਚ ਬੇ ਮੁਹਾਹ ਜ਼ੁਰਅਤ ਭਰ ਗਈ ਕਿ ਉਹ ਗੁਰੂ ਤੋਂ ਆਪਾ ਨਿਛਾਵਰ ਕਰਨ ਲਈ ਕਿਵੇਂ ਤਿਆਰ ਸਨ। ਸੰਨ 22 ਦਸੰਬਰ 1704 ਦੀ ਸਾਮ ਨੂੰ ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਅਤੇ ਥੱਕੇ ਟੁੱਟੇ ਲਹੂ-ਲੁਹਾਨ ਹੋਏ ਕੁਝ ਕੁ ਸਿੰਘਾਂ ਸਮੇਤ ਚਮਕੌਰ ਦੀ ਧਰਤੀ ਤੇ ਪਹੁੰਚੇ ਤਾਂ ਇੱਕ ਜ਼ਿਮੀਦਾਰ ਚੌਧਰੀ ਬੁੱਧੀਚੰਦ ਖਬਰ ਮਿਲਣ ਤੇ ਭੱਜਾ ਆਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਸਿੰਘਾਂ ਸਮੇਤ ਦਾਸ ਦੀ ਹਵੇਲੀ ਵਿੱਚ ਚਰਨ ਪਾਉ। ਦੇਖੋ ਥਾਂ ਵੀ ਉੱਚੀ ਹੈ ਖੁੱਲ੍ਹੇ ਮੈਦਾਨ ਨਾਲੋਂ ਯੁੱਧ ਲਈ ਚੰਗਾ ਰਹੇਗਾ ਅਤੇ ਕਿਹਾ ਕਿ ਮਹਾਂਰਾਜ ਆਪ ਜੀ ਸਾਡੇ ਲਈ ਕਿਤਨੇ ਵੱਡੇ ਕਸ਼ਟ ਝੱਲ ਰਹੇ ਹੋ ਅਸੀਂ ਜਿਤਨੇ ਜੋਗੇ ਹਾਂ ਆਪ ਜੀ ਦੀ ਖਿਦਮਤ ਵਿੱਚ ਹਾਜ਼ਰ ਹਾਂ। ਇਸ ਵਾਰਤਾ ਨੂੰ ਹਜ਼ੂਰੀ ਕਵੀ ਸੈਨਾਪਤਿ ਲਿਖਦਾ ਹੈ ਕਿ-
ਜਦ ਖਬਰ ਸੁਨੀ ਜ਼ਿਮੀਦਾਰ ਨੇ ਮਧੇ ਬਸੇ ਚਮਕੌਰ। ਸੁਨਤ ਬਚਨ ਤਤਕਾਲ ਹੀ ਉਹ ਆਯੋ ਉਠਿ ਦੌਰ।
ਹਾਥ ਜੋਰ ਐਸੇ ਕਹਯੋ ਬਿਨਤੀ ਸੁਣੋ ਕਰਤਾਰ। ਬਸੋ ਮਧਿ ਚਮਕੌਰ ਕੇ ਗੁਰ ਅਪਨੀ ਕਿਰਪਾ ਧਾਰਿ।
ਇਉਂ ਗੁਰੂ ਜੀ ਨੇ ਗੜ੍ਹੀ-ਨੁਮਾ ਇਸ ਕੱਚੀ ਹਵੇਲੀ ਦੀ ਨਾਕਾ ਬੰਦੀ ਕੀਤੀ ਅਤੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਬਾਹਰ ਨਿਕਲ ਕੇ ਜੂਝਣ ਦੀ ਯੋਜਨਾ ਬਣਾਈ। ਸੰਨ 23 ਦਸੰਬਰ ਦੀ ਸਵੇਰ ਹੋਣ ਸਾਰ ਸੂਬਾ ਸਰਹੰਦ ਵਜ਼ੀਰ ਖਾਂ ਨੇ ਢੰਡੋਰਾ ਪਿੱਟ ਦਿੱਤਾ ਕਿ ਜੇਕਰ ਗੁਰੂ ਜੀ ਆਤਮ ਸਮਰਪਨ ਕਰ ਦੇਣ ਤਾਂ ਉਨ੍ਹਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ ਪਰ ਜਾਣੀ-ਜਾਣ ਮਹਾਂਬਲੀ ਗੁਰੂ ਜੀ ਨੇ ਇਸ ਦਾ ਜਵਾਬ ਤੀਰਾਂ ਦੀ ਬੁਛਾੜ ਵਿੱਚ ਦਿੱਤਾ। ਚੌਹੋਂ ਤਰਫੋਂ ਹੀ ਦੁਸ਼ਮਣਾਂ ਨੇ ਹਮਲੇ ਅਰੰਭ ਦਿੱਤੇ ਪਰ ਉਨ੍ਹਾਂ ਦੀ ਗੜ੍ਹੀ ਦੇ ਨੇੜੇ ਢੁੱਕਣ ਦੀ ਜ਼ੁਰਅਤ ਹੀ ਨਹੀਂ ਸੀ ਪੈਂਦੀ।
ਜਦ ਜਰਨੈਲ ਨਾਹਰ ਖਾਂ ਪੌੜੀ ਦੁਆਰਾ ਛੁਪ ਕੇ ਗੜੀ ਦੀ ਕੰਧ ਤੇ ਚੱੜ੍ਹਿਆ ਅਜੇ ਦੁਵਾਰ ਤੋਂ ਥੋੜਾ ਕੁ ਸਿਰ ਉੱਪਰ ਚੁੱਕਿਆ ਹੀ ਸੀ ਉਹ ਸਤਿਗੁਰਾਂ ਦੇ ਤੀਰ ਦਾ ਨਿਸ਼ਾਨਾਂ ਬਣ ਗਿਆ, ਦੂਸਰੇ ਖਾਂਨ ਨੂੰ ਗੁਰੂ ਜੀ ਨੇ ਗੁਰਜ ਦੇ ਇੱਕ ਵਾਰ ਨਾਲ ਹੀ ਭੰਨਿਆਂ ਅਤੇ ਖਵਾਜਾ-ਮਰਦੂਦ ਕੰਧ ਓਲ੍ਹੇ ਛੁਪ ਕੇ ਬਚਿਆ। ਇਸ ਬਾਰੇ ਗੁਰੂ ਜੀ ਨੇ ਲਿਖਿਆ ਕਿ ਅਫਸੋਸ! ਜੇਕਰ ਉਹ ਸਾਹਮਣੇ ਆ ਜਾਂਦਾ ਤਾਂ ਮੈਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ-
ਕਿ ਆਂ ਖਵਾਜਾ ਮਰਦੂਦ ਸਾਯਹ ਦਿਵਾਰ॥ ਬ-ਮੈਦਾਂ ਨਿਆਮਦ ਬ-ਮਰਦਾਨਹ ਵਾਰ॥34॥
ਦਰੇਗਾ! ਅਗਰ ਰੂਏ ਓ ਦੀਦਮੇ॥ ਬਯਕ ਤੀਰ ਲਾਚਾਰ ਬਖਸ਼ੀਦਮੇ॥35॥
ਜਿੱਥੇ ਗੁਰੂ ਜੀ ਉੱਚੀ ਅਟਾਰੀ ਵਿੱਚੋਂ ਜ਼ਾਲਮ ਤੁਰਕਾਂ ਦੇ ਚੋਣਵੇਂ ਜਰਨੈਲਾਂ ਨੂੰ ਫੁੰਡ ਰਹੇ ਸਨ ਓਥੇ 5-5 ਸਿੰਘ ਜਥਿਆਂ ਦੇ ਰੂਪ ਵਿੱਚ ਕੱਚੀ ਗੜ੍ਹੀ ਤੋਂ ਬਾਹਰ ਆ ਕੇ ਵੈਰੀ ਨੂੰ ਚਣੇ ਚਬਾਉਂਦੇ ਸਿੰਘ ਸ਼ਹੀਦ ਹੋ ਰਹੇ ਸਨ। ਐਸਾ ਵੇਖਦਿਆਂ ਜਦੋਂ ਬੀਰ ਬਹਾਦਰ ਗੁਰੂ ਜੀ ਦੇ ਬੀਰ ਸਪੁੱਤਰਾਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਗੁਰਸਿੱਖ ਵੀਰਾਂ ਵਾਂਗ ਜੰਗ ਵਿੱਚ ਜੂਝਣ ਦੀ ਆਗਿਆ ਮੰਗੀ ਤਾਂ ਗੁਰਦੇਵ ਪਿਤਾ ਜੀ ਨੇ ਪ੍ਰਸੰਨ ਹੋ ਕਿਹਾ ਪੁਤਰੋ! ਇਸ ਵੇਲੇ ਪੰਥਕ ਬੇੜੇ ਦੇ ਮਲਾਹ ਤੁਸੀਂ ਹੀ ਦਿਸ ਰਹੇ ਹੋ। ਜਾਓ! ਆਪਣੇ ਖੂਨ ਦੀ ਨਦੀ ਵਹਾ ਦਿਓ ਤਾਂ ਕਿ ਜ਼ੁ ਦੇ ਬਰੇਟੇ ਵਿੱਚ ਅਟਕਿਆ ਸਿੱਖੀ ਦਾ ਬੇੜਾ ਕਿਨਾਰੇ ਲੱਗ ਜਾਵੇ। ਇਸ ਵਾਕਿਆ ਬਾਰੇ ਵੀ ਮੁਸਲਮ ਕਵੀ ਅਲ੍ਹਾਯਾਰ ਖਾਂ ਨੇ ਲਿਖਿਆ ਹੈ-
ਬੇਟਾ ਹੋ ਤੁਮ੍ਹੀ ਪੰਥ ਕੇ ਖਿਵੱਯਾ। ਸਰ ਭੇਟ ਕਰੋ ਤਾਂ ਕਿ ਚਲੇ ਧਰਮ ਦੀ ਨਯਾ।
ਖਾਹਸ਼ ਹੈ ਤੁਮ੍ਹੇ ਤੇਗ ਚਲਾਤੇ ਹੂਏ ਦੇਖੇਂ। ਹਮ ਆਂਖ ਸੇ ਬਰਛੀ ਤੁਮੇ ਖਾਤੇ ਹੂਏ ਦੇਖੇਂ।
ਕਿਹਾ ਜਾਂਦਾ ਹੈ ਸਿੰਘਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋਂ ਨਿਕਲ ਜਾਓ ਤਾਂ ਕਿ ਪੰਥ ਦੀ ਸਫਲ ਅਗਵਾਈ ਹੋ ਸਕੇ ਤਾਂ ਉੱਤਰ ਵਿੱਚ ਗੁਰੂ ਜੀ ਬੋਲੇ ਸਿੰਘੋ! ਮੈਂ ਤੁਹਾਡੇ ਤੋਂ ਲੱਖ ਵਾਰ ਬਲਿਹਾਰ ਹਾਂ, ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਆਪ ਸਾਰੇ ਹੀ ਮੇਰੇ ਲਈ ਸਾਹਿਬਜ਼ਾਦੇ ਹੋ। ਖਾਲਸਾ...

ਜੀ! ਮੇਰਾ ਸਭ ਕੁਝ ਤੁਹਾਡੀ ਬਦੌਲਤ ਹੀ ਹੈ। ਕਮਾਲ ਦੀ ਗੱਲ ਜੋ ਗੁਰੂ ਪਾਤਸ਼ਾਹ ਨੂੰ ਸੰਸਾਰ ਭਰ ਦੇ ਰਹਿਬਰਾਂ ਚੋਂ ਸਿਰਮੌਰ ਕਰਦੀ ਹੈ, ਉਹ ਇਹ ਹੈ ਕਿ ਆਪਣੇ ਬਿੰਦੀ ਸਪੁੱਤਰ ਅੱਖਾਂ ਸਾਹਮਣੇ ਪੁਰਜਾ-ਪੁਰਜਾ ਕੱਟ ਕੇ ਸ਼ਹੀਦ ਹੁੰਦੇ ਹਨ ਅਤੇ ਪਿਤਾ ਗੁਰੂ ਜੀ ਖੁਸ਼ੀ ਵਿੱਚ ਜੈਕਾਰੇ ਛੱਡਦੇ ਹੋਏ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ। ਇਸ ਸੀਨ ਨੂੰ ਕਵੀ ਨੇ ਬੜਾ ਸੁੰਦਰ ਲਿਖਿਆ ਹੈ-
ਕਰੀ ਅਰਦਾਸ ਸਤਿਗੁਰੂ ਨੇ ਅਮਾਨਤ ਪੁਜਾਈ ਤੇਰੀ। ਕਰਜ਼ਾ ਅਦਾ ਹੂਆ ਹੈ ਕੁਛ ਰਹਿਮਤ ਹੂਈ ਤੇਰੀ।
ਦੋ ਰਹੇ ਗਏ ਹੈ ਬਾਕੀ ਦੋ ਭੀ ਫਿਦਾ ਕਰੂੰਗਾ। ਰਹਿਮਤ ਤੇਰੀ ਕਾ ਮਾਲਿਕ ਤਬ ਸ਼ੁਕਰ ਅਦਾ ਕਰੂੰਗਾ।
ਆਖਰ ਜਦ ਲੱਖਾਂ ਵੈਰੀਆਂ ਅਤੇ ਉਨ੍ਹਾਂ ਦੇ ਸਿਰਕੱਢ ਜਰਨੈਲਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਪੰਜਾਂ ਪਿਆਰਿਆਂ ਚੋਂ ਗੁਰੂ ਦੇ ਤਿੰਨ ਪਿਆਰੇ, ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਿੰਘ ਸਮੇਤ 40 ਸਿੰਘ ਸ਼ਹੀਦ ਹੋ ਗਏ।
ਚਮਕੌਰ ਸਾਹਿਬ ਦੀ ਅਦੁੱਤੀ ਦਾਸਤਾਨ
ਸਿੱਖਾਂ ਨੂੰ ਹੱਕ ਸੱਚ ‘ਤੇ ਕਾਇਮ ਰਹਿਣ ਲਈ ਅਕਹਿ ਤੇ ਅਸਹਿ ਤਸੀਹੇ ਝੱਲਣੇ ਪਏ। ਇਸ ਲੜੀ ਅਧੀਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ‘ਤੇ ਬੈਠ ਕੇ ਸ਼ਹਾਦਤ ਪ੍ਰਾਪਤ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਦਿੱਲੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ। ਜਿਵੇਂ-ਜਿਵੇਂ ਸਿੱਖ ਸੱਚ ‘ਤੇ ਪਹਿਰਾ ਦਿੰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ ਤਿਵੇਂ-ਤਿਵੇਂ ਜ਼ੁਲਮ ਦੀਆਂ ਹੱਦਾਂ ਪਾਰ ਕਰਕੇ ਮੁਗਲ ਹਾਕਮ ਤਸੀਹੇ ਦਿੰਦੇ ਰਹੇ। ਇਸੇ ਲੜੀ ਅਧੀਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਹੀ ਵਾਰ ਦਿੱਤਾ ਤੇ ਇਕ ਅਨੋਖਾ ਇਤਿਹਾਸ ਸਿਰਜਿਆ ਹੈ, ਜਿਸ ਦੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਸਰਹੰਦ ਦੀ ਖ਼ੂਨੀ ਦੀਵਾਰ ‘ਚ ਜ਼ਿੰਦਾ ਚਿਣ ਕੇ ਸ਼ਹੀਦ ਕੀਤੇ ਗਏ, ਜਦ ਕਿ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਨੇ ਚਮਕੌਰ ਵਿਖੇ ਵੈਰੀ ਦਲਾਂ ਨਾਲ ਜੰਗ ‘ਚ ਜੂਝਦਿਆਂ ਸ਼ਹਾਦਤ ਦਾ ਜਾਮ ਪੀਤਾ।
ਇਸ ਜੰਗ ਦੀ ਪਿੱਠ-ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੁੰਦੀ ਹੈ। ਮੁਗਲ ਹਕੂਮਤ ਦੀਆਂ ਸ਼ਾਹੀ ਫੌਜਾਂ ਅਤੇ ਪਹਾੜੀ ਰਾਜਿਆਂ ਦੇ ਮੁਲਖੱਈਏ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਦਲਾਂ ਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਸੀ, ਰਸਦ-ਪਾਣੀ ਪੁੱਜਣ ਦੇ ਸਮੂਹ ਰਸਤੇ ਬੰਦ ਕਰ ਦਿੱਤੇ ਗਏ ਸਨ।
ਪਰ ਕਲਗੀਧਰ ਪਿਤਾ ਦੇ ਜੁਝਾਰੂ ਸਿੰਘ ਦਰੱਖ਼ਤਾਂ ਦੇ ਪੱਤੇ ਖਾ ਕੇ ਵੀ ਦੁਸ਼ਮਣ ਨੂੰ ਪੂਰੀ ਟੱਕਰ ਦਿੰਦੇ ਰਹੇ। ਅਖੀਰ ਮੁਗਲ ਹਾਕਮਾਂ ਤੇ ਪਹਾੜੀ ਰਾਜਿਆਂ ਵਲੋਂ ਇਹ ਵਿਸ਼ਵਾਸ ਦਿਵਾਏ ਜਾਣ ‘ਤੇ ਕਿ ਗੁਰੂ ਸਾਹਿਬ ਕਿਲਾ ਛੱਡ ਦੇਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ, ਗੁਰੂ ਸਾਹਿਬ ਨੇ ਸਿੰਘਾਂ ਦੇ ਸਲਾਹ-ਮਸ਼ਵਰੇ ਨਾਲ ਪਹਾੜੀ ਰਾਜਿਆਂ ਦੇ ਕੌਲ-ਇਕਰਾਰ ‘ਤੇ ਯਕੀਨ ਕਰਕੇ ਕਿਲਾ ਅਨੰਦਪੁਰ ਛੱਡਣ ਦਾ ਫੈਸਲਾ ਲਿਆ ਪਰ ਕਿਲਾ ਛੱਡਣ ਉਪਰੰਤ ਗੁਰੂ ਸਾਹਿਬ ਦਾ ਕਾਫਲਾ ਅਜੇ ਕੀਰਤਪੁਰ ਵੀ ਨਹੀਂ ਸੀ ਪੁੱਜਾ ਕਿ ਦੁਸ਼ਮਣ ਫੌਜਾਂ ਤਮਾਮ ਸੁਗੰਧਾਂ ਨੂੰ ਤੋੜ ਕੇ ਲੜਾਈ ਲਈ ਆ ਗਈਆਂ। ਸਰਸਾ ਨਦੀ ਨੂੰ ਪਾਰ ਕਰਨ ਲੱਗਿਆਂ ਵਡਮੁੱਲਾ ਸਾਹਿਤ, ਕੀਮਤੀ ਸਾਜ਼ੋ-ਸਾਮਾਨ ਅਤੇ ਜਾਨ ਤੋਂ ਪਿਆਰੇ ਸਿੰਘ ਸੂਰਮੇ ਸਿਰਸਾ ਦੀ ਭੇਟ ਹੋ ਗਏ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵੀ ਗੁਰੂ ਜੀ ਤੋਂ ਵਿਛੜ ਗਏ।
ਦਸਮੇਸ਼ ਪਿਤਾ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਵਿਖੇ ਪੁੱਜੇ। ਸ਼ਾਹੀ ਫੌਜਾਂ ਵੀ ਮਗਰ-ਮਗਰ ਚਮਕੌਰ ਪੁੱਜ ਗਈਆਂ ਤੇ ਗੜ੍ਹੀ ਨੂੰ ਘੇਰ ਲਿਆ। ਚਮਕੌਰ ਦੀ ਕੱਚੀ ਗੜ੍ਹੀ ਵਿਚ ਜਿਸ ਸੂਰਮਤਾਈ ਨਾਲ ਚਾਲੀ ਭੁੱਖਣ-ਭਾਣੇ ਸਿੰਘਾਂ ਨੇ ਦਸ ਲੱਖ ਦੀ ਸੈਨਾ ਦਾ ਟਾਕਰਾ ਕੀਤਾ, ਸਿੰਘਾਂ ਨੂੰ ਜੂਝਦੇ ਵੇਖ ਕੇ ਜਿਵੇਂ ਸਾਹਿਬਜ਼ਾਦਿਆਂ ਨੇ ਜੰਗ ਵਿਚ ਜਾਣ ਦੀ ਆਗਿਆ ਮੰਗੀ, ਜਿਸ ਕਦਰ ਸਤਿਗੁਰੂ ਜੀ ਨੇ ਆਪਣੇ ਹੱਥੀਂ ਸ਼ਸਤਰ ਸਜਾ ਕੇ ਦੁਲਾਰਿਆਂ ਨੂੰ ਜੰਗ ਵਿਚ ਲੜਨ ਲਈ ਤੋਰਿਆ, ਸਰੀਰ ਛਲਣੀ-ਛਲਣੀ ਹੁੰਦੇ ਤੱਕੇ ਅਤੇ ਸ਼ਹੀਦੀ ਉਪਰੰਤ ਫ਼ਤਿਹ ਦੇ ਜੈਕਾਰੇ ਗਜਾਏ ਤੇ ਅਕਾਲ ਪੁਰਖ ਦਾ ਕੋਟਨਿ-ਕੋਟਿ ਸ਼ੁਕਰਾਨਾ ਕੀਤਾ, ਅਜਿਹਾ ਅਲੋਕਾਰ ਕਾਰਨਾਮਾ ਨਾ ਤਾਂ ਦੁਨੀਆ ਨੇ ਅੱਜ ਤੀਕ ਵੇਖਿਆ ਹੈ ਅਤੇ ਨਾ ਹੀ ਵੇਖੇਗੀ। ਸੂਫ਼ੀ ਸ਼ਾਇਰ ਜੋਗੀ ਅੱਲਾ ਯਾਰ ਖਾਂ ਸਾਹਿਬਜ਼ਾਦਿਆਂ ਨੂੰ ਆਪਣੀ ਅਕੀਦਤ ਦੇ ਫੁੱਲ ਭੇਟਾ ਕਰਦੇ ਹੋਏ ਆਪਣੀ ਲੰਬੀ ਨਜ਼ਮ ‘ਗੰਜਿ ਸ਼ਹੀਦਾਂ’ ਵਿਚ ਲਿਖਦੇ ਹਨ ਕਿ ਜੰਗ ਤੋਂ ਪਹਿਲੀ ਰਾਤ ਕਲਗੀਧਰ ਦਸਮੇਸ਼ ਪਿਤਾ ਜੀ ਕੱਚੀ ਗੜ੍ਹੀ ਵਿਚ ਪਰਮੇਸ਼ਰ ਨੂੰ ਕੁਝ ਇਸ ਤਰ੍ਹਾਂ ਮੁਖਾਤਿਬ ਹੋ ਰਹੇ ਹਨ :
ਜਬ ਡੇਢ ਘੜੀ ਰਾਤ ਗਈ ਜ਼ਿਕਰਿ-ਖ਼ੁਦਾ ਮੇਂ।
ਖ਼ੈਮੇ ਸੇ ਨਿਕਲ ਆਏ ਸ੍ਰਕਾਰ ਹਵਾ ਮੇਂ।
ਕਦਮੋਂ ਸੇ ਟਹਲਤੇ ਥੇ, ਮਗਰ ਦਿਲ ਥਾ ਦੁਆ ਮੇਂ।
ਬੋਲੇ, ਉਐ ਖ਼ੁਦਾਵੰਦ! ਹੂੰ ਖੁਸ਼ ਤੇਰੀ ਰਜ਼ਾ ਮੇਂ”।
ਕਰਤਾਰ ਸੇ ਕਹਿਤੇ ਥੇ ਗੋਯਾ ਰੂ-ਬ-ਰੂ ਹੋ ਕਰ।
ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖ਼ਰੂ ਹੋ ਕਰ। 10।” (ਗੰਜਿ ਸ਼ਹੀਦਾਂ)
ਅਗਲੇ ਦਿਨ ਜੰਗ ਆਰੰਭ ਹੋਈ, ਪੰਜ-ਪੰਜ ਸਿੰਘ ਜਥੇ ਦੇ ਰੂਪ ਵਿਚ ਗੜ੍ਹੀ ਤੋਂ ਬਾਹਰ ਨਿਕਲ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ ਤਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਜੰਗ ਵਿਚ ਜਾਣ ਦੀ ਆਗਿਆ ਮੰਗੀ। ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਥਾਪੜਾ ਦੇ ਕੇ ਗੜ੍ਹੀ ਤੋਂ ਰਵਾਨਾ ਕੀਤਾ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਮੈਦਾਨੇ-ਜੰਗ ਵਿਚ ਜਾਂਦੇ ਹੀ ਮੁਗ਼ਲ ਫੌਜ ਨੂੰ ਭਾਜੜ ਪਾ ਦਿੱਤੀ ਅਤੇ ਸ਼ਸਤਰ-ਬਾਜ਼ੀ ਦੇ ਉਹ ਜੌਹਰ ਵਿਖਾਏ ਕਿ ਕਹਿੰਦੇ-ਕਹਾਉਂਦੇ ਤਲਵਾਰ ਦੇ ਧਨੀ ਤੇ ਤੀਰ-ਅੰਦਾਜ਼ ਭੱਜਣ ਦਾ ਰਾਹ ਲੱਭਣ ਲੱਗੇ। ਗੁਰੂ ਜੀ ਇਹ ਕੁਝ ਤੱਕ ਕੇ ਗੜ੍ਹੀ ਤੋਂ ਸਾਹਿਬਜ਼ਾਦੇ ਨੂੰ ਸ਼ਾਬਾਸ਼ ਦੇ ਰਹੇ ਹਨ :
ਸ਼ਾਬਾਸ਼ ਪਿਸਰ! ਖ਼ੂਬ ਦਲੇਰੀ ਸੇ ਲੜੇ ਹੋ।
ਹਾਂ, ਕਿਉਂ ਨਾ ਹੋ, ਗੋਬਿੰਦ ਕੇ ਫ਼ਰਜੰਦ ਬੜੇ ਹੋ। 94 । (ਗੰਜਿ ਸ਼ਹੀਦਾਂ)
ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਅਨੇਕਾਂ ਵੈਰੀਆਂ ਨੂੰ ਪਾਰ ਬੁਲਾਉਣ ਉਪਰੰਤ ਸ਼ਹੀਦੀ ਪ੍ਰਾਪਤ ਕਰਦੇ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਲਾੜੀ ਮੌਤ ਨੂੰ ਪਰਨਾਉਣ ਲਈ ਵਿਆਕੁਲ ਹੋ ਉੱਠੇ ਅਤੇ ਪਿਤਾ-ਗੁਰੂ ਜੀ ਪਾਸੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ :
ਬੇਟੇ ਕੋ ਸ਼ਹਾਦਤ ਮਿਲੀ, ਦੇਖਾ ਜੋ ਪਿਦਰ ਨੇ।
ਤੂਫ਼ਾਂ ਬਪਾ ਗ਼ਮ ਸੇ ਕੀਆ ਦੀਦਾ-ਇ-ਤਰ ਨੇ;
ਇਸ ਵਕਤ ਕਹਾ ਨੰਨ੍ਹੇਂ ਸੇ ਮਾਸੂਮ ਪਿਸਰ ਨੇ।
ਉਰੁਖ਼ਸਤ ਹਮੇਂ ਦਿਲਵਾਓ ਪਿਤਾ, ਜਾਏਂਗੇ ਮਰਨੇ।
ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਆਤਾ।
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ”। 96। (ਗੰਜਿ ਸ਼ਹੀਦਾਂ)
ਸਾਹਿਬਜ਼ਾਦਾ ਜੁਝਾਰ ਸਿੰਘ ਨੇ ਕਿਹਾ ਕਿ ਬੇਸ਼ੱਕ ਮੈਨੂੰ ਵੱਡੇ ਵੀਰ ਜਿਤਨਾ ਜੰਗ-ਯੁੱਧ ਕਰਨ ਦਾ ਗਿਆਨ ਨਹੀਂ ਹੈ, ਪਰੰਤੂ ਮਰਨਾ ਤਾਂ ਮੈਨੂੰ ਵੀ ਆਉਂਦਾ ਹੀ ਹੈ, ਸੋ ਇਨਕਾਰ ਨਾ ਕਰੋ :
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ!
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ। 100। (ਗੰਜਿ ਸ਼ਹੀਦਾਂ)
ਸਤਿਗੁਰਾਂ ਨੇ ਛੋਟੇ ਬੇਟੇ ਨੂੰ ਵੀ ਆਪਣੇ ਹੱਥੀਂ ਤਿਆਰ ਕਰਕੇ ਜੰਗ ਵਿਚ ਜੂਝਣ ਲਈ ਤੋਰਦਿਆਂ ਕਿਹਾ-
ਹਮ ਦੇਤੇ ਹੈਂ ਖੰਜਰ, ਉਸੇ ਸ਼ਮਸ਼ੀਰ ਸਮਝਨਾਂ।
ਨੇਜ਼ੇ ਕੀ ਜਗਾ ਦਾਦਾ ਕਾ ਤੁਮ ਤੀਰ ਸਮਝਨਾਂ।
ਜਿਤਨੇ ਮਰੇਂ ਇਸ ਸੇ, ਉਨ੍ਹੇਂ ਬੇ-ਪੀਰ ਸਮਝਨਾਂ।
ਜ਼ਖ਼ਮ ਆਏ ਤੋ ਹੋਨਾ ਨਹੀਂ ਦਿਲਗੀਰ, ਸਮਝਨਾਂ।
ਜਬ ਤੀਰ ਕਲੇਜੇ ਮੇਂ ਲਗੇ, ਉਸੀ” ਨਹੀਂ ਕਰਨਾ।
ਉਫ਼” ਮੂੰਹ ਸੇ ਮੇਰੀ ਜਾਨ, ਕਬੀ ਭੀ ਨਹੀਂ ਕਰਨਾ।
105। (ਗੰਜਿ ਸ਼ਹੀਦਾਂ)
ਚਮਕੌਰ ਦੇ ਜੰਗ ਦਾ ਹਾਲ-ਹਵਾਲ ਦਸਮੇਸ਼ ਪਿਤਾ ਜੀ ਨੇ ਔਰੰਗਜ਼ੇਬ ਨੂੰ ਲਿਖੇ ਪੱਤਰਾਂ ‘ਫਤਹਿਨਾਮਾ’ ਤੇ ‘ਜ਼ਫ਼ਰਨਾਮਾ’ ਵਿਚ ਵੀ ਵਿਸਥਾਰ ਨਾਲ ਕੀਤਾ ਹੈ ਕਿ ਕਿਵੇਂ ਕੁਰਾਨ ਦੀਆਂ ਝੂਠੀਆਂ ਕਸਮਾਂ ਨੂੰ ਤੋੜ ਕੇ ਤੇਰੀ ਫੌਜ ਨੇ ਤਲਵਾਰਾਂ, ਤੀਰਾਂ ਅਤੇ ਬੰਦੂਕਾਂ ਨਾਲ ਸਾਡੇ ‘ਤੇ ਹਮਲਾ ਕਰ ਦਿੱਤਾ। ਇਕ ਪਾਸੇ ਤੇਰੀ ਬੇਸ਼ੁਮਾਰ ਫੌਜ ਸੀ ਅਤੇ ਦੂਜੇ ਪਾਸੇ ਭੁੱਖਣ-ਭਾਣੇ ਅਤੇ ਥੱਕੇ-ਟੁੱਟੇ ਚਾਲੀ ਸਿੰਘ ਪਰ ਮੇਰੇ ਇਨ੍ਹਾਂ ਸਿੰਘ-ਸੂਰਮਿਆਂ ਨੇ ਆਪਣੀ ਕਲਾ ਦੇ ਅਜਿਹੇ ਜੌਹਰ ਵਿਖਾਏ ਕਿ ਥੋੜ੍ਹੇ ਜਿਹੇ ਸਮੇਂ ਵਿਚ ਹੀ ਤੇਰੇ ਅਨੇਕਾਂ ਸਿਪਾਹੀ ਮੌਤ ਦੇ ਘਾਟ ਉਤਾਰ ਦਿਤੇ। ਖ਼ੂਨ ਨਾਲ ਧਰਤੀ ਲਾਲੋ-ਲਾਲ ਹੋ ਗਈ :
ਹਮ ਆਖ਼ਿਰ ਚਿਹ ਮਰਦੀ ਕੁੱਨਦ ਕਾਰਜ਼ਾਰ।
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ। (41)
ਫੌਜੀ ਜਰਨੈਲ ਖ੍ਵਾਜਾ ਮਰਦੂਦ, ਜਿਸ ਨੇ ਗੁਰੂ ਜੀ ਨੂੰ ਜੀਊਂਦੇ ਫੜ ਕੇ ਲਿਆਉਣ ਦੀ ਕਸਮ ਖਾਧੀ ਹੋਈ ਸੀ, ਦਾ ਜ਼ਿਕਰ ਕਰਦੇ ਹੋਏ ਗੁਰੂ ਜੀ ਲਿਖਦੇ ਹਨ ਕਿ ਤੇਰਾ ਇਹ ‘ਸੂਰਮਾ’ ਗੜ੍ਹੀ ਦੀ ਕੰਧ ਦੇ ਓਹਲੇ ਹੀ ਲੁਕਿਆ ਰਿਹਾ। ਮੈਨੂੰ ਅਫ਼ਸੋਸ ਹੈ ਕਿ ਮੈਂ ਉਸ ਦਾ ਮੂੰਹ ਨਾ ਵੇਖ ਸਕਿਆ, ਨਹੀਂ ਤਾਂ ਮੈਂ ਇਕ ਤੀਰ ਉਸ ਨੂੰ ਵੀ ਜ਼ਰੂਰ ਬਖਸ਼ ਦਿੰਦਾ :
ਕਿ ਆਂ ਖ੍ਵਾਜਹ ਮਰਦੂਦ ਸਾਯਹ-ਦੀਵਾਰ॥ ਨਿਯਾਮਦ ਬ ਮੈਦਾਂ ਬ ਮਰਦਾਨਹ ਵਾਰ॥34॥
ਦਰੇਗ਼ਾ! ਅਗਰ ਰੂਇ ਊ ਦੀਦ ਮੇ॥ ਬਾ-ਯੱਕ ਤੀਰ ਲਾਚਾਰ ਬਖ਼ਸ਼ੀਦਮੇ॥35॥
ਸਤਿਗੁਰੂ ਜੀ ਪਰਮੇਸ਼ਰ ਦੀ ਬਖਸ਼ਿਸ਼ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਤੇਰੀ ਸ਼ਾਹੀ ਸੈਨਾ ਸਾਡਾ ਵਾਲ ਵੀ ਵਿੰਗਾ ਨਾ ਕਰ ਸਕੀ। ਕੀ ਹੋਇਆ ਜੇਕਰ ਤੂੰ ਮੇਰੇ ਚਾਰ ਬੇਟੇ ਸ਼ਹੀਦ ਕਰ ਦਿੱਤੇ ਹਨ, ਮੇਰਾ ਖ਼ਾਲਸਾ ਕੁੰਡਲੀਆ ਸੱਪ ਵਾਂਗ ਤੇਰੇ ਨਾਲ ਸਿੱਝੇਗਾ ਅਤੇ ਇਕ ਚੰਗਿਆੜੀ ਨੂੰ ਬੁਝਾ ਕੇ ਤੂੰ ਕੀ ਬਹਾਦਰੀ ਕੀਤੀ ਹੈ, ਜਦੋਂ ਕਿ ਤੂੰ ਪ੍ਰਚੰਡ ਅੱਗ ਦੇ ਭਾਂਬੜ ਬਾਲ ਬੈਠਾ ਹੈਂ?
ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ॥
ਕਿ ਆਤਿਸ਼ ਦਮਾਂ ਰਾ ਫਰੋਜ਼ਾਂ ਕੁਨੀ॥79॥
ਚਮਕੌਰ (ਜਿਸ ਦੀ ਚਮਕ ਦੁਨੀਆ ਭਰ ਵਿਚ ਨਿਰਾਲੀ ਹੈ) ਵਿਖੇ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ (ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ, ਇਸ ਦਾ ਵਿਲੱਖਣ ਹੀ ਸਥਾਨ ਹੈ। ਇਹੋ ਕਾਰਨ ਹੈ ਕਿ ਅੱਜ ਇਹ ਧਰਤੀ ਪੂਜਣਯੋਗ ਹੈ। ਦੁਨੀਆ ਭਰ ਤੋਂ ਸਿੱਖ ਸੰਗਤਾਂ ਭਾਰੀ ਗਿਣਤੀ ਵਿਚ ਇਥੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਾਜ਼ਰ ਹੁੰਦੀਆਂ ਹਨ ਅਤੇ ਪਵਿੱਤਰ ਚਰਨ ਧੂੜੀ ਮੱਥੇ ਨੂੰ ਲਾ ਕੇ ਧੰਨ-ਧੰਨ ਹੁੰਦੀਆਂ ਹਨ। ਕਿਸੇ ਸ਼ਾਇਰ ਨੇ ਸੱਚ ਕਿਹਾ ਹੈ :
ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬੇਹਤਰ ਕਾਅਬਾ,
ਯਹਾਂ ਕੀ ਖ਼ਾਕ ਪੇ ਤੋ ਖ਼ੁਦਾ ਭੀ ਕੁਰਬਾਨ ਹੋਤਾ ਹੈ।
ਸਿੱਖ ਇਤਿਹਾਸ ‘ਚ ‘ਸਾਕਾ ਚਮਕੌਰ’ ਸੂਰਬੀਰਤਾ ਦੀ ਅਨੂਠੀ ਦਾਸਤਾਨ ਹੈ ਜੋ ਕੌਮੀ ਅਣਖ ‘ਤੇ ਪਹਿਰਾ ਦਿੰਦਿਆਂ ਆਪਣੇ ਸ਼ਾਨਾਮੱਤੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਆਓ! ਮਹਾਨ ਸ਼ਹੀਦਾਂ ਦੀ ਯਾਦ ਨੂੰ ਨਤਮਸਤਕ ਹੁੰਦਿਆਂ ਸ਼ਹੀਦਾਂ ਵਲੋਂ ਵਿਖਾਏ ਸੱਚ ਤੇ ਧਰਮ ਦੇ ਮਾਰਗ ਉਤੇ ਚੱਲਣ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਦਾ ਪ੍ਰਣ ਕਰੀਏ
ਸ੍ਰੀ ਚਮਕੌਰ ਸਾਹਿਬ ਦੀ ਜੰਗ ਦੇ ਸ਼ਹੀਦਾਂ ਦੀ ਸੂਚੀ
ਸ੍ਰੀ ਚਮਕੌਰ ਸਾਹਿਬ ਦੀ ਰਣ-ਭੂਮੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਪੰਜ ਪਿਆਰਿਆਂ ‘ਚੋਂ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਇਨ੍ਹਾਂ ਤੋਂ ਬਿਨਾਂ ਹੇਠ ਲਿਖੇ ਸੂਰਬੀਰਾਂ ਨੇ ਸ਼ਹੀਦੀ ਪਾਈ :
ਭਾਈ ਜਵਾਹਰ ਸਿੰਘ ਜੀ, ਅੰਮ੍ਰਿਤਸਰ
ਭਾਈ ਰਤਨ ਸਿੰਘ ਜੀ, ਮਾਣਕਪੁਰਾ
ਭਾਈ ਮਾਣਕ ਸਿੰਘ ਜੀ, ਮਾਣਕ ਮਾਣਕੋ, ਦੁਆਬਾ
ਭਾਈ ਕ੍ਰਿਪਾਲ ਸਿੰਘ ਜੀ, ਕਰਤਾਰਪੁਰ (ਰਾਈਵਾਲਾ)
ਭਾਈ ਦਿਆਲ ਸਿੰਘ ਜੀ, ਰਮਦਾਸ
ਭਾਈ ਗੁਰਦਾਸ ਸਿੰਘ ਜੀ, ਅੰਮ੍ਰਿਤਸਰ
ਭਾਈ ਠਾਕਰ ਸਿੰਘ ਜੀ, ਛਾਰਾ
ਭਾਈ ਪ੍ਰੇਮ ਸਿੰਘ ਜੀ, ਮਨੀਮਾਜਰਾ
ਭਾਈ ਹਰਦਾਸ ਸਿੰਘ ਜੀ, ਗਵਾਲੀਅਰ
ਭਾਈ ਸੰਗੋ ਸਿੰਘ ਜੀ, ਮਾਛੀਵਾੜਾ
ਭਾਈ ਨਿਹਾਲ ਸਿੰਘ ਜੀ, ਮਾਛੀਵਾੜਾ
ਭਾਈ ਗੁਲਾਬ ਸਿੰਘ ਜੀ, ਮਾਛੀਵਾੜਾ
ਭਾਈ ਮਹਿਤਾਬ ਸਿੰਘ ਜੀ, ਰੂਪਨਗਰ
ਭਾਈ ਖੜਕ ਸਿੰਘ ਜੀ, ਰੂਪਨਗਰ
ਭਾਈ ਟੇਕ ਸਿੰਘ ਜੀ, ਰੂਪਨਗਰ
ਭਾਈ ਤੁਲਸਾ ਸਿੰਘ ਜੀ, ਰੂਪਨਗਰ
ਭਾਈ ਸਹਿਜ ਸਿੰਘ ਜੀ, ਰੂਪਨਗਰ
ਭਾਈ ਚੜ੍ਹਤ ਸਿੰਘ ਜੀ, ਰੂਪਨਗਰ
ਭਾਈ ਝੰਡਾ ਸਿੰਘ ਜੀ, ਰੂਪਨਗਰ
ਭਾਈ ਸੁਜਾਨ ਸਿੰਘ ਜੀ, ਰੂਪਨਗਰ
ਭਾਈ ਗੰਡਾ ਸਿੰਘ ਜੀ, ਪਿਸ਼ਾਵਰ
ਭਾਈ ਕਿਸ਼ਨ ਸਿੰਘ ਜੀ
ਭਾਈ ਬਿਸ਼ਨ ਸਿੰਘ ਜੀ
ਭਾਈ ਗੁਰਦਿੱਤ ਸਿੰਘ ਜੀ
ਭਾਈ ਕਰਮ ਸਿੰਘ ਜੀ, ਭਰਤਪੁਰ
ਭਾਈ ਰਣਜੀਤ ਸਿੰਘ ਜੀ
ਭਾਈ ਨਰਾਇਣ ਸਿੰਘ ਜੀ
ਭਾਈ ਜੈਮਲ ਸਿੰਘ ਜੀ
ਭਾਈ ਗੰਗਾ ਸਿੰਘ ਜੀ, ਜੁਆਲਾ ਮੁਖੀ
ਭਾਈ ਸ਼ੇਰ ਸਿੰਘ ਜੀ, ਆਲਮਗੀਰ
ਭਾਈ ਸਰਦੂਲ ਸਿੰਘ ਜੀ
ਭਾਈ ਸੁੱਖਾ ਸਿੰਘ ਜੀ
ਭਾਈ ਪੰਜਾਬ ਸਿੰਘ ਜੀ, ਖੰਡੂ
ਭਾਈ ਦਮੋਦਰ ਸਿੰਘ ਜੀ
ਭਾਈ ਭਗਵਾਨ ਸਿੰਘ ਜੀ
ਭਾਈ ਸਰੂਪ ਸਿੰਘ ਜੀ, ਕਾਬਲ
ਭਾਈ ਜਵਾਲਾ ਸਿੰਘ ਜੀ
ਭਾਈ ਸੰਤ ਸਿੰਘ ਜੀ, ਪੋਠੋਹਾਰ
ਭਾਈ ਆਲਮ ਸਿੰਘ ਜੀ
ਭਾਈ ਸੰਗਤ ਸਿੰਘ ਜੀ
ਭਾਈ ਮਦਨ ਸਿੰਘ ਜੀ
ਭਾਈ ਕੋਠਾ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
ਜੋਰਾਵਰ ਸਿੰਘ ਤਰਸਿੱਕਾ ।
( ਚਲਦਾ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)