More Gurudwara Wiki  Posts
ਸਾਕਾ ਨੀਲਾ ਤਾਰਾ ਦੀ ਕਹਾਣੀ


ਜੱਥੇਦਾਰ ਜੋਗਿੰਦਰ ਸਿੰਘ ਜੀ ਵੇਦਾਂਤੀ ਜੀ ਦੀ ਇਹ ਹੱਡਬੀਤੀ ੧੯੮੪ ਦੇ ਘੱਲੂਘਾਰੇ ਦੀ ਯਾਦਗਾਰ ਹੈ, ਜੋ ਕਿ ਬਹੁਤ ਯਥਾਰਥ ਹੈ, ਕੋਈ ਵਾਧ ਘਾਟ ਤੋਂ ਅਤੇ ਅਤਿਕਥਨੀ ਤੋਂ ਰਹਿਤ ਹੈ
ਸਾਕਾ ਨੀਲਾ ਤਾਰਾ ਦੀ ਕਹਾਣੀ :- ਭਾਈ ਜੋਗਿੰਦਰ ਸਿੰਘ ਵੇਦਾਂਤੀ
ਉਸ ਦਿਨ 4 ਜੂਨ ਨੂੰ ਸਵੇਰੇ ਮੈਂ ਤਿੰਨ ਵਜੇ ਉੱਠਿਆ , ਇਸ਼ਨਾਨ ਪਾਣੀ ਤੋਂ ਵਿਹਲਾ ਹੋ ਕੇ , ਫਲਠੀਕ ਚਾਰ ਵਜੇ ਆਪਣੀ ਧਰਮ ਪਤਨੀ ਸਮੇਤ ਮੈਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਡਿਊਟੀ ‘ ਤੇ ਪੁੱਜਾ । ਭਾਈ ਅਮਰੀਕ ਸਿੰਘ ਹਜ਼ੂਰੀ ਰਾਗੀ ਦੇ ਜੱਥੇ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਹੋਇਆ ਸੀ । ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਲਕੀ ਸਾਹਿਬ ਆਉਣ ’ ਤੇ ਸਾਢੇ ਚਾਰ ਵਜੇ ਹੁਕਮਨਾਮਾ ਹੋਇਆ । ਲੱਗ – ਭੱਗ ਪੌਣੇ ਪੰਜ ਵਜੇ ਜਦ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਚਲ ਰਿਹਾ ਸੀ , ਤਾਂ ਤੋਪ ਦਾ ਇਕ ਗੋਲਾ ਸਿੰਧੀਆਂ ਦੀ ਧਰਮਸ਼ਾਲਾ ਵਿੱਚ ਆ ਕੇ ਲੱਗਾ । ਇਹ ਧਰਮਸ਼ਾਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤਰ ਵੱਲ , ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਥੜ੍ਹਾ ਸਾਹਿਬ ਦੇ ਵਿਚਕਾਰ ਸਥਿੱਤ ਸੀ , ਜੋ ਹੁਣ ਢਾਹ ਦਿੱਤੀ ਗਈ ਹੈ । ਤੋਪ ਦਾ ਇਹ ਗੋਲਾ ਜਲ੍ਹਿਆਂ ਵਾਲੇ ਬਾਗ ਵੱਲੋਂ ਆਇਆ ਜਾਪਦਾ ਸੀ । ਇਸ ਤੋਂ ਤਿੰਨ ਚਾਰ ਮਿੰਟ ਬਾਅਦ ਅੰਧਾ – ਧੁੰਦ ਫ਼ਾਇਰਿੰਗ ਸ਼ੁਰੂ ਹੋ ਗਈ ਜੋ ਲਗਾਤਾਰ ਰਾਤ ਦੇ ਸਾਢੇ ਦਸ ਵਜੇ ਤਕ ਚਲਦੀ ਰਹੀ । ਥੋੜੇ – ਥੋੜੇ ਅਰਸੇ ਬਾਅਦ ਵੱਖ – ਵੱਖ ਥਾਵਾਂ ਤੇ ਤੋਪਾਂ ਦੇ ਗੋਲੇ ਵੀ ਵਰਦੇ ਰਹੇ । ਚਾਰ ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹਾਲਾਂ ਕੋਈ ਗੋਲੀ ਨਹੀਂ ਆਈ ਸੀ । ਅਸੀਂ ਇਹਤਿਆਤ ਵਜੋਂ ਹਰਿਮੰਦਰ ਸਾਹਿਬ ਦੇ ਬੂਹੇ ਬਾਰੀਆਂ ਅੰਦਰੋਂ ਬੰਦ ਕਰ ਲਈਆਂ ਸਨ । ਪ੍ਰਕਰਮਾਂ ਵਿੱਚ ਵੀ ਹਾਲਾਂ ਗੋਲੀਆਂ ਆਉਣੀਆਂ ਸ਼ੁਰੂ ਨਹੀਂ ਸਨ ਹੋਈਆਂ । ਮੈਂ ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਸਮੇਤ ਡਿਊਟੀ ਤੋਂ ਫਾਰਗ ਹੋ ਕੇ ਸਾਢੇ 9 ਵਜੇ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਆਇਆ ਅਤੇ ਅਸੀਂ ਆਪੋ ਆਪਣੇ ਟਿਕਾਣਿਆਂ ਤੇ ਜਾ ਪੁੱਜੇ । ਚਾਰ ਤਾਰੀਖ ਸ਼ਾਮ ਨੂੰ ਹਰਿਮੰਦਰ ਸਾਹਿਬ ਤੋਂ ਮਹਾਰਾਜ ਦਾ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਲਿਜਾਇਆ ਗਿਆ , ਸਗੋਂ ਹਰਿ ਕੀ ਪਉੜੀ ਉੱਪਰ ਹੀ ਮਹਾਰਾਜ ਦਾ ਸੁਖਾਸਨ ਕੀਤਾ ਗਿਆ ਸੀ ।
ਸੱਤ ਵਜੇ ਰਾਤ ਨੂੰ ਸਾਰੇ ਦਰਬਾਰ ਸਾਹਿਬ ਕੰਪਲੈਕਸ ਅਤੇ ਆਸ – ਪਾਸ ਦੀਆਂ ਬਿਲਡਿੰਗਾਂ ਦੀ ਬਿਜਲੀ ਕੱਟ ਦਿੱਤੀ ਗਈ । ਰਾਤ ਦੇ ਹਨੇਰੇ ਦੇ ਵਿੱਚ ਫੌਜੀਆਂ ਨੇ ਦਰਬਾਰ ਸਾਹਿਬ ਦੇ ਆਲੇ – ਦੁਆਲੇ ਦੀਆਂ ਉੱਚੀਆਂ ਬਿਲਡਿੰਗਾਂ ਵਿੱਚ ਮੋਰਚੇ ਸਾਂਭ ਲਏ । ਰਾਤ ਸਾਢੇ ਦਸ ਵਜੇ ਤੋਂ ਅਗਲੀ ਸਵੇਰ ਕੋਈ ਪੌਣੇ ਪੰਜ ਵਜੇ ਤੱਕ ਫਾਇਰਿੰਗ ਬੰਦ ਰਹੀ । ਪੰਜ ਜੂਨ ਨੂੰ ਸਵੇਰੇ ਮੈਂ ਤਿਆਰ ਹੋ ਕੇ ਫੇਰ ਠੀਕ ਚਾਰ ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਡਿਊਟੀ ‘ ਤੇ ਪੁੱਜਾ । ਉਸ ਸਮੇਂ ਭਾਈ ਅਮਰੀਕ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸਨ । ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਕੁੱਝ ਸੇਵਾਦਾਰਾਂ ਸਮੇਤ ਹਰਿ ਕੀ ਪਉੜੀ ਤੋਂ ਮਹਾਰਾਜ ਦਾ ਸਰੂਪ ਹੇਠਾਂ ਲਿਆ ਰਹੇ ਸਨ । ਪ੍ਰਕਾਸ਼ ਕਰਨ ਉਪਰੰਤ ਹੁਕਮਨਾਮਾ ਹੋਇਆ । ਹਾਲਾਂ ਪੰਜ ਵੱਜਣ ਵਿੱਚ ਪੰਜ ਮਿੰਟ ਬਾਕੀ ਸਨ ਕਿ ਅਚਾਨਕ ਫੌਜੀਆਂ ਨੇ ਤੋਪਾਂ ਦੇ ਗੋਲੇ ਚਲਾਉਣੇ ਸ਼ੁਰੂ ਕਰ ਦਿੱਤੇ । ਤੋਪ ਦੇ ਅੱਠ ਗੋਲੇ ਲਗਾਤਾਰ ਸਿੰਧੀਆਂ ਦੀ ਧਰਮਸ਼ਾਲਾ ‘ ਤੇ ਲੱਗੇ । ਉਹਨਾਂ ਦੇ ਖੜਾਕ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਬਿਲਡਿੰਗ ਵੀ ਕੰਬ ਰਹੀ ਸੀ । ਇਉਂ ਪੰਜ ਜੂਨ ਨੂੰ ਫੇਰ ਫ਼ਾਇਰਿੰਗ ਸ਼ੁਰੂ ਹੋ ਗਈ । ਅੱਜ ਸਾਰੇ ਪਾਸਿਆਂ ਤੋਂ ਪ੍ਰਕਿਰਮਾ ਅੰਦਰ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਵੀ ਗੋਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ । ਇਸ ਲਈ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਲਏ ਸਨ । ਇਸ ਵੇਲੇ ਸ੍ਰੀ ਦਰਬਾਰ ਸਾਹਿਬ ਅੰਦਰ ਕੋਈ ਵੀ ਥਾਂ ਸੁਰੱਖਿਅਤ ਨਹੀਂ ਸੀ ।
ਸ੍ਰੀ ਹਰਿਮੰਦਰ ਸਾਹਿਬ ਅੰਦਰ ਉਸ ਸਮੇਂ ਕੋਈ ਚਾਰ ਪੰਜ ਅਖੰਡ ਪਾਠੀ , ਪੰਦਰਾਂ ਵੀਹ ਸੇਵਾਦਾਰ ਅਤੇ ਦਸ ਕੁ ਹੋਰ ਸ਼ਰਧਾਲੂ ਤੇ ਪ੍ਰੇਮੀ ਸਿੰਘ ਮੌਜੂਦ ਸਨ । ਇਹਨਾਂ ਵਿੱਚ ਸ . ਹਰਚਰਨ ਸਿੰਘ ਹੁਡਿਆਰਾ , ਸ਼ਹੀਦ ਭਾਈ ਫੌਜਾ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਅਤੇ ਉਸ ਦੀ ਭੈਣ ਬੀਬੀ ਪਰਮਜੀਤ ਕੌਰ ਵੀ ਸ਼ਾਮਿਲ ਸਨ । ਇਹ ਬੀਬੀ ਪਰਮਜੀਤ ਕੌਰ ਪੰਜ ਜੂਨ ਦੀ ਰਾਤ ਨੂੰ ਬਾਬਾ ਸਵਾਇਆ ਸਿੰਘ ਦੀ ਛਬੀਲ ਲਾਗੇ ਸ਼ਹੀਦ ਹੋ ਗਈ ਸੀ । ਉਸ ਨਾਲ ਇੱਕ ਬੀਬੀ ਹੋਰ ਸੀ ਜਿਸਨੂੰ ਜ਼ਖ਼ਮੀ ਹਾਲਤ ਵਿੱਚ 6 ਜੂਨ ਨੂੰ ਗ੍ਰਿਫਤਾਰ ਕਰ ਲਿਆ ਸੀ , ਜੋ ਹਾਲਾਂ ਤੱਕ ਜੇਲ੍ਹ ਵਿੱਚ ਬੰਦ ਦੱਸੀਦੀ ਹੈ ।
ਪੰਜ ਜੂਨ ਨੂੰ ਅਸੀਂ ਸਾਢੇ ਗਿਆਰਾਂ ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੀ ਰਹੇ । ਸਾਢੇ ਗਿਆਰਾਂ ਵਜੇ ਅਸੀਂ ਕੋਈ ਪੰਜ ਸਿੰਘ – ਮੈਂ , ਸਿੰਘ ਸਾਹਿਬ ਗਿਆਨੀ ਸੋਹਣ ਸਿੰਘ ਜੀ ਅਤੇ ਕੋਈ ਤਿੰਨ ਕੁ ਸੇਵਾਦਰ ਪਿੱਤਲ ਦੇ ਜੰਗਲਿਆਂ ਵਿਚੋਂ ਦੀ ਲੰਮੇ ਪੈ ਪੈ ਕੇ ਦਰਸ਼ਨੀ ਡਿਉਢੀ ਤੱਕ ਅੱਪੜੇ , ਅੱਗੋਂ ਨੱਠ ਕੇ ਬਰਾਂਡੇ ਦੀ ਓਟ ਲਈ । ਇਉਂ ਲੁਕਦੇ – ਛਿਪਦੇ ਆਪਣੇ ਟਿਕਾਣਿਆਂ ‘ ਤੇ ਅੱਪੜ ਗਏ । ਉਸ ਸਮੇਂ ਬਾਬਾ ਸਵਾਇਆ ਸਿੰਘ ਦੀ ਛਬੀਲ ਲਾਗੇ ਦੋ ਕੁ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ । ਮੇਰੀ ਰਿਹਾਇਸ਼ ਵੀ ਉੱਤੇ ਸੁਰੱਖਿਅਤ ਨਹੀਂ ਸੀ । ਇਸ ਲਈ ਦੁਪਹਿਰ ਦੇ ਕੋਈ ਸਾਢੇ ਬਾਰਾਂ ਵਜੇ ਮੈਂ ਆਪਣੇ ਪਰਿਵਾਰ ਸਮੇਤ ਹੇਠਾਂ ਗਿੱਲੇ ਕਪੜਿਆਂ ਦੇ ਸਟੋਰ ਵਾਲੇ ਕਮਰੇ ਵਿੱਚ ਆ ਗਿਆ । ਇਸ ਸਟੋਰ ਦੇ ਕਮਰੇ ਵਿੱਚ ਪਹਿਲਾਂ ਹੀ ਸਿੰਘਾਂ ਦੀ ਕਾਫ਼ੀ ਭੀੜ ਸੀ , ਜਿਸ ਕਰਕੇ ਇੱਥੇ ਦਮ ਘੁੱਟਦਾ ਸੀ । ਇਸ ਤੋਂ ਅਸੀਂ ਉੱਪਰ ਆਪਣੇ ਮਕਾਨ ਵਿੱਚ ਜਾਣਾ ਹੀ ਠੀਕ ਸਮਝਿਆ । ਕੋਈ ਸਵਾ ਕੁ ਘੰਟੇ ਬਾਅਦ ਹੀ ਅਸੀਂ ਫੇਰ ਉੱਪਰ ਚਲੇ ਆਏ ।
ਗੁਰੂ ਰਾਮਦਾਸ ਸਰਾਂ ਵਾਲੀ ਪਾਣੀ ਦੀ ਵੱਡੀ ਟੈਂਕੀ ਉਸ ਦਿਨ ਕੋਈ ਡੇਢ ਵਜੇ ਤੋੜੀ ਗਈ । ਹਾਲਾਂ ਅਸੀਂ ਹੇਠਾਂ ਸਟੋਰ ਦੇ ਕਮਰੇ ਵਿੱਚ ਹੀ ਬੈਠੇ ਸਾਂ । ਟੈਂਕੀ ਦਾ ਪਾਣੀ ਵਗਦਾ ਸਾਨੂੰ ਦਿਖਾਈ ਦਿੰਦਾ ਸੀ । ਟੈਂਕੀ ਉਪਰ ਲਗਾਤਾਰ ਕੋਈ ਦੋ ਸੌ ਗੋਲੇ ਮਾਰੇ ਗਏ । ਸ਼ਾਮ ਦੇ ਕੋਈ ਅੱਠ ਕੁ ਵਜੇ ਫੌਜ ਨੇ ਪਾਪੜਾਂ ਵਾਲੇ ਬਜ਼ਾਰ ਵਲੋਂ ਤੰਗ ਗਲੀਆਂ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਘੇਰਾ ਪਾਉਣ ਦਾ ਯਤਨ ਕੀਤਾ । ਫੌਜੀਆਂ ਨੂੰ ਮਿਲ ਰਹੇ ਆਰਡਰਾਂ ਦੀ ਆਵਾਜ਼ ਸਾਨੂੰ ਸੁਣਾਈ ਦੇ ਰਹੀ ਸੀ । ਪਰ , ਸਾਡੇ ਪਾਸੇ ਦੀ ਗੁੱਠ ਵੱਲੋਂ ਸਿੰਘਾਂ ਨੇ ਪਿਛਲੀ ਗਲੀ ਵਿੱਚ ਦਾਖਲ ਹੋਏ ਫੌਜੀਆਂ ਉੱਪਰ ਅਚਾਨਕ ਕੁੱਝ ਸੁੱਟਿਆ ਅਤੇ ਫੌਜੀਆਂ ਦੀ ‘ ਮਾਰ ਦੀਏ , ਮਾਰੀ ਦੀਏ ” ਕਹਿੰਦਿਆਂ ਦੀ ਆਵਾਜ਼ ਸਾਨੂੰ ਸੁਣਾਈ ਦਿੱਤੀ । ਸ਼ਾਇਦ ਉਥੇ ਸਾਰੇ ਫੌਜੀ ਹੀ ਮਾਰੇ ਗਏ । ਇਸ ਤੋਂ ਕੋਈ ਪੰਜ ਮਿੰਟ ਬਾਅਦ ਫੌਜੀਆਂ ਨੇ ਸਾਡੇ ਮਕਾਨ ਦੇ ਪਿੱਛੇ ਲੱਗਦੀ ਗਲੀ ਵਿੱਚ ਇੱਕ ਫੌਜੀ ਜੀਪ ਲਿਆ ਕੇ ਖੜੀ ਕਰਨ ਦਾ ਯਤਨ ਕੀਤਾ । ਇਸ ਜੀਪ ਉੱਪਰ ਇੱਕ ਤੋਪ ਬੀੜੀ ਹੋਈ ਸੀ ਅਤੇ ਉਸ ਵਿੱਚ ਫੌਜੀ ਜਵਾਨ ਸਵਾਰ ਸਨ । ਪਰ ਉੱਪਰ ਕਿਸੇ ਟਿਕਾਣੇ ਬੈਠੇ ਸਿੰਘਾਂ ਨੇ ਇਨ੍ਹਾਂ ਦੇ ਅੱਗੇ ਵੱਧਣ ਤੇ ਰੋਕ ਪਾ ਦਿੱਤੀ । ਅਸੀਂ ਸੁਣਿਆ ਸੀ ਕਿ ਇਸ ਟਿਕਾਣੇ ਉੱਤੇ ਕੋਈ 12-13 ਸਿੰਘ ਸਨ ਜਿਨ੍ਹਾਂ ਆਖ਼ਰੀ ਦਮ ਤਕ , ਬਹਾਦਰੀ ਦੇ ਜੌਹਰ ਦਿਖਾਏ ।
ਰਾਤ ਨੂੰ ਕੋਈ ਪੌਣੇ ਦਸ ਵਜੇ ਇੱਕ ਛੋਟਾ ਟੈਂਕ ਪ੍ਰੀਕਰਮਾ ਵਿੱਚ ਦਾਖਲ ਹੋਇਆ । ਇਸ ਟੈਂਕ ਦਾ ਗੋਲਾ ਸਾਡੇ ਗੁੱਠ ਵਾਲੇ ਕਮਰੇ ਵਿੱਚ ਆ ਕੇ ਲੱਗਾ । ਇਸ ਗੋਲੇ ਨਾਲ ਉਪਰੋਕਤ ਸਿੰਘਾਂ ਵਿੱਚੋਂ ਇੱਕ ਸਿੰਘ ਜ਼ਖ਼ਮੀ ਵੀ ਹੋ ਗਿਆ ਸੀ , ਜਿਸ ਨੂੰ ਉਸਦੇ ਸਾਥੀ ਹੇਠਾਂ ਛੱਡ ਗਏ ਸਨ । ਅਸੀਂ ਇਸ ਟੈਂਕ ਨੂੰ ਨਕਾਰਾ ਹੁੰਦਿਆਂ ਦੇਖਿਆ । ਅਗਲੇ ਦਿਨ ਇਹ ਟੈਂਕ ਬਾਬਾ ਸਵਾਇਆ ਸਿੰਘ ਦੀ ਛਬੀਲ ਪਾਸ ਗੁੱਠ ਵਿੱਚ ਉਸੇ ਹਾਲਤ ਵਿੱਚ ਖੜਾ ਸੀ । ਅਜਾਇਬ ਘਰ ਵਲੋਂ ਰਾਤ ਦੇ ਕੋਈ ਬਾਰਾਂ ਵਜੇ ਤੱਕ ਫੌਜ ਦੇ ਅੱਗੇ ਵੱਧਣ ’ ਤੇ ਰੁਕਾਵਟ ਪਾਈ ਜਾਂਦੀ ਰਹੀ । ਉਸ ਤੋਂ ਬਾਦ ਇਹ ਪਾਸਾ ਫੌਜ ਨੇ ਕਬਜ਼ੇ ‘ ਚ ਕਰ ਲਿਆ । ਰਾਤ ਨੂੰ ਕੋਈ ਸਾਢੇ ਕੁ ਦਸ ਵਜੇ ਕੁੱਝ ਟੈਂਕ ਲੰਗਰ ਵਾਲੇ ਰਸਤੇ ਪ੍ਰੀਕਰਮਾ ਵਿੱਚ ਦਾਖ਼ਲ ਹੋ ਗਏ ਸਨ । ਇਹਨਾਂ ਵਿੱਚੋਂ ਇੱਕ ਟੈਂਕ ਨੇ ਲਾਈਟ ਦਾ ਗੋਲਾ ਮਾਰਿਆ ਸੀ । ਅਗਲੇ ਦਿਨ ਇੱਕ ਟੈਂਕ ਬਾਬਾ ਦੀਪ ਸਿੰਘ ਵਾਲੀ ਛਬੀਲ ਪਾਸ , ਦੋ ਟੈਂਕ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਥਾਨ ਲੰਘ ਕੇ ਅੱਗੇ ਅਤੇ ਇੱਕ ਛੋਟਾ ਟੈਂਕ ਜੋ ਪਹਿਲਾਂ ਦਾਖਲ ਹੋਇਆ ਸੀ , ਉਹ ਬਾਬਾ ਸਵਾਇਆ ਸਿੰਘ ਦੀ ਛਬੀਲ ਕੋਲ ਖੜ੍ਹਾ ਸੀ । ਪਹਿਲਾਂ ਜ਼ਹਿਰੀਲੀ ਗੈਸ ਇੱਕ ਗੋਲਾ ਅਕਾਲ ਤਖ਼ਤ ਸਾਹਿਬ ਤੇ ਸੁੱਟਿਆ ਗਿਆ , ਜਿਸ ਦਾ ਅਸਰ ਸਾਡੇ ਕਮਰਿਆਂ ਤੱਕ ਵੀ ਹੋਇਆ । ਫਿਰ ਇਹਨਾਂ ਟੈਂਕਾਂ ਨੇ ਸਾਰੀ ਰਾਤ ਗੋਲਾਬਾਰੀ ਕੀਤੀ । ਇੱਕ – ਇੱਕ ਕਮਰੇ ਵਿੱਚ ਗੋਲੇ ਮਾਰੇ ਗਏ ।
ਚਾਰ ਜੂਨ ਦੀ ਸ਼ਾਮ ਤੋਂ ਬਾਅਦ ਅਸੀਂ ਆਪਣਾ ਲੰਗਰ ਤਿਆਰ ਨਹੀਂ ਕਰ ਸਕੇ , ਨਾ ਹੀ ਪੰਜ ਦੀ ਰਾਤ ਨੂੰ ਸੌਂ ਸਕੇ ਸਾਂ । ਸਾਡੇ ਅੰਦਰ ਵੀ ਗੋਲੀਆਂ ਆ ਰਹੀਆਂ ਸਨ । ਛੇ ਜੂਨ ਦੀ ਸਵੇਰ ਨੂੰ ਕੋਈ ਪੌਣੇ ਨੌਂ ਵਜੇ ਤੋਂ ਸਵਾ ਨੌਂ ਵਜੇ ਦੇ ਵਿਚਕਾਰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਘਮਸਾਨ ਦਾ ਯੁੱਧ ਹੋਇਆ । ਇਸ ਤੋਂ ਬਾਅਦ ਫੌਜ ਹੋਰ ਸਾਰੇ ਪਾਸਿਆਂ ਤੇ ਤਾਂ ਕਾਬਜ਼ ਹੋ ਗਈ ਸੀ ਪਰ ਅਕਾਲ ਤਖ਼ਤ ਸਾਹਿਬ ਦੇ ਆਸੇ ਪਾਸੇ ਤੋਂ , ਸਾਡੀ ਵਾਲੀ ਗੁੱਠ ਉੱਪਰ ਅਤੇ ਬੰਗਿਆਂ ‘ ਤੇ ਹਾਲਾਂ ਫੌਜ ਕਾਬਜ਼ ਨਹੀਂ ਸੀ ਹੋ ਸਕੀ । ਕੋਈ ਦੋ ਵਜੇ ਤੱਕ ਗੋਲੀ ਚਲਦੀ ਰਹੀ ਅਤੇ ਫਿਰ ਕੁੱਝ ਘੱਟ ਗਈ । ਜਿਵੇਂ ਕਿ ਪਿੱਛੇ ਦੱਸਿਆ ਸੀ , ਛੇ ਜੂਨ ਸ਼ਾਮ ਦੇ ਚਾਰ ਵੱਜ ਕੇ ਪੰਜ ਮਿੰਟ ‘ ਤੇ ਫੌਜੀਆਂ ਵੱਲੋਂ ਮੈਗਾਫੋਨ ` ਤੇ ਕੰਪਲੈਕਸ ਵਿੱਚ ਮੌਜੂਦ ਸਾਰਿਆਂ ਨੂੰ ਅੱਧੇ ਘੰਟੇ ਵਿੱਚ ਬਾਹਰ ਆਉਣ ਲਈ ਅਨਾਊਂਸਮੈਂਟ ਕੀਤੀ ਗਈ ਸੀ । ਪਹਿਲਾਂ ਤਾਂ ਅਸੀਂ ਜੱਕੋ ਤੱਕਿਆ ਵਿੱਚ ਸਾਂ ਪਰ ਜਦ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੋਂ ਆਏ ਭਾਈ ਗੁਰਦੀਪ ਸਿੰਘ ਜੀ ਅਰਦਾਸੀਏ ਅਤੇ ਹੋਰ ਸੇਵਾਦਾਰਾਂ ਨੂੰ ਦੇਖਿਆ ਤਾਂ ਅਸੀਂ ਝੱਟ – ਪੱਟ ਹੇਠਾਂ ਉਤਰ ਆਏ । ਕਾਹਲੀ ਵਿੱਚ ਅਸੀਂ ਕੇਵਲ ਬਾਹਰਲੇ ਗੇਟ ਨੂੰ ਹੀ ਤਾਲੇ ਮਾਰੇ ਸਨ । ਕੁੱਝ ਕੁ ਜ਼ਰੂਰੀ ਸਮਾਨ ਤੇ ਨਕਦੀ ਅਸੀਂ ਥੈਲੇ ਵਿੱਚ ਪਾਇਆ ਸੀ । ਪੰਜ ਕੁ ਸੌ ਰੁਪੈ ਨਕਦ , ਦੋ ਘੜੀਆਂ ਅਤੇ ਕੁਝ ਹੋਰ ਸੋਨੇ ਦਾ ਕੀਮਤੀ ਸਮਾਨ ਸੀ । ਥੈਲਾ ਸਾਡੇ ਪਾਸੋਂ ਫੌਜੀਆਂ ਨੇ ਖੋਹ ਲਿਆ । ਕਿਉਂਕਿ ਮੇਰੇ ਹੱਥ ਤਾਂ ਉਹਨਾਂ ਪੌੜੀਆਂ ਉਤਰਦਿਆਂ ਹੀ ਉਪਰ ਕਰਵਾ ਦਿੱਤੇ ਸਨ । ਫਿਰ ਦੱਖਣਵਾਲੀ ਡਿਉਢੀ ਪਾਸ ਜਾ ਕੇ ਸਿਰ ਦੀ ਛੋਟੀ ਦਸਤਾਰ ਨਾਲ ਮੇਰੇ ਹੱਥ ਪਿਛੇ ਬੰਨ੍ਹ ਦਿੱਤੇ।ਉਥੇ ਕੋਈ ਦੋ ਕੁ ਸੌ ਸਿੰਘ ਬੀਬੀਆਂ ਅਤੇ ਬੱਚੇ ਇਕੱਠੇ ਕੀਤੇ ਸਨ ।
ਗ੍ਰਿਫ਼ਤਾਰੀ ਦੇਣ ਸਮੇਂ ਹੇਠਾਂ ਛਬੀਲ ਦੇ ਕੋਲ ਇੱਕ ਵੀਹ ਕੁ ਦਿਨਾਂ ਦੇ ਬੱਚੇ ਦੀ ਲਾਸ਼ ਪਈ ਹੋਈ ਸੀ , ਲਾਸ਼ਾ ਸਾਹਮਣੇ ਪ੍ਰੀਕਰਮਾਂ ਵਿੱਚ ਪਈਆਂ ਸਨ , ਕਈ ਲਾਸ਼ਾਂ ਕਮਰਿਆਂ ਵਿੱਚ ਦਿਸਦੀਆਂ ਸਨ ਅਤੇ ਕੋਈ ਪੰਜ ਛੇ ਲਾਸ਼ਾਂ ਬਰਾਂਡੇ ਵਿੱਚ ਪਈਆਂ ਦਿਸ ਰਹੀਆਂ ਸਨ । ਦੱਖਣੀ ਡਿਉਢੀ ‘ ਤੇ ਇਕੱਠੇ ਕੀਤੇ ਇਹਨਾਂ ਸਿੰਘਾਂ ਸਿੰਘਣੀਆਂ ਨੂੰ ਕੋਈ ਚਾਲੀ ਚਾਲੀ ਦੀ ਗਿਣਤੀ ਨਾਲ ਫੌਜ ਦੀਆਂ ਅੱਡ – ਅੱਡ ਯੂਨਿਟਾਂ ਦੇ ਹਵਾਲੇ ਕੀਤਾ ਗਿਆ । ਮੇਰੇ ਪਰਿਵਾਰ ਦੇ ਜੀਅ ਵੀ ਮੇਰੇ ਨਾਲ ਹੀ ਸਨ । ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਸ਼ਨੀ ਡਿਉਢੀ ਨੂੰ ਅੱਗ ਲੱਗੀ ਹੋਈ ਸੀ ਅਤੇ ਦੋਵੇਂ ਬਿਲਡਿੰਗਾਂ ਸੜ ਰਹੀਆਂ ਸਨ । ਸਾਨੂੰ ਚਾਲੀ ਦੇ ਕਰੀਬ ਬੰਦੀਆਂ ਨੂੰ ਦੁਖਭੰਜਨੀ ਬੇਰੀ ਵਾਲੇ ਘੰਟਾ ਘਰ ਵਾਲੀ ਡਿਉਢੀ ਤੋਂ ਬਾਹਰ ਲਿਆ ਕੇ ਗੋਲੀਆਂ ਨਾਲ ਦੀਵਾਰਾਂ ਦੇ ਕਿਰੇ ਮਲਬੇ ਦੇ ਉੱਪਰ ਬਿਠਾ ਦਿੱਤਾ । ਬੀਬੀਆਂ ਤੇ ਬੱਚਿਆਂ ਨੂੰ ਮਰਦਾਂ ਨਾਲੋਂ ਵੱਖ ਕਰ ਦਿੱਤਾ । ਸ੍ਰੀ ਹਰਿਮੰਦਰ ਸਾਹਿਬ ਅੰਦਰ ਪਿਛਲੇ ਦੋ ਦਿਨਾ ਤੋਂ ਘਿਰੇ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ , ਭਾਈ ਬਲਵੰਤ ਸਿੰਘ ( ਦੋਵੇਂ ਸੂਰਮੇ ਸਿੰਘ ) , ਸਮੇਤ ਭਾਈ ਅਵਤਾਰ ਸਿੰਘ ਅਤੇ ਭਾਈ ਗੁਰਚਰਨ ਸਿੰਘ ਦੇ , 6 ਜੂਨ ਨੂੰ ਸਵੇਰ ਦੀ ਵੱਡੀ ਝੜਪ ਤੋਂ ਬਾਅਦ , ਫ਼ਾਇਰਿੰਗ ਘੱਟ ਹੋਣ ‘ ਤੇ ਜਦ ਦਰਸ਼ਨੀ ਡਿਉਢੀ ਤੋਂ ਬਾਹਰ ਨਿਕਲੇ ਸਨ ਤਾਂ ਭਾਈ ਗੁਰਚਰਨ ਸਿੰਘ ਤੋਂ ਬਿਨਾਂ ਪਹਿਲਾਂ ਤਿੰਨੋਂ ਹੀ ਲਾਚੀ ਬੇਰੀ ਪਾਸ ਫੌਜੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ । ਭਾਈ ਗੁਰਚਰਨ ਸਿੰਘ ਨੂੰ ਗੋਲੀ ਨਾ ਲੱਗੀ , ਉਹ ਲਾਸ਼ਾਂ ਵਿਚ ਲੰਮਾ ਪੈ ਕੇ ਬਚ ਗਿਆ । ਬਾਅਦ ਵਿੱਚ ਉਸ ਨੂੰ ਦੂਜੇ ਜ਼ਖ਼ਮੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ।
ਇਉਂ ਜਦ ਅਸੀਂ ਦੱਖਣੀ ਡਿਉਢੀ ਤੋਂ ਘੰਟਾ ਘਰ ਗੇਟ ਵੱਲ ਨੂੰ ਚਲੇ ਤਾਂ ਕੋਈ ਛੇ ਸੱਤ ਲਾਸ਼ਾਂ ਦੁੱਖ – ਭੰਜਨੀ ਬੇਰੀ ਕੋਲ ਪਈਆਂ ਸਨ । ਬ੍ਰਹਮ ਬੂਟੇ ਵਾਲੀ ਛਬੀਲ ਦੇ ਨਾਲ ਦਾ ਕਮਰਾ ਦਗ – ਦਗ ਸੜ ਰਿਹਾ ਸੀ । ਇਸ ਨੂੰ ਟੈਂਕ ਦੇ ਗੋਲੇ ਨਾਲ ਅੱਗ ਲੱਗੀ ਸੀ । ਇਸ ਤੋਂ ਅੱਗੇ ਜ਼ਨਾਨਾ ਤੇ ਮਰਦਾਨਾ ਦੋਵੇਂ ਇਸ਼ਨਾਨ – ਘਰ ਲਾਸ਼ਾਂ ਨਾਲ ਭਰੇ ਪਏ ਸਨ । ਤਿੰਨ ਚਾਰ ਲਾਸ਼ਾਂ ਘੰਟਾ ਘਰ ਵਾਲੇ ਗੇਟ ਵਿੱਚ ਪਈਆਂ ਸਨ । ਸਾਰੀ ਪ੍ਰੀਕਰਮਾ ਕਾਰਤੂਸਾਂ ਦੇ ਖਾਲੀ ਖੋਲਾਂ ਨਾਲ ਭਰੀ ਹੋਈ ਸੀ । ਸਾਨੂੰ ਬਾਹਰ ਲਿਆਉਣ ਸਮੇਂ ਸਾਡੇ ` ਤੇ ਇਹ ਪਾਬੰਦੀ ਲਾਈ ਗਈ ਸੀ ਕਿ ਅਸੀਂ ਏਧਰ ਉੱਧਰ ਨਹੀਂ ਦੇਖਣਾ । ਜਿੰਨ੍ਹਾਂ ਫੌਜੀਆਂ ਦੇ ਹਵਾਲੇ ਸਾਨੂੰ ਕੀਤਾ ਗਿਆ , ਉਹ ਮਦਰਾਸੀ ਤੇ ਬਿਹਾਰੀ ਜਾਪਦੇ ਸਨ । ਜੋ ਕੋਈ...

ਪਾਣੀ ਮੰਗਦਾ ਜਾਂ ਪਿਸ਼ਾਬ ਕਰਨ ਲਈ ਕਹਿੰਦਾ ਤਾਂ ਉਸ ਨੂੰ ਠੁੱਡੇ ਤੇ ਬੱਟ ਵੱਜਣੇ ਸ਼ੁਰੂ ਹੋ ਜਾਂਦੇ ਸਨ , ਕਹਿੰਦੇ ਸਨ , “ ਥੋੜੀ ਦੇਰ ਠਹਿਰੋ , ਹੁਣੇ ਪਲਾਏਂਗੇ ਪਾਣੀ । ਅਸੀਂ ਏਥੇ ਸ਼ਾਮ ਨੂੰ ਕੋਈ ਸਾਢੇ ਛੇ ਵਜੇ ਬਿਠਾਏ ਸਾਂ । ਕੋਈ ਸੱਤ ਕੁ ਵਜੇ ਚਾਰ ਕਮਾਂਡੋ ਆਏ । ਉਹਨਾਂ ਕੋਲ ਕੁੱਝ ਫੋਟੋ ਸਨ , ਜਿਨ੍ਹਾਂ ਨਾਲ ਉਹਨਾਂ ਨੇ ਸਾਡੇ ਸਾਰਿਆਂ ਦੇ ਚਿਹਰੇ ਮਿਲਾ ਕੇ ਦੇਖੋ । ਉਹ ਕਹਿ ਰਹੇ ਸਨ- “ ਬਤਾਓ ਭਿੰਡਰ ਕਹਾਂ ਗਿਆ । ਉਹ ਆਪਣੀ ਕਾਰਵਾਈ ਕਰਕੇ ਚਲੇ ਗਏ । ਅਸੀਂ ਠੁੱਡੇ ਤੇ ਬੱਟ ਖਾ – ਖਾ ਕੇ ਕੋਈ ਦਸ ਕੁ ਵਜੇ ਰਾਤ ਤਕ ਤਾਂ ਤਰੇਹ ਬਰਦਾਸ਼ਤ ਕੀਤੀ , ਪਰ ਹਾਹਾਕਾਰ ਮੱਚ ਉੱਠੀ । ਇਸ ਤੋਂ ਫੌਜੀਆਂ ਨੇ ਕੋਈ ਦਸ ਵਜੇ ਇਕ ਇਕ ਗਿਲਾਸ ਪਾਣੀ ਸਾਡੇ ਵਿਚੋਂ ਕਈਆਂ ਦੇ ਮੂੰਹਾਂ ਨਾਲ ਲਾ ਕੇ ਪਿਆ ਦਿੱਤਾ ।
ਸਾਡੇ ਵਿੱਚੋਂ ਚਾਰ ਕੁ ਨੌਜਵਾਨਾਂ ਦੀ ਰਾਤ ਨੂੰ ਬਹੁਤ ਮਾਰ ਕੁਟਾਈ ਕੀਤੀ ਗਈ । ਸ਼ਾਮ ਨੂੰ ਜਦ ਬੈਂਕ ਦੇ ਸਾਹਮਣੇ ਕੋਈ ਚਾਰ ਲਾਸ਼ਾਂ ਪਈਆਂ ਸਨ , ਪਰ ਦਿਨ ਚੜ੍ਹਨ ‘ ਤੇ ਇੱਥੇ 13 ਲਾਸ਼ਾਂ ਹੋ ਗਈਆਂ ਸਨ । ਜਿਸ ਨੂੰ ਉਹਨਾਂ ਮਾਰਨਾ ਹੁੰਦਾ ਸੀ ਉਸ ਨੂੰ ਲਾਈਨ ਵਿੱਚੋਂ ਉਠਾ ਕੇ ਲਾਂਭੇ ਲੈ ਜਾਂਦੇ ਸਨ । ਅੱਧੀ ਰਾਤ ਤੱਕ ਅਸੀਂ ਇਸ ਤਰ੍ਹਾਂ ਪਿੱਛੇ ਹੱਥ ਬੰਨ੍ਹੇ ਅਤੇ ਅੱਗੋਂ ਸਿਰ ਨੀਵਾਂ ਕਰਕੇ ਬੈਠੇ ਰਹੇ । ਅੱਧੀ ਰਾਤ ਤੋਂ ਬਾਅਦ ਕਿਹਾ ਗਿਆ ਕਿ ਲੇਟ ਜਾਵੋ । ਹੱਥ ਬੰਨ੍ਹੇ ਹੋਣ ਕਰਕੇ ਲੇਟਿਆ ਤਾਂ ਨਹੀਂ ਜਾਂਦਾ ਸੀ , ਪਰ ਅਸੀਂ ਵਿੰਗੇ ਟੇਢੇ ਏਧਰ ਓਧਰ ਰਿੜਦੇ ਰਹੇ । 7 ਜੂਨ ਦੀ ਸਵੇਰ ਹੋ ਗਈ । ਕੋਈ ਸੱਤ ਕੁ ਵਜੇ ਸਾਡੇ ਇੰਚਾਰਜ ਫੌਜੀ ਆਪਣੇ ਕਮਾਂਡਰਾਂ ਨੂੰ ਵਾਇਰਲੈਂਸ ਕਰ ਰਹੇ ਸਨ ਕਿ “ ਸੰਤ ਭਿੰਡਰਾਂ ਵਾਲਾ ਮਾਰਿਆ ਗਿਆ ਹੈ ਅਤੇ ਦਰਬਾਰ ਸਾਹਿਬ ‘ ਤੇ ਸਾਡਾ ਕਬਜ਼ਾ ਹੋ ਚੁੱਕਾ ਹੈ । ਸਵੇਰ ਹੋਣ ‘ ਤੇ ਸਾਨੂੰ ਸਾਹਮਣੇ ਤੋਂ ਉਠਾ ਕੇ ਜੋੜਾ ਸਥਾਨ ਵੱਲ ਬਿਠਾ ਦਿੱਤਾ ਗਿਆ । ਕੋਈ 8 ਵਜੇ ਵੱਡੇ ਫੌਜੀ ਅਫ਼ਸਰਾਂ ਦੀਆਂ ਕਾਰਾਂ ਦਰਬਾਰ ਸਾਹਿਬ ਵੱਲ ਆਉਣੀਆਂ ਸ਼ੁਰੂ ਹੋ ਗਈਆਂ । ਤਿੰਨ ਫ਼ੌਜੀ ਗੱਡੀਆਂ ਅਸਲੇ ਦੀਆਂ ਭਰੀਆਂ ਬਾਹਰ ਤੋਂ ਆਈਆਂ ਜਿਨ੍ਹਾਂ ਵਿੱਚ ਭਾਂਤ – ਭਾਂਤ ਦੀਆਂ ਬੰਦੂਕਾਂ , ਤਲਵਾਰਾਂ ਅਤੇ ਭਾਲੇ ਆਦਿਕ ਸਨ । ਇਹ ਸਾਰੇ ਹਥਿਆਰ ਫੋਟੋ ਖਿੱਚਣ ਲਈ ਅਕਾਲ ਤਖ਼ਤ ਸਾਹਿਬ ਲਿਜਾਏ ਗਏ ।
ਦਰਬਾਰ ਸਾਹਿਬ ਦੇ ਅੰਦਰੋਂ ਦੋ ਫੌਜੀ ਅਫ਼ਸਰਾਂ ਦੀਆਂ ਲਾਸ਼ਾਂ ਉੱਪਰ ਚਾਦਰਾਂ ਪਾ ਕੇ ਬਾਹਰ ਲਿਆਂਦੀਆਂ ਗਈਆਂ । ਇਸ ਤੋਂ ਬਾਅਦ ਇੱਕ ਲਾਸ਼ ਉਹ ਵੀ ਲਿਆਂਦੀ ਗਈ , ਜੋ ਸੰਤ ਭਿੰਡਰਾਂਵਾਲਿਆਂ ਦੀ ਦੱਸੀ ਜਾਂਦੀ ਸੀ । ਇਸ ਲਾਸ਼ ’ ਤੇ ਪੀਲਾ ਕੱਪੜਾ ਪਾਇਆ ਹੋਇਆ ਸੀ ਅਤੇ ਇਸ ਨੂੰ ਘੰਟਾ ਘਰ ਵਾਲੀ ਡਿਊਢੀ ਦੇ ਵਿੱਚਕਾਰ ਬਰਫ਼ ਦੇ ਵਿੱਚ ਰੱਖਿਆ ਗਿਆ । ਦਰਬਾਰ ਸਾਹਿਬ ਦਾ ਇਨਫਰਮੇਸ਼ਨ ਅਫ਼ਸਰ ਸ . ਨਰਿੰਦਰ ਸਿੰਘ ਨੰਦਾ ਵੀ ਸਾਡੇ ਨਾਲ ਬੈਠਾ ਸੀ । ਰਾਤ ਨੂੰ ਉਸ ਦੀ ਬਹੁਤ ਮਾਰ ਕੁਟਾਈ ਹੋਈ । ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਚਰਨ ਸਿੰਘ ਸਾਡੇ ਨਾਲ ਸੀ । ਫੌਜੀ ਸ . ਨਰਿੰਦਰ ਸਿੰਘ ਨੰਦਾ ਅਤੇ ਭਾਈ ਹਰਚਰਨ ਸਿੰਘ ਰਾਗੀ ਨੂੰ ਸੰਤ ਭਿੰਡਰਾਂਵਾਲਿਆਂ ਦੀ ਲਾਸ਼ ਦੀ ਸ਼ਨਾਖਤ ਕਰਵਾਉਣ ਲਈ ਲੈ ਗਏ । ਜਦ ਉਹ ਵਾਪਸ ਪਰਤੇ ਤਾਂ ਮੈਂ ਭਾਈ ਹਰਚਰਨ ਸਿੰਘ ਰਾਗੀ ਨੂੰ ਪੁੱਛਿਆ ਕਿ ਕੀ ਉਹ ਲਾਸ਼ ਸੰਤ ਭਿੰਡਰਾਂਵਾਲਿਆਂ ਦੀ ਸੀ ? ਭਾਈ ਹਰਚਰਨ ਸਿੰਘ ਰਾਗੀ ਨੇ ਦੱਸਿਆ ਕਿ “ ਉਹਨਾਂ ਦਾ ਚਿਹਰਾਂ ਤਾਂ ਉੱਡਿਆ ਹੋਇਆ ਸੀ ਅਤੇ ਇੱਕ ਗੋਲੀ ਵਿਚੋਂ ਲੰਘੀ ਹੈ , ਪੂਰੀ ਪਛਾਣ ਤਾਂ ਨਹੀਂ ਹੁੰਦੀ , ਪਰ ਸ਼ਕਲ ਉਹਨਾਂ ਨਾਲ ਮਿਲਦੀ ਜੁਲਦੀ ਹੈ । ਉਥੇ ਸਾਰੇ ਇਹ ਕਹਿ ਰਹੇ ਸਨ ਕਿ ਸੰਤ ਭਿੰਡਰਾਂਵਾਲਾ ਇਹ ਹੀ ਹੈ , ਇਸ ਲਈ ਅਸੀਂ ਵੀ ਕਹਿ ਦਿੱਤਾ ਕਿ ਹਾਂ ਇਹ ਲਾਸ਼ ਸੰਤ ਭਿੰਡਰਾਂਵਾਲਿਆਂ ਦੀ ਹੀ ਹੈ । ਸੱਤ ਜੂਨ ਨੂੰ ਸਵੇਰੇ ਕੋਈ ਅੱਠੇ ਨੌਂ ਵਜੇ ਦੇ ਵਿਚਕਾਰ ਦਾ ਸਮਾਂ ਸੀ ਕਿ ਪੰਥ ਦੇ ਪ੍ਰਸਿੱਧ ਸਵਰਗਵਾਸੀ ਰਾਗੀ ਭਾਈ ਗੋਪਾਲ ਸਿੰਘ ਦੇ ਭਰਾਤਾ ਰਾਗੀ ਭਾਈ ਜਗੀਰ ਸਿੰਘ ਦੀ ਵਹੁਟੀ ਨੂੰ ਕੁੱਝ ਫੌਜੀ ਘਸੀਟਦੇ ਉਹਨਾਂ ਦੇ ਘੰਟਾ ਘਰ ਸਾਈਡ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਉਪਰਲੇ ਰਿਹਾਇਸ਼ੀ ਮਕਾਨ ਵਿਚੋਂ ਹੇਠਾਂ ਸਾਡੇ ਪਾਸ ਲੈ ਆਏ।ਉਹ ਰੋਂਦੀ ਪਿੱਟਦੀ ਤੇ ਵਿਰਲਾਪ ਕਰਦੀ ਕਹਿ ਰਹੀ ਸੀ ਕਿ ਇਹਨਾਂ ਫੌਜੀਆਂ ਨੇ ਮੇਰੇ ਪਤੀ ਨੂੰ ਕਮਰੇ ਵਿੱਚੋਂ ਕੱਢ ਕੇ ਮਾਰ ਦਿੱਤਾ ਹੈ । ਸਾਡੇ ਸਾਹਮਣੇ ਉਸ ਨੂੰ ਗਸ਼ ਪੈ ਗਈ । ਉੱਥੋਂ ਉਸਨੂੰ ਹਸਪਤਾਲ ਲੈ ਗਏ , ਜਿਥੇ ਸਦਮਾ ਨਾ ਸਹਾਰਦੀ ਹੋਈ ਉਹ ਆਪਣੇ ਪਤੀ ਦੇ ਪਿੱਛੇ – ਪਿੱਛੇ ਹੀ ਆਪਣੇ ਪਿਆਰੇ ਦੇ ਦੇਸ ( ਲੋਕ ) ਜਾ ਪੁੱਜੀ ।
ਇਸੇ ਤਰ੍ਹਾਂ ਹੀ ਭਾਈ ਪ੍ਰੀਤਮ ਸਿੰਘ ਅਤੇ ਭਾਈ ਰਣਧੀਰ ਸਿੰਘ ਦੋ ਸੱਕੇ ਭਰਾ ਏਥੇ ਦਰਬਾਰ ਸਾਹਿਬ ਅੰਦਰ ਸੇਵਾਦਾਰ ਲੱਗੇ ਹੋਏ ਸਨ । ਇਹ ਪਿੱਛੋਂ ਯੂ.ਪੀ. ਦੇ ਰਹਿਣ ਵਾਲੇ ਸਨ ਅਤੇ ਏਥੇ ਕਈ ਸਾਲਾਂ ਤੋਂ ਨੌਕਰੀ ਕਰ ਰਹੇ ਸਨ । ਬ੍ਰੜ੍ਹਮ ਬੂਟੇ ਉੱਤਰ ਵੱਲ ਸੇਵਾਦਾਰਾਂ ਦੇ ਕਵਾਟਰਾਂ ਵਿੱਚ ਉਹਨਾਂ ਦੀ ਰਿਹਾਇਸ਼ ਸੀ । ਇਹਨਾਂ
ਵਿੱਚੋਂ ਭਾਈ ਪ੍ਰੀਤਮ ਸਿੰਘ ਦੀ ਵਹੁਟੀ ਅਤੇ ਉਸ ਦੀਆਂ ਦੋ ਛੋਟੀ ਉਮਰ ਦੀਆਂ ਲੜਕੀਆਂ ਏਥੇ ਉਸ ਪਾਸ ਸਨ , ਜਦ ਕਿ ਭਾਈ ਰਣਧੀਰ ਸਿੰਘ ਦੀ ਵਹੁਟੀ ਦਿੱਲੀ ਆਪਣੇ ਪੇਕੇ ਗਈ ਹੋਈ ਸੀ । ਪੰਜ ਜੂਨ ਨੂੰ ਇਹਨਾਂ ਦੇ ਮਕਾਨ ਦੀ ਤਲਾਸ਼ੀ ਹੋਈ ਅਤੇ ਕਿਹਾ ਕਿ ਤੁਸੀਂ ਕਿੱਧਰੇ ਬਾਹਰ ਨਹੀਂ ਜਾਣਾ ਏਥੇ ਅੰਦਰ ਰਹਿਣਾ , ਤੁਹਾਨੂੰ ਕੁਝ ਨਹੀਂ ਕਹਾਂਗੇ । ਪਰ ਸੱਤ ਜੂਨ ਨੂੰ ਪੰਜ ਸੱਤ ਫੌਜੀ ਆਏ , ਉਹਨਾਂ ਨੇ ਭਾਈ ਪ੍ਰੀਤਮ ਸਿੰਘ ਦਾ ਬੂਹਾ ਖੁਲ੍ਹਵਾ ਕੇ ਉਸ ਨੂੰ ਬਾਹਰ ਕੱਢ ਲਿਆ । ਉਸ ਦੀਆਂ ਬਾਹਾਂ ਉਪਰ ਖੜੀਆਂ ਕਰਵਾ ਕੇ ਉਸ ਨੂੰ ਗੁਰੂ ਰਾਮ ਦਾਸ ਸਰਾਂ ਵੱਲ ਡਾਕਖਾਨੇ ਦੇ ਸਾਹਮਣੇ ਲੈ ਆਏ ਉਸ ਦਾ ਭਰਾ ਰਣਧੀਰ ਸਿੰਘ ਨੰਗੇ ਪਿੰਡੇ ਆਪਣੇ ਭਾਈ ਪ੍ਰੀਤਮ ਸਿੰਘ ਦੀ ਇੱਕ ਲੜਕੀ ਨੂੰ ਕੁੱਛੜ ਚੁੱਕ ਕੇ ਪਿੱਛੇ – ਪਿੱਛੇ ਆ ਗਿਆ । ਨਾਲ ਹੀ ਭਾਈ ਪ੍ਰੀਤਮ ਸਿੰਘ ਦੀ ਵਹੁਟੀ ਆਪਣੀ ਦੂਜੀ ਲੜਕੀ ਨੂੰ ਚੁੱਕ ਕੇ ਉਹਨਾਂ ਦੇ ਪਿੱਛੇ ਉੱਥੇ ਡਾਕਖਾਨੇ ਕੋਲ ਆ ਗਈ । ਏਥੇ ਫੌਜੀਆਂ ਨੇ ਪਹਿਲਾਂ ਭਾਈ ਪ੍ਰੀਤਮ ਸਿੰਘ ਨੂੰ ਗੋਲੀਆਂ ਮਾਰ ਕੇ ਉਸ ਦੀ ਪਤਨੀ , ਭਰਾ ਅਤੇ ਦੋਵੇਂ ਲੜਕੀਆਂ ਦੇ ਦੇਖਦਿਆਂ ਸ਼ਹੀਦ ਕਰ ਦਿੱਤਾ । ਆਪਣੇ ਭਰਾ ਨੂੰ ਗੋਲੀਆਂ ਲੱਗਦੀਆਂ ਦੇਖ ਕੇ ਭਾਈ ਰਣਧੀਰ ਸਿੰਘ ਅੱਗੇ ਵਧਿਆ ਤਾਂ ਫੌਜੀਆਂ ਨੇ ਉਸ ਨੂੰ ਵੀ ਸਮੇਤ ਕੁੱਛੜ ਚੁੱਕੀ ਛੋਟੀ ਲੜਕੀ ਦੇ ਗੋਲੀਆਂ ਮਾਰ ਕੇ ਮਾਰ ਦਿੱਤਾ । ਇਸ ਤੋਂ ਬਾਦ ਉਹ ਭਾਈ ਪ੍ਰੀਤਮ ਸਿੰਘ ਦੀ ਵਹੁਟੀ ਨੂੰ ਉਸ ਦੂਜੀ ਲੜਕੀ ਸਮੇਤ ਘਸੀਟਦੇ ਹੋਏ ਸਾਡੇ ਕੋਲ ਛੱਡ ਗਏ । ਉਹ ਰੋਂਦੀ ਪਿੱਟਦੀ ਅਤੇ ਵਿਰਲਾਪ ਕਰਦੀ ਦੱਸ ਰਹੀ ਸੀ ਕਿ ਇਹਨਾਂ ਫੌਜੀਆਂ ਨੇ ਉਸ ਦਾ ਪਤੀ ਤੇ ਉਸ ਦੇ ਪਤੀ ਦੇ ਭਰਾ ਨੂੰ ਸਮੇਤ ਉਸ ਦੀ ਕੁੱਛੜ ਚੁੱਕੀ ਲੜਕੀ ਦੇ ਉਸ ਦੀਆਂ ਅੱਖਾਂ ਸਾਹਮਣੇ ਗੋਲੀਆਂ ਮਾਰ ਕੇ ਭੁੰਨ ਸੁੱਟਿਆ ਹੈ ।
ਪਿੰਡ ਪਲਾਸੌਰ ( ਤਰਨ ਤਾਰਨ ) ਦਾ ਰਹਿਣ ਵਾਲਾ ਭਾਈ ਤਰਸੇਮ ਸਿੰਘ ਜੋ ਸ੍ਰੀ ਦਰਬਾਰ ਸਾਹਿਬ ਵਿਖੇ ਮੀਤ ਖਜ਼ਾਨਚੀ ਲੱਗਾ ਸੀ , ਉਸ ਨੂੰ ਫੌਜੀ ਸੱਤ ਜੂਨ ਨੂੰ ਕੋਈ ਨੌਂ ਵਜੇ ਸਵੇਰੇ ਜ਼ਖ਼ਮੀ ਹਾਲਤ ਵਿੱਚ ਦਰਬਾਰ ਸਾਹਿਬ ਵਿੱਚੋਂ ਬਾਹਰ ਕੱਢ ਕੇ ਸਾਡੇ ਕੋਲ ਲਿਆਏ ਸਨ । ਉੱਥੇ ਉਹ ਕੋਈ ਘੰਟੇ ਕੁ ਬਾਦ ਹੀ ਚਲਾਣਾ ਕਰ ਗਿਆ ਸੀ । ਕੋਈ ਸਾਢੇ ਕੁ ਦਸ ਵਜੇ ਫੌਜੀ ਅਫ਼ਸਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਅਰੰਭ ਕਰਵਾਇਆ ।
ਸਾਡੇ ਹੱਥ ਛੇ ਜੂਨ ਸ਼ਾਮੀਂ ਸਵਾ ਚਾਰ ਵਜੇ ਦੇ ਨੂੜੇ ਹੋਏ ਸੱਤ ਜੂਨ ਨੂੰ ਦੁਪਹਿਰ ਦੇ ਕੋਈ ਸਾਢੇ ਬਾਰਾਂ ਵਜੇ ਕੁਝ ਸਮੇਂ ਵਾਸਤੇ ਖਾਣਾ ਖਾਣ ਲਈ ਖੋਹਲੇ ਗਏ । ਇਹ ਖਾਣਾ ਕਿੱਥੋਂ ਤੇ ਕਿਵੇਂ ਆਇਆ ? ਇਹ ਦੱਸਣਾ ਵੀ ਏਥੇ ਜ਼ਰੂਰੀ ਜਾਪਦਾ ਹੈ । ਇਹ ਖਾਣਾ ਹਿੰਦੂ ਦੁਕਾਨਦਾਰ ਵਰਤਾ ਰਹੇ ਸਨ ਜਿਹੜੇ ਦਰਬਾਰ ਸਾਹਿਬ ‘ ਤੇ ਫੌਜੀ ਹਮਲੇ ਕਾਰਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਾਥੀਆਂ ਦੇ ਮਾਰੇ ਜਾਣ ਤੇ ਲੋੜ ਤੋਂ ਵੱਧ ਖੁਸ਼ ਸਨ ਅਤੇ ਉਹ ਫੌਜੀਆਂ ਲਈ ਖੁੱਲ੍ਹੇ ਦਿਲ ਨਾਲ ਚਾਹ , ਰੋਟੀਆਂ , ਪੂੜੀਆਂ , ਸਬਜੀਆਂ ਤੇ ਦਾਲਾਂ ਤਿਆਰ ਕਰ – ਕਰ ਕੇ ਭੇਜ ਰਹੇ ਸਨ । ਉਸ ਵਿੱਚੋਂ ਖਾਣਾ ਲੈਣ ਨੂੰ ਉੱਕਾ ਦਿਲ ਨਹੀਂ ਕਰਦਾ ਸੀ ਭਾਵੇਂ ਅਸੀਂ ਪਿਛਲੇ ਦੋ ਦਿਨਾਂ ਤੋਂ ਭੁੱਖੇ ਤਿਹਾਏ ਸਾਂ । ਬੱਚੇ ਤੇ ਬੱਚੀਆਂ ਦੀ ਦਰਦਨਾਕ ਦਸ਼ਾ ਨੂੰ ਧਿਆਨ ਵਿੱਚ ਲਿਆ ਕੇ ਦੂਜਾ ਇਹ ਸੋਚਿਆ ਕੇ ਇਹ ਖਾਣਾ ਖਾਣ ਤੋਂ ਇਨਕਾਰ ਕਰਨਾ ਸਾਡੇ ਪ੍ਰਤੀ ਇਹਨਾਂ ਫੌਜੀਆਂ ਦੇ ਮਨਾਂ ਵਿੱਚ ਹੋਰ ਘਿਰਨਾ ਦੀ ਅੱਗ ਭੜਕਾਏਗਾ , ਅਸੀਂ ਵੀ ਥੋੜ੍ਹਾ ਬਹੁਤ ਖਾਣਾ ਲੈ ਲਿਆ । ਸਾਡੇ ਹੱਥ ਫੇਰ ਉਸੇ ਤਰ੍ਹਾਂ ਬੰਨ੍ਹ ਦਿੱਤੇ ਗਏ ।
ਸ਼ਾਮ ਦੇ ਕੋਈ ਸਾਢੇ ਤਿੰਨ ਵਜੇ ਫੌਜੀ ਗੱਡੀਆਂ ਆਈਆਂ । ਸਾਨੂੰ ਉਹਨਾਂ ਵਿੱਚ ਚੜ੍ਹਨ ਲਈ ਕਿਹਾ ਗਿਆ । ਪਿੱਛੇ ਹੱਥ ਬੰਨ੍ਹੇ ਹੋਣ ਕਰਕੇ ਜੋ ਚੜ੍ਹਨ ਵਿੱਚ ਢਿੱਲ ਕਰਦਾ ਸੀ , ਉਸ ਦੀ ਬੰਦੂਕਾਂ ਦੇ ਬੱਟਾਂ ਨਾਲ ਮੁਰੰਮਤ ਸ਼ੁਰੂ ਹੋ ਜਾਂਦੀ ਸੀ । ਬਾਬਾ ਸ਼ਾਮ ਸਿੰਘ ਦੇ ਡੇਰੇ ਵਾਲਾ ਬਾਬਾ ਸਰਦਾਰਾ ਸਿੰਘ ਗੁਰੂ ਘਰ ਦਾ ਬੜਾ ਪ੍ਰੇਮੀ ਸੀ । ਤਿਪਹਿਰੇ ਦੀ ਚੌਂਕੀ ਵੇਲੇ ਉਹ ਹਰਿਮੰਦਰ ਸਾਹਿਬ ਹਰ ਰੋਜ਼ ਡੇਰੇ ਤੋਂ ਦੇਗ ਸਜਾ ਕੇ ਭੇਟ ਕਰਿਆ ਕਰਦਾ ਸੀ । ਬਿਰਧ ਅਵੱਸਥਾ ਹੋਣ ਕਰਕੇ ਟਰੱਕਾਂ ਵਿੱਚ ਚੜ੍ਹਨ ਉਤਰਨ ਵੇਲੇ ਉਸ ਦੀ ਇਤਨੀ ਮਾਰ ਕੁਟਾਈ ਹੋਈ ਕਿ ਉਸ ਗੁਰਮੁਖ ਬਾਬੇ ਨੇ ਕੈਂਪ ਜੇਲ੍ਹ ਵਿੱਚ ਜਾ ਕੇ ਪ੍ਰਾਣ ਤਿਆਗ ਦਿੱਤੇ । ਇਉਂ ਹੀ ਗੱਠੜੀ ਘਰ ਦਾ ਸੇਵਾਦਾਰ ਭਾਈ ਕਿੱਕਰ ਸਿੰਘ ਉਰਫ਼ ਕੁਲਵੰਤ ਸਿੰਘ ਜੀ। ਉਸ ਦੀਆਂ ਲੱਤਾਂ ਠੀਕ ਕੰਮ ਨਹੀਂ ਕਰਦੀਆਂ ਸਨ । ਉਸ ਦੀ ਵੀ ਟਰੱਕ ’ ਤੇ ਚੜ੍ਹਨ ਉਤਰਨ ਸਮੇਂ ਬਹੁਤ ਮਾਰ ਕੁਟਾਈ ਕੀਤੀ ਗਈ ਸੀ , ਜਿਸ ਕਰਕੇ ਉਹ ਵੀ ਕੈਂਪ ਜੇਲ੍ਹ ਵਿੱਚ ਪੁੱਜ ਕੇ 9 ਜੂਨ ਨੂੰ ਚਲਾਣਾ ਕਰ ਗਿਆ ।
ਛਾਉਣੀ ਵਿੱਚ ਬਣੇ ਸੈਨਿਕ ਸਕੂਲ ਦੀ ਉੱਤਲੀ ਛੱਤ ਦੇ ਤੰਗ ਕਮਰੇ ਵਿੱਚ ਸਾਨੂੰ ਪੰਜਾਹ ਬੰਦਿਆਂ ਨੂੰ ਤਾੜ ਦਿੱਤਾ ਗਿਆ । ਪਿਆਸ ਨਾਲ ਸਾਰੇ ਵਿਆਕੁਲ ਹੋਏ ਕੁਰਲਾ ਰਹੇ ਸਨ । ਕੋਈ ਤਿੰਨ ਘੰਟਿਆਂ ਪਿੱਛੋਂ ਪਾਣੀ ਦਿੱਤਾ ਗਿਆ । ਬੀਬੀਆਂ ਬੱਚੇ ਸਾਡੇ ਨਾਲੋਂ ਵੱਖ ਕਰ ਦਿੱਤੇ ਗਏ ਸਨ । ਇਸ ਕਮਰੇ ਵਿੱਚ ਪਾਣੀ ਦੀ ਇਕ ਟੂਟੀ ਟੱਟੀ ਵਾਲੇ ਕਮਰੇ ਵਿਚ ਹੀ ਸੀ , ਜਿਥੋਂ ਸਿੰਘ ਪੀਣ ਤੇ ਇਸ਼ਨਾਨ ਕਰਨ ਲਈ ਪਾਣੀ ਵਰਤਦੇ ਰਹੇ । ਦਿਨ ਵਿੱਚ ਦੋ ਵੇਰਾਂ ਸੁੱਕੇ ਪ੍ਰਸ਼ਾਦੇ ਸਾਨੂੰ ਵਰਤਾਏ ਜਾਂਦੇ ਸਨ । ਏਥੇ ਹਰ ਇਕ ਬੰਦੇ ਦੀ ਵੱਖ – ਵੱਖ ਪੁੱਛ ਦੱਸ ਕੀਤੀ ਗਈ । ਦੋ – ਦੋ ਦਫ਼ਾ ਸਾਡੇ ਫੋਟੋ ਵੀ ਲਏ ਗਏ । ਪੁੱਛ ਪੜਤਾਲ ਸਮੇਂ ਸਾਡੇ ਪਾਸੋਂ ਇਸ ਤਰ੍ਹਾਂ ਦੇ ਸੁਆਲਾਂ ਦਾ ਉੱਤਰ ਮੰਗਿਆ ਜਾਂਦਾ ਸੀ :
(1) ਅੱਤਵਾਦੀ ਕਦੋਂ ਤੋਂ ਹਥਿਆਰ ਜਮ੍ਹਾਂ ਕਰਦੇ ਆਏ ਹਨ ?
(2) ਕੀ ਉਹ ਏਥੇ ਦਰਬਾਰ ਸਾਹਿਬ ਅੰਦਰ ਲੜਕੀਆਂ ਨਾਲ ਬਦਫੈਲੀ ਵੀ ਕਰਦੇ ਰਹੇ ਹਨ ?
(3) ਕੀ ਅਕਾਲ ਤਖ਼ਤ ਸਾਹਿਬ ਦੇ ਭੋਰੇ ਅੰਦਰ ਕੋਈ ਸੁਰੰਗ ਵੀ ਹੈ ?
( 4) ਕੀ ਉਹ ਦਰਬਾਰ ਸਾਹਿਬ ਦੇ ਲਾਗੇ ਦੀਆਂ ਦੁਕਾਨਾਂ ਦਾ ਸਮਾਨ ਜ਼ਬਰਦਸਤੀ ਚੁੱਕ ਕੇ ਅੰਦਰ ਲਿਆਉਂਦੇ ਰਹੇ ਹਨ ?
(5) ਅੱਤਿਵਾਦੀਆਂ ਕੋਲ ਹਥਿਆਰ ਕਿੱਥੋਂ ਤੇ ਕਿਵੇਂ ਆਉਂਦੇ ਰਹੇ ?
ਮੈਂ ਤਰਤੀਬ ਦੇਣ ਬਾਰੇ ਇਹਨਾਂ ਸੁਆਲਾਂ ਦੇ ਉੱਤਰ ਇਉਂ ਦਿੱਤੇ
( 1) ਹਥਿਆਰਾਂ ਦੀ ਸਰਕਾਰ ਦੀ ਸੀ ਆਈ.ਡੀ. ਨੂੰ ਹੀ ਸਹੀ ਜਾਣਕਾਰੀ ਹੋਵੇਗੀ ।
( 2) ਲੜਕੀਆਂ ਬਾਰੇ ਅਜੇਹੀ ਗੱਲ ਪਹਿਲਾਂ ਅਸੀਂ ਨਾ ਸੁਣੀ ਹੈ , ਨਾ ਵੇਖੀ ਹੈ ।
( 3) ਸ੍ਰੀ ਅਕਾਲ ਤਖਤ ਸਾਹਿਬ ਦੇ ਭੋਰੇ ਅੰਦਰ ਕੋਈ ਸੁਰੰਗ ਨਹੀਂ ।
( 4) ਸਾਮਾਨ ਚੁੱਕ ਕੇ ਲਿਆਉਣ ਬਾਰੇ ਵੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ । ਮੇਰਾ ਵਾਸਤਾ ਆਪਣੀ ਡਿਊਟੀ ਨਾਲ ਹੀ ਸੀ ।
( 5) ਹਥਿਆਰ ਉਹਨਾਂ ਪਾਸ ਕਿੱਥੋਂ ਤੇ ਕਿਵੇਂ ਆਉਂਦੇ ਰਹੇ , ਇਸ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ ।
ਇਸ ਤਰ੍ਹਾਂ ਪੁੱਛ ਪੜਤਾਲ ਅਤੇ ਛਾਣ – ਬੀਣ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ 83 ਹੋਰ ਕਰਮਚਾਰੀਆਂ ਸਮੇਤ ਮੈਨੂੰ 17 ਜੂਨ , 1984 ਨੂੰ ਰਿਹਾ ਕੀਤਾ ਗਿਆ । ਇਉਂ ਮੌਤ ਦੇ ਮੂੰਹ ਵਿੱਚੋਂ ਮੇਰੀ ਖਲਾਸੀ ਹੋਈ , ਪਰ ਮੇਰੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਨਾ ਛੱਡਿਆ ਗਿਆ । ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ , ਜਿੱਥੋਂ ਮੈਂ 28 ਜੂਨ ਨੂੰ ਉਹਨਾਂ ਦੀ ਜ਼ਮਾਨਤ ਕਰਵਾ ਕੇ ਬਾਹਰ ਲਿਆਂਦਾ । ਦਰਬਾਰ ਸਾਹਿਬ ਅੰਦਰ ਤਾਇਨਾਤ ਫੌਜੀਆਂ ਦੀ ਸਹਾਇਤਾ ਨਾਲ ਮੈਂ ਆਪਣੀ ਰਿਹਾਇਸ਼ ਵਾਲਾ ਮਕਾਨ ਦੇਖਣ ਗਿਆ । ਬਾਹਰ ਦਾ ਤਾਲਾ ਟੁੱਟਾ ਹੋਇਆ ਸੀ । ਘਰ ਦਾ ਸਾਰਾ ਸਾਮਾਨ ਏਥੋਂ ਤਕ ਕਿ ਭਾਂਡੇ ਤੇ ਕਪੜੇ ਆਦਿ ਵੀ ਸਭ ਚੁੱਕੇ ਗਏ ਸਨ । ਕੇਵਲ ਲੱਕੜ ਦੀਆਂ ਕੁਝ ਚੀਜ਼ਾਂ ਜੋ ਆਸਾਨੀ ਨਾਲ ਨਹੀਂ ਚੁੱਕੀਆਂ ਜਾ ਸਕਦੀਆਂ ਸਨ , ਰਹਿ ਗਈਆਂ ਸਨ , ਉਹ ਵੀ ਭੰਨੀਆਂ ਪਈਆਂ ਸਨ । ਮੇਰੇ ਅਨੁਸਾਰ ਮੇਰੇ ਘਰ ਦਾ ਕੋਈ 20 ਹਜ਼ਾਰ ਰੁਪੈ ਦਾ ਨੁਕਸਾਨ ਹੋਇਆ ਹੈ । ਪਰ ਸ਼ੁਕਰ ਹੈ ਉਸ ਅਕਾਲ ਪੁਰਖ ਦਾ ਜਿਸ ਨੇ ਕੁੱਝ ਹੋਰ ਸਮੇਂ ਲਈ ਸੰਗਤ ਨਾਲ ਸਾਂਝ ਬਣਾਈ ਰੱਖਣ ਦਾ ਅਵਸਰ ਦੇ ਦਿੱਤਾ ਹੈ । ਘੰਟਾ ਘਰ ਗੇਟ ਅੱਗੇ ਬੰਨ੍ਹ ਕੇ ਬਿਠਾਏ ਹੋਏ ਅਸੀਂ ਜ਼ਿੰਦਗੀ ਦੀ ਆਸ ਉੱਕਾ ਲਾਹ ਬੈਠੇ ਸਾਂ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)