More Gurudwara Wiki  Posts
ਸਰਸਾ ਦਾ ਜੰਗ ਤੇ ਪਰਿਵਾਰ ਵਿਛੋੜਾ (ਭਾਗ-2)


ਸਰਸਾ ਦਾ ਜੰਗ ਤੇ ਪਰਿਵਾਰ ਵਿਛੋੜਾ
(ਭਾਗ-2)
6 ਤੇ 7 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਜੀ ਮਹਾਰਾਜ ਨੇ ਆਨੰਦਪੁਰ ਦਾ ਕਿਲਾ ਛੱਡਿਆ ਚਲਣ ਸਮੇ ਸਭ ਤੋਂ ਅੱਗੇ ਮਹਾਰਾਜ ਆਪ ਪੰਜ ਪਿਆਰੇ ਤੇ ਕੁਝ ਹੋਰ ਸਿੰਘ ਸੀ ਵਿਚਕਾਰ ਮਾਈਆਂ ਬਜ਼ੁਰਗ ਅਤੇ ਬੱਚੇ ਸੀ ਜਿਨ੍ਹਾਂ ਦੀ ਅਗਵਾਈ ਭਾਈ ਮਨੀ ਸਿੰਘ ਤੇ ਭਾਈ ਧਰਮ ਸਿੰਘ ਦਾ ਜਥਾ ਕਰ ਰਿਹਾ ਸੀ ਪਿਛੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਥਾ ਸੀ ਸਭ ਤੋ ਮਗਰ ਕੁਝ ਹੋਰ ਸਿੰਘ ਸਨ ਜਿਨ੍ਹਾਂ ਦੇ ਕੋਲ ਲੋੜੀਂਦਾ ਸਾਮਾਨ ਸੀ ਇਸ ਤਰ੍ਹਾਂ ਸਾਰਾ ਕਾਫਲਾ ਚੱਲਦਿਆਂ ਹੋਇਆਂ ਕੀਰਤਪੁਰ ਸਾਹਿਬ ਤੱਕ ਬਿਲਕੁਲ ਸਾਂਤੀ ਤੇ ਸਹੀ ਸਲਾਮ ਲੰਘ ਗਿਆ
ਪਰ ਥੋੜੇ ਹੀ ਸਮੇ ਚ ਗਾਂ, ਜੰਞੂ ਤੇ ਗੀਤਾ ਦੀ ਸੌੰਹ ਖਾਣ ਵਾਲੇ ਪਹਾੜੀ ਰਾਜੇ ਅਤੇ ਖੁਦਾ,ਕੁਰਾਣ ਸ਼ਰੀਫ ਦੀ ਕਸਮ ਖਾਣ ਵਾਲੇ ਮੁਗਲ ਨਵਾਬ ਸਭ ਸੌਹਾਂ ਕਸਮਾਂ ਨੂੰ ਛਿੱਕੇ ਟੰਗ ਵਾਦੇ ਤੋੜ ਕੇ ਹਮਲਾਵਰ ਹੋ ਆਏ ਮਾਰ ਲਓ ਫੜ ਲਓ ਬਚ ਕੇ ਨਾ ਜਾਵੇ ਕੋਈ ਦੀਆਂ ਆਵਾਜ਼ਾਂ ਹੀ ਸੁਣਾਈ ਦਿੰਦੀਆਂ ਸਨ ਇੱਕ ਦਮ ਤੀਰਾਂ ਗੋਲੀਆ ਦੀ ਤਾੜ ਤਾੜ ਨੇ ਰਾਤ ਦੀ ਸਾਂਤੀ ਭੰਗ ਕਰ ਦਿੱਤੀ ਉਦੋਂ ਸਭ ਨੂੰ ਚੇਤੇ ਆਇਆ ਦਸਮੇਸ਼ ਪਿਤਾ ਸਹੀ ਕਹਿੰਦੇ ਸੀ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਹਮਲਾ ਵੀ ਰੁਕ ਕੇ ਏਸੇ ਕਰਕੇ ਕੀਤਾ ਗਿਆ ਸੀ ਕਿ ਕੀਰਤਪੁਰ ਲੰਘ ਲੈਣ ਦਿੱਤਾ ਜਾਵੇ ਤਾਂ ਕਿ ਵਾਪਸ ਮੁੜਨ ਦਾ ਕੋਈ ਚਾਰਾ ਨਾ ਰਹੇ
ਇਕ ਤਾਂ ਪੋਹ ਦਾ ਮਹੀਨਾ ਅੱਤ ਦੀ ਠੰਡ ਅੱਧੀ ਰਾਤ ਦਾ ਸਮਾਂ ਫਿਰ ਮੌਸਮ ਵੀ ਖ਼ਰਾਬ ਬੱਦਲਵਾਲੀ ਬਿਜਲੀ ਲਿਸ਼ਕੇ ਮੀਂਹ ਪੈ ਰਿਹਾ ਸੀ ਥੋੜ੍ਹਾ ਥੋੜ੍ਹਾ ਸਰਸਾ ਨਦੀ ਵੀ ਹੜ ਤੇ ਆਈ ਹੋਈ ਇਧਰ ਵੈਰੀਆਂ ਦਾ ਹੜ੍ਹ ਅਚਾਨਕ ਚੜ੍ਹ ਆਇਆ ਸੀ ਸਤਿਗੁਰੂ ਨੇ ਉਸ ਸਮੇ ਭਾਈ ਉਦੈ ਸਿੰਘ (ਜਿਨ੍ਹਾਂ ਨੇ ਆਨੰਦਪੁਰ ਦੀ ਜੰਗ ਵੇਲੇ ਹੰਕਾਰੀ ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ) ਨੂੰ 50 ਸਿੰਘਾਂ ਦਾ ਜਥਾ ਦੇ ਕੇ ਭੇਜਿਆ ਭਾਈ ਊਦੈ ਸਿੰਘ ਦਾ ਜਥਾ ਦੀਵਾਰ ਬਣ ਵੈਰੀਆ ਅੱਗੇ ਖੜ੍ਹ ਗਿਆ ਸਤਿਗੁਰੂ ਸ਼ਾਹੀ ਟਿੱਬੀ ਤੋਂ ਲੰਘਦਿਆਂ ਹੋਇਆਂ ਸਰਸਾ ਦੇ ਕੰਢੇ ਪਹੁੰਚੇ ਅੰਮ੍ਰਿਤ ਵੇਲਾ ਹੋ ਗਿਆ ਸੀ ਚੋਜੀ ਪ੍ਰੀਤਮ ਬਾਜਾਂ ਵਾਲੇ ਸਾਈਂ ਨੇ ਉੱਥੇ ਦੀਵਾਨ ਲਗਾਇਆ ਅਤੇ ਆਪ ਬੈਠ ਕੇ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਕੀਤਾ ਇਹ ਵੀ ਕਮਾਲ ਹੈ ਜੰਗ ਹੜ੍ਹ ਮੀਂਹ ਰਾਤ ਹਨ੍ਹੇਰਾ ਤੇ ਬਾਜਾਂਵਾਲਾ ਬਾਪੂ ਕੀਰਤਨ ਰਿਆ
ਉਧਰ ਜੰਗ ਚ ਭਾਈ ਉਦੇ ਸਿੰਘ ਜੋ ਪਿਛਲੇ ਤਿੰਨ ਘੰਟਿਆਂ ਤੋ ਵੈਰੀਆਂ ਅੱਗੇ ਦੀਵਾਰ ਬਣ ਖੜੇ ਸੀ ਇੱਕ ਇੱਕ ਕਰਕੇ ਸਾਰੇ ਸਿੰਘ ਸ਼ਹੀਦ ਹੋ ਗਏ ਭਾਈ ਉਦੈ ਸਿੰਘ ਨੇ ਅੈਸਾ ਯੁੱਧ ਕੀਤਾ ਕੇ ਮੁਗਲ ਉਹਨਾਂ ਨੂੰ ਹੀ ਗੁਰੂ ਸਮਝਦੇ ਰਹੇ ਕਹਿਣ ਇਸ ਨੂੰ ਮਾਰ ਲਓ ਬਸ ਆਪਣੀ ਫ਼ਤਹਿ ਜਦੋਂ ਭਾਈ ਉਦੇ ਸਿੰਘ ਸ਼ਹੀਦੀ ਪਾ ਗਏ ਤਾਂ ਗੁਰੂ ਮਾਰਲਿਆ ਕਹਿ ਖੁਸ਼ੀ ਮਨਾਈ ਪਰ ਥੋੜ੍ਹੀ ਦੇਰ ਬਾਅਦ ਪਤਾ ਲੱਗਿਆ ਏ ਤਾਂ ਸਿੱਖ ਸੀ ਗੁਰੂ ਤਾਂ ਲੰਘ ਗਿਆ ਅੱਗੇ ਜਿਸ ਕਲਪ ਦੇ ਰੁੱਖ ਥੱਲੇ ਭਾਈ ਉਦੇ ਸਿੰਘ ਜੀ ਸ਼ਹੀਦ ਹੋਏ ਉਸ ਦਾ ਮੁੱਢ ਹੁਣ ਵੀ ਮੌਜੂਦ ਹੈ ਉੱਥੇ ਹੁਣ ਸ਼ਹੀਦੀ ਅਸਥਾਨ ਬਣਿਆ ਹੋਇਆ ਹੈ (ਫ਼ੋਟੋ ਨਾਲ ਅੈਡ ਹੈ) ਜੋ ਪਿੰਡ ਅਟਾਰੀ ਚ ਹੈ ਉਦੋਂ ਅਟਾਰੀ ਵੱਸਿਆ ਨਹੀਂ ਸੀ ਭਾਈ ਉਦੇ ਸਿੰਘ ਜੀ ਦਾ ਸ਼ਹੀਦੀ ਦਿਹਾੜਾ 7 ਪੋਹ ਨੂੰ ਮਨਾਇਆ ਜਾਂਦਾ ਹੈ
ਇਧਰ ਮੁਗ਼ਲ ਫ਼ੌਜ ਸਰਸਾ ਦੇ ਕੰਢੇ ਚੜ੍ਹ ਆਈ ਅੱਗੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਥੇ ਨੇ ਵੈਰੀਆਂ ਦੇ ਮੂੰਹ ਮੋੜ ਦਿੱਤੇ ਇੱਥੇ ਸਰਸਾ ਦੇ ਕੰਢੇ ਸਤਿਗੁਰੂ ਦਾ ਸਾਰਾ ਪਰਿਵਾਰ ਵਿੱਛੜ ਗਿਆ ਬਾਬਾ ਸੂਰਜ ਮੱਲ ਜੀ ਦੇ ਪੁੱਤਰ ਗੁਲਾਬ ਮੱਲ ਤੇ ਸ਼ਿਆਮਲ ਮੱਲ ਨੂੰ ਗੁਰੂ ਸਾਹਿਬ ਨੇ ਇਕ ਚਿੱਠੀ ਲਿਖ ਕੇ ਰਾਜੇ ਨਾਹਨ ਵੱਲ ਤੋਰ ਦਿੱਤਾ ਜਿੱਥੇ ਸਤਿਗੁਰਾਂ ਦੇ ਕਹੇ ਰਾਜੇ ਨੇ ਇਕ ਪਿੰਡ ਗਿਰਵੀ ਨਾਮ ਦਾ ਦੇ ਦਿੱਤਾ ਉਹ ਦੋਵੇ ਉਥੇ ਰਹੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਨਾਲ ਭਾਈ ਜਵਾਹਰ ਸਿੰਘ ਦੇ ਘਰ ਚਲੇ ਭੇਜ ਦਿੱਤਾ ਉੱਥੋਂ ਅੱਗੇ ਚਲੇ ਗਏ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਇਸ ਵਹੀਰ ਨਾਲੋਂ ਬਿਲਕੁਲ ਹੀ ਵਿੱਛੜ ਗਏ ਪਰਿਵਾਰ ਵਿਛੋੜਾ ਅਸਥਾਨ ਹੈ( ਫੋਟੋ ਨਾਲ ਅੈਡ ਹੈ)
ਹੋਰ ਕੋਈ ਰਾਹ ਨਾ ਦੇਖ ਕੇ ਹੜ੍ਹ ਤੇ ਆਈ ਛੱਲਾਂ ਮਾਰਦੀ ਸਰਸਾ ਨੂੰ ਪਾਰ ਕਰਨ ਦਾ ਹੁਕਮ ਫੈਸਲਾ ਕੀਤਾ ਬਹੁਤ ਸਾਰੇ ਘੋੜੇ , ਸਿੰਘ, ਬਜ਼ੁਰਗ ਬੱਚੇ ਤੇ ਹੋਰ ਸਾਜੋ ਸਮਾਨ ਸਰਸਾ ਚ ਰੁੜ੍ਹ ਗਿਆ ਕਈ ਸਾਲਾਂ ਦੀ ਮਿਹਨਤ ਦੇ ਨਾਲ ਦਰਬਾਰੀ ਕਵੀਆਂ ਵੱਲੋਂ ਤਿਆਰ ਕੀਤਾ ਮਹਾਨ ਗ੍ਰੰਥ ਵਿੱਦਿਆ ਸਾਗਰ ਜਿਸ ਦਾ ਵਚਨ ਹੀ ਨੌਂ ਮਣ ਲਿਖਿਆ ਮਿਲਦਾ ਹੈ ਉਹ ਵੀ ਰੁੜ੍ਹ ਗਿਆ ਸਰਸਾ ਕੱਢੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਘੇਰੇ ਵਿਚ ਆ ਗਏ ਤਾਂ ਭਾਈ ਜੀਵਨ ਸਿੰਘ ਜੀ (ਜੋ ਦਿੱਲੀ ਤੋ ਨੌਵੇ ਪਾਤਸ਼ਾਹ ਦਾ ਸ਼ੀਸ ਲਿਆਏ ਸੀ ) ਨੂੰ ਜਥਾ ਦੇ ਕੇ ਭੇਜਿਆ ਉਨ੍ਹਾਂ ਸਾਹਿਬਜ਼ਾਦੇ ਨੂੰ ਘੇਰੇ ਚੋ ਕੱਢ ਕੇ...

ਅੱਗੇ ਭੇਜ ਦਿੱਤਾ ਤੇ ਆਪ ਉੱਥੇ ਹਿੱਕ ਡਾਹ ਕੇ ਖੜ ਗਏ ਦਸ ਘੜੀਆਂ ਤੋਂ ਵੱਧ ਸਮਾਂ ਲੜਦੇ ਰਹੇ ਸਾਰਾ ਜਥਾ ਸ਼ਹੀਦ ਹੋ ਗਿਆ ਭਾਈ ਜੀਵਨ ਸਿੰਘ ਜੀ ਦਾ ਅੰਗ ਅੰਗ ਵਿੰਨਿਆ ਗਿਆ ਫਿਰ ਮੱਥੇ ਚ ਗੋਲੀ ਵੱਜੀ ਨਾਲ ਉ ਵੀ ਸ਼ਹੀਦੀ ਪਾ ਗਏ ਸਰਸਾ ਪਾਣੀ ਚ ਖਲੋ ਕੇ ਸਤਿਗੁਰੂ ਜੀ ਨੇ ਮਗਰ ਨੂੰ ਕਈ ਤੀਰ ਮਾਰੇ ਜਿਸ ਨਾਲ ਕਈ ਨਾਮੀ ਜਰਨੈਲ ਜਮਪੁਰੀ ਨੂੰ ਭੇਜ ਦਿੱਤੇ ਵੈਰੀਆਂ ਦਾ ਚੜ੍ਹਿਆ ਦਲ ਇੱਕ ਵਾਰ ਤਾਰ ਦਿੱਤਾ
ਸਰਸਾ ਪਾਰ ਕਰਕੇ ਸਤਿਗੁਰੂ ਜੀ ਦੋਨੋਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਤੇ ਕੁਝ ਹੋਰ ਸਿੰਘਾਂ ਜੋ ਬੱਚ ਗਏ ਸੀ ਪਿੰਡ ਘਨੌਲੇ ਤੋ ਹੋ ਲੋਧੀ ਮਾਜਰਾ ਦੇ ਰਸਤੇ ਹੁੰਦੇ ਰੋਪੜ ਵੱਲ ਤੁਰ ਪਏ ਅੱਗੋਂ ਰੋਪੜ ਦੇ ਰੰਗੜ ਪਠਾਣਾਂ ਨੇ ਅਚਾਨਕ ਹਮਲਾ ਕਰ ਦਿੱਤਾ ਏ ਰੋਪੜੀਏ ਵੀ ਕਿਸੇ ਸਮੇਂ ਗੁਰੂ ਦਰ ਦੇ ਸੇਵਾਦਾਰ ਸੀ ਪਰ ਅੱਜ ਨਮਕ ਹਰਾਮ ਬਣ ਗਏ
ਪਠਾਣਾਂ ਦੇ ਨਾਲ ਚੰਗੀ ਝੜਪ ਹੋਈ ਕਈ ਮਾਰੇ ਗਏ ਕੁਝ ਭੱਜ ਗਏ ਸਤਿਗੁਰੂ ਉੱਥੋਂ ਫਿਰ ਕੋਟਲੇ ਨੂੰ ਮੁੜ ਪਏ ਇੱਥੇ ਨਿਹੰਗ ਖਾਂ ਸਤਿਗੁਰਾਂ ਦਾ ਸ਼ਰਧਾਲੂ ਰਹਿੰਦਾ ਸੀ ਜਿਸ ਦੇ ਵੱਡੇ ਵੀ ਗੁਰੂ ਘਰ ਨਾਲ ਪਿਆਰ ਕਰਦੇ ਸੀ ਏਨਾ ਘਰ ਪਹਿਲਾਂ ਛੇਵੇਂ ਪਾਤਸ਼ਾਹ ਤੇ ਸੱਤਵੇਂ ਪਾਤਸ਼ਾਹ ਨੇ ਵੀ ਚਰਨ ਪਾਏ ਸੀ ਇੱਕ ਵਾਰ ਵੀ ਕਲਗੀਧਰ ਆਏ ਸੀ ਅੱਜ ਵੀ ਨਿਹੰਗ ਖਾਂ ਨੇ ਸਤਿਗੁਰਾਂ ਨੂੰ ਆਪਣੇ ਘਰ ਟਿਕਾਇਆ ਬੜੀ ਸੇਵਾ ਕੀਤੀ ਜਦੋਂ ਨਿਹੰਗ ਖਾਂ ਨੂੰ ਕਿਲਾ ਛੱਡਣ ਸਰਸਾ ਦੇ ਜੰਗ ਪਰਿਵਾਰ ਵਿਛੋੜੇ ਦਾ ਮੁਗਲਾਂ ਤੇ ਹਿੰਦੂਆਂ ਦੇ ਵੱਲੋਂ ਕਸਮਾਂ ਤੋੜਣ ਦਾ ਪਤਾ ਲੱਗਾ ਤਾਂ ਬੜੀਆਂ ਲਾਹਨਤਾਂ ਪਾਈਆਂ ਮਹਾਰਾਜ ਦੀ ਪਿਆਰ ਨਾਲ ਸੇਵਾ ਕੀਤੀ ਪਿਛਲੇ ਕਮਰੇ ਵਿੱਚ ਆਸਣ ਲਾਇਆ ਇਤਨੇ ਔਖੇ ਵੇਲੇ ਵੀ ਪਿਆਰ ਦੀ ਤੰਦ ਨਾ ਟੁੱਟਣ ਦਿੱਤੀ
ਕੁਝ ਸਮੇਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਆਏ ਜੋ ਰੋਪੜ ਦੇ ਪਠਾਣਾਂ ਨਾਲ ਲੜਦਿਆਂ ਗੰਭੀਰ ਜ਼ਖ਼ਮੀ ਹੋ ਗਿਆ ਸੀ ਗੁਰੂ ਪਾਤਸ਼ਾਹ ਦਾ ਪਿਆਰ ਦੇਖੋ ਆਪ ਉੱਠ ਕੇ ਪਾਸੇ ਹੋ ਗਏ ਭਾਈ ਬਚਿੱਤਰ ਸਿੰਘ ਜੀ ਨੂੰ ਉਸ ਆਸਣ ਤੇ ਲਿਟਾਇਆ ਇਹ ਉਹੀ ਬਚਿੱਤਰ ਸਿੰਘ ਨੇ ਜਿਨ੍ਹਾਂ ਨੇ ਕਿਸੇ ਵੇਲੇ ਗੁਰੂ ਥਾਪੜਾ ਲੈ ਕੇ ਨਾਗਣੀ ਨਾਲ ਹਾਥੀ ਦਾ ਸਿਰ ਪਾੜਿਆ ਸੀ ਭਾਈ ਸਾਹਿਬ ਜੀ ਦੇ ਜ਼ਖ਼ਮਾਂ ਤੇ ਮੱਲ੍ਹਮ ਪੱਟੀ ਕੀਤੀ ਸਤਿਗੁਰੂ ਮਹਾਰਾਜੇ ਨੇ ਇਸ ਥਾਂ ਨੂੰ ਸੁਰੱਖਿਅਤ ਨਾ ਜਾਣਦਿਆਂ ਹੋਇਆਂ ਅੱਗੇ ਚੱਲਣ ਦਾ ਫ਼ੈਸਲਾ ਕੀਤਾ ਨਿਹੰਗ ਖਾਂ ਪੁੱਤਰ ਆਲਮ ਖਾਂ ਸਤਿਗੁਰਾਂ ਨੂੰ ਰਾਹ ਦੱਸਣ ਲਈ ਨਾਲ ਚਲ ਪਿਆ ਭਾਈ ਬਚਿੱਤਰ ਸਿੰਘ ਨੂੰ ਉੱਥੇ ਰਹਿਣ ਦਿੱਤਾ ਉਹ ਚੱਲਣ ਦੀ ਹਾਲਤ ਚ ਨਹੀਂ ਸਨ ਮਹਾਰਾਜ ਦੇ ਜਾਣ ਤੋਂ ਬਾਅਦ ਸੂਹ ਮਿਲਣ ਤੇ ਕੁਝ ਸਿਪਾਹੀ ਨਿਹੰਗ ਖਾਂ ਦੇ ਘਰ ਆਏ ਘਰ ਦੀ ਤਲਾਸ਼ੀ ਲਈ ਇੱਕ ਕਮਰਾ ਬੰਦ ਸੀ ਖੋਲ੍ਹਣ ਦੇ ਲਈ ਕਿਹਾ ਤਾਂ ਨਿਹੰਗ ਖਾਂ ਜੀ ਨੇ ਕਿਹਾ ਇਸ ਕਮਰੇ ਵਿੱਚ ਮੇਰੀ ਧੀ ਮੁਮਤਾਜ ਤੇ ਦਾਮਾਦ ਹੈ ਕਹੋ ਤਾਂ ਖੋਲ੍ਹ ਦੇਵਾਂ… ਤਲਾਸ਼ੀ ਵਾਲੇ ਨੇ ਕਿਹਾ ਨਹੀਂ ਕੋਈ ਲੋੜ ਨਹੀਂ ਖਬਰ ਗਲਤ ਮਿਲੀ ਹੋਊ
ਨਿਹੰਗ ਖਾਂ ਦੀ ਧੀ ਬੀਬੀ ਮੁਮਤਾਜ ਨੇ ਜਦੋ ਪਿਤਾ ਦੇ ਮੁੰਹੋ ਦਾਮਾਦ ਸ਼ਬਦ ਸੁਣਿਆ ਤਾਂ ਜ਼ਖ਼ਮੀ ਲੇਟੇ ਭਾਈ ਬਚਿੱਤਰ ਸਿੰਘ ਦੇ ਕਦਮਾਂ ਤੇ ਸਿਰ ਰੱਖ ਕੇ ਪਤੀ ਮੰਨ ਲਿਆ ਅਗਲੇ ਦਿਨ ਭਾਈ ਬਚਿੱਤਰ ਸਿੰਘ ਸ਼ਹੀਦੀ ਪਾ ਗਏ ਉਨ੍ਹਾਂ ਦਾ ਸਸਕਾਰ ਆਪਣੇ ਘਰ ਦੇ ਪਿਛਲੇ ਪਾਸੇ ਖੂਹ ਕੋਲ ਕੀਤਾ ਉਹ ਖੂਹ ਅੱਜ ਵੀ ਮੌਜੂਦ ਹੈ ਬੀਬੀ ਮੁਮਤਾਜ ਜੀ ਨੇ 135 ਸਾਲ ਉਮਰ ਭੋਗੀ ਪਰ ਨਿਕਾਹ ਨਹੀਂ ਕਰਵਾਇਆ ਭਾਈ ਬਚਿਤਰ ਸਿੰਘ ਨੂੰ ਹੀ ਪਤੀ ਮੰਨਿਆ (ਬੀਬੀ ਮੁਮਤਾਜ ਜੀ ਲਈ ਵੱਖਰੀ ਪੋਸਟ ਲਿਖਾਂਗਾ ਬਾਅਦ ਵਿੱਚ) ਸਤਿਗੁਰੂ ਜੀ ਨੇ ਚਲਣ ਤੋ ਪਹਿਲਾ ਬਾਬਾ ਨਿਹੰਗ ਖਾਂ ਨੂੰ ਪਿਆਰ ਨਾਲ ਇੱਕ ਕਟਾਰ ਇੱਕ ਢਾਲ ਨਿਸ਼ਾਨੀ ਦਿੱਤੀ ਸੀ ਜੋ ਅੱਜ ਵੀ ਨਿਹੰਗ ਖਾਂ ਜੀ ਦੇ ਘਰ ਕੋਟਲੇ ਮੌਜੂਦ ਹੈ ਭਾਈ ਬਚਿਤਰ ਸਿੰਘ ਦੇ ਸਸਤਰ ਵੀ ਨੇ ਕਮਰੇ ਘਰ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਪਰ ਘਰ ਦੀ ਹਾਲਤ ਬੜੀ ਖਸਤਾ ਸੀ
( ਫੋਟੋ ਨਾਲ ਅੈਡ ਹੈ)
ਓਧਰ ਨਿਹੰਗ ਖ਼ਾਨ ਦਾ ਪੁੱਤਰ ਲਖੀਮਪੁਰ ਤੱਕ ਗੁਰੂ ਸਾਹਿਬ ਨੂੰ ਛੱਡ ਕੇ ਆਇਆ ਲਖੀਮਪੁਰ ਥੋੜ੍ਹਾ ਸਮਾਂ ਰੁਕ ਕੇ ਸਤਿਗੁਰੂ ਬੂਰ ਮਾਜਰਾ ਪਹੁੰਚ ਉੱਥੇ ਇੱਕ ਖੂਹ ਤੋਂ ਗੁਰੂ ਸਾਹਿਬ ਤੇ ਸਿੰਘਾਂ ਨੇ ਪਾਣੀ ਪੀਤਾ ਹੱਥ ਮੁੰਹ ਧੋਤਾ ਫਿਰ ਅੱਗੇ ਚੱਲ ਪਏ ਪਿੰਡ ਦੁੱਗਰੀ ਹੋ ਕੇ ਤਾਲਪੁਰਾ ਦਾ ਟਿੱਬਾ ਲੰਘ 7 ਪੋਹ ਦੀ ਸ਼ਾਮ ਨੂੰ ਚਮਕੌਰ ਦੇ ਬਾਹਰਵਾਰ ਇਕ ਬਾਗ ਦੇ ਵਿਚ ਜਾ …..
ਬਾਕੀ ਅਗਲੀ ਪੋਸਟ ਵਿਚ……
…….ਚੱਲਦਾ……
ਗੁਰੂ ਪਿਆਰਿਆਂ ਦੇ ਸ਼ਹੀਦੀ ਦਿਹਾਡ਼ੇ ਨੂੰ ਮੁੱਖ ਰੱਖਿਆ ਦੂਸਰੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)