More Punjabi Kahaniya  Posts
ਫਰਿਸ਼ਤੇ ਵਰਗਾ ਫੌਜੀ


ਕਰੀਬ ਅੱਧੀ ਸਦੀ ਹੋਣ ਲਗੀ ਹੈ ਉਹ ਮਨ ਕੰਬਾਊ ਘਟਨਾ ਬੀਤਿਆਂ। ਉਨਾਂ ਪਲਾਂ ਦੀ ਯਾਦ ਅੱਜ ਵੀ ਮੇਰੇ ਲੂੰ ਕੰਡੇ ਖੜੇ ਕਰ ਦੇਂਦੀ ਹੈ। ਚੇਤਾ ਆਉਂਦੇ ਈ ਦੋਵੇਂ ਹੱਥ ਰੱਬ ਦੇ ਸ਼ੁਕਰਾਨੇ ‘ਚ ਜੁੜ ਜਾਂਦੇ ਨੇ । ਜੇ ਕਹਾਂ ਦੂਜੇ ਜਨਮ ਵਾਲੀ ਗਲ ਹੋਈ ਸੀ ਉਸ ਦਿਨ, ਤਾਂ ਕੁਝ ਗਲਤ ਨਹੀਂ ਹੋਵੇਗਾ। ਕਿੰਨਾਂ ਵਡਾ ਚਮਤਕਾਰ ਹੋ ਗਿਆ ਸੀ ਅੱਖ ਦੇ ਫੋਰ ਵਿਚ। ਦੋ ਘਰ ਬਰਬਾਦ ਹੋ ਜਾਣੇ ਸੀ। ਕਿੰਨੇ ਵੱਡੇ ਧੱਬੇ ਲਗ ਜਾਣੇ ਸਨ ਪਰਵਾਰਾਂ ਤੇ। ਨਿਆਣੇ ਤੇ ਈ ਤਰਸ ਕਰ ਲੈਂਦਾ, ਵਰਗੀਆਂ ਕਹਾਣੀਆਂ ਜਾਣਕਾਰ ਲੋਕਾਂ ਦੀ ਜਬਾਨ ਤੇ ਹੋਣੀਆਂ ਸੀ। ਦੋ ਦੇਸ਼ਾਂ ਦੀਆਂ ਅਖਬਾਰਾਂ ਦੀ ਸੁਰਖੀ ਬਣਨਾ ਸੀ ਇਸ ਘਟਨਾ ਨੇ। ਅੱਜ ਵੀ ਹੱਥ ਕੰਬਦੇ ਨੇ ਅਤੀਤ ਦੀ ਇਹ ਦੁਖਾਂਤਕ ਹੱਡਬੀਤੀ ਲਿਖਦਿਆਂ।
ਪੰਜਾਬ ਵਿਚ ਭਾਰਤ ਦੀ ਪੱਛਮੀ ਸਰਹੱਦ ਸੱਪ ਦੀ ਤਰਾਂ ਵਲੇਵੇਂਦਾਰ ਹੈ। ਮਾਧੋਪੁਰ ਤੋਂ ਹੀ ਕਦੇ ਰਾਵੀ ਦੇ ਆਰ ਤੇ ਕਦੇ ਕਾਫੀ ਪਾਰ ਤਕ ਚਲੇ ਜਾਂਦੀਆਂ ਨੇ ਸਰਹੱਦੀ ਬੁਰਜੀਆਂ। ਹੁਣ ਤਾਂ ਕੰਡੇਦਾਰ ਤਾਰ ਲਗ ਗਈ ਹੈ, ਪਰ ਉਦੋਂ ਇਹ ਇਕ ਆਮ ਜਿਹੀ ਵੱਟ ਹੁੰਦੀ ਸੀ। ਬਲਦਾਂ ਨਾਲ ਖੇਤ ਵਾਹੁੰਦਿਆਂ ਬੰਨੇ ਦੇ ਨਾਲ ਵਾਲੇ ਪਹਿਲੇ ਇਕ ਦੋ ਸਿਆੜਾਂ ਮੌਕੇ ਉਪਰਲੇ (ਸੱਜੇ) ਬਲਦ ਨੂੰ ਸਰਹੱਦ ਅਖਵਾਉਂਦੀ ਉਸ ਸਾਂਝੀ ਵੱਟ ਉਤੇ ਤੁਰਨਾ ਪੈਂਦਾ ਸੀ। ਡੇਰਾ ਬਾਬਾ ਨਾਨਕ ਤੋਂ ਰਾਵੀ ਦੇ ਲਹਿੰਦੇ ਵਹਾਅ ਵਲ ਤਿੰਨ ਕੁ ਮੀਲ ਜਾਕੇ ਭਾਰਤ ਦੇ ਕੁਝ ਪਿੰਡ ਰਾਵੀ ਪਾਰ ਹਨ। 1965 ਤੇ 1971 ਦੀਆਂ ਲੜਾਈਆਂ ਦੌਰਾਨ ਪਾਕਿਸਤਾਨੀ ਫੌਜ ਦੇ ਕਬਜੇ ਹੇਠ ਰਹੇ ਤੇ ਉਨ੍ਹਾਂ ਉਹੀ ਕੁਝ ਕੀਤਾ ਜੋ ਕੋਈ ਵੀ ਆਪਣੇ ਦੁਸ਼ਮਣ ਨਾਲ ਕਰਦਾ। ਉਹ ਪਿੰਡ ਮਲੀਆ ਮੇਟ ਹੋਗੇ ਸੀ। ਬਾਦ ਵਿਚ ਸਰਕਾਰ ਨੇ ਮਦਦ ਦੇਕੇ ਲੋਕਾਂ ਨੂੰ ਫਿਰ ਤੋਂ ਉਥੇ ਅਬਾਦ ਹੋਣ ਲਈ ਪ੍ਰੇਰਤ ਕੀਤਾ। ਪਰ ਦੋ ਵਾਰ ਦੇ ਉਜਾੜੇ ਤੋਂ ਡਰਦੇ ਕਿਸਾਨਾਂ ਨੇ ਉਥੇ ਅਸਥਾਈ ਰਿਹਾਇਸ਼ਾਂ ਹੀ ਬਣਾਈਆਂ। ਖਦਸ਼ਾ ਰਹਿੰਦਾ , ਪਤਾ ਨਹੀਂ ਕਦੋ ਫਿਰ ਲੜਾਈ ਲਗ ਗਈ ਤਾਂ ਉਜੜਨਾ ਪਊ। ਕੱਚੇ ਘਰ, ਕਾਨਿਆਂ ਦੇ ਛੱਪਰ ਪਾਉਂਦੇ ਸਨ ਬਹੁਤੇ ਲੋਕ। ਅਸਥਾਈ ਰਿਹਾਇਸ਼ ਬਣਾਉਂਦੇ ਸਨ ਪਾਰਲੇ ਘਰਾਂ ਨੂੰ। ਫਸਲ ਬੀਜਕੇ ਵਾਪਸ ਆਪਣੇ ਆਰਲੇ ਪਿੰਡਾਂ ਵਾਲੇ ਸਥਾਈ ਘਰੀਂ ਆ ਜਾਂਦੇ।
ਸਾਡੇ ਰਿਸ਼ਤੇਦਾਰਾਂ ਦੀ ਕਾਫੀ ਜਮੀਨ ਸੀ, ਰਾਵੀ ਪਾਰਲੇ ਪਿੰਡ ਘਣੀਏਕੇ ਬੇਟ। ਉਨ੍ਹਾਂ ਕਈ ਵਾਰ ਕਿਹਾ ਸੀ ਉਧਰ ਦਾ ਚੱਕਰ ਲਾਉਣ ਨੂੰ। ਕਿਸੇ ਹੋਰ ਰਿਸ਼ਤੇਦਾਰੀ ਚੋਂ 15 ਕੁ ਸਾਲ ਦ‍ਾ ਮੁੰਡਾ ਬੜਾ ਮਾਣ ਸਤਿਕਾਰ ਕਰਦਾ ਸੀ ਉਦੋਂ। ਕਿਤੇ ਗਲ ਕਰਦਿਆਂ ਉਸਨੇ ਸੁਣ ਲਿਆ। ਕਹਿੰਦਾ ਇਕੱਠੇ ਜਾਵਾਂਗੇ। ਰਾਜਦੂਤ ਮੋਟਰ ਸਾਈਕਲ ਸੀ ਮੇਰੇ ਕੋਲ। ਗਲ 1974 ਦੇ ਇੰਨਾਂ ਦਿਨਾਂ ਯਨੀ ਜੂਨ ਦੀ ਹੈ। ਪਾਰਲੇ ਪਿੰਡ ਦੁਪਿਹਰ ਕਟਕੇ ਸ਼ਾਮ ਨੂੰ ਵਾਪਸ ਮੁੜਨ ਦੇ ਪ੍ਰੋਗਰਾਮ ਤਹਿਤ ਅਸੀਂ 10 ਕੁ ਵਜੇ ਘੋਨੇਵਾਲ ਪਿੰਡ ਕੋਲ ਰਾਵੀ ਤੇ ਬਣਿਆ ਬੇੜੀਆਂ ਦਾ ਪੁੱਲ ਪਾਰ ਕੀਤਾ। ਅਗੇ ਵਲ ਵਲੇਵੇਂ ਖਾਂਦੀ ਰੇਤਾ / ਭੁੱਬਲ ਭਰੀ ਸੜਕ। ਦੋਹੇਂ ਪਾਸੇ ਉੱਚੀ ਉੱਚੀ ਕਾਹੀ ਦੇ ਬੂਝੇ । ਰਿਸ਼ਤੇਦਾਰਾਂ ਦਸਿਆ ਸੀ ਮੀਲ ਡੇਢ ਮੀਲ ਬਾਦ ਪਿੰਡ ਆ ਜਾਊ। ਅਸੀਂ ਦੋ ਮੀਲ ਚਲੇ ਗਏ। ਅਗੇ ਦੂਰ ਤਕ ਕੁਝ ਨਾ ਦਿਸੇ। ਬੌਂਦਲ ਜਿਹੇ ਗਏ। ਥੋੜਾ ਅਗੇ...

ਗਏ ਤਾਂ ਸੱਜੇ ਪਾਸੇ ਨਿੱਕਾ ਜਿਹਾ ਬੋਰਡ ਲਗਾ ਹੋਇਆ, ਘਣੀਏਕੇ। ਸਾਹ ਸੌਖਾ ਹੋਇਆ ਕਿ ਪਿੰਡ ਏਧਰ ਹੈ। ਬਾਈਕ ਦਾ ਹੈਂਡਲ ਉਧਰ ਨੂੰ ਮੋੜ ਲਿਆ। ਦੁਵੱਲੀ ਉਚੀ ਕਾਹੀ ਤੇ ਵਿਚ ਪਹਿਆਂ (ਪੰਜ ਛੇ ਫੁੱਟਾ ਰਸਤਾ)। ਵਿਚ ਵਿਚਾਲੇ ਕੁਝ ਡੰਡੀਆਂ ਇਧਰ ਉਧਰ ਨਿਕਲੀਆਂ। ਪਰ ਅਸੀਂ ਸਿਧੇ ਜਾਂਦੇ ਗਏ। ਮਸੀਂ ਅੱਧਾ ਕੁ ਮੀਲ ਗਏ ਹੋਵਾਂਗੇ, ਵੇਸੇ ਅਜਿਹੀ ਸਥਿਤੀ ਵਿਚ ਯਾਦ ਵੀ ਕਿਥੇ ਰਹਿੰਦੇ ਆ ਇਹੋ ਜਿਹੇ ਪੈਂਡੇ। ਅਗੇ ਇਕਦਮ ਚੜਾਈ ਆਈ ਜਿੰਵੇ ਧੁੱਸੀ ਤੇ ਚੜੇ ਹੋਈਏ ਤੇ ਰਸਤਾ ਬੰਦ। ਸਾਹਮਣੇ ਧਿਆਨ ਪਿਆ। ਲੱਕੜ ਦੀਆਂ ਚਾਰ ਥੰਮੀਆਂ ਤੇ ਬਣਿਆ 10 -12 ਫੁੱਟ ਉਚੇ ਚਬੂਤਰੇ ‘ਚ ਬੰਦੂਕ ਫੜੀ ਖੜਾ ਕਾਲੀ ਵਰਦੀ, ਲੰਬੀਆਂ ਮੁੱਛਾਂ, ਟੁਰਲੇ ਵਾਲਾ ਪਾਕਿਸਤਾਨੀ ਰੇਂਜਰ। ਸਾਡੀ ਤਾਂ ਖਾਨਿਓਂ ਖਾਨਿਓਂ ਗਈ। ਬੰਦੂਕ ਨੂੰ ਤਿਆਰ ਬਰ ਤਿਆਰ ਕਰ ਉਸਨੇ ਸਵਾਲ ਕੀਤਾ,
“ਸਰਦਾਰ ਜੀ ਕਿਧਰ ?”
ਡਰਦੇ ਡਰਦੇ ਮਸਾਂ ਹੀ ਬੋਲਿਆ ਗਿਆ ਕਿ ਘਣੀਏਕੇ ਪਿੰਡ ਜਾਣਾ ਸੀ, ਔਥੇ ਨਿਕੇ ਜਿਹੇ ਬੋਰਡ ਤੇ ਲਿਖਿਆ ਸੀ, ਇਸ ਕਰਕੇ ਇਧਰ ਆਗੇ। ਉਹ ਹਲਕਾ ਜਿਹਾ ਮੁਸਕਰਾਇਆ, ਤੇ ਆਪਣੇ ਆਪ ਵਿਚ ਬੋਲਿਆ, ਸਾਲੋਂ ਨੇ ਅਭੀ ਤਕ ਬੋਰਡ ਉਤਾਰਾ ਹੀ ਨਹੀਂ। ਤੇ ਉਹ ਸਾਨੂੰ ਮੁਖਾਤਬ ਹੋਇਆ,
“ਜਾਨ ਬਚਾਨੀ ਹੈ ਤੋਂ ਜਲਦੀ ਸੇ ਜਿਧਰ ਸੇ ਆਏ ਹੋ ਭਾਗ ਜਾਓ, ਹਮਾਰੇ ਅਫਸਰ ਨੇ ਦੇਖ ਲੀਆ, ਮੇਰੀ ਭੀ ਆਫਤ ਆਏਗੀ, ਆਪ ਕੀ ਤੋ ਆਨੀ ਹੀ ਹੈ।”
ਅਸਲ ਵਿਚ ਰਸਤੇ ਵਿਚ ਪਹੇ ਵਿਚੋਂ ਨਿਕਲੀ ਕਿਸੇ ਡੰਡੀ ਤੋਂ ਭੁੱਲ ਗਏ ਹੋਵਾਂਗੇ। ਉਹ ਬੋਰਡ ਸ਼ਾਇਦ ਭਾਰਤੀ ਬੀ ਐਸ ਐਫ ਚੌਕੀ ਦਾ ਸੰਕੇਤ ਹੋਵੇ, ਜੋ ਉਧਰ ਹੀ ਕਿਤੇ ਸੀ। ਪਰ ਅਸੀਂ ਪਾਕਿਸਤਾਨ ਵਿਚ ਜਾ ਵੜੇ।
ਮੈਨੂੰ ਨਹੀਂ ਯਾਦ ਕਿ ਸਾਡਾ ਮੋਟਰ ਸਾਈਕਲ ਸਟਾਰਟ ਸੀ ਜਾਂ ਕਿੱਕ ਮਾਰੀ ? ਪਿਛੇ ਨੂੰ ਕਿੰਵੇ ਘੁਮਾਇਆ । ਬੱਸ ਇਹ ਯਾਦ ਐ ਕਿ ਵਾਪਸ ਉਸੇ ਬੋਰਡ ਕੋਲ ਆਕੇ ਸਾਹ ਆਇਆ। ਉਥੇ ਰੁਕੇ ਤੇ ਮੈਂ ਨਾਲਦੇ ਨੂੰ ਕਿਹਾ ਭੰਨ ਦੇ ਐਹ ਬੋਰਡ ਵਾਲਾ ਡੰਡਾ। ਵਾਂਸ ਦੇ ਡੰਡੇ ਉਤੇ ਲਾਇਆ ਹੋਇਆ ਸੀ ਘਣੀਏਕੇ ਦਾ ਬੋਰਡ। ਫਿਰ ਅਗਾਂਹ ਕਿੰਨੇ ਜਾਣਾ ਸੀ, ਮਸੀਂ ਜਾਨ ਬਚੀ ਸੀ। ਰਾਵੀ ਵਾਲਾ ਲੱਕੜ ਦਾ ਪੁੱਲ ਪਾਰ ਕਰਕੇ ਮੇਨ ਸੜਕ ਵਾਲੇ ਧਰਮਕੋਟ ਰੰਧਾਵੇ ਅੱਡੇ ਤੇ ਆਕੇ ਰੇਹੜੀ ਤੋਂ ਸ਼ਕੰਜਵੀ ਦੇ ਗਲਾਸ ਪੀਕੇ ਮਨ ਨੂੰ ਧਰਵਾਸ ਆਈ ਕਿ ਹੁਣ ਕੋਈ ਖਤਰਾ ਨਹੀਂ। ਕਈ ਦਿਨ ਉਸ ਖੌਫ ਦੇ ਸੁਪਨੇ ਡਰਾਉਂਦੇ ਰਹੇ । ਕੁਝ ਦਿਨ ਤੋਂ ਸ਼ਾਂਤ ਮੇਰੇ ਬੋਲਾਂ ਤੋਂ ਮੇਰੀ ਮਾਂ ਨੇ ਸਮਝ ਲਿਆ ਸੀ ਕਿ ਪੁੱਤ ਨਾਲ ਕੁਝ ਮਾੜਾ ਵਾਪਰਿਆ। ਕਈ ਦਿਨ ਬਾਦ ਮੇਰੇ ਤੋਂ ਦਸ ਹੋਇਆ ਕਿ ਹੁਣ ਤਕ ਸ਼ਾਇਦ ਤੁਸੀ ਭੋਗ ਵੀ ਪਾ ਦਿਤਾ ਹੁੰਦਾ ਜੇ ਉਸ ਦਿਨ ਉਸ ਚੌਕੀ ਤੇ ਉਸ ਫਰਿਸ਼ਤੇ ਦੀ ਡਿਊਟੀ ਨਾ ਲਗੀ ਹੁੰਦੀ।
ਰਚਨਾ ਮਿਤੀ 12-06-2021
ਗੁਰਮਲਕੀਅਤ ਸਿੰਘ ਕਾਹਲੋਂ

+16044427676
+919814177676

...
...

Access our app on your mobile device for a better experience!



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)