ਪਟਨਾ ਸਾਹਿਬ ਇਕ ਵਾਰ ਮੈਂ ਸੰਧਿਆ ਦੇ ਵਕਤ ਬੈਠਾ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ। ਇਕ ਬਜ਼ੁਰਗ ਬਾਬੇ ਨੂੰ ਵੇਖਿਆ, ਉਹ ਆਇਆ ਹੈ ਹੁਣੇ ਹੀ, ਗਠੜੀ ਇਕ ਪਾਸੇ ਰੱਖੀ ਤੇ ਜਿਹੜਾ ਸੰਗਮਰਮਰ ਦਾ ਫ਼ਰਸ਼ ਸੀ, ਉਥੇ ਕੁਝ ਝਾਤ ਮਾਰ ਕੇ ਲੱਭਣ ਲੱਗਾ। ਧਿਆਨ ਜਦ ਮੇਰਾ ਇਸ ਬਜ਼ੁਰਗ ‘ਤੇ ਪਿਆ ਕਿ ਇਹ ਕੁਛ ਲੱਭ ਰਿਹਾ ਹੈ ਅੌਰ ਜਿੰਨੇ ਚਿਰ ਤੱਕ ਮੈਂ ਪਾਠ ਦਾ ਭੋਗ ਪਾਇਆ,ਉਨੇ ਚਿਰ ਤੱਕ ਉਹ ਕੁਛ ਲੱਭਦਾ ਹੀ ਰਿਹਾ। ਮੈਂ ਸੋਚਿਆ ਵਿਚਾਰੇ ਦੇ ਨੇਤਰ ਕਮਜ਼ੋਰ ਨੇ, ਕੋਈ ਚੀਜ਼ ਡਿੱਗ ਪਈ ਹੋਣੀ ਹੈ।
ਮੈਂ ਕੋਲ ਗਿਆ ਤੇ ਪੁੱਛਿਆ, “ਬਾਬਾ ਜੀ! ਕੀ ਗੁਆਚਿਆ ਹੈ? ਕਾਫ਼ੀ ਦੇਰ ਦੇ ਲੱਭ ਰਹੇ ਹੋ।”
ਆਖਣ ਲੱਗਾ, “ਕੁਛ ਨਹੀਂ ਗਿਆਨੀ ਜੀ, ਪਿਛਲੇ ਸਾਲ ਮੈਂ ਹਜ਼ਾਰ ਰੁਪਏ ਦੇ ਗਿਆ ਸੀ ਤੇ ਮੈਨੇਜਰ ਨੇ ਵਾਇਦਾ ਕੀਤਾ ਸੀ ਕਿ ਫ਼ਰਸ਼ ‘ਤੇ ਤੁਹਾਡਾ ਨਾਮ ਲਿਖਾਂਗੇ ਤੇ ਮੈਂ ਦੇਖਦਾ ਪਿਆ ਹਾਂ ਕਿ ਨਾਮ ਕਿਥੇ, ਕਿਹੜੀ ਥਾਂ ਤੇ ਲਿਖਿਆ ਹੋਇਆ ਹੈ?”
ਮੈਂ ਕਿਹਾ,”ਬਾਬਾ ਇਥੇ ਲੋਕੀਂ ਰੱਬ ਦਾ ਨਾਮ ਲੱਭਦੇ ਨੇ ਤੇ ਤੁਸੀਂ ਇਸ ਘਰ ਦੇ ਵਿਚ ਵੀ ਆਪਣਾ ਨਾਮ ਲੱਭਣ ਵਾਸਤੇ ਆਏ ਹੋ ਤੇ ਜੇ...
ਤੈਨੂੰ ਇਥੇ ਵੀ ਆਪਣੇ ਨਾਮ ਦੀ ਲੋੜ ਹੈ ਤਾਂ ਫਿਰ ਗੁਰੂ ਦਾ ਨਾਮ ਕਿੱਥੋਂ ਲੱਭੇਗਾ? ਕਿਹੜੀ ਥਾਂ ਤੋਂ ਲੱਭੇਗਾ?”
ਸੱਚ ਜਾਣਿਓ,ਗੁਰਦੁਆਰਿਆਂ ‘ਚ ਨੜੵਿੰਨਵੇਂ ਫ਼ੀਸਦੀ ਮਨੁੱਖ ਆਪਣਾ ਨਾਮ ਹੀ ਲੱਭਣ ਆਉਂਦੇ ਹਨ,ਆਪਣੇ ਨਾਮ ਦੀ ਹੀ ਚਰਚਾ ਕਰਨ ਆਉਂਦੇ ਹਨ। ਮੈਂ ਉਸ ਦਿਨ ਮਹਾਰਾਜ ਅੱਗੇ ਅਰਦਾਸ ਕੀਤੀ,’ਹੇ ਸੱਚੇ ਪਾਤਿਸ਼ਾਹ! ਜਿਨ੍ਹਾਂ ਬੰਦਿਆਂ ਨੇ, ਤੇਰਾ ਚਿੱਟਾ ਫ਼ਰਸ਼,ਚਿੱਟਾ ਨਹੀਂ ਰਹਿਣ ਦਿੱਤਾ,ਤੇਰੀਆਂ ਚਿੱਟੀਆਂ ਦੀਵਾਰਾਂ ਚਿੱਟੀਆਂ ਨਹੀਂ ਰਹਿਣ ਦਿੱਤੀਆਂ,ਉਹਨਾਂ ਨੇ ਆਪਣਾ ਮਨ ਕਿਥੇ ਚਿੱਟਾ ਰਹਿਣ ਦਿੱਤਾ ਹੋਵੇਗਾ। ਇਕ ਹਉਮੈ ਸੀ, ਉਹ ਤੇਰੇ ਫ਼ਰਸ਼ ‘ਤੇ ਛਾ ਗਈ, ਤੇਰੀਆਂ ਦੀਵਾਰਾਂ ਤੇ ਛਾ ਗਈ। ਇਹਨਾਂ ਨੂੰ ਇਹ ਨਹੀਂ ਸਮਝ ਆਈ ਕਿ,
“ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ॥”
{ਅੰਗ ੬੯੪}
ਜਦ ਸਰੀਰ ਉਸ ਨੇ ਦਿੱਤਾ ਹੈ,ਸਰੀਰ ਦੀ ਤਾਕਤ ਉਸ ਨੇ ਦਿੱਤੀ ਹੈ,ਤੂੰ ਦਾਨੀ ਕਿਸ ਤਰ੍ਹਾਂ ਹੋ ਸਕਦਾ ਹੈਂ? ਨਹੀਂ,ਤੂੰ ਇਕ ਸਾਧਨ ਜਰੂਰ ਹੈਂ,ਕਰਤਾ ਨਹੀਂ। ਗੱਲ ਨੂੰ ਸਮਝੋ।
(ਗਿਆਨੀ ਸੰਤ ਸਿੰਘ ਜੀ ਮਸਕੀਨ)