More Punjabi Kahaniya  Posts
ਗੁਰਦਿੱਤਾ


“ਬੀਬੀ ਮੈਨੂੰ ਪੈਸੇ ਦੇਦੇ ਮੇਰਾ ਸਰੀਰ ਟੁੱਟੀ ਜਾਂਦਾ ,ਨਹੀਂ ਮੈਂ ਮਰਜੂੰ ਬੀਬੀਏ ਪੈਸੇ ਦੇਦੇ” ਗੁਰਦਿੱਤ ਨੇ ਲੜਕੜਾਉਂਦੀ ਜਬਾਨ ‘ਚ ਗੁੱਸੇ ਹੁੰਦਿਆਂ ਆਪਣੀ ਮਾਂ ਗੇਜੋ ਤੋਂ ਨਸ਼ੇ ਵਾਸਤੇ ਪੈਸੇ ਮੰਗਦਿਆਂ ਕਿਹਾ |
“ਕਿੱਥੋਂ ਹਰੇ ਕਰਦਿਆਂ ਤੈਨੂੰ ਹੁਣ , ਸਾਰਾ ਘਰ ਤਾਂ ਵੇਚਕੇ ਖਾ ਗਿਆ ” ਗੇਜੋ ਨੇ ਵੀ ਅੱਗੋਂ ਔਖੀ ਹੁੰਦੀ ਨੇ ਉੱਤਰ ਦਿੱਤਾ |
“ਪੈਸੇ ਤਾਂ ਮੈਂ ਲੈਕੇ ਈ ਜਾਊਂ ” , ਏਨਾ ਆਖ ਕੇ ਉਹ ਸੰਦੂਕ ਵਾਲੇ ਅੰਦਰ ਜਾ ਵੜਿਆ |
ਅੰਦਰ ਸੰਦੂਕ ਨੂੰ ਲੱਗੀ ਨਿੱਕੀ ਜਿਹੀ ਜਿੰਦਰੀ ਨੂੰ ਇੱਟ ਨਾਲ ਭੰਨ ਕੇ ਅੰਦਰਲੇ ਰਖਣੇ ‘ਚੋਂ ਗੇਜੋਂ ਦੇ ਢਿੱਡ ਨੂੰ ਗੰਢਾਂ ਦੇ ਦੇ ਜੋੜੇ ਪੈਸੇ ਚੱਕ ਕੇ ਬਾਹਰ ਨੂੰ ਜਾਣ ਲੱਗਿਆ ਤਾਂ ਗੇਜੋ ਉਹਦੇ ਹੱਥੋਂ ਪੈਸੇ ਖੋਹਣ ਲੱਗੀ ਤਾਂ ਗੁਰਦਿੱਤਾ ਗੇਜੋ ਨੂੰ ਧੱਕਾ ਮਾਰ ਕੇ ਅੰਦਰੋਂ ਬਾਹਰ ਨਿਕਲ ਗਿਆ | ਧੱਕਾ ਵੱਜਣ ਨਾਲ ਗੇਜੋ ਦਾ ਸਿਰ ਸੰਦੂਕ ਦੇ ਕੋਲ ਪਏ ਮੰਜੇ ਦੇ ਪਾਵੇ ਤੇ ਜਾ ਵੱਜਿਆ ਤੇ ਗੇਜੋ ਦਰਦ ਨਾਲ ਕਰਾਹ ਉੱਠੀ |
“ਵੇ ਸੁੱਖਾਂ ਸੁੱਖ-ਸੁੱਖ ਲਿਆ ਸੀ ਤੈਨੂੰ ,ਕਿਉਂ ਬੁੱਢੇ ਵਾਰੇ ਮੇਰੇ ਸਿਰ ਖੇਹ ਪਵਾਉਣਾ ਏਂ | ਜਾਹ ਮੇਰਾ ਤੇ ਮੇਰੀ ਧੀ ਦਾ ਫਾਹਾ ਵੱਢ ਦੇ ਫੇਰ ਜੋ ਮਰਜੀ ਕਰੀਂ ਜਾਈਂ ” ਗੇਜੋ ਨੇ ਰੋਂਦੀ-ਕੁਰਲਾਉਂਦੀ ਨੇ ਕਿਹਾ |
ਪਰ ਗੁਰਦਿੱਤਾ ਸਾਰਾ ਕੁਛ ਅਣਸੁਣਿਆਂ ਕਰਕੇ ਬਾਹਰ ਭੱਜ ਗਿਆ , ਉਹਨੂੰ ਆਵਦੀ ਮਾਂ ਦੀ ਜਾਂ ਘਰ ਪਰਿਵਾਰ ਦੀ ਭੋਰਾ ਵੀ ਫਿਕਰ ਨਹੀਂ ਸੀ |
…………
ਗੇਜੋ ਕਿੰਨਾਂ ਚਿਰ ਰੋਂਦੀ ਰਹੀ ਤੇ ਫੇਰ ਆਪਣਾ ਆਪ ਸਮੇਟ ਕੇ ਭੁੰਜਿਓਂ ਉੱਠੀ ਤੇ ਮੰਜੇ ਤੇ ਪੈ ਗਈ | ਸਾਹਮਣੇ ਕੰਧ ਤੇ ਉਹਦੇ ਘਰਵਾਲੇ ਦੀ ਫੋਟੋ ਲੱਗੀ ਹੋਈ ਸੀ ਜਿਸਦੇ ਥੱਲੇ ਲਿਖਿਆ ਸੀ ਸਵ : ਜਗਤਾਰ ਸਿੰਘ , ਜੀਹਨੂੰ ਗੁਜਰਿਆਂ ਪੰਜ ਵਰੇ ਹੋ ਗਏ ਸੀ , ਉਹ ਅੱਧੀ ਜਮੀਨ ਨਸ਼ਿਆਂ ਲੇਖੇ ਲਾ ਗਿਆ ਤੇ ਆਪ ਵੀ ਤੜਫ-ਤੜਫ ਕੇ ਮਰਿਆ , ਨੌਂ ਕਿੱਲੇ ਜਮੀਨ ਵਿੱਚੋਂ ਪੰਜ ਉਹ ਨਸ਼ਿਆਂ ਵਿੱਚ ਤੇ ਜੂਏ ‘ਚ ਗਵਾ ਗਿਆ ਤੇ ਜਦੋਂ ਮੰਜੇ ਤੇ ਪਿਆ ਤਾਂ ਇੱਕ ਕਿੱਲਾ ਉਹਦੇ ਇਲਾਜ ‘ਚ ਵਿਕ ਗਿਆ ਪਰ ਬਚਿਆ ਫੇਰ ਨਾ | ਗੁਰਦਿੱਤ ਪੜਨ ਵੱਲੋ ਬਿਲਕੁਲ ਮਾਧੋ ਸੀ ਤੇ ਉਹਦੀ ਸੰਗਤ ਪਿੰਡ ਦੇ ਗਿਣਵੇਂ ਅਮਲੀਆਂ ਨਾਲ ਸੀ ਤਾਂ ਉਹਨੂੰ ਪਾਹ ਲੱਗਣਾ ਸੁਭਾਵਕ ਸੀ , ਪਹਿਲੋਂ ਮਾਂ ਤੇ ਭੈਣ ਤੋਂ ਚੋਰੀ ਨਸ਼ਾ ਕਰਦਾ ਸੀ ਪਰ ਜਦੋਂ ਪੜਾਈ ਲਿਖਾਈ ਛੱਡ ਦਿੱਤੀ ਤਾਂ ਮਾਂ ਨੇ ਪੈਸੇ ਦੇਣੇ ਵੀ ਬੰਦ ਕਰਤੇ ਤੇ ਕਿਹਾ ਕੋਈ ਕੰਮ ਧੰਦਾ ਕਰ ਕੇ ਘਰ ਦਾ ਚਾਘਾ ਚੱਕ ਪਰ ਓਸ ਸਮੇ ਤੱਕ ਤਾਂ ਗੁਰਦਿੱਤਾ ਨਸ਼ੇ ‘ਚ ਗਰਕ ਹੋ ਚੁੱਕਿਆ ਸੀ ਤੇ ਹੁਣ ਉਹ ਨਸ਼ੇ ਲਈ ਚੋਰੀਆ ਵੀ ਕਰਦਾ ਘਰੋ ਵੀ ਤੇ ਬਾਹਰੋਂ ਵੀ | ਕਈ ਵਾਰ ਉਹਨੂੰ ਪੁਲਸ ਲੁੱਟਾਂ ਖੋਹਾ ਵਿੱਚ ਫੜ ਚੁੱਕੀ ਸੀ ਤੇ ਗੇਜੋ ਹਰ ਵਾਰ ਉਹਨੂੰ ਮੋਟੀ ਕੀਮਤ ਅਦਾ ਕਰਕੇ ਛੁਡਾ ਲਿਆਉਂਦੀ ਸੀ , ਥਾਣਿਆਂ ਕਚਿਹਰੀਆਂ ਵਿੱਚ ਉਹਦਾ ਆਉਣਾ ਜਾਨਾ ਲੱਗਾ ਰਹਿੰਦਾ ਸੀ ਤਾਂ ਜਮੀਨ ਨੇ ਕਿੱਥੇ ਖੜਨਾ ਸੀ , ਜਮੀਨ ਘਟਦੀ ਘਟਦੀ ਚਾਰ ਕਨਾਲਾ ਰਹਿ ਗਈ ਸੀ ਜੀਹਦੇ ਚੋਂ ਖਾਣ ਜੋਗੇ ਦਾਣੇ ਮਸਾਂ ਹੁੰਦੇ ਸੀ , ਜਦੋਂ ਉਹ ਵਿਆਹ ਕੇ ਆਈ ਸੀ ਤਾਂ ਉਹ ਨੌਂ ਕਿੱਲਿਆਂ ਦੀ ਮਾਲਕਣ ਅੰਗਰੇਜ ਕੌਰ ਸੀ ਤੇ ਅੱਜ ਉਹ ਆਵਦਾ ਗੁਜਾਰਾ ਲੋਕਾਂ ਦੇ ਕੱਪੜੇ ਸਿਉਂ ਕੇ ਕਰਨ ਵਾਲੀ ਗੇਜੋ ਬਣਕੇ ਰਹਿ ਗਈ ਸੀ , ਕੁੜੀ ਗੁਰਦਿੱਤੇ ਤੋਂ ਵੱਡੀ ਸੀ ਤੇ ਗੇਜੋ ਨੂੰ ਦਿਨ ਰਾਤ ਉਹਨਾਂ ਦੇ ਵਿਆਹ ਦੀ ਚਿੰਤਾ ਖਾਈ ਜਾਂਦੀ ਸੀ , ਭਰਾ ਦੇ ਨਸ਼ੇੜੀ ਹੋਣ ਕਰਕੇ ਕੋਈ ਵੀ ਉਹਨਾ ਨਾਲ ਨਾਤਾ ਨਹੀਂ ਸੀ ਜੋੜਨਾ ਚਾਹੁੰਦਾ , ਆਵਦੇ ਵਿਆਹ ਵੇਲੇ ਦੀਆਂ ਟੂਮਾਂ ਉਹਨੇ ਧੀ ਦੇ ਵਿਆਹ ਲਈ ਸਾਂਭੀਆਂ ਹੋਈਆਂ ਸੀ ਜੋ ਹਜੇ ਤੱਕ ਗੁਰਦਿੰਤੇ ਤੋਂ ਬਚੀਆਂ ਹੋਈਆਂ ਸੀ |
…………
ਗੁਰਦਿੱਤਾ ਆਪਣੀ ਮਾਂ ਗੇਜੋ ਤੋਂ ਜਿਹੜੇ ਪੈਸੇ ਖੋਹ ਕੇ ਲਗਿਆ ਸੀ ਉਹਦੇ ਨਾਲ ਉਹਦੇ ਕੁਛ ਦਿਨ ਸੌਖੇ ਲੰਘ ਗਏ ,ਨਹੀਂ ਤਾਂ ਉਹ ਆਏ ਦਿਨ ਘਰੋਂ ਕੋਈ ਨਾ ਕੋਈ ਚੀਜ ਚੱਕ ਕੇ ਵੇਚ ਦਿੰਦਾ ਸੀ , ਹੁਣ ਗੇਜੋ ਨੂੰ ਵੀ ਕੁਛ ਸੌਖਾ ਸਾਹ ਆਇਆ , ਤਾਂ ਉਹਨੇਂ ਔਖੇ-ਸੌਖੇ ਹੋ ਕੇ ਆਵਦੀ ਧੀ ਦਾ ਰਿਸ਼ਤਾ ਤੈਅ ਕਰ ਦਿੱਤਾ , ਚੁੰਨੀ ਚੜਾਉਣ ਦਾ ਹੀ ਪੱਕਾ ਕੀਤਾ , ਗੁਰਦਿੱਤੇ ਨੂੰ ਕੋਈ ਹੋਸ਼ ਨਹੀਂ ਸੀ ਉਹ ਪਿੰਡ ਦੇ ਅਮਲੀਆ ਨਾਲ ਨਸ਼ੇ ਵਿੱਚ ਧੁੱਤ ਹੋਇਆ ਪਿਆ ਸੀ ਤਾਂ ਉਹਨੂੰ ਕਿਸੇ ਨੇ ਕਿਹਾ “ਕੰਜਰਾ ਅੱਜ ਤੇਰੀ ਭੈਣ ਦਾ ਸ਼ਗਨ ਆ ਤੇ ਤੂੰ ਹੈਥੇ ਪਿਆ...

, ਜਵਾਂ ਪਿਉ ਆਲੇ ਲੱਛਣ ਆ | ” ਪਰ ਉਹਨੂੰ ਕੋਈ ਸੁਰਤ ਨੀ ਸੀ , ਜਦੋਂ ਥੋੜਾ ਜਿਹਾ ਨਸ਼ਾ ਲੱਥਾ ਤਾਂ ਉਹਨੂੰ ਫੇਰ ਨਸ਼ੇ ਦੀ ਤੋੜ ਲੱਗਣ ਲੱਗੀ ਤਾਂ ਉਹਨੇ ਕੁੜਤੇ ਦੇ ਗੀਝੇ ਫਰੋਲੇ ਪਰ ਵਿੱਚੋਂ ਕੁਝ ਨਾ ਨਿਕਲਿਆ , ਤਾਂ ਉਹ ਨਾਲਦੇ ਅਮਲੀਆਂ ਕੋਲ ਗਿਆ ਤੇ ਨਸ਼ਾ ਮੰਗਣ ਲੱਗਾ ਤਾਂ ਉਹਨਾ ਨੇ ਕਿਹਾ ਕਿ ਪੈਸੇ ਲਿਆ ਤੇ ਜਿੰਨਾ ਮਰਜੀ ਲੈਜਾ ਪਰ ਪੈਸੇ ਤਾਂ ਉਹਦੇ ਕੋਲ ਹੈਨੀ ਸੀ ਤਾਂ ਉਹ ਮਿੰਨਤਾ ਕਰਨ ਲੱਗਾ ਕਿ ਅੱਜ ਦੇਦਿਓ ਮੈਂ ਘਰੋਂ ਪੈਸੇ ਲਿਆ ਕੇ ਦੇਦੂਂ ਪਰ ਕਿਸੇ ਨੇ ਵੀ ਉਹਦੀ ਗੱਲ ਨਾ ਮੰਨੀ ਤੇ ਉਹਨੂੰ ਕੁਛ ਨਾ ਦਿੱਤਾ , ਹੁਣ ਗੁਰਦਿੱਤੇ ਦੇ ਸਰੀਰ ਵਿੱਚੋਂ ਨਸ਼ੇ ਦੀ ਤੋੜ ਕਰਕੇ ਲਾਟਾਂ ਨਿਕਲ ਰਹੀਆਂ ਸੀ ਤੇ ਗੁਰਦਿੱਤਾ ਘਰ ਵੱਲ ਨੂੰ ਭੱਜਿਆ ਕਿਉਂਕਿ ਉਹਦੀ ਆਖਰੀ ਉਮੀਦ ਘਰ ਹੀ ਸੀ |
……..
ਦੂਜੇ ਪਾਸੇ ਘਰ ਵਿੱਚ ਗੁਰਦਿੱਤੇ ਦੀ ਭੈਣ ਨੂੰ ਸ਼ਗਨ ਲੱਗਣਾ ਸੀ , ਤੇ ਅੱਜ ਗੇਜੋ ਖੁਸ਼ ਨਜਰ ਆ ਰਹੀ ਸੀ , ਉਹ ਚਾਂਈ ਚਾਂਈ ਮੁੰਡੇ ਵਾਲਿਆਂ ਦੀ ਉਡੀਕ ਕਰ ਰਹੀ ਸੀ ਪਰ ਉਹਦੇ ਚਿੱਤ ਵਿੱਚ ਗੁਰਦਿੱਤਾ ਵੀ ਘੁੰਮ ਰਿਹਾ ਸੀ ਕਿ ਖੌਰੇ ਉਹ ਕਿੱਥੇ ਨਸ਼ੇ ‘ਚ ਧੁੱਤ ਪਿਆ ਹੋਊਗਾ , ਓਧਰ ਭੈਣ ਵੀ ਘੜੀ-ਮੁੜੀ ਬੂਹੇ ਵੱਲ ਵੇਖ ਰਹੀ ਸੀ ਕਿ ਖਬਰੇ ਹੁਣ ਵੀ ਗੁਰਦਿੱਤਾ ਆ ਜਾਵੇ | ਇਨੇ ਚਿਰ ਨੂੰ ਗੁਰਦਿੱਤਾ ਘਰ ਵਿੱਚ ਦਾਖਲ ਹੋਇਆ ਵਾਲ ਖਿੱਲਰੇ ਹੇਏ , ਪੈਰੋਂ ਨੰਗਾ ਤੇ ਪਾਟਿਆ ਕੁੜਤਾ ਗਲ ਪਾਇਆ ਹੋਇਆ ਸੀ ਤਾਂ ਗੇਜੋ ਉਹਨੂੰ ਵੇਖ ਕੇ ਹੀ ਸਮਝ ਗਈ ਕਿ ਇਹ ਨਸ਼ੇ ਵਾਸਤੇ ਪੈਸੇ ਲੈਣ ਆਇਆ ਹੈ , ਗੁਰਦਿੱਤਾ ਭੱਜ ਕੇ ਸੰਦੂਕ ਵਾਲੇ ਕਮਰੇ ਵਿੱਚ ਵੜ ਗਿਆ ਤੇ ਜਿਹੜੀਆਂ ਟੂਮਾਂ ਗੇਜੋ ਨੇ ਆਪਣੀ ਧੀ ਨੂੰ ਦੇਣ ਲਈ ਅੱਜ ਹੀ ਟਰੰਕ ਵਿੱਚੋਂ ਕੱਢ ਕੇ ਸੰਦੂਕ ਦੇ ਅੰਦਰਲੇ ਰਖਣੇ ਵਿੱਚ ਰੱਖੀਆਂ ਸੀ , ਗੁਰਦਿੱਤਾ ਉਹਨਾਂ ਟੂਮਾਂ ਨੂੰ ਚੱਕ ਕੇ ਭੱਜਣ ਲੱਗਾ ਸੀ ਤਾਂ ਗੇਜੋ ਨੇ ਉੱਤੋਂ ਪਹੁੰਚ ਕੇ ਉਹਨੂੰ ਗੁੱਟ ਤੋਂ ਫੜ ਲਿਆ ਪਰ ਗੁਰਦਿੱਤਾ ਫੇਰ ਆਪਣੀ ਮਾਂ ਨੂੰ ਧੱਕਾ ਮਾਰ ਕੇ ਬਾਹਰ ਨੂੰ ਭੱਜ ਗਿਆ ਤੇ ਗੇਜੋ ਭੁੰਜੇ ਡਿੱਗ ਗਈ ਤੇ ਬੇਸੁੱਧ ਹੋ ਗਈ ਕਿਉਕਿ ਉਹਦੀ ਉਮਰ ਭਰ ਦੀ ਪੂੰਜੀ ਗੁਰਦਿੱਤਾ ਲੈਕੇ ਜਾ ਚੁੱਕਾ ਸੀ , ਬਾਹਰੋਂ ਉਹਦੀ ਧੀ ਨੇ ਆ ਕੇ ਉਹਨੂੰ ਸੰਭਾਲਿਆ |
…………..
ਗੁਰਦਿੱਤਾ ਭੱਜ ਕੇ ਉਹਨਾਂ ਹੀ ਅਮਲੀਆਂ ਕੋਲ ਗਿਆ ਤੇ ਉਹਨਾਂ ਨੂੰ ਉਹੀ ਟੂਮਾਂ ਦੇ ਕੇ ਬਹੁਤ ਸਾਰਾ ਨਸ਼ਾ ਲਿਆ ਤੇ ਓਥੇ ਹੀ ਬਹਿਕੇ ਟੀਕਾ ਭਰਕੇ ਆਪਣੀ ਨਾੜ ਵਿੱਚ ਲਾਉਣ ਲੱਗਾ ਤਾਂ ਦੂਜੇ ਅਮਲੀ ਨੇ ਕਿਹਾ ਕਿ “ਸਾਰਾ ਨਾ ਲਾ ਕੰਜਰਾ ਮਰਜੇਂਗਾ” ਤਾਂ ਨਾਲਦਾ ਜੋ ਪਹਿਲਾਂ ਹੀ ਨਸ਼ੇ ‘ਚ ਟੁਨ ਸੀ ਉਹ ਕਹਿਣ ਲੱਗਾ ਕਿ “ਤੂੰ ਲਾ ਬਾਈ , ਆਂਏ ਨੀ ਮਰਦਾ ਲਾ ਤੂੰ” , ਗੁਰਦਿੱਤੇ ਨੇ ਬਿਨਾ ਕਿਸੇ ਦੀ ਸੁਣੇ ਉਹ ਪੂਰਾ ਟੀਕਾ ਆਪਣੀ ਨਾੜ ਵਿੱਚ ਲਾ ਲਿਆ ਤੇ ਓਵਰਡੋਜ ਕਰਕੇ ਓਥੇ ਹੀ ਤੜਫਣ ਲੱਗਾ ਤਾਂ ਨਾਲਦੇ ਸਾਰੇ ਅਮਲੀ ਕੱਲੇ ਨੂੰ ਤੜਫਦਾ ਛੱਡ ਭੱਜ ਗਏ ਤੇ ਗੁਰਦਿੱਤਾ ਓਵੇਂ ਹੀ ਤੜਫਦਾ ਰਿਹਾ ਤੇ ਕੁਛ ਦੇਰ ਮਗਰੋ ਉਹਦਾ ਸਰੀਰ ਠੰਡਾ ਪੈ ਗਿਆ , ਉਹਦੀ ਨਾੜ ਵਿੱਚ ਲੱਗਿਆ ਟੀਕਾ ਓਵੇਂ ਦਾ ਓਵੇਂ ਹੀ ਸੀ , ਪਿੰਡ ਦੇ ਲੋਕਾਂ ਨੇ ਅਮਲੀਆਂ ਨੂੰ ਭੱਜੇ ਆਉਂਦੇ ਵੇਖ ਹੀ ਸਮਝ ਲਿਆ ਕਿ ਕੋਈ ਭਾਣਾ ਵਾਪਰ ਗਿਆ , ਪਰ ਜਦੋਂ ਨੂੰ ਲੋਕ ਪਹੁੰਚੇ ਉਦੋਂ ਤੱਕ ਗੁਰਦਿੱਤਾ ਖਤਮ ਹੋ ਚੁੱਕਾ ਸੀ , ਲੋਕਾਂ ਨੇ ਗੁਰਦਿੱਤੇ ਦੇ ਘਰੇ ਸੁਨੇਹਾ ਲਾਇਆ ਤਾਂ ਮਾਵਾਂ ਧੀਆਂ ਦੇ ਪੈਰੋਂ ਜਮੀਨ ਨਿਕਲ ਗਈ ਤੇ ਗੇਜੋ ਓਥੇ ਹੀ ਬੇਹੋਸ਼ ਹੋ ਕੇ ਡਿੱਗ ਪਈ ਕੇ ਕੁੜੀ ਆਪਣੀ ਮਾਂ ਨੂੰ ਸਾਂਭਣ ਲੱਗੀ ਤੇ ਆਪਣੀ ਬੁੱਕਲ ਵਿੱਚ ਲੈ ਕੇ ਜਾਰੋਜਾਰ ਰੋ ਰਹੀ ਸੀ ਤੇ ਨਾਲ ਨਾਲ ਆਪਣੀ ਮਾਂ ਨੂੰ ਹਲੂਣ ਹਲੂਣ ਕੇ ਉਠਾ ਰਹੀ ਸੀ ਤੇ ਜਦੋਂ ਉਹਦੀ ਮਾਂ ਨੂੰ ਹੋਸ਼ ਆਇਆ ਤਾਂ ਲੋਕ ਗੁਰਦਿੱਤੇ ਦਾ ਸਰੀਰ ਲੈਕੇ ਉਹਦੇ ਘਰੇ ਪਹੁੰਚ ਗਏ , ਜਿਹੜੇ ਘਰੇ ਸ਼ਗਨ ਲੱਗਣੇ ਸੀ ਓਥੇ ਸੱਥਰ ਵਿਛ ਗਏ । ਰੱਬ ਦੀ ਕੈਸੀ ਕਰਨੀ ਸੀ ਕਿ ਪੁੱਤ ਦੀ ਲਾਸ਼ ਘਰੇ ਵਿਹੜੇ ‘ਚ ਪਈ ਸੀ ਤੇ ਮੁੰਡੇ ਆਲਿਆਂ ਦੀ ਗੱਡੀ ਬੂਹੇ ‘ਚ ਖੜੀ ਸੀ ।
~ ਨਿਮਰਬੀਰ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)