ਵੱਡੇ ਵੀਰ ਜੀ ਅਕਸਰ ਆਖਿਆ ਕਰਦੇ..”ਓਏ ਛੋਟੇ ਗੱਲ ਯਾਦ ਰੱਖੀਂ..ਜਜਬਾਤੀ ਹੋ ਕੇ ਕਾਰੋਬਾਰ ਨਹੀਂ ਚੱਲਿਆ ਕਰਦੇ..ਕਾਮਯਾਬ ਕਾਰੋਬਾਰੀ ਉਹ ਜਿਹੜਾ “ਦਿਮਾਗ ਤੋਂ ਫੈਸਲਾ ਲੈ ਕੇ ਸੱਪ ਵੀ ਮਾਰ ਦੇਵੇ ਤੇ ਸੋਟੀ ਵੀ ਨਾ ਟੁੱਟਣ ਦੇਵੇ..”
ਉਸ ਦਿਨ ਸੁਵੇਰੇ ਸੁਵੇਰੇ ਓਹਨਾ ਆਪਣੇ ਕੋਲ ਸੱਦਿਆ..
ਆਖਣ ਲੱਗੇ ਸ਼ੈਲਰ ਤੇ ਕੰਮ ਹੋਰ ਘੱਟ ਗਿਆ ਏ..ਇੱਕ ਬੰਦੇ ਦੀ ਛਾਂਟੀ ਕਰਨੀ ਪੈਣੀ ਏ..ਕੋਈ ਨਾਮ ਬੋਲ..”
ਮੇਰੇ ਵਾਸਤੇ ਬੜਾ ਮੁਸ਼ਕਿਲ..ਹੁਣ ਕਿਸਦਾ ਨਾਮ ਦੇਵਾਂ..ਪਿੰਡਾਂ ਤੋਂ ਆਉਂਦੀ ਲੇਬਰ..ਸਾਰਿਆਂ ਦੇ ਹੀ ਨਿੱਕੇ-ਨਿੱਕੇ ਜਵਾਕ..ਗਰੀਬ ਟੱਬਰਾਂ ਵਿਚੋਂ..!
ਖੈਰ ਦੁਪਹਿਰ ਮਗਰੋਂ ਤੁਲਾਈ ਕਰਦੇ ਦਰਸ਼ਨ ਨੂੰ ਕੋਲ ਸੱਦਿਆ..ਫੈਸਲਾ ਸੁਣਾ ਦਿੱਤਾ..ਲੱਗਿਆ ਜਿੱਦਾਂ ਬਿਜਲੀ ਡਿੱਗ ਪਈ ਹੋਵੇ..ਹੱਥ ਜੋੜ ਆਖਣ ਲੱਗਾ ਜੀ ਨਿੱਕੇ ਨਿੱਕੇ ਜਵਾਕ ਨੇ..ਕੋਈ ਹੱਲ ਨਿੱਕਲਦਾ ਕਰੋ”
ਮੈਂ ਸਾਰੀ ਗੱਲ ਵੱਡੇ ਭਾਜੀ ਤੇ ਪਾ ਆਪਣੀ ਮਜਬੂਰੀ ਜਾਹਿਰ ਕਰ ਦਿੱਤੀ..!
ਘੰਟੇ ਕੂ ਬਾਅਦ ਸਾਰੀ ਲੇਬਰ ਦਫਤਰ ਦੇ ਬਾਹਰ ਇੱਕਠੀ ਹੋ ਗਈ..
ਮਨ ਹੀ ਮਨ ਸੋਚਿਆ ਜਰੂਰ ਰੋਸ ਅਤੇ ਗਿਲਾ ਸ਼ਿਕਵਾ ਜਾਹਿਰ ਕਰਨਗੇ..
ਪਰ ਗੱਲ ਹੋਰ ਨਿੱਕਲੀ..ਸਾਰੇ ਆਖਣ ਲੱਗੇ ਜੀ ਦਰਸ਼ਨ ਨੂੰ...
ਨੌਕਰੀ ਤੋਂ ਨਾ ਕੱਢੋ..ਦੋ ਧੀਆਂ ਦਾ ਬਾਪ ਅਤੇ ਉੱਤੋਂ ਬੁੱਢੇ ਮਾਪੇ..
ਅੱਗੋਂ ਜਿਹੜੀ ਗੱਲ ਨੇ ਮੈਨੂੰ ਪੂਰੀ ਤਰਾਂ ਸੁੰਨ ਕਰ ਕੇ ਰੱਖ ਦਿੱਤਾ ਉਹ ਇਹ ਸੀ ਕੇ ਸਾਰੇ ਇੱਕ ਮਤ ਹੋ ਕੇ ਆਖਣ ਲੱਗੇ ਜੀ ਇੰਝ ਕਰੋ ਇਸਦੀ ਜਿੰਨੀ ਵੀ ਤਨਖਾਹ ਬਣਦੀ ਏ ਓਨੀ ਰਕਮ ਸਾਡੇ ਸਾਰਿਆਂ ਦੀਆਂ ਤਨਖਾਹਾਂ ਵਿਚੋਂ ਬਰੋਬਰ-ਬਰੋਬਰ ਕੱਟ ਲਿਆ ਕਰਿਓ ਪਰ ਨੌਕਰੀ ਤੋਂ ਨਾ ਕੱਢੋ..ਕਿਥੇ ਜਾਊ ਹਮਾਤੜ ਮਹਾਮਾਰੀ ਦੇ ਇਸ ਦੌਰ ਵਿਚ..ਅਸੀਂ ਬੇਸ਼ੱਕ ਥੋੜੀ ਘੱਟ ਖਾ ਲਿਆ ਕਰਾਂਗੇ”
ਵੱਡੇ ਭਾਜੀ ਨਾਲ ਗੱਲ ਕੀਤੀ ਤਾਂ ਚੁੱਪ ਕਰ ਗਏ..ਨਜਰਾਂ ਵੀ ਹੇਠਾਂ ਝੁਕਾ ਲਈਆਂ..
“ਦਿਲ” ਤੋਂ ਫੈਸਲੇ ਲੈਂਦੇ ਕੁਝ ਐਸੇ ਇਨਸਾਨ ਸ਼ਾਇਦ ਪਹਿਲੀ ਵਾਰ ਵੇਖੇ ਸਨ ਜਿਹਨਾਂ ਨੇ ਸੱਪ ਵੀ ਮਾਰ ਦਿੱਤਾ ਤੇ ਸੋਟੀ ਵੀ ਟੁੱਟਣੋਂ ਬਚਾ ਲਈ ਸੀ!
ਹਰਪ੍ਰੀਤ ਸਿੰਘ ਜਵੰਦਾ
Harwinder singh
ਬਹੁਤ ਖੂਬ