ਕਾਤਿਲ

2

ਮੈਨੂੰ ਪੱਕਾ ਯਕੀਨ ਸੀ ਕੇ ਉਸਨੇ ਮੈਥੋਂ ਸੌ ਦਾ ਨੋਟ ਫੜਿਆ ਹੈ..
ਹੁਣ ਪੰਜਾਹਾਂ ਦੀ ਸਬਜੀ ਤੁਲਵਾ ਜਦੋਂ ਆਪਣਾ ਪੰਜਾਹ ਰੁਪਏ ਦਾ ਬਕਾਇਆ ਮੰਗਿਆ ਤਾਂ ਆਖਣ ਲੱਗਾ ਬੀਬੀ ਜੀ “ਅੱਲਾ ਕਸਮ” ਆਪ ਨੇ ਮੁਝੇ ਕੋਈ ਪੈਸੇ ਦੀਏ ਹੀ ਨਹੀਂ..ਆਪ ਅੱਛੇ ਸੇ ਯਾਦ ਕੀਜੀਏ..”

ਮੈਂ ਇੱਕ ਵਾਰ ਫੇਰ ਆਪਣਾ ਪਰਸ ਚੰਗੀ ਤਰਾਂ ਵੇਖਿਆ..
ਕੁਝ ਚਿਰ ਪਹਿਲਾ ਹੀ ਤਾਂ ਸੌ ਸੌ ਦੇ ਦੋ ਨੋਟ ਮੈਂ ਆਪ ਵੇਖੇ ਸਨ..ਹੁਣ ਤਾਂ ਅੰਦਰ ਸਿਰਫ ਇੱਕੋ ਨੋਟ ਹੀ ਸੀ..!

ਮੈਂ ਇੱਕ ਵਾਰ ਫੇਰ ਗੁੱਸੇ ਵਿਚ ਆ ਗਈ..”ਮੁਸਲਮਾਨ ਹੋ ਕੇ ਅੱਲਾ ਦੀ ਝੂਠੀ ਕਸਮ ਖਾਂਦਾ ਏ..ਰੱਬ ਦਾ ਖੌਫ ਖਾ ਕੁਝ..”

ਏਨੇ ਨੂੰ ਆਲੇ ਦਵਾਲੇ ਲੋਕ ਇੱਕਠੇ ਹੋਣੇ ਸ਼ੁਰੂ ਹੋ ਗਏ..

ਅਚਾਨਕ ਹੀ ਭੀੜ ਵਿਚੋਂ ਇਕ ਹੌਲੀ ਜਿਹੀ ਉਮਰ ਦਾ ਮੁੰਡਾ ਨਿੱਕਲਿਆ..
ਉਸਨੂੰ ਸ਼ਾਇਦ ਸਾਰੀ ਗੱਲ ਪਤਾ ਸੀ..ਉਸਨੇ ਆਉਂਦਿਆਂ ਹੀ ਉਸਨੂੰ ਜ਼ੋਰ ਦਾ ਥੱਪੜ ਮਾਰਿਆ..ਉਹ ਕਿੰਨੀ ਦੂਰ ਜਾ ਡਿੱਗਾ..!

ਫੇਰ ਉਸਨੇ ਉਸਦੇ ਗੱਲੇ ਵਿਚੋਂ ਕਿੰਨੇ ਸਾਰੇ ਨੋਟ ਕੱਢੇ..

ਮੈਨੂੰ ਪੰਜਾਹਾਂ ਦਾ ਨੋਟ ਫੜਾਉਣਾ ਹੋਇਆ ਆਖਣ ਲੱਗਾ ਤੁਸੀਂ ਹੁਣ ਜਾਓ..ਅਸੀ ਭੇਜਦੇ ਹਾਂ ਇਸ ਗੱਦਾਰ ਨੂੰ ਪਾਕਿਸਤਾਨ..!

ਬਾਕੀ ਦੇ ਸਾਰੇ ਪੈਸੇ ਉਸਨੇ ਮੇਰੇ ਸਾਮਣੇ ਹੀ ਆਪਣੀ ਜੇਬ ਵਿਚ ਪਾ ਲਏ..

ਮੈਂ ਆਖਣਾ ਚਾਹਿਆ ਕੇ ਤੂੰ ਗਲਤ ਕਰ ਰਿਹਾ ਪਰ ਮੇਰੀ ਪੇਸ਼ ਨਾ ਗਈ..ਫੇਰ ਕਿੰਨੀ ਸਾਰੀ ਭੀੜ ਨੇ ਉਸ ਸਬਜੀ ਵਾਲੇ ਨੂੰ ਘੇਰ ਲਿਆ..! /> ਰੌਲਾ ਪੈਂਦਾ ਵੇਖ ਰਿਖਸ਼ੇ ਵਾਲਾ ਕਾਹਲਾ ਪੈ ਗਿਆ..ਘਰੇ ਜਾਂਦੀ ਹੋਈ ਸੋਚ ਹੀ ਰਹੀ ਸਾਂ ਕੇ ਦੋਹਾਂ ਵਿਚੋਂ ਵੱਡਾ ਚੋਰ ਕੌਣ ਸੀ..?

ਅਚਾਨਕ ਹੀ ਖਿਆਲ ਆਇਆ..
ਪਰਸ ਵਿਚ ਰਖਿਆ ਇੱਕ ਹੋਰ ਨਿੱਕਾ ਪਰਸ ਖੋਹਲ ਉਸਨੂੰ ਵੇਖਣ ਲੱਗੀ..
ਅੰਦਰ ਖੂੰਜੇ ਵਿਚ ਸੌ ਦਾ ਇੱਕ ਨੋਟ ਵੇਖ ਆਂਦਰਾਂ ਨੂੰ ਕਾਹਲ ਜਿਹੀ ਪਈ..ਰਿਕਸ਼ੇ ਵਾਲੇ ਨੂੰ ਆਖਿਆ ਹੁਣੇ ਹੀ ਵਾਪਿਸ ਮੋੜ ਤੇ ਮੈਨੂੰ ਓਥੇ ਲੈ ਕੇ ਚੱਲ..!

ਓਥੇ ਅੱਪੜੀ ਤਾਂ ਭੀੜ ਖਿੰਡ ਚੁਕੀ ਸੀ..
ਉਹ ਸਬਜੀ ਵਾਲਾ ਵੀ ਓਥੇ ਨਹੀਂ ਸੀ ਦਿਸ ਰਿਹਾ..
ਬਸ ਖਿੱਲਰੀ ਹੋਈ ਸਬਜੀ ਅਤੇ ਪੁੱਠੀ ਹੋਈ ਉਸਦੀ ਰੇਹੜੀ ਸਾਰੀ ਕਹਾਣੀ ਬਿਆਨ ਕਰ ਰਹੀਆਂ ਸਨ..!
ਹੁਣ ਮੈਨੂੰ ਆਪਣਾ ਆਪ ਚੋਰ ਵੀ ਤੇ ਕਾਤਿਲ ਵੀ ਲੱਗ ਰਿਹਾ ਸੀ..
ਸਾਰੀ ਉਮਰ ਵੈਸ਼ਨੂੰ ਭੋਜਨ ਖਾਣ ਵਾਲੀ ਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਮੈਂ ਇੱਕ ਜਿਉਂਦਾ ਜਾਗਦਾ ਇਨਸਾਨ ਨਿਗਲ ਗਈ ਹੋਵਾਂ..!

ਸੋ ਦੋਸਤੋ ਇਹ ਤਾਂ ਸੀ ਲੰਘੇ ਮਾਰਚ ਦੇਸ਼ ਦੇ ਕੁਝ ਹਿੱਸਿਆਂ ਵਿਚ ਵਗੀ ਜਨੂੰਨੀ ਹਨੇਰੀ ਦੇ ਦੌਰਾਨ ਵਾਪਰੀ ਇੱਕ ਸੱਚੀ ਘਟਨਾ ਦਾ ਵੇਰਵਾ ਪਰ ਸਵੈ-ਚਿੰਤਨ ਕੀਤਿਆਂ ਏਨੀ ਗੱਲ ਤੇ ਸਾਫ ਹੋ ਜਾਂਦੀ ਏ ਕੇ ਸਾਡੇ ਆਪਣੇ ਘਰਾਂ ਵਿਚ ਜਦੋਂ ਕਦੇ ਕੋਈ ਕੀਮਤੀ ਚੀਜ ਅੱਖੋਂ ਓਹਲੇ ਹੋ ਜਾਵੇ ਤਾਂ ਪਹਿਲਾ ਸ਼ੱਕ ਚਿਰਾਂ ਤੋਂ ਪੋਚੇ ਲਾਉਂਦੀ ਕੰਮ ਵਾਲੀ ਤੇ ਹੀ ਜਾਂਦਾ ਏ..!

ਹਰਪ੍ਰੀਤ ਸਿੰਘ ਜਵੰਦਾ

Leave A Comment!

(required)

(required)


Comment moderation is enabled. Your comment may take some time to appear.

Comments

One Response

  1. Rekha Rani

    really ryt

Like us!