More Punjabi Kahaniya  Posts
ਵਿੰਡੋ


——— ਵਿੰਡੋ ( ਕਹਾਣੀ ) ———-
ਰਵੀ ਆਪਣਾ ਕੰਮ ਮੁਕਾ ਕੇ ਸ਼ਹਿਰੋਂ ਵਾਪਸ ਆ ਰਿਹਾ ਸੀ ਤਾਂ ਉਸਨੂੰ ਰਾਹ ਵਿੱਚ ਪੈਂਦੇ ਆਪਣੇ ਕਾਲਜ ਵੇਲੇ ਦੇ ਮਿੱਤਰ ਜੈਲੀ ਦੀ ਗੱਲ ਯਾਦ ਆ ਗਈ ਕਿ ਜਦੋਂ ਆਪਣੇ ਪਿੰਡਾਂ ਕੋਲ ਦੀ ਲੰਘਿਆ ਤਾਂ ਕਦੇ ਮਿਲਦਾ ਜਾਵੀਂ। ਹੁਣ ਭਾਵੇਂ ਉਹਨਾਂ ਨੂੰ ਮਿਲਿਆ ਖਾਸਾ ਵਕਤ ਹੋ ਗਿਆ ਸੀ ਤੇ ਕਦੇ – ਕਦੇ ਉਂਝ ਮੋਬਾਇਲ ਤੇ ਗੱਲ ਹੋ ਜਾਂਦੀ ਸੀ ਤੇ ਹਰ ਵੇਲੇ ੳਹ ਘਰ ਨਾ ਆਉਣ ਦਾ ਤਾਨਾ ਦਿੰਦਾ ਰਹਿੰਦਾ ਸੀ। ਚੱਲ ਮਨਾ , ਅੱਜ ਥੋੜਾ ਵਕਤ ਹੈ, ਇਹ ਵੀ ਪਾੜਾ ਕੱਢਦੇ ਜਾਈਏ। ਉੱਤੋਂ ਗਰਮੀ ਵੀ ਅੱਤ ਦਰਜੇ ਦੀ ਸੀ ਕਿਉਂਕਿ ਮਈ ਮਹੀਨਾ ਚੱਲ ਰਿਹਾ ਸੀ ਤੇ ਦਿਨ ਵੀ ਐਤਵਾਰ ਦਾ ਸੀ। ਅੱਜ ਤਾਂ ਉਹ ਘਰੇ ਹੀ ਹੋਣਾ ਹੈ , ਪ੍ਰਾਈਵੇਟ ਨੌਕਰੀ ਕਰਨ ਵਾਲੇ ਨੂੰ ਛੁੱਟੀ ਘਿਉ ਦੀ ਤਰਾਂ ਲੱਗਦੀ ਹੈ। ਬਸ, ਉਹ ਸੋਚਾਂ ਦੇ ਤਾਣੇਬਾਣੇ ਵਿੱਚ ਮੋਟਰ ਸਾਇਕਲ ਤੇ ਉਹਦੇ ਘਰ ਮੂਹਰੇ ਪਹੁੰਚ ਗਿਆ। ਬਾਰ ਖੜਕਾਇਆ ਤਾਂ ਉਹਦੀ ਪਤਨੀ ਨੇ ਆਓ ਜੀ ਕਹਿ ਕੇ ਅੰਦਰ ਬੁਲਾ ਲਿਆ ਤੇ ਆਪਣੇ ਪਤੀ ਜੈਲੀ ਨੂੰ ਅਵਾਜ਼ ਮਾਰੀ ਕਿ ਵੀਰ ਜੀ ਆਏ ਹਨ। ਰਵੀ ਨੂੰ ਦੂਰੋਂ ਦੇਖ ਕੇ ਜੈਲੀ ਨੇ ਤੇਲ ਚੋਣ ਦੀ ਗੱਲ ਆਖੀ ਤਾਂ ਰਵੀ ਹੱਸ ਪਿਆ। ਕਾਹਦਾ ਮਿੱਤਰਾ, ਟਾਇਮ ਹੀ ਨਹੀਂ ਲੱਗਦਾ ਕਬੀਲਦਾਰੀ ਵਿੱਚ ਮਿਲਣ ਦਾ , ਉਂਝ ਭਾਵੇਂ ਕਈ ਵਾਰ ਇੱਧਰ ਦੀ ਲੰਘਦੇ ਹਾਂ। ਨਾਲੇ ਤੈਨੂੰ ਕਿਹੜਾ ਸਾਡਾ ਪਿੰਡ ਦੂਰ ਹੈ ਜੈਲੀ , ਫੇਰ ਅਸੀਂ ਤੇਲ ਚੌ ਲਵਾਂਗੇ? ਹੁਣ ਬਾਈ ਤੈਨੂੰ ਮਿਲਦੇ ਹੀ ਰਹਾਂਗੇ , ਥੋੜਾ ਨਿਰਾਸ਼ ਹੋ ਕੇ ਜੈਲੀ ਨੇ ਕਿਹਾ। ਆਪਾਂ ਨੌਕਰੀ ਛੱਡ ਦੇਣੀ ਹੈ ਭਰਾਵਾ , ਆਪਾਂ ਤੋਂ ਨਹੀਂ ਰੋਜ਼ ਪਾਣੀ-ਪਾਣੀ ਹੋਇਆ ਜਾਂਦਾ। ਐਨੇ ਨੂੰ ਉਹਦੀ ਪਤਨੀ ਪਾਣੀ ਲੈ ਕੇ ਆ ਗਈ ਤੇ ਕਹਿਣ ਲੱਗੀ ਵੀਰ ਜੀ, ਇਹਨੂੰ ਸਮਝਾਓ ਕਿ ਨੌਕਰੀ ਨਾ ਛੱਡੇ , ਆਏਂ ਘਰ ਬੈਠਿਆਂ ਗੁਜ਼ਾਰਾ ਨਹੀਂ ਹੋਣਾ। ਜਦੋਂ ਜੈਲੀ ਦੀ ਪਤਨੀ ਪਾਣੀ ਪਿਆ ਕਿ ਚਾਹ ਲੈਣ ਚਲੀ ਗਈ ਤਾਂ ਜੈਲੀ ਰਵੀ ਨੂੰ ਕਹਿੰਦਾ ਬੜਾ ਚੰਗੇ ਸਮੇਂ ਤੇ ਸਾਡੇ ਘਰ ਗੇੜਾ ਮਾਰਿਆ। ਮੈਂ ਤੈਨੂੰ ਮੋਬਾਇਲ ਲਾ ਕੇ ਇਸ ਸੰਬੰਧ ਵਿੱਚ ਸਲਾਹ ਲੈਣੀ ਹੀ ਸੀ। ਚੰਗਾ ਤੂੰ ਆਪ ਹੀ ਆ ਗਿਆ, ਭਲਾਂ ਇਸ ਭਲੀ ਲੋਕ ਨੂੰ ਕੀ ਪਤਾ ਕੇ ਪ੍ਰਾਈਵੇਟ ਨੌਕਰੀ ਕਰਨੀ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੈ। ਗੱਲ – ਗੱਲ ਤੇ ਬੰਦੇ ਨੂੰ ਜ਼ਲੀਲ ਕੀਤਾ ਜਾਂਦਾ ਹੈ। ਤੂੰ ਆਪ ਵੀ ਤਾਂ ਇਸੇ ਗੱਲੋਂ ਨੌਕਰੀ ਛੱਡੀ ਹੈ। ਪਰ ਜੈਲੀ ਭਰਾਵਾ , ਮੇਰਾ ਘਰੇ ਸਰਦਾ ਸੀ ਪਰ ਤੇਰੇ ਆਰਥਿਕ ਹਾਲਾਤ ਓਨੇ ਚੰਗੇ ਨਹੀਂ ਹਨ। ਫਿਰ ਮਰਦਾ ਬੰਦਾ ਭਲਾਂ ਕਿੱਥੇ ਜਾਵੇ ਰਵੀ ਬਰੋ, ਹਰ ਵਕਤ ਸਾਡਾ ਬਾੱਸ ਵਿੰਡੋ ਖੋਲੋ, ਵਿੰਡੋ ਖੋਲੋ ਕਹਿੰਦਾ ਰਹਿੰਦਾ ਹੈ। ਫਿਰ ਤੁਸੀਂ ਖੋਲ੍ਹ ਦਿਆ ਕਰੋ , ਉਹ ਵਿੰਡੋ ਨਹੀਂ ਭਰਾਵਾ , ਦਿਮਾਗ ਦੀਆਂ ਖਿੜਕੀਆਂ ਕਹਿੰਦਾ। ਜਦੋਂ ਵੀ ਕਿਸੇ ਕੰਮ ਵਿੱਚ ਮਾੜੀ ਜਿਹੀ ਊਣਤਾਈ ਹੋ ਜਾਂਦੀ ਹੈ ਤਾਂ ਗੁੱਸੇ ਵਿੱਚ ਆਖਣ ਲੱਗ ਜਾਂਦਾ ਹੈ ਕਿ ਤੁਸੀ ਆਪਣੇ ਦਿਮਾਗ ਦੀਆਂ ਸਾਰੀਆਂ ਵਿੰਡੋ ਨਹੀਂ ਖੋਲ੍ਹਦੇ। ਕੰਮ ਚੰਗੀ ਤਰਾਂ ਧਿਆਨ ਨਹੀਂ ਕਰਦੇ, ਹਰ ਵੇਲੇ ਘੁਗੂ ਬਣੇ ਰਹਿੰਦੇ ਹੋ। ਗੁੱਸਾ ਨਾ ਕਰੀਂ ਜੈਲੀ ਭਰਾ, ਅਗਲਾ ਚੰਗੇ ਪੈਸਾ ਦਿੰਦਾ ਹੈ, ਕੰਮ ਤਾਂ ਅਗਲੇ ਨੇ ਕਰਾਉਣਾ ਹੀ ਹੈ। ਪੰਦਰਾਂ ਕੁ ਹਜ਼ਾਰ ਤਾਂ ਤੇਰੀ ਤਨਖਾਹ ਹੋਊ। ਪੰਦਰਾਂ ਹਜ਼ਾਰ ਤੋਂ ਖਿੱਝ ਕੇ ਜੈਲੀ ਮੱਥੇ ਤੇ ਹੱਥ ਮਾਰ ਕੇ ਕਹਿਣ ਲੱਗਾ ਕਿ ਲੋਕਾਂ ਨੂੰ ਦੱਸਣ ਲਈ ਤਾਂ ਪੰਦਰਾਂ ਹਜ਼ਾਰ ਹੀ ਹੈ ਪਰ ਸੱਚ ਦੱਸਾਂ ਤੈਨੂੰ ਉਂਝ ਤਾਂ ਨੌ ਹਜਾਰ ਹੀ ਹੈ, ਨਾਲੇ ਸੱਤ ਸਾਲ ਹੋ ਗਏ ਇੱਕੇ ਥਾਂ ਕੰਮ ਕਰਦਾ ਨੂੰ। ਸਾਡੇ ਦਿਮਾਗ ਦੀਆਂ ਅੱਧੀਆਂ ਵਿੰਡੋ ਤਾਂ ਤਨਖਾਹ ਨੂੰ ਵੇਖ ਕੇ ਹੀ ਬੰਦ ਹੋ ਜਾਂਦੀਆਂ ਹਨ, ਐਨੇ ਮਹਿੰਗਾਈ ਦੇ ਜ਼ਮਾਨੇ ਵਿੱਚ ਤੇ ਰਹਿੰਦੀਆਂ- ਖੂੰਹਦੀਆਂ ਬੇਇੱਜ਼ਤੀ ਦੇ ਡਰੋਂ ਹੋ ਜਾਂਦੀਆਂ ਹਨ। ਨਾ ਤੇਰਾ ਮਾਲਕ ਸਲਾਨਾ ਦੇ ਕਿੰਨੇ ਕੁ ਪੈਸੇ ਕਮਾ ਲੈਂਦਾ ਹੋਣਾ ਰਵੀ ਨੇ ਉਹਦੀ ਤਰਸ ਭਰੀ ਹਾਲਤ ਦੇਖ ਕੇ ਪੁੱਛਿਆ। ਕੋਈ ਚਾਰ-ਪੰਜ ਕਰੋੜ ਤਾਂ ਕਮਾ ਹੀ ਲੈਂਦਾ ਹੋਣਾ ਤਾਂ ਹੀ ਤਾਂ ਮਹਿੰਗੀਆਂ ਗੱਡੀਆਂ ਤੇ ਘੁੰਮਦਾ ਹੈ। ਚੰਗੇ ਸ਼ਹਿਰਾਂ ਵਿੱਚ ਉਹਦੀਆਂ ਜਾਇਦਾਦਾਂ ਹਨ। ਬਾਈ ਜੀ , ਉਹਦੇ ਕੋਲ ਚਾਰ ਛਿੱਲਡ ਹਨ ਤਾਂ ਹੀ ਉਹਦੀਆਂ ਸਾਰੀਆਂ ਵਿੰਡੋ ਖੁੱਲੀਆਂ ਹਨ। ਅਸੀਂ ਮਸਾਂ ਟਾਇਮ ਪਾਸ ਕਰਦੇ ਹਾਂ ਤਾਂ ਹੀ ਸਾਡੀਆਂ ਬੰਦ ਲੱਗਦੀਆਂ ਹਨ। ਪ੍ਰਾਈਵੇਟ ਨੌਕਰੀ ਕੀ ਤੇ ਨਖਰਾ ਕੀ ਜੈਲੀ ਸਿਹਾਂ, ਥੋੜਾ ਬਹੁਤ ਮਸਖਾ ਲਾ ਦਿਆ ਕਰ ਸਰ ਨੂੰ, ਉਹ ਕੀ ਹੁੰਦਾ...

ਭਰਾਵਾਂ? ਜੀ ਹਜੂਰੀ ਭਾਵ ਖੁਸ਼ਾਮਦ ਕਰ ਦਿਆ ਕਰ ਵੱਡੇ ਲੋਕਾਂ ਦੀ, ਫਿਰ ਵੇਖੀਂ ਤੇਰੀਆਂ ਸਾਰੀਆਂ ਵਿੰਡੋ ਖੁੱਲ ਜਾਣਗੀਆਂ। ਕਿਸੇ ਨੇ ਤੈਨੂੰ ਕੁੱਝ ਨਹੀਂ ਪੁੱਛਣਾ, ਐਸਾਂ ਕਰੇਗਾ। ਜੀ ਹਜੂਰੀ ਵਾਲੇ ਅੱਗੇ ਹੀ ਥਥੇਰੇ ਹਨ , ਉਹਦੇ ਮੂਹਰੇ ਭੂੰਡਾਂ ਵਾਂਗ ਬਥੇਰੇ ਘੁੰਮਦੇ ਹਨ , ਸਾਨੂੰ ਕਿਹਨੇ ਨੇੜੇ ਹੋਣ ਦੇਣਾ? ਨਾਲੇ ਆਪਣਾ ਐਹੋ ਜਿਹਾ ਸੁਭਾਅ ਨਹੀਂ ਹੈ, ਨਹੀਂ ਤਾਂ ਆਪਾਂ ਵੀ ਸੁਰਖੀਆਂ ਵਿੱਚ ਹੁੰਦੇ। ਨਾ ਤੇਰੇ ਸਾਹਿਬ ਦੀ ਉਮਰ ਕਿੰਨੀ ਕੁ ਹੈ। ਹੋਊਗੀ ਲਗਪਗ ਸੱਠ ਸਾਲ ਦੇ ਕਰੀਬ ਤੇ ਉਹਨੂੰ ਫਿਰ ਥੋੜਾ ਘੱਟ ਵੀ ਸੁਣਦਾ ਹੋਣਾ। ਤੈਨੂੰ ਇਹ ਕਿਵੇਂ ਪਤਾ ਲੱਗਿਆ ਭਰਾਵਾ, ਜਵਾਂ ਜੋਤਸੀਆਂ ਵਾਲੀਆਂ ਗੱਲਾਂ ਕਰਦਾ। ‘ਸਠੀ ਕੇ ਬੋਢੇਪਾ ਆਵੈ’ ਗੁਰਬਾਣੀ ਆਖਦੀ ਹੈ ਭਰਾਵਾ,ਪੜਿਆ ਕਰ। ਥੋੜਾ ਔਖਾ- ਸੌਖਾ ਹੋ ਕੇ ਹੋਰ ਸਾਲ ਲੰਘਾ ਲੈ , ਹੁਣ ਤਾਂ ਸਾਰੀਆਂ ਵਿੰਡੋ ਉਹਦੀਆਂ ਬੰਦ ਹੋਣ ਵਾਲੀਆਂ ਹਨ। ਜਦੋਂ ਭਰਾਵਾ ਥੋੜਾ ਬੁਢਾਪਾ ਆ ਜਾਵੇ ਤਾਂ ਬੰਦੇ ਦੇ ਇੰਦਰੇ ਪਿੱਛੇ ਹਟਣ ਲੱਗ ਜਾਂਦੇ ਹਨ ਭਾਵ ਕੰਮ ਕਰਨੋ ਹੱਟ ਜਾਂਦੇ ਹਨ। ਇਹਨਾਂ ਤਕੜੇ ਬੰਦਿਆਂ ਦੇ ਨਹੀਂ ਹੱਟਦੇ , ਇਹ ਤਾਂ ਆਮ ਬੰਦਿਆਂ ਦੇ ਹੀ ਹੱਟਦੇ ਹਨ। ਇਹਨੂੰ ਨੂੰ ਤਾਂ ਸਗੋਂ ਬੁਢਾਪੇ ਵਿੱਚ ਜਵਾਨੀ ਚੜਦੀ ਹੈ। ਚੱਲ ਛੱਡ ਮਿੱਤਰਾ , ਤਕੜੇ ਦਾ ਸਲਾਹੁਣਾ ਕੀ ਤੇ ਗਰੀਬ ਨੂੰ ਨਿੰਦਣਾ ਕੀ? ਐਨੇ ਨੂੰ ਚਾਹ ਆ ਜਾਂਦੀ ਹੈ ਤੇ ਦੋਵੇਂ ਚੁਸਕੀਆਂ ਲੈਣੀਆ ਸ਼ੁਰੂ ਕਰ ਦਿੰਦੇ ਹਨ। ਇਕੱਲੀ ਵਿੰਡੋ ਵਾਲੀ ਗੱਲ ਨਹੀਂ ਹੈ, ਸਗੋਂ ਥਾਂ-ਥਾਂ ਸ਼ੋਸ਼ਣ ਹੁੰਦਾ ਭਰਾ  ਜੀ। ਪਹਿਲਾਂ ਤਾਂ ਛੇਤੀ ਛੁੱਟੀ ਨਹੀਂ ਲੈ ਸਕੇ, ਜੇ ਇੱਕ ਤੋਂ ਵੱਧ ਲਈ ਤਾਂ ਤਿੰਨ ਛੁੱਟੀਆਂ ਦੇ ਪੈਸੈ ਕੱਟਦੇ ਹਨ। ਇੱਕ ਘੰਟੇ ਦੀ ਛੁੱਟੀ ਦੇ ਅੱਧੇ ਦਿਨ ਦੇ ਪੈਸੇ ਕੱਟਦੇ ਹਨ ਤੇ ਹੋਰ ਤਾਂ ਹੋਰ ਨੌਕਰੀ ਤੇ ਜੁਆਇਨ ਤੋੰ ਪਹਿਲਾਂ ਸਫੈਦ ਪੇਪਰ ਤੇ ਸਾਈਨ ਕਰਵਾਉਂਦੇ ਹਨ । ਕੰਮ ਭਰਾਵਾ ਗਧਿਆਂ ਵਾਂਗ ਕਰਵਾਉਂਦੇ ਹਨ ਤੇ ਤੈਨੂੰ ਤੇ ਤੇਰੀ ਭਰਜਾਈ ਨੂੰ ਘਰੇ ਬੈਠਿਆਂ ਨੂੰ ਗੱਲਾਂ ਆਉਂਦੀਆਂ ਹਨ। ਅੱਠ ਘੰਟੇ ਕੈਮਰਿਆਂ ਥੱਲੇ ਖੜਕੇ ਕੰਮ ਕਰਨਾ ਪੈਂਦਾ ਹੈ, ਅਗਲੇ ਚਿੜੀ ਨਹੀਂ ਫਰਕਣ ਦਿੰਦੇ। ਨਾਲੇ ਕੰਮ ਦੇ ਅਗਲੇ ਪੈਸੇ ਨਾ ਮਾਤਰ ਦਿੰਦੇ ਹਨ ਤੇ ਉੱਤੋਂ ਅਹਿਸਾਨ ਦਿਵਾਉਂਦੇ ਹਨ ਕਿ ਅਸੀਂ ਤੁਹਾਨੂੰ ਨੌਕਰੀ ਤੇ ਰੱਖਿਆ ਹੈ। ਘਰੇ ਜਿਹਨੂੰ ਕੋਈ ਨਹੀਂ ਪੁੱਛਦਾ , ਉਹ ਵੀ ਰੋਅਬ ਮਾਰ ਕੇ ਜਾਂਦਾ ਹੈ ਕਿ ਆਏਂ ਨੀ , ਆਏਂ ਕਿਉਂ ਕੀਤਾ ਕੰਮ? ਰਵੀ ਭਰਾਵਾ ਡਿਗਰੀਆਂ ਹੁਣ ਸਿਰ ਤੇ ਭਾਰ ਲੱਗਦੀਆਂ ਹਨ। ਦਿਹਾੜੀਦਾਰ ਵੀ ਸਾਢੇ ਤਿੰਨ ਸੌ ਰੁਪਏ ਲੈਂਦਾ ਹੈ ਦਿਹਾੜੀ ਦੇ ਤੇ ਰੋਟੀ ਪਾਣੀ ਅਗਲੇ ਤੋਂ ਵੱਖਰਾ। ਉਹਨੇ ਭਲਾਂ ਕੋਈ ਕੋਰਸ ਕੀਤਾ ਹੈ ਤੇ ਇੱਥੇ ਪੈਟਾਂ- ਟਾਈਆਂ ਲਾ ਕੇ ਫੋਕੇ ਬਾਬੂ ਬਣੇ ਫਿਰਦੇ ਹਾ। ਸਾਡੀ ਤਾਂ ਅਖੇ ਉਹ ਗੱਲ ਹੈ, ਧੋਬੀ ਦਾ ਕੁੱਤਾ ਨਾ ਘਰ ਦਾ, ਨਾ ਘਾਟ ਦਾ। ਹੁਣ ਤਾਂ ਦਿਹਾੜੀ ਵੀ ਨਹੀਂ ਕਰ ਸਕਦੇ ਤੇ ਨਾ ਹੀ ਐਨੀ ਨਗੂਣੀ ਤਨਖਾਹ ਤੇ ਨੌਕਰੀ ਵੀ ਨਹੀਂ ਕਰ ਸਕਦੇ। ਬਸ ਆਹ , ਅਖੀਰਲਾ ਹੀ ਮਹੀਨਾ ਸਮਝ , ਬਥੇਰਾ ਧੰਦ ਪਿੱਟ ਲਿਆ ਮਰ – ਮਰ ਕੇ ਜਿਉਂਦਿਆਂ ਨੇ। ਰਵੀ ਨੇ ਉਸਦੀ ਸਾਰੀ ਕਰੁਣਾਮਈ ਕਹਾਣੀ ਸੁਣ ਕੇ ਇਹ ਸਿੱਟਾ ਕੱਢਿਆ ਕਿ ਜਿੱਥੇ ਮਰਜੀ ਨੌਕਰੀ ਕਰ ਲੈ ਭਰਾਵਾ ਪਰ ਪ੍ਰਾਈਵੇਟ ਸਭ ਥਾਂ ਤੇ ਇੱਕੋ ਜਿਹੇ ਹਾਲਾਤ ਹਨ, ਐਂਵੇਂ ਤਾਂ ਨਹੀਂ ਅਗਲੇ ਸਰਕਾਰੀ ਨੌਕਰੀ ਵੱਲ ਭੱਜਦੇ, ਅਗਲੇ ਮੋਟੀਆਂ ਤਨਖਾਹਾਂ ਲੈਂਦੇ ਹਨ। ਪਰ ਜੇ ਮੇਰੀ ਮੰਨੇ ਤਾਂ ਇਹ ਸ਼ੈਸ਼ਨ ਪੂਰਾ ਕਰ ਦੇ, ਐਵੇਂ ਕਾਹਲੀ ਨਾ ਕਰ। ਖਾਲੀ ਘਰੇ ਡੰਡੇ ਵਜਾਉਣ ਦਾ ਕੀ ਫਾਇਦਾ, ਆਪੇ ਵਿੰਡੋ ਖੁਲਦੀਆਂ ਤੇ ਬੰਦ ਹੁੰਦੀਆਂ ਰਹਿਣਗੀਆਂ। ਐਨੇ ਕਹਿਣ ਦੀ ਗੱਲ ਸੀ ਕਿ ਜਿਆਦਾ ਗਰਮੀ ਕਾਰਨ ਬੱਦਲ ਬਣ ਕੇ ਹਨੇਰੀ ਚੜ੍ਹ ਆਈ ਤਾਂ ਬਾਹਰੋਂ ਜੈਲੀ ਦੀ ਪਤਨੀ ਨੇ ਬਾਥਰੂਮ ਵੱਲੋਂ ਕੱਪੜੇ ਧੋਦਿਆਂ ਅਵਾਜ਼ ਦਿੱਤੀ ਕਿ ਸੁਣਦੇ ਹੋ ਬਰਾਂਡੇ ਦੀਆਂ ਸਾਰੀਆਂ ਵਿੰਡੋ ਬੰਦ ਕਰ ਦਿਓ , ਨਹੀਂ ਤਾਂ ਸਾਰਾ ਘਰ ਭਰ ਜਾਊਗਾ। ਇਹ ਵਿੰਡੋ ਵਾਲੀ ਗੱਲ ਸੁਣ ਕੇ ਜੈਲੀ ਹੱਸਦਾ ਹੋਇਆ ਪੁੱਛਣ ਲੱਗਿਆ ਭਰਾਵਾ ਕਿਵੇਂ ਕਰੀਏ? ਹੁਣ ਤੂੰ ਹੀ ਦੱਸ ਸਾਹਿਬ ਵਿੰਡੋ ਖੋਲਣ ਨੂੰ ਕਹਿੰਦਾ ਹੈ ਤੇ ਘਰਵਾਲੀ ਬੰਦ ਕਰਨ ਨੂੰ। ਰਵੀ ਹੱਸ ਕੇ ਬੋਲਿਆ ਕਿ ਮੇਰੇ ਵੱਸ ਦੀ ਗੱਲ ਨਹੀਂ ਜਿਵੇਂ ਮਰਜੀ ਕਰ , ਮੈਂ ਚੱਲਿਆ ਘਰ ਨੂੰ।
ਸਰਬਜੀਤ ਸਿੰਘ  ਜਿਉਣ ਵਾਲਾ , ਫਰੀਦਕੋਟ 
ਮੋਬਾਇਲ – 9464412761

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)