ਕੌੜਾ ਸੱਚ
ਸੱਤਰਾਂ ਨੂੰ ਢੁੱਕਿਆ ਬਾਬਾ ਬੰਤਾ ਆਪਣੀ ਜ਼ਿੰਦਗੀ ਦੇ ਅਖੀਰਲੇ ਸਫਿਆਂ ਤੇ ਪਹੁੰਚਿਆ ,ਬੜਾ ਹੀ ਉਦਾਸ ਚਿੱਤ ਕੁਝ ਗਲਿਓਂ ਅੱਗੇ ਨਾ ਲੰਘੇ । ਉਸਦੀ ਬੇਚੈਨੀ ਦੇਖਦੇ ਹੋਏ ਪੋਤੇ ਨੇ ਆਪਣੇ ਕੰਨਾ ਵਿਚੋਂ headphone ਉਤਾਰੇ ਤੇ ਬਾਬੇ ਨੂੰ ਮਜਾਕੀਏ ਲਹਿਜੇ ਵਿੱਚ ਸੁਆਲ ਕਰ ਦਿੱਤਾ ।
grandpa ਕੀ ਹੋ ਗਿਆ ? ਕੋਈ ਟੈਂਸ਼ਨ ਹੈ ?
ਲਉ ਮਿਊਜ਼ਿਕ ਸੁਣੋ ।
ਬਾਬਾ ਫਿਰ ਵੀ ਸੁੰਨ ਜਿਹਾ ਹੋਇਆ ਜਾਪੇ । ਇੰਨੇ ਨੂੰ ਫੋਨ ਤੋਂ ਵਿਹਲਾ ਹੁੰਦਿਆਂ ਨਾਲ ਬੈਠੇ ਛੋਟੇ ਪੁੱਤਰ ਨੇ ਬਾਬੇ ਨੂੰ ਹਲੂਣਿਆ
“ਡੈਡੀ ਜੀ ਕਿਥੇ ਗਵਾਚੇ ਓ ? “ ਕੋਈ ਪ੍ਰੌਬਲਮ ਹੈ ?” ਕੁੱਝ ਚਾਹੀਦਾ ਹੈ ?”
ਪੋਤੇ ਨੇ ਵੀ ਚਾਚੇ ਦੀ ਹਾਂ ਵਿੱਚ ਹਾਂ ਮਿਲਾਈ ਤੇ ਕਿਹਾ
“ਜੋ ਦਿਲ ਕਰਦਾ ਦੱਸੋ ਮੈਂ ਹੁਣੇ ਆਨਲਾਈਨ ਮੰਗਵਾ ਦਿੰਦਾ ਹਾਂ ।”
ਅੱਗੋਂ ਬਾਬੇ ਦਾ ਜਵਾਬ ਸੁਣਕੇ ਸਾਰੇ ਲਾਜਵਾਬ ਹੋ ਗਏ ।
ਬਾਬੇ ਨੇ ਕਿਹਾ ਹਾਂ
“ਬੜਾ ਦਿਲ ਕਰਦਾ ਹੈ ...
ਭੱਠੀ ‘ਚ ਭੁੱਜਦੇ ਛੋਲਿਆਂ ਦੀ ਕੜ-ਕੜ, ਭਕੜ-ਭਕੜ ,ਕੜਾਹੀ ‘ਚ ਘੁੰਮਦੀ ਦਾਤੀ ਦੀ ਕਿਰਚ-ਕਿਰਚ
ਝਾਰਨੇ ‘ਚੋ ਝਰਦੀ ਗਰਮ ਰੇਤ ਦਾ ਸੰਗੀਤ ਸੁਣਨ ਨੂੰ “
“ਲੁਹਾਰ ਦੀ ਠਕ-ਠਕ ਸੁਣਨ ਨੂੰ”
“ਗੁੱਲੀ ਘੜ ਰਹੇ , ਮੰਜੇ ਦੀ ਕਾਣ ਕੱਢ ਰਹੇ ਬਾਬੇ ਕੈਲੇ ਕੋਲ ਬਹਿਣ ਨੂੰ”
“ਬਾਬੇ ਜੀਤੀਏ ਤੋਂ ਜੁੱਤੀਆਂ ਦੀ ਸਿਲਾਈ ਸਿੱਖਣ ਨੂੰ “
“ਤਾਣੇ ਨੂੰ ਸੁਰ ਮੰਡਲੀ ਵਾਂਗ ਵਜਾਉਣ,
ਦਰੀ ਬੁਣਦੀ ਭੂਆ ਸੀਤੋ ਤੋਂ
ਹੱਥਾ ਖੋਹ ਭੱਜਣ ਨੂੰ”
“ਥਾਪੇ ਨਾਲ ਕੁਟੀਦੇ ਲੀੜੇ ਵੇਖ
ਮੂੰਹ ਤੇ ਪਾਣੀ ਦੀ ਫੁਹਾਰ ਪੁਆਉਣ ਨੂੰ”
“ਰਾਂਝੇ ਵੇਖਣ ਨੂੰ,
ਹੀਰਾਂ ਵੇਖਣ ਨੂੰ”
“ਬੁੱਤ ਨਹੀਂ
ਬੁੱਤ ਤਰਾਸ਼ ਦੇ ਚੱਲਦੇ ਹੱਥ ਵੇਖਣ ਨੂੰ” ।
ਸਾਰੇ ਹੈਰਾਨ ਹੋਏ ਬਾਬੇ ਦੇ ਮੂੰਹ ਵੱਲ ਟਿਕਟਿਕੀ ਲਗਾਕੇ ਦੇਖ ਰਹੇ ਸਨ ।