More Punjabi Kahaniya  Posts
ਉਹ ਜਮਾਨੇ


ਉਹ ਜਮਾਨੇ ਹੋਰ ਹੀ ਸਨ ਜਦੋਂ ਬੂਹਿਆਂ ਤੇ ਜਿੰਦਰੇ ਨਹੀਂ ਇਤਬਾਰ ਅਤੇ ਭਰੋਸਾ ਟੰਗਿਆ ਜਾਂਦਾ ਸੀ..
ਬਾਰੀਆਂ ਦੇ ਪਰਦੇ ਜਾਣ-ਬੁੱਝ ਕੇ ਅੱਧੇ ਖੁੱਲੇ ਰੱਖੇ ਜਾਂਦੇ ਸਨ ਤਾਂ ਕੇ ਰਿਸ਼ਤਿਆਂ ਦਾ ਨਿੱਘ ਅੰਦਰ ਆ ਸਕੇ..
ਅਕਸਰ ਹੀ ਗਵਾਂਢੀਆਂ ਦੇ ਅੱਧੇ ਭਾਂਡੇ ਸਾਡੇ ਵੱਲ ਤੇ ਸਾਡੇ ਅੱਧੇ ਓਹਨਾ ਵੱਲ ਹੁੰਦੇ ਸਨ..ਤਾਂ ਵੀ ਇਹ ਪੂਰੀ ਤਸੱਲੀ ਹੁੰਦੀ ਸੀ ਕੇ ਭਾਂਡਾ ਗਵਾਚੇਗਾ ਨਹੀਂ..!

ਉਹ ਜਮਾਨੇ ਵਾਕਿਆਂ ਹੀ ਹੋਰ ਹੁੰਦੇ ਸਨ ਜਦੋ ਪਿੰਡ ਦੀ ਇੱਕ ਧੀ ਪੇਕੇ ਆਇਆ ਕਰਦੀ ਤਾਂ ਸਾਰਾ ਪਿੰਡ ਉਚੇਚਾ ਪਿਆਰ ਦੇਣ ਆਇਆ ਕਰਦਾ ਸੀ..ਪਿੰਡ ਦਾ ਹਰ ਘਰ ਉਸਦਾ ਪੇਕਾ ਘਰ ਹੋਇਆ ਕਰਦਾ ਸੀ..!

ਦੁਪਹਿਰ ਵੇਲੇ ਰੁੱਖਾਂ ਦੀ ਛਾਂ ਹੇਠ ਕਣਕ ਛੱਟਦੀਆਂ ਅਤੇ ਸੇਵੀਆਂ ਵੱਟਦੀਆਂ ਬੀਬੀਆਂ ਦੇ ਹਾਸੇ ਅੱਜ ਕੱਲ ਦੀਆਂ ਕਿੱਟੀਆਂ ਪਾਰਟੀਆਂ ਦੇ ਤੰਬੋਲਿਆ ਨਾਲੋਂ ਜਿਆਦਾ ਮਨਮੋਹਕ ਹੋਇਆ ਕਰਦੇ..!

ਵਿਆਹਾਂ ਸ਼ਾਦੀਆਂ ਮੌਕੇ ਹੋਟਲ ਨਹੀਂ ਸਨ ਹੋਇਆ ਕਰਦੇ ਸਗੋਂ ਪਿੰਡ ਦੇ ਹਰੇਕ ਘਰ ਦੀ ਸਬਾਤ ਅਤੇ ਡਿਓਢੀ ਵਿਚ ਹੋਟਲ ਦੀ ਲੋਬੀ ਨਾਲੋਂ ਜਿਆਦਾ ਰੌਣਕ ਹੋਇਆ ਕਰਦੀ ਸੀ..!

ਉਹ ਜਮਾਨੇ ਵਾਕਿਆ ਹੀ ਹੋਰ ਸਨ ਜਦੋਂ ਇਹ ਦੱਸਣਾ ਮੁਸ਼ਕਿਲ ਸੀ ਕਿਸਦੇ ਕੋਠੇ ਤੇ ਕਿਸਦੀਆਂ ਸੇਵੀਆਂ ਅਤੇ ਆਲੂਆਂ ਦੇ ਚਿਪਸ ਸੁੱਕਣੇ ਪਾਏ ਨੇ..!

ਉਹ ਜਮਾਨੇ ਹੋਰ ਸਨ ਜਦੋਂ ਰਵਾਂ ਰਵੀਂ ਤੁਰੇ ਆਉਂਦੇ ਪ੍ਰਾਹੁਣੇ ਦੀ ਖਬਰ ਸਾਈਕਲ ਤੇ ਚੜੇ ਜਾਂਦੇ ਰਾਹੀ ਪਹਿਲਾਂ ਹੀ ਘਰੇ ਪਹੁੰਚ ਦਿਆ ਕਰਦੇ ਕੇ ਤਿਆਰੀਆਂ ਖਿੱਚ ਲਵੋ ਤੁਹਾਡੀ ਪ੍ਰਹੁਣਚਾਰੀ ਤੁਰੀ ਆਉਂਦੀ ਏ..ਤੇ ਬੇਪਛਾਣ ਪ੍ਰਾਹੁਣਚਾਰੀ ਦੀ ਕਸ਼ਿਸ਼ ਅਕਸਰ ਇਹੋ ਜਿਹੇ ਗੀਤਾਂ ਨੂੰ ਜਨਮ ਦਿਆ ਕਰਦੀ ਕੇ “ਨੀ ਉੱਠ ਵੇਖ ਨਣਾਨੇ ਕੌਣ ਪ੍ਰਾਹੁਣਾ ਆਇਆ” ਅਤੇ “ਲੌਢੇ ਵੇਲੇ ਮਾਹੀਏ ਆਉਣਾ ਮੰਨ ਪਕਾਵਾਂ ਕਣਕ ਦਾ..ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ”

ਬਿਨਾ ਦੱਸਿਆ ਆਏ ਪ੍ਰਾਹੁਣੇ ਦਾ ਚਾਅ ਕਿਸੇ ਦੀਵਾਲੀ ਦੁਸਹਿਰੇ ਤੋਂ ਘੱਟ ਨਹੀਂ ਸੀ ਹੋਇਆ ਕਰਦਾ..
ਉਹ ਜਮਾਨੇ ਹੋਰ ਹੀ ਸਨ ਜਦੋਂ ਘਰੇ ਬਾਹਰ ਲੱਗਿਆ ਲੈਟਰ ਬਾਕਸ ਬਿਨਾ ਨਾਗਾ ਫਰੋਲਿਆਂ ਜਾਂਦਾ ਸੀ ਅਤੇ ਸਾਈਕਲ ਤੇ ਚੜੇ ਆਉਂਦੇ ਡਾਕੀਏ ਦੇ ਘੰਟੀ ਨਾਲ ਨਵੀਂ ਵਿਆਹੀ ਫੌਜੀ ਦੀ ਘਰ ਵਾਲੀ ਦੀਆਂ ਗੱਲਾਂ ਲਾਲ ਸੁਰਖ ਹੋ ਜਾਇਆ ਕਰਦੀਆਂ ਸਨ ਅਤੇ ਲੂ ਕੰਢੇ ਖੜੇ ਹੋ ਜਾਇਆ ਕਰਦੇ ਸਨ..!

ਉਹ ਜਮਾਨੇ ਹੋਰ ਹੀ ਸਨ ਜਦੋਂ ਸਿਰ ਤੇ ਮਹਾਰਾਜ ਦੀ ਬੀੜ ਚੁੱਕੀ ਚਿੱਟੀ ਦਾਹੜੀ ਵਾਲੇ ਬਾਬਾ ਜੀ ਨੂੰ ਵੇਖ ਜਿਹੜਾ ਜਿਥੇ ਵੀ ਹੁੰਦਾ ਥੱਲੇ ਘੱਟੇ ਮਿੱਟੀ ਦੀ ਪ੍ਰਵਾਹ ਕੀਤੇ ਬਗੈਰ ਨਤਮਸਤਕ ਹੋ ਜਾਇਆ ਕਰਦਾ ਸੀ..

ਉਹ ਜਮਾਨੇ ਹੋਰ ਹੀ ਸਨ ਜਦੋਂ ਭੂਆ ਮਾਸੀਆਂ ਮਾਮੇ ਘਰੋਂ ਤੁਰਨ ਲੱਗਿਆਂ ਬੰਦ ਮੁੱਠੀ ਵਿਚ ਪਿਆਰ ਨਹੀਂ ਸਗੋਂ ਨੋਟਾਂ ਦੇ ਰੂਪ ਵਿਚ ਕਿੰਨੇ ਦਿਨਾਂ ਦੀ ਮੌਜ ਮਸਤੀ ਅਤੇ ਖਾਣ ਪੀਣ ਹਵਾਲੇ ਕਰ ਜਾਇਆ ਕਰਦੇ ਸਨ..!

ਉਹ ਜਮਾਨੇ ਹੋਰ ਸਨ ਜਦੋਂ ਪ੍ਰਾਹੁਣੇ ਨੂੰ ਤੋਰਨ ਬਹਾਨੇ ਕਿੰਨਾ ਕਿੰਨਾ ਚਿਰ ਘਰੇ ਹੀ ਨਹੀਂ ਸੀ ਵੜੀਦਾ ਤਾਂ ਕੇ ਕੋਈ ਵੱਡਾ ਪਿਆਰ ਵਾਲੇ ਮਿਲੇ ਪੈਸੇ ਹੀ ਨਾ ਮੰਗ ਲਵੇ..!

ਉਹ ਜਮਾਨੇ ਹੋਰ ਸਨ ਜਦੋਂ ਸ਼ਿਮਲੇ ਡਲਹੌਜੀ ਜਾਣ ਨਾਲੋਂ ਛੁੱਟੀਆਂ ਵਿਚ ਨਾਨਕੇ ਅਤੇ ਮਾਸੀ ਪਿੰਡ ਦੀਆਂ ਜੂਹਾਂ ਦਾ ਲੁਤਫ਼ ਕਿਤੇ ਜਿਆਦਾ ਆਇਆ ਕਰਦਾ ਸੀ..!

ਉਹ ਜਮਾਨੇ ਹੋਰ ਸਨ ਜਦੋਂ ਪਹਿਲੀਆਂ ਪੰਜ ਛੁੱਟੀਆਂ ਵਿਚ ਸਕੂਲ ਦਾ ਸਾਰਾ ਕੰਮ ਮੁੱਕ ਜਾਇਆ ਕਰਦਾ ਸੀ..ਤੇ ਆਪਣੇ ਤੋਂ ਪਹਿਲਾਂ ਵੇਹਲੇ ਹੋ ਗਏ ਸਹਿਪਾਠੀ ਨਾਲ ਈਰਖਾ ਜਿਹੀ ਹੋ ਜਾਇਆ ਕਰਦੀ..!

ਉਹ ਜਮਾਨੇ ਹੋਰ ਸਨ ਜਦੋਂ ਖੇਤਾਂ ਵਿਚ ਕੰਮ ਕਰਦੇ ਨਾਲਦੇ ਦੀ ਰੋਟੀ ਵਾਲਾ ਚੰਗੇਰ ਅਤੇ ਡੋਲੂ ਵਾਲੀ ਲੱਸੀ ਲੈ ਕੇ ਤੁਰੀ ਜਾਂਦੀ ਨੂੰ ਅੱਜ ਕੱਲ ਦੀ ਕੈਫੇ ਵਾਲੀ ਮਿਲਣੀ ਨਾਲੋਂ ਜਿਆਦਾ ਚਾਅ ਹੋਇਆ ਕਰਦਾ..!

ਉਹ ਜਮਾਨੇ ਹੋਰ ਸਨ ਜਦੋਂ ਮਾਪੇ ਸਕੂਲ ਜਾ ਕੇ ਮਾਸਟਰਾਂ ਨੂੰ ਖੁਦ ਆਖਿਆ ਕਰਦੇ ਸਨ “ਜਿੰਨੀ ਜੁੱਤੀ ਫੇਰ ਸਕਦੇ ਓ ਫੇਰੋ”..ਕਿਓੰਕੇ ਓਹਨਾ ਜ਼ਮਾਨਿਆਂ ਵਿਚ ਰੰਬਾ ਤੇ ਔਲਾਦ ਜਿੰਨੀ ਵੱਧ ਚੰਡੀ ਜਾਵੇ ਓਨੀ ਹੀ ਵਧੀਆ ਮੰਨੀ...

ਜਾਂਦੀ ਸੀ”

ਉਹ ਜਮਾਨੇ ਹੋਰ ਸਨ ਜਦੋਂ ਵਿਆਹਾਂ ਦੇ ਸੱਦੇ ਨਾਲ ਮਿੱਠੇ ਚੌਲ ਅਤੇ ਗੁੜ ਸ਼ੱਕਰ ਤੇ ਤਿਲਾਂ ਦੇ ਲੱਡੂ ਆਇਆ ਕਰਦੇ ਸਨ

ਉਹ ਜਮਾਨੇ ਵਾਕਿਆ ਈ ਹੋਰ ਸਨ ਜਦੋਂ ਪਿੱਛਿਓਂ ਪਾਟਿਆ ਹੋਇਆ ਪਜਾਮਾ ਲੈ ਕੇ ਜਮਾਤ ਵਿਚ ਹਮੇਸ਼ਾਂ ਪਿੱਛੇ ਬੈਠਿਆ ਜਾਂਦਾ ਸੀ ਤਾਂ ਕੇ ਕੋਈ ਮੌਜੂ ਨਾ ਉਡਾਵੇ..!

ਉਹ ਜਮਾਨੇ ਹੋਰ ਸਨ ਜਦੋਂ ਬਾਹਰੋਂ ਖੇਡ ਮੱਲ ਕੇ ਆਏ ਨੂੰ ਹੱਥ ਧੋਏ ਬਗੈਰ ਪਾਣੀ ਵਾਲੇ ਘੜੇ ਨੂੰ ਹੱਥ ਆਉਣ ਦੀ ਇਜਾਜਤ ਨਹੀਂ ਸੀ ਹੋਇਆ ਕਰਦੀ..!

ਉਹ ਜਮਾਨੇ ਵੀ ਕੀ ਜਮਾਨੇ ਸਨ ਜਦੋਂ ਰਾਤੀ ਕੋਠੇ ਤੇ ਮੰਜੇ ਡਾਹੁਣ ਤੋਂ ਪਹਿਲਾਂ ਛੱਤ ਤੇ ਪਾਣੀ ਤਰੌਂਕਣਾ ਜਰੂਰੀ ਹੋਇਆ ਕਰਦਾ ਸੀ..!

ਉਹ ਜਮਾਨੇ ਹੋਰ ਸਨ ਜਦੋਂ ਰਾਤੀਂ ਸੁੱਤੇ ਪਿਆ ਉੱਤੇ ਲਈ ਗਿੱਲੀ ਕੀਤੀ ਚਾਦਰ ਵਿੱਚੋਂ ਲੰਘਦੀ ਹਵਾ ਅੱਜ ਕੱਲ ਦੇ ਏਸੀਆ ਨਾਲੋਂ ਵੀ ਠੰਡੀ ਹੋ ਕੇ ਵਜੂਦ ਨੂੰ ਠੰਡਾ ਠਾਰ ਕਰ ਦਿਆ ਕਰਦੀ ਸੀ..!

ਉਹ ਜਮਾਨੇ ਹੋਰ ਸਨ ਜਦੋਂ ਸੂਰਜ ਚੜੇ ਵੀ ਕੋਠੇ ਤੇ ਸੁੱਤੇ ਰਹਿਣਾ ਸ਼ਰਮਿੰਦਗੀ ਦਾ ਕਾਰਨ ਬਣਦਾ ਹੁੰਦਾ ਸੀ..!

ਉਹ ਜਮਾਨੇ ਹੋਰ ਸਨ ਜਦੋਂ ਵੀਰਵਾਰ ਸਿਰ ਨਹਾਉਣਾ,ਸੰਧਿਆ ਵੇਲੇ ਨਹੁੰ ਕੱਟਣੇ ਅਤੇ ਰਾਤ ਵੇਲੇ ਬਹੁਕਰ ਫੇਰਨੀ ਅਪਸ਼ਗੁਣ ਮੰਨੇ ਜਾਂਦੇ ਸਨ..!

ਉਹ ਜਮਾਨੇ ਹੋਰ ਸਨ ਜਦੋਂ ਸਿਖਰ ਦੁਪਹਿਰੇ ਕੱਲੀ ਤੁਰੀ ਜਾਂਦੀ ਧੀ ਭੈਣ ਕਿਸੇ ਬੇਗਾਨੇ ਦੇ ਸਾਈਕਲ ਦੇ ਮਗਰ ਬਹਿਣ ਤੋਂ ਪਹਿਲਾਂ ਜਿਆਦਾ ਗਿਣਤੀਆਂ ਮਿਣਤੀਆਂ ਵਿਚ ਨਹੀਂ ਸੀ ਪਿਆ ਕਰਦੀ ਕਿਓੰਕੇ ਮਾਹੌਲ ਵਿਚ ਇਤਬਾਰ ਅਤੇ ਸੰਗ ਸ਼ਰਮ ਹਵਾ ਦੇ ਬੁੱਲੇ ਬਣ ਕੇ ਉੱਡਿਆ ਕਰਦਾ ਸੀ..!
ਉਹ ਜਮਾਨੇ ਹੋਰ ਸਨ ਜਦੋਂ ਰੋਣੋਂ ਚੁੱਪ ਨਾ ਕਰਦੇ ਨਿੱਕੇ ਜਵਾਕ ਦੇ ਸਿਰੋਂ ਮਿਰਚਾਂ ਵਾਰ ਕੇ ਅਕਸਰ ਹੀ ਇਹ ਤਾਕੀਦ ਕੀਤੀ ਜਾਂਦੀ ਕੇ ਅੱਗੇ ਤੋਂ ਇਸਦੇ ਕਾਲਾ ਟਿੱਕਾ ਲਾ ਕੇ ਬਾਹਰ ਕੱਢਿਆ ਕਰੋ..!
ਉਹ ਜਮਾਨੇ ਹੋਰ ਸਨ ਜਦੋਂ ਡਾਕਟਰ ਕੋਲ ਓਹਨਾ ਦੇ ਕਲੀਨਿਕ ਨਹੀਂ ਸਗੋਂ ਡਾਕਟਰ ਖੁਦ ਘਰੇ ਆਇਆ ਕਰਦੇ ਸਨ..ਓਹਨਾ ਦਾ ਬੈਗ ਚੁੱਕ ਕੇ ਓਹਨਾ ਨੂੰ ਪਿੰਡ ਦੀ ਜੂਹ ਤੋਂ ਬਾਹਰ ਛੱਡ ਕੇ ਆਉਣਾ ਤਹਿਜੀਬ ਦਾ ਹਿੱਸਾ ਮੰਨਿਆ ਜਾਂਦਾ ਸੀ..!
ਕੁਲਫੀ ਵਾਲੇ ਦੇ ਭੋਂਪੂ ਦੀ ਅਵਾਜ ਸੁਣ ਵਾਹੋਦਾਹੀ ਨੱਸੇ ਆਉਣਾ ਮਨਜੂਰ ਸੀ..
ਬਰਫ ਵਾਲੇ ਗੋਲੇ ਬਣਾਉਣ ਵਾਲੇ ਕੋਲੋਂ ਬਰਫ ਦੀ ਬਾਕੀ ਬਚੀ ਡਲੀ ਲੈਣ ਲਈ ਘੋਲ ਹੋ ਜਾਇਆ ਕਰਦੇ ਸਨ..!
ਜਦੋਂ ਸਾਈਕਲ ਦੇ ਲੱਥੇ ਹੋਏ ਟਾਇਰ ਨੂੰ ਲੱਕੜ ਦੀ ਨਿੱਕੀ ਸੋਟੀ ਨਾਲ ਬੈਲੇਂਸ ਕਰਕੇ ਦੂਰ ਤੱਕ ਰੇਹੜੀ ਜਾਣਾ ਚੇਹਰੇ ਤੇ ਜੇਤੂ ਮੁਸਕਾਨ ਲਿਆਇਆ ਕਰਦਾ ਸੀ..!
ਉਹ ਜਮਾਨੇ ਹੋਰ ਸਨ ਜਦੋਂ ਗਰਮਾਹਟ ਬਜਾਰੋਂ ਖਰੀਦੇ ਸਵੈਟਰਾਂ ਵਿਚੋਂ ਨਹੀਂ ਸੀ ਮਿਲਿਆ ਕਰਦੀ ਸਗੋਂ ਹੱਥ ਨਾਲ ਉਣੀ ਕੋਟੀ ਦੇ ਉੱਤੇ ਪਾਏ ਡਿਜ਼ਾਈਨ ਦਾ ਆਪਣਾ ਹੀ ਨਸ਼ਾ ਹੋਇਆ ਕਰਦਾ ਸੀ..!
ਜਦੋਂ ਵੱਡੇ ਭੈਣ ਭਾਈਆਂ ਦੇ ਛੋਟੇ ਹੋ ਗਏ ਕੱਪੜੇ ਰੱਬ ਦੀ ਦੇਣ ਸਮਝ ਕੇ ਗ੍ਰਹਿਣ ਕਰ ਲਾਏ ਜਾਂਦੇ ਸਨ..!
ਜਦੋਂ ਰੰਗ ਵਾਲੀ ਦਾਤਣ ਦੀ ਖੁਸ਼ਬੋ ਅਤੇ ਮੁਲਤਾਨੀ ਮਿੱਟੀ ਨਾਲ ਰੰਗ ਗੋਰਾ ਕਰਨਾ ਬਹੁਤ ਵੱਡੀਆਂ ਚੀਜਾਂ ਮੰਨਿਆਂ ਜਾਂਦੀਆਂ ਸਨ!
ਜਦੋਂ ਪੂਦਨੇ ਅਤੇ ਇਮਲੀ ਦੀ ਚਟਨੀ ਪੱਥਰ ਦੀ ਸਿਲ ਤੇ ਰਗੜੀ ਜਾਂਦੀ ਸੀ ਅਤੇ ਦਸ ਪੈਸੇ ਦੀਆਂ ਚੂਰਨ ਦੀਆਂ ਕੁਝ ਕੂ ਗੋਲੀਆਂ ਵਿਚ ਜਿੰਦਗੀ ਦੇ ਰਸ ਭਰਨ ਦੀ ਤਾਕਤ ਹੋਇਆ ਕਰਦੀ ਸੀ..!
ਉਹ ਜਮਾਨੇ ਵਾਕਿਆ ਹੀ ਹੋਰ ਹੋਇਆ ਕਰਦੇ ਸਨ..ਸਪੀਕਰਾਂ ਤੇ ਵੱਜਦੇ ਯਮਲੇ ਅਤੇ ਆਸਾਂ ਦੇ ਮਸਤਾਨੇ..ਦਿੱਲਾਂ ਦੀਆਂ ਗਹਿਰਾਈਆਂ ਤੱਕ ਹੂਕ ਪਾਉਂਦੀ ਸੁਰਿੰਦਰ ਕੌਰ ਅਤੇ ਨਰਿੰਦਰ ਬੀਬਾ ਦੀ ਹੇਕ ਸ਼ਾਇਦ ਹੀ ਵਾਪਿਸ ਪਰਤ ਸਕੇ!

(ਇੱਕ ਹਿੰਦੀ ਲੇਖ ਦਾ ਅਖੀਂ ਵੇਖੇ ਪੰਜਾਬੀ ਮਾਹੌਲ ਮੁਤਾਬਿਕ ਅਨੁਵਾਦ)

ਹਰਪ੍ਰੀਤ ਸਿੰਘ ਜਵੰਦਾ

...
...Related Posts

Leave a Reply

Your email address will not be published. Required fields are marked *

4 Comments on “ਉਹ ਜਮਾਨੇ”

  • Sir G , you are the great man. ਤੁਸੀ ਪਹਿਲਾਂ ਵਾਲਾ ਜਮਾਨਾਂ ਯਾਦ ਕਰਵਾ ਦਿੱਤਾ। so sweet.

  • right Veer ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)