ਕਹਾਣੀ – ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਪੰਮਾ
ਇੰਸਪੈਕਟਰ ਪਠਾਨ
ਕਿਸ਼ਤ – 9
ਕੁੱਲ ਕਿਸ਼ਤਾਂ – 13
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਕੱਲ ਅਸੀਂ ਪੜਿਆ ਕਿ ਸ਼ਿਵਾਨੀ ਕਿਵੇਂ ਮਰਦਾਂ ਨੂੰ ਠੱਗਦੀ ਹੈ ਅਤੇ ਇੰਸਪੈਕਟਰ ਯੂਸੁਫ ਪਠਾਨ ਉਸਨੂੰ ਗ੍ਰਿਫਤਾਰ ਕਰਨ ਲਈ ਕਿਵੇਂ ਜੱਦੋਜਹਿਦ ਕਰ ਰਿਹਾ ਹੈ।
ਸ਼ਿਵਾਨੀ ਇਸ ਤਰੀਕੇ ਆਪਣਾ ਜਾਲ ਬੁਣਦੀ ਹੈ ਕਿ ਕਿਸੇ ਪੁਲਿਸ ਸ਼ਟੇਸ਼ਨ ਵਿੱਚ ਉਸਦੀ ਕੋਈ ਤਸਵੀਰ ਤੱਕ ਨਹੀਂ ਹੈ। ਉਸਦੇ ਡਰਾਏ ਹੋਏ ਮਰਦ ਉਸ ਖਿਲਾਫ ਕੋਈ ਸ਼ਿਕਾਇਤ ਦਰਜ ਹੀ ਨਹੀਂ ਕਰਵਾਉਂਦੇ।
ਵਿਕਾਸ ਵੀ ਇਕ ਅਜਿਹਾ ਮਰਦ ਸੀ ਜੋ ਸ਼ਿਵਾਨੀ ਦੇ ਜਾਲ ਵਿੱਚ ਫੱਸ ਗਿਆ ਸੀ। ਉਸਨੇ ਸੋਚ ਲਿਆ ਸੀ ਕਿ ਸ਼ਿਵਾਨੀ ਨੂੰ ਆਪਣੇ ਅੰਜਾਮ ਤੱਕ ਪਹੁੰਚਾਏਗਾ। ਵਿਕਾਸ ਜਾਣਦਾ ਸੀ ਕਿ ਅਮਰ ਸ਼ਿਵਾਨੀ ਲਈ ਅਜਿਹੇ ਮਰਦ ਲੱਭ ਕੇ ਲਿਆਂਓਦਾ ਹੈ ਜੋ ਆਸਾਨੀ ਨਾਲ ਫਸਾਏ ਜਾ ਸਕਣ ਅਤੇ ਜਿੰਨਾ ਕੋਲ ਪੈਸਾ ਵੀ ਹੋਵੇ। ਵਿਕਾਸ ਨੇ ਅਮਰ ਦਾ ਪਿੱਛਾ ਕਰਨਾ ਸ਼ੁਰੂ ਕਰਿਆ।
ਜਦੋਂ ਅਮਰ ਜੈਲਦਾਰ ਨੂੰ ਮਿਲਿਆ ਤਾਂ ਵਿਕਾਸ ਸਮਝ ਗਿਆ ਕਿ ਹੁੱਣ ਜੈਲੇ ਦੀ ਵਾਰੀ ਹੈ। ਵਿਕਾਸ ਨੇ ਜੈਲੇ ਨੂੰ ਸ਼ੁਰੂਆਤ ਵਿੱਚ ਹੀ ਸਭ ਦੱਸਣ ਦਾ ਫੈਸਲਾ ਕੀਤਾ। ਪਰ ਸ਼ਿਵਾਨੀ ਨੂੰ ਪਤਾ ਚੱਲ ਗਿਆ। ਜਦੋਂ ਵਿਕਾਸ ਨੇ ਇਕ-ਦੋ ਵਾਰ ਜੈਲੇ ਨਾਲ ਮਿਲਣ ਦੀ ਕੋਸ਼ਿਸ਼ ਕਰੀ ਤਾਂ ਇਹ ਗੱਦ ਸ਼ਿਵਾਨੀ ਤੱਕ ਪਹੁੰਚ ਗਈ।
ਆਪਾਂ ਪਿੱਛੇ ਪੜਿਆ ਸੀ ਕਿ ਸ਼ਿਵਾਨੀ ਦੋ ਦਿਨ ਜੈਲੇ ਨਾਲ ਨਹੀਂ ਮਿਲਦੀ। ਉਨਾ ਦੋ ਦਿਨਾਂ ਵਿੱਚ ਓਹ ਵਿਕਾਸ ਨੂੰ ਲੱਭਣ ਵਿੱਚ ਹੀ ਰੁੱਝੀ ਸੀ। ਓਨਾ ਦੋ ਦਿਨਾਂ ਦੌਰਾਨ ਹੀ ਉਸਨੇ ਵਿਕਾਸ ਨੂੰ ਅਗਵਾ ਕਰਵਾਇਆ। ਜਿੰਨਾ ਬਦਮਾਸ਼ਾਂ ਨੇ ਵਿਕਾਸ ਨੂੰ ਅਗਵਾ ਕਰਿਆ ਸੀ ਓਨਾ ਨੂੰ ਹੀ ਸ਼ਿਵਾਨੀ ਨੇ ਪੈਸਾ ਦੇ ਦਿੱਤਾ ਅਤੇ ਕਿਹਾ ਕਿ ਵਿਕਾਸ ਨੂੰ ਜਾਨ ਤੋਂ ਮਾਰ ਦਵੋ।
ਪਰ ਅਮਰ ਨੇ ਵਿਕਾਸ ਨੂੰ ਬਚਾ ਲਿਆ। ਉਸਨੇ ਵੱਧ ਪੈਸਾ ਦੇ ਕੇ ਬਦਮਾਸ਼ਾਂ ਨੂੰ ਰੋਕ ਲਿਆ। ਅਤੇ ਕਿਹਾ ਕਿ ਹਜੇ ਕੁੱਛ ਨਹੀਂ ਕਰਨਾ।
“ਤੂੰ ਮੈਨੂੰ ਕਿਓਂ ਬਚਾਇਆ?” ਵਿਕਾਸ ਨੇ ਅਮਰ ਨੂੰ ਪੁੱਛਿਆ।
“ਮੈਂ ਵੀ ਤਾਂ ਸ਼ਿਵਾਨੀ ਨੂੰ ਖਤਮ ਕਰਨਾ ਚਾਹੁੰਨਾ!!” ਅਮਰ ਨੇ ਕਿਹਾ, “ਤੂੰ ਕਿਸੇ ਤਰੀਕੇ ਜੈਲਦਾਰ ਤੱਕ ਪਹੁੰਚ!! ਓਨੂੰ ਨਾਲ ਰਲਾ!! ਆਪਾਂ ਸਾਰੇ ਰਲ ਕੇ ਹੀ ਇਸ ਡਾਇਨ ਨੂੰ ਖਤਮ ਕਰ ਸਕਦੇ ਆ!!!”
“ਤਾਂ ਮੈਨੂੰ ਐਥੋਂ ਬਾਹਰ ਕੱਢਵਾ!!” ਵਿਕਾਸ ਬੋਲਿਆ।
“ਇਹ ਬਦਮਾਸ਼ ਪੈਸੇ ਮੰਗ ਰਹੇ ਆ!! ਦੋ ਲੱਖ!! ਤਾਂ ਹੀ ਤੈਨੂੰ ਛੱਢਣਗੇ!” ਅਮਰ ਬੋਲਿਆ।
“ਦੋ ਲੱਖ!! ਮੈਂ ਦੋ ਲੱਖ ਕਿੱਥੋਂ ਲਿਆਵਾਂ!!?” ਵਿਕਾਸ ਬੋਲਿਆ।
“ਇਹ ਮੈਂ ਨੀ ਜਾਣਦਾ!! ਮੈਂ ਤੇਰੀ ਜਾਨ ਬਚਾ ਲਈ! ਪਰ ਹੁੱਣ ਦੋ ਲੱਖ ਤਾਂ ਮੇਰੇ ਕੋਲ ਵੀ ਹੈ ਨੀ!! ਤੂੰ ਕਿਤੋਂ ਵੀ ਇੰਤਜਾਮ ਕਰ!!! ਤੇ ਜੈਲੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ!!”
ਵਿਕਾਸ ਨੂੰ ਬਦਮਾਸ਼ਾਂ ਦੀ ਕੈਦ ਵਿੱਚ ਛੱਡ ਅਮਰ ਚਲਿਆ ਗਿਆ। ਸ਼ਿਵਾਨੀ ਇਹ ਸਮਝਦੀ ਰਹੀ ਕਿ ਵਿਕਾਸ ਮਰ ਗਿਆ ਹੈ। ਵਿਕਾਸ ਨੇ ਦੋ ਲੱਖ ਲੈਣ ਲਈ ਸ਼ਾਮ ਨੂੰ ਫੋਨ ਕਰਿਆ। ਸ਼ਾਮ ਤੋਂ ਇਹ ਗੱਲ ਪੰਮੇ ਤੱਕ ਪਹੁੰਚੀ ਅਤੇ ਪੰਮੇ ਤੋਂ ਇੰਸਪੈਕਟਰ ਪਠਾਨ ਤੱਕ!!
ਔਖੇ-ਸੌਖੇ ਵਿਕਾਸ ਨੇ ਦੋ ਲੱਖ ਦਾ ਇੰਤਜਾਮ ਕਰ ਲਿਆ। ਪਰ ਵਿਕਾਸ ਹਜੇ ਜਿਓਂਦਾ ਹੈ ਇਹ ਗੱਲ ਫੇਰ ਸ਼ਿਵਾਨੀ ਤੱਕ ਪਹੁੰਚ ਗਈ। ਅਤੇ ਸ਼ਿਵਾਨੀ ਨੇ ਵਿਕਾਸ ਦੀ ਜਾਨ ਦੀ ਕੀਮਤ ਅਦਾ ਕਰ ਦਿੱਤੀ। ਵਿਕਾਸ ਹਜੇ ਜੈਲੇ ਤੱਕ ਪਹੁੰਚਿਆ ਹੀ ਸੀ ਕਿ ਉਸਦੀ ਗੋਲੀਆਂ ਮਾਰ ਕੇ ਜਾਨ ਲੈ ਲਈ ਗਈ।
ਪਰ ਸ਼ਿਵਾਨੀ ਨੂੰ ਇਹ ਕਿਵੇਂ ਪਤਾ ਚੱਲਿਆ ਕਿ ਵਿਕਾਸ ਜਿਓਂਦਾ ਹੈ!!??
ਅਮਰ ਬੜਾ ਹੀ ਸਿੱਧਾ-ਸਾਧਾ ਤੇ ਇਮਾਨਦਾਰ ਇਨਸਾਨ ਸੀ। ਉਹ ਕਦੇ ਕਿਸੇ ਨਾਲ ਭੋਰਾ ਬੇਈਮਾਨੀ ਨਹੀਂ ਸੀ ਕਰਦਾ ਹੁੰਦਾ। ਉਹ ਇਕ ਸਕੂਲ ਮਾਸਟਰ ਦੀਦਾਰ ਨਾਥ ਦਾ ਮੁੰਡਾ ਸੀ। ਦੀਦਾਰ ਬਾਬੂ ਆਪ ਜਿੰਨੇ ਸਿੱਧੇ ਸਨ, ਅਮਰ ਵੀ ਓਨਾ ਹੀ ਸਿੱਧਾ ਸੀ। ਹਮੇਸ਼ਾਂ ਸਕੂਲ ਵਿੱਚ ਵਧੀਆ ਨੰਬਰਾ ਨਾਲ ਪਾਸ ਹੋਇਆ। ਆਪਣੀ ਜਮਾਤ ਵਿੱਚ ਅੱਵਲ ਆਇਆ ਅਮਰ ਓਹੀ ਕਰਦਾ ਸੀ ਜੋ ਘਰ ਦੇ ਕਹਿੰਦੇ ਸਨ। ਇਕ ਅਮਰ ਦੀ ਭੈਣ ਸੀ। ਉਸਦਾ ਨਾਮ ਰਾਂਚੀ ਸੀ। ਰਾਂਚੀ ਵੀ ਬੜੇ ਮਿੱਠੇ ਸੁਭਾਅ ਦੀ ਸੀ। ਸਾਰਾ ਮੁਹੱਲਾ ਜਾਣਦਾ ਸੀ ਕਿ ਦੀਦਾਰ ਬਾਬੂ ਅਤੇ ਨੀਲਮ ਰਾਨੀ, ਦੋਵੇਂ ਰੱਬ ਦਾ ਰੂਪ ਹਨ। ਦਰਵੇਸ਼ ਪਰਿਵਾਰ ਹੈ ਸਾਰੇ ਦਾ ਸਾਰਾ!
ਦੀਦਾਰ ਬਾਬੂ ਨੇ ਮਾਸਟਰੀ ਕਰਕੇ ਆਪਣੇ ਬੱਚੇ ਔਖੇ-ਸੌਖੇ ਹੋ ਕੇ ਪਾਲ ਲਏ। ਰਾਂਚੀ ਅਤੇ ਅਮਰ ਸਬਰ ਸੰਤੋਖ ਵਾਲੇ ਸਨ। ਓਨਾ ਦੀਆਂ ਜਿਆਦਾ ਕੋਈ ਰੀਝਾਂ ਨਹੀਂ ਸਨ। ਦੀਦਾਰ ਨੇ ਅਮਰ ਨੂੰ ਵੀ ਪੜਾਇਆ-ਲਿਖਾਇਆ ਅਤੇ ਫਿਰ ਅਮਰ ਨੂੰ ਇਕ ਇੰਸ਼ੋਰੈਂਸ ਕੰਪਨੀ ਵਿੱਚ ਨੌਕਰੀ ਮਿਲ ਗਈ।
ਮੁੰਡਾ ਕਮਾਓਣ ਲੱਗਿਆ ਤਾਂ ਉਸਦੇ ਵਿਆਹ ਦਾ ਵਕਤ ਆਇਆ। ਬੱਸ ਇੱਥੋਂ ਹੀ ਇਸ ਸੁਖੀ ਵੱਸਦੇ ਪਰਿਵਾਰ ਦੀ ਕਹਾਣੀ ਬਦਲ ਗਈ। ਨੌਕਰੀ ਕਰਦੇ ਹੋਏ ਅਮਰ ਨੂੰ ਸ਼ਿਵਾਨੀ ਨਾਮ ਦੀ ਇਕ ਕੁੜੀ ਨਾਲ ਪਿਆਰ ਹੋ ਗਿਆ। ਸ਼ਿਵਾਨੀ ਨੇ ਅਮਰ ਨੂੰ ਦੱਸਿਆ ਕਿ ਓਹ ਅਨਾਥ ਹੈ। ਘਰ ਵਾਲਿਆਂ ਨੇ ਵੀ ਕੁੱਛ ਨਾ ਦੇਖਿਆ! ਬੱਸ ਆਪਣੇ ਬੇਟੇ ਦੀ ਖੁਸ਼ੀ ਦੇਖੀ ਅਤੇ ਸ਼ਿਵਾਨੀ ਨਾਲ ਅਮਰ ਦਾ ਵਿਆਹ ਕਰ ਦਿੱਤਾ।
ਵਿਆਹ ਤੋਂ ਬਾਅਦ ਸ਼ਿਵਾਨੀ ਦੇ ਨਿੱਤ ਦੇ ਖਰਚਿਆਂ ਨੇ ਅਮਰ ਨੂੰ ਪਰੇਸ਼ਾਨ ਕਰ ਦਿੱਤਾ। ਸ਼ਿਵਾਨੀ ਨੇ ਆਪ ਤਾਂ ਨੌਕਰੀ ਕਰਨੀ ਛੱਡ ਦਿੱਤੀ। ਪਰ ਅਮਰ ਨੂੰ ਰੋਜ ਕਹਿੰਦੀ ਸੀ ਕਿ ਮੈਨੂੰ ਇਹ ਚਾਹੀਦਾ ਹੈ! ਮੈਨੂੰ ਓਹ ਚਾਹੀਦਾ ਹੈ!!
ਘਰ ਰੋਜ ਦਾ ਕਲੇਸ਼ ਰਹਿਣ ਲੱਗਿਆ। ਸ਼ਿਵਾਨੀ ਨੇ ਅਮਰ ਦੀ ਮਾਂ ਨੀਲਮ ਰਾਨੀ ਨਾਲ ਰਸੋਈ ਦਾ ਕੰਮ ਕਰਨ ਪਿੱਛੇ ਰੋਜ ਕਲੇਸ਼ ਕਰਨਾ। ਸ਼ਿਵਾਨੀ ਸਾਰਾ ਕੰਮ ਆਪਣੀ ਸੱਸ ਕੋਲੋਂ ਕਰਾਂਓਦੀ ਸੀ। ਘਰ ਕਲੇਸ਼ ਨਾ ਪਵੇ, ਇਸ ਲਈ ਨੀਲਮ ਰਾਨੀ ਸਾਰਾ ਕੰਮ ਕਰਦੀ ਰਹਿੰਦੀ ਸੀ। ਰਾਂਚੀ ਨੂੰ ਵੀ ਸ਼ਿਵਾਨੀ ਸਾਰਾ ਦਿਨ ਆਪਣੀ ਸੇਵਾ ਤੇ ਲਾਈ ਰੱਖਦੀ।
ਅਮਰ ਵੀ ਆਪਣੀ ਪਤਨੀ ਤੋਂ ਦਬਿਆ ਰਹਿੰਦਾ ਸੀ। ਓਹ ਵਿਚਾਰਾ ਸ਼ਰੀਫ ਸੋਚਦਾ ਸੀ ਕਿ ਜੇਕਰ ਚੁੱਪ ਰਹਿ ਕੇ ਕਲੇਸ਼ ਟਲਦਾ ਤਾਂ ਟਾਲ ਲੈਣਾ ਚਾਹੀਦਾ। ਸ਼ਿਵਾਨੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅਮਰ ਦੇਰ ਰਾਤ ਤੱਕ ਕੰਮ ਕਰਦਾ। ਨੌਕਰੀ ਤੋਂ ਛੁੱਟੀ ਹੋ ਜਾਂਦੀ ਤਾਂ ਹੋਰ ਕਿਤੇ ਕੰਮ ਕਰਨ ਜਾਂਦਾ।
ਪਰ ਸ਼ਿਵਾਨੀ ਦੀ ਪੈਸੇ ਲਈ ਭੁੱਖ ਵੱਧਦੀ ਹੀ ਗਈ। ਓਹ ਪੈਸੇ ਪਿੱਛੇ ਰੋਜ ਅਮਰ ਨਾਲ ਲੜਦੀ। ਉਸਨੂੰ ਬੁਰਾ-ਭਲਾ ਬੋਲਦੀ। ਅਮਰ ਵਿਚਾਰਾ ਜਿਹਾ ਬਣਿਆ ਚੁੱਪ-ਚਾਪ ਸਭ ਸੁੱਣਦਾ ਰਹਿੰਦਾ। ਜੇਕਰ ਦੀਦਾਰ ਬਾਬੂ ਜਾਂ ਨੀਲਮ ਰਾਨੀ ਵਿੱਚ ਬੋਲਦੇ! ਸ਼ਿਵਾਨੀ ਨੂੰ ਟੋਕਦੇ ਕਿ ਓਹ ਅਮਰ ਦੀ ਇੰਨੀ ਬੇਇੱਜਤੀ ਨਾ ਕਰੇ ਤਾਂ ਸ਼ਿਵਾਨੀ ਓਨਾ ਨੂੰ ਵੀ ਗਾਲਾਂ ਕੱਢਦੀ।
ਇਕ ਵਕਤ ਐਸਾ ਆਇਆ ਕਿ ਸ਼ਿਵਾਨੀ ਨੇ ਘਰ ਰੱਖਿਆ ਹੋਇਆ ਸੋਨਾ ਮੰਗਣਾ ਸ਼ੁਰੂ ਕਰ ਦਿੱਤਾ। ਓਹ ਕਹਿੰਦੀ ਸੀ ਕਿ ਜੇ ਸੋਨਾ ਨਾ ਦਿੱਤਾ ਤਾਂ ਦਹੇਜ ਦਾ ਝੂਠਾ ਮੁਕੱਦਮਾ ਕਰ ਦੇਣਾ! ਡਰਦੇ ਹੋਏ ਸੁਹਰੇ ਪਰਿਵਾਰ ਨੇ ਸ਼ਿਵਾਨੀ ਨੂੰ ਸਾਰਾ ਸੋਨਾ ਦੇ ਦਿੱਤਾ। ਪਰ ਸ਼ਿਵਾਨੀ ਫੇਰ ਵੀ ਨਾ ਟਲੀ। ਓਹ ਕਹਿਣ ਲੱਗੀ ਕਿ ਘਰ ਦੀ ਜਮੀਨ ਅਤੇ ਪਿੰਡ ਪਈ ਜਮੀਨ ਉਸਦੇ ਨਾਮ ਕਰੋ। ਇਹ ਗੱਲ ਨਾ ਤਾਂ ਦੀਦਾਰ ਬਾਬੂ ਮੰਨਿਆ ਅਤੇ ਨਾ ਹੀ ਨੀਲਮ ਰਾਨੀ।
ਭਖੀ ਹੋਈ ਸ਼ਿਵਾਨੀ ਨੇ ਇਕ ਦਿਨ ਖੁੱਦ ਉਪਰ ਹੀ ਥੋੜਾ ਜਿਹਾ ਮਿੱਟੀ ਦਾ ਤੇਲ ਛਿੜਕ ਲਿਆ। ਇੰਨਾ ਕਿ ਮੌਕੇ ਤੇ ਉਸਦੇ ਕੋਲੋਂ ਤੇਲ ਦਾ...
ਮੁਸ਼ਕ ਆ ਜਾਵੇ। ਫਿਰ ਉਸਨੇ ਪੁਲਿਸ ਨੂੰ ਫੋਨ ਕਰ ਦਿੱਤਾ।
ਐਤਵਾਰ ਦਾ ਦਿਨ ਸੀ। ਸਾਰੇ ਘਰ ਹੀ ਸਨ। ਸ਼ਿਵਾਨੀ ਉਪਰ ਵਾਲੇ ਕਮਰੇ ਵਿੱਚ ਸੀ ਜਦੋਂ ਘਰ ਦੇ ਦਰਵਾਜੇ ਦੀ ਘੰਟੀ ਵੱਜੀ। ਸ਼ਿਵਾਨੀ ਨੇ ਦੇਖਿਆ ਕਿ ਪੁਲਿਸ ਆਈ ਹੈ ਤਾਂ ਆਪਣੀ ਸਾੜੀ ਨੂੰ ਅੱਗ ਲਗਾ ਲਈ। ਅਤੇ ਭੱਜਦੀ ਹੋਈ ਪੌੜੀਆਂ ਉਤਰਨ ਲੱਗੀ। ਉਹ ਚੀਕਾਂ ਮਾਰ ਰਹੀ ਸੀ। ਸ਼ਿਵਾਨੀ ਨੂੰ ਅੱਗ ਲੱਗੀ ਦੇਖ ਤੁਰੰਤ ਪੁਲਿਸ ਨੇ ਅੱਗ ਉਪਰ ਕਾਬੂ ਪਾ ਲਿਆ। ਅੱਗ ਸ਼ਿਵਾਨੀ ਦਾ ਜਿਸਮ ਨੂੰ ਛੂਹ ਤੱਕ ਨਾ ਸਕੀ।
ਦਹੇਜ ਅਤੇ ਆਪਣੀ ਨੂੰਹ ਨੂੰ ਸਾੜਨ ਦੇ ਦੋਸ਼ ਵਿੱਚ ਦੀਦਾਰ ਬਾਬੂ, ਨੀਲਮ ਰਾਨੀ ਅਤੇ ਰਾਂਚੀ ਨੂੰ ਜੇਲ ਹੋ ਗਈ। ਅਮਰ ਨੂੰ ਸ਼ਿਵਾਨੀ ਨੇ ਛੁਡਾ ਲਿਆ। ਅਮਰ ਬਹੁਤ ਡਰ ਗਿਆ ਸੀ। ਉਸਨੂੰ ਸ਼ਿਵਾਨੀ ਨੇ ਕਿਹਾ ਕਿ ਜੇਕਰ ਅਮਰ ਸ਼ਿਵਾਨੀ ਦੇ ਪੈਰਾਂ ਦੀ ਜੁੱਤੀ ਬਣਕੇ ਰਹੇਗਾ ਤਾਂ ਓਹ ਬਚਿਆ ਰਹੇਗਾ। ਨਹੀਂ ਤਾਂ ਸ਼ਿਵਾਨੀ ਉਸਨੂੰ ਵੀ ਫਸਾ ਦਵੇਗੀ।
ਉਸ ਦਿਨ ਤੋਂ ਅੱਜ ਤੱਕ ਅਮਰ ਸ਼ਿਵਾਨੀ ਦਾ ਪਤੀ ਘੱਟ ਅਤੇ ਪਾਲਤੂ ਕੁੱਤਾ ਜਿਆਦਾ ਹੈ। ਓਹ ਸ਼ਿਵਾਨੀ ਲਈ ਸ਼ਿਕਾਰ ਲੱਭਕੇ ਲਿਆਓਦਾ ਹੈ। ਜੈਲੇ ਨੂੰ ਵੀ ਅਮਰ ਨੇ ਹੀ ਲੱਭਿਆ ਸੀ। ਓਹ ਕਹਿਣ ਨੂੰ ਤਾਂ ਇੰਸ਼ੋਰੈਂਸ ਕੰਪਨੀ ਦੀ ਨੌਕਰੀ ਕਰਦਾ ਹੈ। ਪਰ ਫੀਲਡ ਵਿੱਚ ਘੁੰਮਦਾ ਹੋਇਆ ਓਹ ਆਪਣਾ ਸ਼ਿਕਾਰ ਲੱਭ ਲੈਂਦਾ ਹੈ ਅਤੇ ਸ਼ਿਵਾਨੀ ਨੂੰ ਦੱਸਦਾ ਹੈ।
ਸ਼ਿਵਾਨੀ ਦਾ ਸ਼ਿਕਾਰ ਜਰੂਰੀ ਹੈ ਕਿ ਪੈਸੇ ਵਾਲਾ ਹੋਵੇ। ਪਰ ਇੰਨਾ ਵੀ ਅਮੀਰ ਨਾ ਹੋਵੇ ਕਿ ਪੈਸੇ ਦੀ ਤਾਕਤ ਦੇ ਸਿਰ ਤੇ ਸ਼ਿਵਾਨੀ ਨੂੰ ਹੀ ਮਰਵਾ ਦਵੇ। ਇਸੇ ਲਈ ਸ਼ਿਵਾਨੀ ਆਮ ਨੌਕਰੀ ਪੇਸ਼ਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਓਦੀ ਸੀ। ਜਿੰਨਾ ਦੀ ਤਨਖਾਹ 30,000 ਦੇ ਲਗਭਗ ਹੋਵੇ ਜਾਂ ਫੇਰ ਜੈਲਦਾਰ ਵਰਗੇ ਪੇਂਡੂ ਜੱਟ ਜਿੰਨਾ ਕੋਲ ਜਮੀਨ ਵਾਧੂ ਹੋਵੇ।
ਸ਼ਿਵਾਨੀ ਦਾ ਇਹ ਨਿਯਮ ਸੀ ਕਿ ਓਹ ਆਪਣੇ ਸ਼ਿਕਾਰ ਨੂੰ ਓਦੋਂ ਤੱਕ ਹੀ ਲੁੱਟਦੀ ਸੀ ਜਦੋਂ ਤੱਕ ਓਹ ਆਪ ਹੀ ਪੈਸਾ ਉਸਨੂੰ ਦਿੰਦਾ ਰਹੇ। ਜੇਕਰ ਉਸਨੇ ਕਿਸੇ ਕੋਲੋਂ ਉਧਾਰ ਮੰਗ ਲਿਆ ਤਾਂ ਸ਼ਿਵਾਨੀ ਦਾ ਰਾਜ਼ ਖੁੱਲਣ ਦਾ ਡਰ ਹੁੰਦਾ ਸੀ। ਇਸ ਲਈ ਜੇਕਰ ਕੋਈ ਬਹੁਤਾ ਹੀ ਔਖਾ ਹੋ ਜਾਵੇ, ਆਪਣਾ ਸਭ ਕੁੱਛ ਵੇਚ-ਵੱਟ ਦਵੇ ਤਾਂ ਸ਼ਿਵਾਨੀ ਉਸਨੂੰ ਬਲੈਕਮੇਲ ਕਰਨਾ ਛੱਡ ਦਿੰਦੀ ਸੀ।
ਸ਼ਿਵਾਨੀ ਨੇ ਤਾਂ ਆਪਣੇ ਵੱਲੋਂ ਵਿਕਾਸ ਨੂੰ ਮਰਵਾ ਦਿੱਤਾ ਸੀ। ਪਰ ਅਮਰ ਵੀ ਦਾਅ ਤੇ ਸੀ। ਓਹ ਸ਼ਿਵਾਨੀ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ। ਇਸੇ ਲਈ ਜਾਨ ਬੁੱਝ ਕੇ ਉਸਨੇ ਵਿਕਾਸ ਨੂੰ ਬਚਾਇਆ। ਜਿਸ ਨਾਲ ਸ਼ਿਵਾਨੀ ਦਾ ਭੇਤ ਖੁੱਲ ਗਿਆ। ਕਿ ਓਹ ਲੁਧਿਆਣਾ ਸ਼ਹਿਰ ਵਿੱਚ ਹੈ।
ਚਲੋ ਸ਼ਿਵਾਨੀ ਨੂੰ ਫੇਰ ਵੀ ਪਤਾ ਚੱਲ ਗਿਆ ਅਤੇ ਉਸਨੇ ਵਿਕਾਸ ਨੂੰ ਵੱਧ ਪੈਸੇ ਦੇ ਕੇ ਮਰਵਾ ਦਿੱਤਾ। ਜਿਸ ਨਾਲ ਓਹ ਹੋਰ ਵੀ ਖਤਰੇ ਵਿੱਚ ਆ ਗਈ।
ਉਸ ਦਿਨ ਅਮਰ ਨੂੰ ਇਕ ਤੋਂ ਬਾਅਦ ਇਕ ਸ਼ਿਵਾਨੀ ਨੇ ਚਾਰ ਥੱਪੜ ਮਾਰੇ। ਵਿਕਾਸ ਦੀ ਮੌਤ ਤਾਂ ਹੋ ਗਈ ਸੀ। ਜੈਲੇ ਨੂੰ ਵੀ ਫਲੈਟ ਵਿੱਚ ਕੀਤੇ ਸੈਕਸ ਦੀ ਵੀਡੀਓ ਸ਼ਿਵਾਨੀ ਨੇ ਵਟਸਐਪ ਕਰ ਦਿੱਤੀ ਸੀ।
ਪਰ ਇੰਸਪੈਕਟਰ ਪਠਾਨ ਤੇ ਪੰਮਾ ਲੁਧਿਆਣੇ ਪਹੁੰਚ ਗਏ ਸਨ।
“ਤੈਨੂੰ ਜਦੋਂ ਮੈਂ ਮਨਾ ਕਰਿਆ ਸੀ ਤਾਂ ਕਿਓਂ ਤੂੰ ਓਦੇ ਕੋਲੋਂ ਪੈਸਾ ਮੰਗਿਆ ਹੈਂ!!!” ਸ਼ਿਵਾਨੀ ਚੀਕੀ, “ਸਾਲਿਆ ਕੁੱਤਿਆ!!! ਮੈਨੂੰ ਫਸਾਓਣਾ ਚਾਹੁੰਦਾ ਤੂੰ!!! ਮੇਰੇ ਖਿਲਾਫ ਸਾਜਿਸ਼ਾਂ ਬਣਾਓਦਾ ਫਿਰਦਾਂ!!!?”
ਸ਼ਿਵਾਨੀ ਅਮਰ ਨੂੰ ਗਾਲਾਂ ਕੱਢ ਰਹੀ ਸੀ। ਅਮਰ ਆਪਣੀ ਪਤਨੀ ਸਾਹਮਣੇ ਸਿਰ ਝੁਕਾਈ ਖੜਾ ਸੀ।
“ਮੈਨੂੰ ਲੱਗਿਆ ਸੀ ਓਨੂੰ ਟੈਮ ਰਹਿੰਦੇ ਮੈਂ ਮਰਵਾ ਦਊਂਗੀ!! ਪਰ ਓਨੂੰ ਗੋਲੀ ਮਾਰਦੇ ਸਾਰ ਓਥੇ ਪੁਲਸ ਪਹੁੰਚ ਗਈ ਸੀ!! ਤੇ ਉਪਰੋਂ ਉਸ ਕੁੱਤੇ ਨੇ ਮਰਨ ਤੋਂ ਪਹਿਲਾਂ ਜੈਲਦਾਰ ਨੂੰ ਸਭ ਸੱਚ ਦੱਸ ਤਾ!! ਜੇ ਹੁੱਣ ਜੈਲੇ ਨੇ ਪੁਲਸ ਨੂੰ ਆਪਣੇ ਬਾਰੇ ਦੱਸ ਦਿੱਤਾ ਤਾਂ ਕੀ ਕਰਾਂਗੇ!!!?” ਸ਼ਿਵਾਨੀ ਗੁੱਸੇ ਵਿੱਚ ਚੀਕ ਰਹੀ ਸੀ।
“ਮੈਂ ਤਾਂ ਸੋਚਿਆ ਸੀ….” ਅਮਰ ਬੋਲਣ ਲੱਗਿਆ ਤਾਂ ਸ਼ਿਵਾਨੀ ਨੇ ਉਸਦੇ ਇਕ ਹੋਰ ਥੱਪੜ ਮਾਰਿਆ!
“ਤੂੰ ਨਾ ਸੋਚਿਆ ਕਰ ਨਿਕੰਮਿਆ!!! ਐਨੇ ਜੋਗਾ ਨੀ ਤੂੰ!!! ਸਾਲਾ ਗਧਾ ਨਾ ਹੋਵੇ ਤਾਂ!!! ਮੈਂ ਸੋਚਿਆ ਸੀ ਵਈ ਜੈਲੇ ਨੂੰ ਲੁੱਟ ਕੇ ਮੈਂ ਇਹ ਦੇਸ਼ ਈ ਛੱਡਕੇ ਚਲੀ ਜਾਣਾ!! ਤੇ ਤੂੰ!! ਬੇਵਕੂਫਾ ਤੂੰ ਮੇਰੇ ਸਾਰੇ ਪਲੈਨ ਤੇ ਪਾਣੀ ਫੇਰਤਾ!!!” ਸ਼ਿਵਾਨੀ ਨੇ ਕਿਹਾ।
ਅਮਰ ਨੇ ਕਦੇ ਵੀ ਸ਼ਿਵਾਨੀ ਨਾਲ ਅੱਖ ਮਿਲਾਓਣ ਤੱਕ ਦੀ ਹਿੰਮਤ ਨਹੀਂ ਸੀ ਕੀਤੀ। ਓਹ ਹੀ ਰਸੋਈ ਦੇ ਸਾਰੇ ਕੰਮ ਕਰਦਾ ਸੀ। ਸ਼ਿਵਾਨੀ ਦਾ ਜੇ ਮੰਨ ਨਾ ਕਰੇ ਤਾਂ ਅਮਰ ਨੂੰ ਖੁੱਦ ਨੂੰ ਹੱਥ ਤੱਕ ਨਹੀਂ ਸੀ ਲਾਓਣ ਦਿੰਦੀ। ਅਤੇ ਜੇਕਰ ਮੰਨ ਕਰੇ ਤਾਂ ਅਮਰ ਦਾ ਸਾਰੀ-ਸਾਰੀ ਰਾਤ ਬਲਾਤਕਾਰ ਕਰਦੀ ਸੀ।
“ਮੇਰੀ ਪਤਨੀ ਮੇਰਾ ਰੇਪ ਕਰਦੀ ਆ”।
ਇਕ ਦਿਨ ਦੁਖੀ ਹੋਇਆ ਅਮਰ ਪੁਲਿਸ ਸ਼ਟੇਸ਼ਨ ਸ਼ਿਵਾਨੀ ਖਿਲਾਫ ਰਿਪੋਰਟ ਲਿਖਵਾਓਣ ਚਲਿਆ ਗਿਆ। ਉਸਦੀ ਗੱਲ ਸੁੱਣਦੇ ਸਾਰ ਥਾਣੇ ਵਿੱਚ ਬੈਠਾ ਮੁਣਸ਼ੀ ਹੱਸ ਪਿਆ।
“ਕੀ ਕਿਹਾ!?”
“ਮੇਰੀ ਪਤਨੀ ਮੇਰੀ ਮਰਜੀ ਤੋਂ ਬਿਨਾ ਮੇਰੇ ਨਾਲ ਸੈਕਸ ਕਰਦੀ ਆ!” ਅਮਰ ਰੋਂਦਾ ਹੋਇਆ ਬੋਲਿਆ।
“ਓ ਤੂੰ ਬੰਦਾ ਐ ਜਾਂ ਛੱਕਾ!!? ਬੰਦਿਆ ਦੇ ਵੀ ਕਦੇ ਰੇਪ ਹੁੰਦੇ ਆ!?” ਕਹਿੰਦਾ ਹੋਇਆ ਮੁਣਸ਼ੀ ਹੱਸ ਪਿਆ।
ਅਮਰ ਦੀ ਕਿਤੇ ਕੋਈ ਸੁਣਵਾਈ ਨਹੀਂ ਸੀ। ਉਸਦੇ ਨਾਲ ਕੰਮ ਕਰਨ ਵਾਲੇ ਉਸ ਉਪਰ ਹੱਸਿਆ ਕਰਦੇ ਸਨ। ਕਿ ਇਹ ਤਾਂ ਆਪਣੀ ਪਤਨੀ ਦਾ ਗੁਲਾਮ ਹੈ। ਅਮਰ ਦੇ ਕੰਨਾ ਵਿੱਚ ਲੋਕਾਂ ਦਾ ਹਾਸਾ ਗੂੰਜਦਾ ਰਹਿੰਦਾ ਸੀ। ਓਹ ਹਾਸਾ ਜੋ ਲੋਕ ਉਸਨੂੰ ਦੇਖ ਕੇ ਹੱਸਿਆ ਕਰਦੇ ਸਨ।
ਅਮਰ ਨੇ ਕਈ ਵਾਰ ਖੁੱਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਓਹ ਇਕ ਡਰਾਕਲ ਮਰਦ ਸੀ। ਫੋਸੜ ਬੰਦਾ ਫੇਰ ਕਿਸੇ ਕੰਮ ਦਾ ਨਹੀਂ ਰਹਿੰਦਾ। ਓਹ ਆਪਣੇ ਨਾਲ ਹੁੰਦੇ ਗਲਤ ਖਿਲਾਫ ਨਹੀਂ ਬੋਲ ਸਕਿਆ ਤਾਂ ਖੁੱਦ ਨੂੰ ਮਾਰਨ ਦੀ ਹਿੰਮਤ ਅਮਰ ਵਿੱਚ ਕਿੱਥੇ ਆਓਣੀ ਸੀ!?
ਸ਼ਰਾਬ ਓਹ ਪੀ ਨਹੀਂ ਸੀ ਸਕਦਾ! ਕਿਓਂਕਿ ਸ਼ਰਾਬ ਪੀਕੇ ਜਾਣਾ ਤਾਂ ਘਰ ਹੀ ਸੀ। ਤੇ ਘਰ ਜਾਕੇ ਸ਼ਿਵਾਨੀ ਨੇ ਉਸਦੀ ਹੱਡੀ-ਪਸਲੀ ਇਕ ਕਰ ਦੇਣੀ ਹੁੰਦੀ ਸੀ। ਇਸੇ ਲਈ ਅਮਰ ਅੰਦਰੋਂ-ਅੰਦਰ ਖੁਰਦਾ ਰਹਿੰਦਾ ਸੀ।
ਓਹ ਸ਼ਿਵਾਨੀ ਤੋਂ ਲੁੱਕ ਕੇ ਜੇਲ ਵਿੱਚ ਬੰਦ ਆਪਣੇ ਮਾਂ-ਬਾਪ ਨੂੰ ਵੀ ਮਿਲਣ ਜਾਂਦਾ ਸੀ। ਉਸਦੀ ਭੈਣ ਰਾਂਚੀ ਨੇ ਤਾਂ ਜੇਲ ਵਿੱਚ ਹੀ ਆਤਮ-ਹੱਤਿਆ ਕਰ ਲਈ ਸੀ। ਹੁੱਣ ਉਸਦੇ ਬਜ਼ੁਰਗ ਮਾਂ-ਬਾਪ ਬਚੇ ਸਨ। ਜਿੰਨਾ ਨਾਲ ਮਿਲ ਕੇ ਅਮਰ ਬੱਚਿਆਂ ਦੀ ਤਰਾਂ ਰੋਣ ਲੱਗ ਜਾਂਦਾ ਸੀ। ਇਹ ਗੁਲਾਮੀ ਦੀ ਜਿੰਦਗੀ ਅਮਰ ਕੋਲੋਂ ਜਿਓਂਈ ਨਹੀਂ ਸੀ ਜਾਂਦੀ ਅਤੇ ਮਰਨ ਦੀ ਹਿੰਮਤ ਉਸ ਵਿੱਚ ਸੀ ਨਹੀਂ।
“ਹਰ ਫੋਨ ਨੰਬਰ ਫੇਕ ਹੈ। ਨਕਲੀ!” ਇੰਸਪੈਕਟਰ ਪਠਾਨ ਬੋਲਿਆ, “ਅੱਵਲ ਤਾਂ ਕੋਈ ਸ਼ਿਕਾਰ ਮਿਲਦਾ ਹੀ ਨੀ! ਇਹ ਇਕ ਮਿਲਿਆ ਵੀ ਤਾਂ ਇਦੇ ਫੋਨ ਚ ਕੋਈ ਤਸਵੀਰ ਨੀ ਮਿਲੀ!”
ਵਿਕਾਸ ਦੀ ਲਾਸ਼ ਦੇ ਕੋਲ ਯੂਸਫ ਤੇ ਪੰਮਾ ਦੋਵੇਂ ਬੈਠੇ ਸਨ। ਵਿਕਾਸ ਦੇ ਫੋਨ ਵਿੱਚ ਸ਼ਿਵਾਨੀ ਦੀ ਇਕ ਵੀ ਤਸਵੀਰ ਨਹੀਂ ਸੀ ਮਿਲੀ। ਕੁੱਛ ਫੋਨ ਨੰਬਰ ਸਨ ਪਰ ਓਹ ਨਕਲੀ ਸਨ।
“ਤੂੰ ਜਾਣਦਾ ਓਏ ਇਨੂੰ?” ਇੰਸਪੈਕਟਰ ਪਠਾਨ ਨੇ ਕੋਲ ਖੜੇ ਜੈਲੇ ਨੂੰ ਪੁੱਛਿਆ।
“ਨਹੀਂ ਜਨਾਬ!” ਜੈਲਾ ਬੋਲਿਆ।
“ਫੇਰ ਇਹ ਤੇਰੇ ਕੋਲ ਖੜਾ ਕੀ ਗੱਲ ਕਰਦਾ ਸੀ!!?” ਪਠਾਨ ਨੇ ਪੁੱਛਿਆ।
“ਕਹਿੰਦਾ ਸੀ ਮੈਨੂੰ ਬਚਾ ਲਵੋ!! ਮੈਂ ਕਿਹਾ ਕੀਹਦੇ ਤੋਂ ਬਚਾਵਾਂ!? ਪਰ ਇਹ ਚੀਕੀ ਗਿਆ ਕਿ ਮੈਨੂੰ ਬਚਾ ਲਵੋ!! ਇੰਨੇ ਨੂੰ ਇਦੇ ਗੋਲੀਆਂ ਵੱਜ ਗੀਆਂ!!” ਜੈਲੇ ਨੇ ਪਠਾਨ ਨੂੰ ਝੂਠ ਬੋਲ ਦਿੱਤਾ।
“ਤੂੰ ਸਾਡੇ ਨਾਲ ਚੱਲ! ਤੇਰੇ ਤੇ ਸ਼ੱਕ ਆ ਮੈਨੂੰ!” ਪਠਾਨ ਨੇ ਜੈਲੇ ਨੂੰ ਕਿਹਾ।
“ਵਰੰਟ ਲਿਆਓ ਤੇ ਲੈ ਜਾਓ! ਐਨਾ ਕੁ ਕਨੂੰਨ ਤਾਂ ਮੈਨੂੰ ਵੀ ਪਤਾ!” ਜੈਲਾ ਬੋਲਿਆ।
ਇੰਸਪੈਕਟਰ ਪਠਾਨ ਹੱਸ ਪਿਆ। ਉਹ ਜੈਲੇ ਦੇ ਕੋਲ ਆ ਕੇ ਖੜਾ ਹੋ ਗਿਆ।
“ਤੈਨੂੰ ਕੀਹਨੇ ਕਿਹਾ ਕਿ ਪੁਲਸ ਹਮੇਸ਼ਾਂ ਕਾਨੂੰਨ ਦੇ ਹਿਸਾਬ ਨਾਲ ਈ ਕੰਮ ਕਰਦੀ ਆ ਓਏ!!?” ਪਠਾਨ ਬੋਲਿਆ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ