ਸਾਰੇ ਪ੍ਬੰਧ ਪੂਰੇ ਨੇ
ਗੱਲ ਪੁਰਾਣੇ ਸਮਿਆਂ ਦੀ ਹੈ ਜਦੋਂ ਛੋਟੇ- ਛੋਟੇ ਟੁਕੜਿਆਂ ਉੱਤੇ ਰਾਜੇ ਰਾਜ ਕਰਦੇ ਹੁੰਦੇ ਸਨ। ਇੱਕ ਨਗਰ ਉੱਤੇ ਰਾਜੇ ਗੋਪਾਲ ਸਿੰਘ ਦਾ ਰਾਜ ਸੀ। ਰਾਜਾ ਗੋਪਾਲ ਸਿੰਘ ਬਹੁਤ ਹੀ ਕੋਮਲ ਦਿਲ ਵਾਲਾ ਤੇ ਆਪਣੀ ਪਰਜਾ ਨੂੰ ਪਿਆਰ ਕਰਨ ਵਾਲਾ ਸੀ। ਉਹ ਆਪਣੀ ਸਾਰੀ ਪਰਜਾ ਨੂੰ ਆਪਣੇ ਬੱਚਿਆਂ ਦੇ ਵਾਂਗ ਹੀ ਸਮਝਦਾ ਸੀ ਤੇ ਪਰਜਾ ਵੀ ਉਸ ਦਾ ਬਹੁਤ ਸਤਿਕਾਰ ਕਰਦੀ ਸੀ। ਉਹ ਸਦਾ ਹੀ ਉਹਨਾਂ ਦੀ ਭਲਾਈ ਦੇ ਕੰਮਾਂ ਵਿੱਚ ਵਿਅਸਤ ਰਹਿੰਦਾ ਸੀ। ਇੱਕ ਦਿਨ ਅਚਾਨਕ ਰਾਜੇ ਦੀ ਤਬੀਅਤ ਖਰਾਬ ਹੋ ਗਈ। ਸ਼ਾਹੀ ਵੈਦ ਨੂੰ ਬੁਲਾਇਆ ਗਿਆ। ਸ਼ਾਹੀ ਵੈਦ ਰਾਜੇ ਦੀ ਹਾਲਾਤ ਦੇਖ ਕੇ ਹੈਰਾਨ ਹੋ ਗਿਆ।
“ਕੀ ਗੱਲ ਹੈ ਵੈਦ ਸਾਹਿਬ? ਤੁਸੀਂ ਪਰੇਸ਼ਾਨ ਲੱਗ ਰਹੇ ਹੋ। ”
ਕੋਲ ਖੜੇ ਇੱਕ ਮੰਤਰੀ ਨੇ ਪੁੱਛਿਆ।
” ਮੰਤਰੀ ਜੀ ਮਹਾਰਾਜ ਦੀ ਤਬੀਅਤ ਬਹੁਤ ਹੀ ਨਾਜੁਕ ਹੈ । “(ਵੈਦ ਨੇ ਮੰਤਰੀ ਨੂੰ ਪਾਸੇ ਕਰਕੇ ਇਕੱਲੇ ਨੂੰ ਇਹ ਗੱਲ ਦੱਸੀ)
” ਕੋਈ ਡਰ ਵਾਲੀ ਗੱਲ ਤਾਂ ਨਹੀਂ। ”
“ਮੰਤਰੀ ਜੀ ਡਰ ਵਾਲੀ ਹੀ ਗੱਲ ਹੈ। ਮੈਨੂੰ ਬਹੁਤ ਹੀ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਮਹਾਰਾਜ ਕੁਝ ਕੁ ਦਿਨਾਂ ਦੇ ਹੀ ਮਹਿਮਾਨ ਹਨ। ”
ਵੈਦ ਦੀ ਗੱਲ ਸੁਣ ਕੇ ਮੰਤਰੀ ਨੂੰ ਪਸੀਨਾ ਆ ਗਿਆ।
” ਵੈਦ ਸਾਹਿਬ ਇਹ ਤੁਸੀਂ ਕੀ ਕਹਿ ਰਹੇ ਹੋ? ”
“ਮੰਤਰੀ ਜੀ ਮੈਂ ਤੁਹਾਨੂੰ ਕਿਸੇ ਵੀ ਪਰਦੇ ਵਿੱਚ ਨਹੀਂ ਰੱਖਣਾ ਚਾਹੁੰਦਾ, ਇਸੇ ਲਈ ਹੀ ਹਕੀਕਤ ਤੋਂ ਜਾਣੂ ਕਰਵਾ ਰਿਹਾ ਹਾਂ। ”
ਜਦੋਂ ਇਹ ਗੱਲ ਪਰਜਾ ਨੂੰ ਪਤਾ ਚੱਲੀ ਤਾਂ ਪਰਜਾ ਬਹੁਤ ਦੁੱਖੀ ਹੋਈ। ਉਹਨਾਂ ਨੇ ਰਾਜੇ ਦੀ ਸਲਾਮਤੀ ਲਈ ਬਹੁਤ ਪ੍ਰਾਥਨਾਵਾਂ ਕੀਤੀਆਂ। ਯੱਗ ਕਰਵਾਏ ਪਰ ਰਾਜਾ ਗੋਪਾਲ ਸਿੰਘ ਦੀ ਦੋ ਦਿਨਾਂ ਬਾਅਦ ਹੀ ਮੌਤ ਹੋ ਗਈ। ਰਾਜੇ ਗੋਪਾਲ ਸਿੰਘ ਦੀ ਕੋਈ ਔਲਾਦ ਨਾ ਹੋਣ ਕਾਰਣ ਸਾਰੇ ਮੰਤਰੀਆਂ ਨੇ ਇੱਕ ਮੀਟਿੰਗ ਸੱਦ ਲਈ ਕਿ ਅਗਲਾ ਰਾਜਾ ਕਿਸ ਨੂੰ ਬਣਾਇਆ ਜਾਵੇ।
“ਮੰਤਰੀ ਜੀ ਰਾਜਾ ਜੀ ਦੀ ਮੌਤ ਤੋਂ ਬਾਅਦ ਪਰਜਾ ਆਪਣੇ ਆਪ ਨੂੰ ਅਨਾਥ ਸਮਝ ਰਹੀ ਹੈ”, ਸੈਨਾਪਤੀ ਨੇ ਮੰਤਰੀ ਨੂੰ ਆਖਿਆ।
” ਸੈਨਾਪਤੀ ਸਾਹਿਬ ਅੱਜ ਇਸੇ ਲਈ ਹੀ ਮੀਟਿੰਗ ਸੱਦੀ ਗਈ ਹੈ ਕਿ ਨਵਾਂ ਰਾਜਾ ਕਿਸਨੂੰ ਬਣਾਇਆ ਜਾਵੇ?”
ਹੁਣ ਇੱਕ ਹੋਰ ਵੱਡੀ ਮੁਸ਼ਕਿਲ ਸਾਹਮਣੇ ਆ ਗਈ ਕਿ ਰਾਜਗੱਦੀ ਦੇ ਕੋਣ ਯੋਗ ਹੈ। ਇਸਦਾ ਫੈਸਲਾ ਕਿਵੇਂ ਕੀਤਾ ਜਾਵੇ? ਸਾਰੇ ਮੰਤਰੀ ਹੀ ਆਪਣੇ ਆਪ ਨੂੰ ਯੋਗ ਠਹਿਰਾ ਰਹੇ ਸਨ।ਇਹ ਬਹੁਤ ਔਖਾ ਹੋ ਗਿਆ ਕਿ ਰਾਜਾ ਕਿਸਨੂੰ ਬਨਾਇਆ ਜਾਵੇ? ਅੰਤ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਜੋ ਵੀ ਅਨਜਾਣ ਬੰਦਾ ਸਵੇਰੇ ਮੁੱਖ ਦਰਵਾਜ਼ੇ ਕੋਲ ਮਿਲਿਆ ਉਸਨੂੰ ਰਾਜਾ ਬਣਾ ਦਿੱਤਾ ਜਾਵੇਗਾ। ਇਹ ਫੈ਼ਸਲਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਅਗਲੀ ਸਵੇਰ ਇੱਕ ਮੰਗਤਾ ਆਪਣੇ ਮੰਗਣ ਵਾਲੇ ਭਾਂਡੇ ਨਾਲ ਮੁੱਖ ਦਰਵਾਜ਼ੇ ਕੋਲ ਮਿਲਿਆ ਕੀਤੇ ਫੈਸਲੇ ਅਨੁਸਾਰ ਹੁਣ ਮੰਗਤੇ ਨੂੰ ਹੀ ਰਾਜਾ ਬਣਾ ਦਿੱਤਾ ਗਿਆ। ਮੰਗਤੇ ਦਾ ਰਾਜਾ ਬਣਦੇ ਹੀ ਥੋੜੇ ਦਿਨਾਂ ਵਿੱਚ ਹੀ ਦਿਮਾਗ ਖਰਾਬ ਹੋ ਗਿਆ।ਹੁਣ ਉਹ ਪਰਜਾ ਭਲਾਈ ਦੇ ਕੰਮ ਛੱਡ ,ਉਹਨਾਂ ਉੱਤੇ ਜੁਲਮ ਕਰਨ ਲੱਗ ਗਿਆ। ਸਾਰੀ ਦੀ ਸਾਰੀ ਪਰਜਾ ਉਸ ਤੋਂ ਬਹੁਤ ਦੁੱਖੀ ਸੀ ਪਰ ਕਰ ਕੁਝ ਸਕਦੇ ਨਹੀਂ ਸਨ। ਪਰਜਾ ਨੇ ਦੁੱਖੀ ਹੋ ਕੇ ਦੂਸਰੇ ਦੇਸ਼ ਦੇ ਰਾਜੇ ਨੂੰ ਹਮਲਾ ਕਰਨ ਲਈ ਤਿਆਰ ਕਰ ਲਿਆ। ਦੂਸਰੇ ਦੇਸ਼ ਦਾ ਰਾਜਾ ਪਰਜਾ ਦੇ ਹੱਕ ਵਿੱਚ ਹੋਣ ਕਾਰਨ ਹਮਲਾ ਕਰਨ ਲਈ ਯੋਜਨਾ ਬਨਾਉਣ ਲੱਗ ਪਿਆ। ਜਦੋਂ ਹਮਲੇ ਦੀ ਯੋਜਨਾ ਦੀ ਖਬਰ ਸੈਨਾਪਤੀ ਨੂੰ ਮਿਲੀ ਤਾਂ ਉਸਨੇ ਸਾਰੀ ਗੱਲ ਜਾ ਰਾਜੇ ਨੂੰ ਦੱਸੀ।
“ਮਹਾਰਾਜ ਦੀ ਜੈ ਹੋਵੇ। ”
“ਆਉ ਸੈਨਾਪਤੀ ਕੀ ਖਬਰ ਲੈ ਕੇ ਆਏ ਹੋ? ”
” ਮਹਾਰਾਜ ਗੁਪਤਚਰਾਂ ਤੋਂ ਪਤਾ ਲੱਗਾ ਹੈ ਕਿ ਆਪਣਾ ਗੁਆਂਢੀ ਰਾਜਾ...
ਭੀਮ ਦੇਵ ਆਪਣੇ ਰਾਜ ਉੱਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ”
” ਸੈਨਾਪਤੀ ਉਹ ਯੋਜਨਾ ਹੀ ਬਣਾ ਰਿਹਾ ਹੈ। ਉਸਨੇ ਹਮਲਾ ਤਾਂ ਨਹੀਂ ਕੀਤਾ। ”
“ਮਹਾਰਾਜ ਜੇ ਉਹ ਯੋਜਨਾ ਬਣਾ ਰਿਹਾ ਹੈ ਤਾਂ ਕੱਲ੍ਹ ਹਮਲਾ ਕਰ ਵੀ ਸਕਦਾ ਹੈ। ”
” ਸੈਨਾਪਤੀ ਤੂੰ ਬੇਫਿਕਰ ਹੋ ਕੇ ਜਾਹ ਮੈਂ ਸਾਰੇ ਪ੍ਬੰਧ ਪੂਰੇ ਕੀਤੇ ਹੋਏ ਹਨ। ”
“ਜੀ ਮਹਾਰਾਜਾ” ਆਖ ਮੰਤਰੀ ਚਲਾ ਜਾਂਦਾ ਹੈ। ਅਗਲੇ ਦਿਨ ਮੰਤਰੀ ਇੱਕ ਵਾਰ ਫ਼ੇਰ
ਆਉਦਾਂ ਹੈ।
“ਮਹਾਰਾਜ ਦੀ ਜੈ ਹੋਵੇ, ਮਹਾਰਾਜ ਭੀਮ ਦੇਵ ਹਮਲਾ ਕਰਨ ਲਈ ਚੱਲ ਪਿਆ ਹੈ। ”
” ਸੈਨਾਪਤੀ ਤੂੰ ਫ਼ਿਕਰ ਨਾ ਕਰ ਮੇਰੇ ਸਾਰੇ ਪ੍ਬੰਧ ਪੂਰੇ ਨੇ। ”
” ਜੀ ਮਹਾਰਾਜ। ”
ਸੈਨਾਪਤੀ ਸ਼ਾਮ ਨੂੰ ਫ਼ੇਰ ਆ ਗਿਆ।
” ਮਹਾਰਾਜ ਭੀਮ ਦੇਵ ਦੀ ਸੈਨਾ ਆਪਣੀਆਂ ਸੀਮਾਵਾਂ ਪਾਰ ਕਰ ਚੁੱਕੀ ਹੈ। ਤੁਸੀਂ ਦੁਸ਼ਮਣ ਨੂੰ ਰੋਕਣ ਦਾ ਹੁਕਮ ਦਿਉ।
“ਤੂੰ ਨਿਸ਼ਚਿਤ ਹੋ ਜਾ ਸੈਨਾਪਤੀ ਉਹਨਾਂ ਨੂੰ ਆਉਣ ਦਿਉ ਮੇਰੇ ਸਾਰੇ ਪ੍ਬੰਧ ਪੂਰੇ ਨੇ। ”
ਉਹ ਦੋਵੇਂ ਅਜੇ ਗੱਲ ਕਰ ਹੀ ਰਹੇ ਸਨ ਕਿ ਇੱਕ ਸੈਨਿਕ ਭੱਜਦਾ ਹੋਇਆ ਅੰਦਰ ਆਇਆਂ।
“ਮਹਾਰਾਜ ਦੀ ਜੈ ਹੋਵੇ……. ਮਹਾਰਾਜ ਮਹਾਰਾਜ ਦੁਸ਼ਮਣ ਦੀ ਸੈਨਾ ਨੇ ਆਪਣੇ ਸੈਨਿਕਾਂ ਨੂੰ ਹਰਾ ਦਿੱਤਾ ਹੈ ਅਤੇ ਉਹ ਮੁੱਖ ਦਰਵਾਜ਼ੇ ਕੋਲ ਪਹੁੰਚ ਚੁੱਕੀ ਹੈ। ”
“ਸੈਨਿਕ ਇਸ ਵਿੱਚ ਘਬਰਾਉਣ ਦੀ ਜਰਾ ਵੀ ਜਰੂਰਤ ਨਹੀਂ ਹੈ। ਮੇਰੇ ਵੱਲੋਂ ਸਾਰੇ ਪ੍ਬੰਧ ਪੂਰੇ ਨੇ। ਉਹਨਾਂ ਨੂੰ ਆਉਣ ਦਿਉ ਅੰਦਰ। ”
ਸੈਨਾਪਤੀ ਬੜੀ ਹੈਰਾਨੀ ਨਾਲ ਬੋਲਿਆਂ।
“ਮਹਾਰਾਜ ਤੁਹਾਡੇ ਵੱਲੋਂ ਸਾਰੇ ਪ੍ਬੰਧ ਪੂਰੇ ਹਨ । ਮੈਂ ਇਹ ਗੱਲ ਤਾਂ ਕਈ ਦਿਨਾਂ ਤੋਂ ਸੁਣਦੇ ਆ ਰਿਹਾ ਹਾਂ ਪਰ ਹੁਣ ਦੁਸ਼ਮਣ ਆਪਣੇ ਦਰਵਾਜ਼ੇ ਦੇ ਬਾਹਰ ਖੜੇ ਹਨ ਪਰ ਤੁਸੀਂ ਸਾਨੂੰ ਉਹਨਾਂ ਦਾ ਮੁਕਾਬਲਾ ਕਰਨ ਦੀ ਥਾਂ ਉੱਤੇ ਇਹ ਹੀ ਕਹਿ ਰਹੇ ਹੋ ਕਿ ਤੁਹਾਡੇ ਵੱਲੋਂ ਸਾਰੇ ਪ੍ਬੰਧ ਪੂਰੇ ਨੇ। ”
” ਸੈਨਾਪਤੀ ਮੈਂ ਕਿਹੜਾ ਕੋਈ ਝੂਠ ਬੋਲ ਰਿਹਾ ਹਾਂ ,ਮੇਰੇ ਵੱਲੋਂ ਸਾਰੇ ਪ੍ਬੰਧ ਪੂਰੇ ਨੇ। ”
” ਮਹਾਰਾਜ ਜੇਕਰ ਪੂਰੇ ਨੇ ਤਾਂ ਸਾਨੂੰ ਵੀ ਤਾਂ ਦੱਸੋਂ ਤੁਸੀਂ ਕਿਹੜੇ ਪੂਰੇ ਪ੍ਬੰਧ ਕੀਤੇ ਨੇ। ”
“ਸੈਨਾਪਤੀ ਤੂੰ ਬਹੁਤ ਹੀ ਉਤਾਵਲਾ ਹੋ ਰਿਹਾ ਹੈਂ। ਚੱਲੋਂ ਪਿੱਛੇ ਵਾਲੇ ਗੁਪਤ ਦਰਵਾਜ਼ਾ ਨੂੰ ਖੋਲਣ ਦਾ ਉਦੇਸ਼ ਦਿਉ। ”
ਸੈਨਾਪਤੀ ਨੇ ਬਹੁਤ ਹੀ ਹੈਰਾਨੀ ਨਾਲ ਸੈਨਿਕ ਨੂੰ ਗੁਪਤ ਦਰਵਾਜ਼ਾ ਖੋਲਣ ਦਾ ਉਦੇਸ਼ ਦੇ ਦਿੱਤਾ। ਸੈਨਿਕ ਨੇ ਜਿਵੇਂ ਹੀ ਗੁਪਤ ਦਰਵਾਜ਼ਾ ਖੋਲ੍ਹਿਆ । ਰਾਜੇ ਨੇ ਆਪਣੇ ਪੁਰਾਣੇ ਕੱਪੜੇ ਪਾਏ ਤੇ ਕਟੋਰਾ ਚੁੱਕ ਕੇ ਉੱਥੇ ਭੱਜ ਤੁਰਿਆ।
“ਮਹਾਰਾਜ਼ ਤੁਹਾਡੇ ਪੂਰੇ ਪ੍ਬੰਧ ਕੀ ਹਨ? ਉਹਨਾਂ ਬਾਰੇ ਤਾਂ ਦੱਸ ਜਾਉ”, ਪਿੱਛੋ ਸੈਨਾਪਤੀ ਨੇ ਆਵਾਜ਼ ਮਾਰੀ।
” ਮੇਰਾ ਤਾਂ ਪੂਰਾ ਪ੍ਬੰਧ ਜਾਨ ਬਚਾ ਕੇ ਭੱਜਣ ਦਾ ਹੀ ਸੀ। ਮੈਂ ਉਸ ਵਿੱਚ ਸਫ਼ਲ ਹੋ ਗਿਆ ਹਾਂ ਤੁਸੀਂ ਆਪਣੇ ਬਾਰੇ ਆਪ ਸੋਚੋ। ”
ਆਖ ਮੰਗਤਾ ਜਾਨ ਬਚਾ ਕੇ ਭੱਜ ਗਿਆ ,ਸੈਨਾਪਤੀ ਤੇ ਸੈਨਿਕ ਉਸਨੂੰ ਦੇਖਦੇ ਹੀ ਰਹਿ ਗਏ।
ਸੰਦੀਪ ਦਿਉੜਾ
8437556667