ਬੁਲੇਟ ਮੋਟਰਸਾਇਕਲ ਕਰਕੇ ਪਈ ਸੱਚੀ ਯਾਰੀ
ਪੰਜਾਬ ਵਿੱਚ 18 ਤੋਂ 60 ਸਾਲ ਦੀ ਉਮਰ ਦੇ ਪੰਜਾਬੀਆਂ ਵਿੱਚ ਰਾਇਲ ਐਨਫ਼ੀਲਡ ਜਾਂ ਆਮ ਭਾਸ਼ਾ ਵਿੱਚ ਬੁਲੇਟ ਮੋਟਰਸਾਇਕਲ ਦੇ ਪ੍ਤੀ ਮੋਹ ਸਭ ਨੂੰ ਪਤਾ ਹੈ ਤੇ ਹੁਣ ਵਿਦੇਸ਼ਾਂ ਵਾਂਗ ਬੁਲੇਟ ਮਾਲਕਾਂ ਦੇ ਕਲੱਬ ਅਤੇ ਲੰਬੀ ਦੂਰੀ ਤੱਕ ਇਕੱਠੇ ਯਾਤਰਾ ਕਰਨ ਦਾ ਰੁਝਾਣ ਵੀ ਚੱਲ ਪਿਆ ਹੈ। ਚੰਡੀਗੜ੍ਹ ਡੀ ਏ ਵੀ ਕਾਲਜ ਵਿਚ ਬਾਰਵੀਂ ਕਰਨ ਵੇਲੇ ਪਹਿਲਾਂ ਰੇਂਜਰ ਸਾਇਕਲ ਤੇ ਮਗਰੋਂ ਬਜਾਜ ਚੇਤਕ ਹੋਸਟਲ ਵਿੱਚ ਰੱਖਿਆ ਹੋਇਆ ਸੀ ਪਰ ਯੂਨੀਵਰਸਿਟੀ ਜਦ ਦਾਖਲਾ ਲਿਆ ਤਾਂ ਮਾਪਿਆਂ ਤੋਂ ਵਿਸ਼ੇਸ਼ ਤੌਰ ਤੇ ਬੁਲੇਟ ਲੈਣ ਦੀ ਜਿੱਦ ਕੀਤੀ ਜੋ ਪੂਰੀ ਹੋਣ ਤੇ ਲੱਗਦਾ ਸੀ ਹੁਣ ਪਤਾ ਨਹੀਂ ਕੀ ਦਿੱਲੀ ਦਾ ਲਾਲ ਕਿਲਾ ਫਤਿਹ ਕਰ ਲੈਣਾ ਹੈ। ਲਾਅ ਵਿਭਾਗ ਵਿੱਚ ਭਾਵੇਂ ਸਾਲ 2000 ਵਿੱਚ ਵੀ ਬਹੁਤ ਵਿਦਿਆਰਥੀ-ਵਿਦਿਆਰਥਣਾਂ ਕੋਲ ਕਾਰਾਂ ਜੀਪਾਂ ਸਨ ਪਰੰਤੂ ਬੁਲੇਟ ਨੋਟਿਸ ਕੀਤਾ ਜਾਂਦਾ ਸੀ, ਖਾਸ ਕਰਕੇ ਨੰਬਰਾਂ ਨਾਲ। ਮੈਂ ਸੌਂਕ ਨਾਲ ਚੰਡੀਗੜ੍ਹ ਨੰਬਰ 6764 ਬੁਲੇਟ ਲਿਆ ਸੀ।ਲਾਅ ਵਿਭਾਗ ਦੇ ਮੇਰੇ ਸ਼ੁਰੂਆਤੀ ਦਿਨਾਂ ਵਿੱਚ ਹੀ ਮੈਨੂੰ ਪਤਾ ਲੱਗਿਆ ਕਿ ਡੀ ਏ ਵੀ ਦੇ ਕੁਝ ਪੁਰਾਣੇ ਯਾਰ ਪੰਜਾਬੀ ਤੇ ਬੱਬੂ ਮਾਨ ਵਾਲੇ ਵਿਭਾਗ ਪੁਰਾਤਨ ਇਤਿਹਾਸ ਵਿੱਚ ਪੜਦੇ ਹਨ ਤੇ ਉਦੋਂ ਮੋਬਾਈਲ ਤਾਂ ਹੁੰਦੇ ਨਹੀਂ ਸੀ ਸੋ ਮਿਲਣ ਜਾਣਾ ਹੀ ਪੈਂਦਾ ਸੀ। ਮੈਂ ਇਕ ਦਿਨ ਆਪਣੇ ਸਾਥੀਆਂ ਨੂੰ ਮਿਲਣ ਬੜੇ ਸ਼ੌਕ ਨਾਲ ਮਿਲਣ ਗਿਆ ਪਰੰਤੂ ਮੈਨੂੰ ਕੋਈ ਉਥੇ ਨਾ ਮਿਲਿਆ ਹਾਲਾਂਕਿ ਮੈਂ ਕੈਂਟੀਨ ਤੋਂ ਲੈਕੇ ਵਿਭਾਗਾਂ ਦਾ ਹਰ ਕੋਨਾ ਛਾਣ ਮਾਰਿਆ ਸੀ। ਮੈਂ ਜਦ ਵਾਪਸ ਆਉਣ ਲੱਗਾ ਤਾਂ ਬੁਲੇਟ ਜਨਾਬ ਨੂੰ ਪਤਾ ਨਹੀ ਕੀ ਹੋਇਆ ਸਟਾਰਟ ਹੀ ਨਾ ਹੋਵੇ। ਉਧਰੋਂ ਪੰਜਾਬੀ, ਇੰਗਲਿਸ਼ ਤੇ ਹਿੰਦੀ ਵਿਭਾਗ ਦੀਆਂ ਬੀਬੀਆਂ ਵੀ ਕੋਲੋਂ ਲੰਘਦੀਆਂ ਬੋਲ ਕੇ ਹੀ ਗੁਜ਼ਰੀਆਂ “ਆ ਜਾਂਦੇ ਆ ਬੁਲਟ ਲੈ ਕੇ, ਸਟਾਰਟ ਕਰਨੇ ਆਉਦੇ ਨਹੀਂ! ” ਤੇ ਅੰਗਰੇਜ਼ੀ ਆਲੀਆ ਦਾ ਤਾਂ ਚਲੋ ਹਾਸਾ ਹੀ ਸਮਝ ਆਇਆ ਬਾਕੀ ਕੁਝ ਪਤਾ ਨਹੀਂ ਲੱਗਿਆ। ਆਪਾਂ ਵਿੰਗੇ ਟੇਢੇ ਹੋ ਬਹੁਤ ਕੋਸ਼ਿਸ਼ ਕੀਤੀ ਤੇ ਅਗਸਤ ਦੀ ਤਿੱਖੀ ਗਰਮੀ ਨੇ ਪਸੀਨੋ ਪਸੀਨੀ ਕਰ ਦਿੱਤਾ। ਸਮਝ ਨਾ ਆਵੇ ਕੀ ਕਰਾਂ ਤੇ ਦੂਜੇ ਵਿਭਾਗ ਵਿੱਚੋਂ ਬੁਲੇਟ ਰੋੜ ਕੇ ਲਿਆਉਣਾ ਆਪਣੇ ਆਪ ਵਿੱਚ ਵੱਡੀ ਬੇਇੱਜ਼ਤੀ ਲੱਗ ਰਿਹਾ ਸੀ। ਮੈਂ ਹਾਲੇ ਕੋਈ ਫੈਸਲਾ ਲੈਣ ਦੀ ਦੁੁਚਿੱਤੀ ਵਿੱਚ ਹੀ ਸੀ ਕਿ ਪਾਰਕਿੰਗ ਵਿੱਚ ਪੰਜਾਬੀ ਵਿਭਾਗ ਦੇ ਮੁੰਡਿਆਂ ਦੀ ਇਕ ਟੋਲੀ ਨੇ ਮੈਨੂੰ ਆਵਾਜ਼ ਮਾਰੀ ਤੇ ਕਿਹਾ ਬਾਈ...
ਚੰਡੀਗੜ੍ਹ ਦਾ ਲੋਕਲ ਹੈਂ? ਮੈਂ ਕਿਹਾ ਨਹੀਂ ਯਾਰ! ਮਾਨਸਾ ਤੋਂ ਹਾਂ ਪਰ ਡੀ ਏ ਵੀ ਪੜਿਆ ਦੱਸੋ ਕਿਵੇਂ ਸੀ? ਕਹਿੰਦੇ ਬਾਈ ਬੁਲਟ ਨਵਾਂ ਲਿਆ? ਮੈਂ ਕਿਹਾ ਹਾਂ। ਤੇ ਉਹ ਹੱਸ ਪਏ। ਮੈ ਕਿਹਾ ਯਾਰ ਸਟਾਰਟ ਨਹੀ ਹੁੰਦਾ ਤੁਸੀਂ ਹੱਸੀ ਜਾਂਦੇ ਓ। ਉਹਨਾਂ ਵਿੱਚੋਂ ਇਕ ਕਹਿੰਦਾ ,”ਬਾਈ !ਕੋਈ ਨਹੀ ਮੇਰੇ ਕੋਲ ਵੀ ਬੁਲਟ ਹੈ, ਮੈਂ ਜਾਣਦਾ ਇਹਦੀ ਦਿੱਕਤ।” ਮੈਂ ਉਹਨੂੰ ਕਿਹਾ, “ਬਾਈ ਮੱਦਦ ਕਰ ਦਿਓ।” ਉਹ ਕਹਿੰਦਾ, ” ਬਾਈ! ਇਹ ਓਵਰ ਹੋ ਗਿਆ, ਤੂੰ ਆਹ ਲੈ ਮੇਰੇ ਬੁਲੇਟ ਦੀ ਚਾਬੀ, ਮੈਂ ਦੋ ਤਿੰਨ ਘੰਟੇ ਪਿੱਛੇ ਕੈਂਟੀਨ ਵਿੱਚ ਹਾਂ, ਉਥੇ ਹੀ ਮੈਨੂੰ ਵਾਪਸ ਕਰ ਦੇਈ।” ਮੈਂ ਇਸ ਤੋਂ ਪਹਿਲਾਂ ਉਸ ਵੀਰ ਨੂੰ ਕੁੱਝ ਹੋਰ ਪੁੱਛਦਾ ਤਾਂ ਉਹ ਕਹਿੰਦਾ, “ਯਾਰ ਕਿਉਂ ਚਿੰਤਾ ਕਰਦਾ ? ਬਹੁਤਾ ਕਰਦਾ ਹੈਂ ਤਾਂ ਆਪਣੇ ਬੁਲਟ ਦੀ ਚਾਬੀ ਦੇ ਜਾ, ਜੇ ਮੈਂਨੂੰ ਲੋੜ ਹੋਈ ਤਾਂ ਮੈਂ ਸਟਾਰਟ ਕਰਕੇ ਲੈ ਜਾਵਾਂਗਾ।” ਮੈਂ ਸਸ਼ੋਪੰਜ ਵਿਚ ਹੁੰਦੇ ਹੋਏ ਪੁੱਛਿਆ, “ਬਾਈ !ਤੇਰਾ ਨਾਮ ਕੀ ਹੈ ?” ਉਹਨੇ ਕਿਹਾ, ” ਮੈਂ ਮਨੀ ਹਾਂ ਭੰਗੜਾ ਪਾਉਦਾ ਰਿਹਾ ਜੀ.ਸੀ.ਐਮ. ਵਿਚ, ਮੈਂਨੂੰ ਜਾਣਦੇ ਆ ਸਾਰੇ ਕਿਸੇ ਨੂੰ ਵੀ ਪੁੱਛ ਲਵੀ।” ਮੈਂ ਉਹਦਾ ਬੁਲੇਟ ਲੈ ਕੇ ਕੰਮ ਕਾਰ ਕਰਕੇ ਵਾਪਸ ਆ ਕੇ ਉਹਨੂੰ ਬੁਲੇਟ ਕੈਂਟੀਨ ਤੇ ਬੈਠੇ ਨੂੰ ਵਾਪਸ ਕੀਤਾ ਤਾਂ ਉਹਨੇ ਕਿਹਾ ,”ਤੇਰੇ ਵਾਲਾ ਓਕੇ ਆ ਮਾੜਾ ਮੋਟਾ ਕਚਰਾ ਸੀ ,ਮੈਂ ਪਲੱਗ ਮਿਸਤਰੀ ਬੁਲਾ ਕੇ 15 ਸੈਕਟਰ ਵਿਚੋਂ ਸਹੀ ਕਰਵਾ ਦਿੱਤਾ ਹੈ।” ਮੈਂ ਪੈਸੇ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਨੇ ਨਹੀਂ ਲਏ। ਉਹ ਸਾਲ 2000 ਦਾ ਅਗਸਤ ਮਹੀਨਾ ਤੇ ਜੁਲਾਈ 2022 ਦੇ ਇਹ ਦਿਨ ਮੈਂ ਜਦ ਵੀ ਬੁਲੇਟ ਸਟਾਰਟ ਕਰਦਾ ਤਾਂ ਮੈਂਨੂੰ ਅਣਜਾਣ ਮਨੀ ਨਾਲ ਪਈ ਪੱਕੀ ਯਾਰੀ ਯਾਦ ਆ ਜਾਂਦੀ ਹੈ । ਮਨੀ ਅੱਜ ਕੱਲ ਭਾਵੇਂ ਅਮਰੀਕਾ ਰਹਿੰਦਾ ਪਰ ਸੋਸ਼ਲ ਮੀਡੀਆ ਰਾਹੀਂ ਅਸੀਂ ਜੁੜੇ ਹੋਏ ਹਾਂ ਤੇ ਇਕ ਦੂਜੇ ਨੂੰ ਮਿਲਦੇ ਵੀ ਰਹਿੰਦੇ ਹਾਂ। ਸੋ ਮੇਰੀ ਇਸ ਅਟੁੱਟ ਯਾਰੀ ਦਾ ਮੁੱਢ ਬੁਲਟ ਨਾਲ ਬੱਝਿਆ ਤੇ ਅੱਜ ਵੀ ਕਾਇਮ ਹੈ ਤੇ ਸ਼ਾਇਦ ਮੇਰੇ ਵਰਗੇ ਕਈਆਂ ਹੋਰਾਂ ਦੀਆਂ ਯਾਰੀਆਂ ਵਿਚ ਵੀ ਬੁਲਟ ਦਾ ਰੋਲ ਰਿਹਾ ਹੋਵੇ ਤਾਂ ਇਹ ਸੱਚੀ ਘਟਨਾ ਸ਼ੇਅਰ ਕਰ ਰਿਹਾ ਹਾਂ।