ਬਚਪਨ ਵੀ ਕਿੰਨਾਂ ਭੋਲਾ ਹੁੰਦੈ….
ਇਸਨੂੰ ਨਹੀਂ ਪਤਾ ਹੁੰਦਾ ਕਿ ਜੋ ਕੁਝ ਉਹ ਕਰ ਰਿਹੈ, ਉਸਦਾ ਨਤੀਜਾ ਕੀ ਨਿਕਲੇਗਾ ? ਬੱਚਾ ਤਾਂ ਆਪਣੀ ਧੁਨ ਵਿਚ, ਖੁਸ਼ੀ ਦੀ ਲੋਰ ਵਿਚ ਆਹਰੇ ਲੱਗਾ ਰਹਿੰਦੈ, ਬਸ। ਪਰ ਜੇ ਕਦੇ ਕੁਝ ਮਾੜਾ ਵਾਪਰ ਜਾਵੇ, ਉਸ ਵੇਲੇ ਵੀ ਪਤਾ ਨਹੀਂ ਚੱਲਦਾ ਹੈ ਕਿ ਆਪਣੀ ਗਲਤੀ ਕੀ ਸੀ?ਆਪਣੀ ਹੀ ਇਕ ਬੇਵਕੂਫੀ ਸਾਂਝੀ ਕਰ ਰਿਹਾਂ…
———
ਮੇਰੀ ਉਮਰ ਉਸ ਵੇਲੇ ਕੋਈ ਛੇ ਕੁ ਸਾਲ ਦੀ ਹੋਵੇਗੀ।ਡੱਬਵਾਲੀ, ਸੁਰੁਸਤੀ ਦੇ ਨੌਹਰੇ ਵਿਚ ਰਹਿੰਦੇ ਸਾਂ। ਇੱਕ ਪਾਸੇ ਡਾਕਖਾਨਾ, ਦੂਜੇ ਪਾਸੇ ਡਿੱਗੀ। ਦੋਹਾਂ ਵਿਚਕਾਰ ਖੁਲ੍ਹੀ ਥਾਂ ਜਿਥੇ ਅਸੀਂ ਖੇਡਿਆ ਕਰਦੇ ਸਾਂ। ਓਥੋਂ ਹੀ ਸਟੇਸ਼ਨ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਦਿਸਦੀਆਂ ਸਨ।
ਇਕ ਦਿਨ, ਪਤਾ ਨਹੀਂ ਕੀ ਸੁੱਝੀ, ਤੁਰਦਾ-ਤੁਰਦਾ ਸਟੇਸ਼ਨ ਪਹੁੰਚ ਗਿਆ। ਗੱਡੀ ਬਠਿੰਡੇ ਵਲੋਂ...
ਆਈ ਸੀ ਤੇ ਹਨੁਮਾਨਗੜ੍ਹ ਵਲ ਜਾਣੀ ਸੀ। ਗੱਡੀ ਦਾ ਝੂਟਾ ਲੈਣ ਲਈ ਡੱਬੇ ਦੇ ਹੈਂਡਲ ਨੂੰ ਫੜ ਕੇ ਲਮਕ ਗਿਆ। ਗੱਡੀ ਚੱਲ ਪਈ। ਕੋਈ ਡਰ ਨਹੀਂ ਲੱਗਿਆ।ਅੱਗੋਂ ਕੀ ਹੋਣਾ ਸੀ, ਕੁਝ ਨਹੀਂ ਪਤਾ ?
ਸਬੱਬ ਨਾਲ ਉਸੇ ਵੇਲੇ, ਮਿਹਰਦੀਨ, ਜੋ ਸਾਡੇ ਗੁਆਂਢ ਵਿਚ ਹੀ ਰਹਿੰਦਾ ਸੀ,ਉਥੋਂ ਲੰਘ ਰਿਹਾ ਸੀ। ਉਸਨੇ ਮੈਨੂੰ ਗੱਡੀ ਨਾਲ ਲਮਕਦੇ ਨੂੰ ਦੇਖਿਆ ਤੇ ਭੱਜ ਕੇ ਬਾਹੋਂ ਫੜ੍ਹ ਕੇ ਗੱਡੀ ਤੋਂ ਖਿੱਚ ਲਿਆ।
ਜੇ ਮਿਹਰਦੀਨ ਉਸ ਵੇਲੇ ਨਾ ਆਉਂਦਾ, ਤਾਂ ਮੇਰਾ ਪਤਾ ਨਹੀਂ ਕੀ ਬਣਨਾ ਸੀ ?…
—-ਡਾ. ਅਜਮੇਰ ਸਿੰਘ