ਅੱਜ ਅਚਾਨਕ ਉਸਦੇ ਘਰਵਾਲੇ ਨੂੰ ਕੋਈ ਜ਼ਰੂਰੀ ਕੰਮ ਆਣ ਪਿਆ ਅਤੇ ਧੀ ਦੇ ਦਾਖਲੇ ਲਈ ਉਸਨੂੰ ਹੀ ਨਾਲ ਕਾਲਜ ਜਾਣਾ ਪਿਆ। ਕਾਲਜ ਵੀ ਤਾਂ ਉਹੀ ਸੀ। ਉਸਦੇ ਪੈਰ ਭਾਰੇ ਹੋ ਗਏ ਸਨ ਅਤੇ ਮਨ ਨਾ ਜਾਣ ਲਈ ਜ਼ੋਰ ਪਾ ਰਿਹਾ ਸੀ ਪਰ ਮਜਬੂਰੀ ਸੀ, ਕਿਸੇ ਨੂੰ ਤਾਂ ਜਾਣਾ ਹੀ ਪੈਣਾ ਸੀ। ਧੀ ਪਹਿਲੀ ਵਾਰ ਕਾਲਜ ਵਿੱਚ ਦਾਖਲਾ ਲੈ ਰਹੀ ਸੀ। ਦੋਨੇ ਮਾਵਾਂ-ਧੀਆਂ ਸਵੇਰੇ ਬੱਸ ਵਿੱਚ ਬੈਠ ਸ਼ਹਿਰ ਵੱਲ ਨੂੰ ਚਲ ਪਈਆਂ। ਅੱਡੇ ਤੋਂ ਰਿਕਸ਼ਾ ਲੈ ਕਾਲਜ ਵੱਲ ਚਾਲੇ ਪਾ ਦਿੱਤੇ। ਜਿੰਨਾਂ ਰਿਕਸ਼ਾ ਅੱਗੇ ਜਾ ਰਿਹਾ ਸੀ ਉਹ ਪਿੱਛੇ ਜਾ ਰਹੀ ਸੀ। ਵਰਤਮਾਨ ਦੀਆਂ ਝੀਥਾਂ ਵਿੱਚੋਂ ਚੇਤਾ ਵਾਰ ਵਾਰ ਭੂਤਕਾਲ ਦੀ ਝਾਤੀ ਮਾਰ ਰਿਹਾ ਸੀ।
ਕਾਲਜ ਦੇ ਗੇਟ ਮੂਹਰੇ ਉਤਰ ਉਸਦੀ ਧੀ ਚਾਂਈ ਚਾਂਈ ਅੱਗੇ ਅੱਗੇ ਜਾ ਰਹੀ ਸੀ। ਮੁੰਡੇ-ਕੁੜੀਆਂ ਦੇ ਝੁੰਡ ਹਰ ਨਵੇਂ ਆਉਣ ਵਾਲੇ ਚਿਹਰੇ ਵੱਲ ਤੱਕਦੇ ਸਨ, ਕਿਸੇ ਕਿਸੇ ਚਿਹਰੇ ਵੱਲ ਜਿਆਦਾ ਅਤੇ ਕਿਸੇ ਵੱਲ ਬੱਸ ਇੱਕ ਨਜ਼ਰ। ਕਾਲਜ ਵੀ ਬਹੁਤ ਬਦਲ ਚੁੱਕਾ ਸੀ। ਸਮਾਂ ਵੀ ਤਾਂ ਤੇਈ ਸਾਲ ਤੋਂ ਵੀ ਵੱਧ ਹੋ ਚੁੱਕਾ ਸੀ ਪਤਾ ਨਹੀ ਕਿਵੇਂ ਉਹ ਕਦੇ ਇਸ ਰਸਤੇ ਆਈ ਹੀ ਨਹੀਂ। ਇਮਾਰਤ ਲਿਸ਼ਕਾ ਮਾਰ ਰਹੀ ਸੀ, ਗੇਟ ਵੱਡਾ ਹੋ ਗਿਆ ਸੀ ਅਤੇ ਸੱਜੇ ਹੱਥ ਜਿੱਥੇ ਨਿੰਮ ਦਾ ਵੱਡਾ ਦਰੱਖਤ ਅਤੇ ਕੰਟੀਨ ਹੁੰਦੀ ਸੀ, ਹੁਣ ਉੱਥੇ ਪਾਰਕਿੰਗ ਸਟੈਂਡ ਸੀ। ਉਸ ਨਿੰਮ ਦੇ ਦਰੱਖਤ ਕੋਲ ਹੀ ਤਾਂ ਦੇਖਿਆ ਸੀ ਉਸਨੂੰ ਪਹਿਲੀ ਵਾਰ। ਹਰ ਵਾਰ ਉੱਥੇ ਹੀ ਖੜ੍ਹਾ ਦਿਸਦਾ ਸੀ। ਪਹਿਲਾਂ ਲੱਗਾ ਕਿ ਉਸਦਾ ਭੁਲੇਖਾ ਹੈ ਪਰ ਇੰਜ ਉਸਦਾ ਰੋਜ਼ ਰੋਜ਼ ਖੜ੍ਹਣਾ ਕੁੱਝ ਹੋਰ ਹੀ ਬਾਤ ਪਾਉਂਦਾ ਸੀ। ਉਸਨੂੰ ਵੀ ਉਹ ਚੰਗਾ ਲੱਗਣ ਲੱਗ ਪਿਆ ਸੀ। ਗੱਲ ਮੁਸਕਰਾਉਣ ਤੋਂ ਪਹੁੰਚ ਕੇ ਚਿੱਠੀਆਂ ਤੱਕ ਪਹੁੰਚ ਚੁੱਕੀ ਸੀ। ਕਦੇ ਕਦੇ ਕੰਟੀਨ ਤੇ ਇਕੱਠੇ ਚਾਹ ਵੀ ਪੀ ਲੈਂਦੇ। ਉਸਨੇ ਆਪਣੀ ਇੱਕ ਫੋਟੋ ਵੀ ਉਸਨੂੰ ਦੇ ਦਿੱਤੀ ਸੀ।
ਸਾਲ ਕੁ ਇੰਜ ਹੀ ਲੰਘ ਗਿਆ ਪਰ ਫੇਰ ਉਹ ਉਸਨੂੰ ਇਕੱਲੀ ਮਿਲਣ ਲਈ ਬੁਲਾਉਣ ਲੱਗ ਪਿਆ। ਨਾਂਹ ਕੀਤੀ ਤਾਂ ਚਿੱਠੀਆਂ ਤੇ ਫੋਟੋ ਘਰ ਦਿਖਾਉਣ ਦੀ...
ਧਮਕੀ ਦੇਣ ਲੱਗ ਪਿਆ। ਡਰ ਨਾਲ ਉਸਦਾ ਸਾਹ-ਸੱਤ ਹੀ ਮੁੱਕ ਗਿਆ ਸੀ। ਰੋ ਰੋ ਅੱਖਾਂ ਸੁਜਾ ਲਈਆਂ, ਉੱਤੋਂ ਸਹੇਲੀ ਨੇ ਪਤਾ ਕਰ ਕੇ ਦੱਸਿਆ ਕਿ ਉਹ ਤਾਂ ਉਸਦੇ ਵਰਗੀਆਂ ਹੋਰ ਵੀ ਕਈਆਂ ਨਾਲ ਗੱਲਬਾਤ ਕਰਦਾ। ਫੇਰ ਤਾਂ ਉਸਨੂੰ ਮਰਨ ਤੋਂ ਇਲਾਵਾ ਕੋਈ ਚਾਰਾ ਨਹੀ ਲੱਗ ਰਿਹਾ ਸੀ। ਦਾਰ ਜੀ ਅਤੇ ਬਾਪੂ ਦੇ ਗੁੱਸੇ ਤੋ ਬਹੁਤ ਡਰ ਲੱਗ ਰਿਹਾ ਸੀ। ੳੇਸਨੂੰ ਪਤਾ ਸੀ ਕਿ ਕਿਵੇਂ ਮਾਂ ਨੇ ਮਿੰਨਤਾਂ ਕਰਕੇ ਬਾਪੂ ਨੂੰ ਉਸਨੂੰ ਪੜਾਉਣ ਲਈ ਮਨਾਇਆ ਸੀ ਤੇ ਵੱਡੇ ਵੀਰ ਨੇ ਤਾਂ ਬੱਸ ਉਸਦਾ ਫਾਹਾ ਵੀ ਵੱਢ ਦੇਣਾ ਜੇ ਕੁੱਝ ਵਾਧ-ਘਾਟ ਹੋ ਗਈ। ਹੁਣ ਉਹ ਦੱਸੇ ਵੀ ਕਿਸਨੂੰ, ਉੱਤੋਂ ਉਸਦੇ ਰੋਜ਼ ਡਰਾਵੇ ਵੱਧੀ ਜਾਂਦੇ ਸਨ। ਆਖਰ ਜਦੋਂ ਮਾਂ ਨੇ ਉਸਦੀ ਚੁੱਪ ਬੁੱਝ ਲਈ ਤਾਂ ਉਸਨੇ ਰੋ ਰੋ ਸਾਰਾ ਹਾਲ ਸੁਣਾ ਦਿੱਤਾ। ਡਰੂ ਜਿਹੀ, ਚੁੱਪ ਰਹਿਣ ਵਾਲੀ ਮਾਂ ਨੇ ਉਸਦਾ ਹੱਥ ਘੁੱਟ ਉਸਨੂੰ ਹੌਸਲਾ ਦਿੱਤਾ ਅਤੇ ਆਪ ਸਾਰੇ ਟੱਬਰ ਨੂੰ ਝੂਠ ਬੋਲ ਉਸ ਮੁੰਡੇ ਨੂੰ ਮਿਲਣ ਗਈ। ਉਸਨੇ ਪਹਿਲੀ ਵਾਰ ਮਾਂ ਨੂੰ ਸ਼ੇਰਨੀ ਵਾਂਗ ਦਹਾੜਦੇ ਦੇਖਿਆ ਸੀ। ਮਾਂ ਦੀ ਦਹਾੜ ਨੇ ਮੁੰਡੇ ਨੂੰ ਡਰਾ ਦਿੱਤਾ ਸੀ ਅਤੇ ਉਸਨੂੰ ਬਚਾ ਲਿਆ ਸੀ।
ਪਰ ਅੱਜ ਫੇਰ ਇੰਨ੍ਹੇ ਸਾਲਾਂ ਬਾਅਦ ਉਹਨਾਂ ਯਾਦਾਂ ਨੇ ਉਸਨੂੰ ਡਰਾ ਦਿੱਤਾ। ਉਹ ਆਪਣੀ ਮਾਂ ਵਰਗੀ ਦਲੇਰ ਕਦੇ ਨਾ ਬਣ ਸਕੀ। ਉਸਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਤੁਰਦੇ ਤੁਰਦੇ ਉਸਦੇ ਕਦਮ ਬਹੁਤ ਹੋਲੀ ਹੋ ਗਏ ਸਨ। ਉਸਦੀ ਧੀ ਨੇ ਪਿੱਛੇ ਮੁੜ ਕੇ ਮਾਂ ਵੱਲ ਦੇਖਿਆ, ਉਸਦੇ ਉਤਰੇ ਹੋਏ ਚਿਹਰੇ ਉੱਤੇ ਨਜ਼ਰ ਪਈ ਤਾਂ ਉਸਨੂੰ ਸਭ ਸਮਝ ਆ ਗਈ। ਉਸਨੇ ਕੋਲ ਆ ਕੇ ਮਾਂ ਦਾ ਹੱਥ ਘੁੱਟ ਕੇ ਆਪਣੇ ਨਾਲ ਤੋਰ ਲਿਆ। ਅੱਜ ਫੇਰ ਇੱਕ ਵਾਰ ਹੱਥਾਂ ਦੇ ਛੋਹ ਨੇ ਉਸਦੇ ਸਾਰੇ ਸੰਸੇ ਅਤੇ ਡਰ ਦੂਰ ਕਰ ਦਿੱਤੇ ਸਨ।
✍🏻✍🏻ਹਰਪ੍ਰੀਤ ਬਰਾੜ ਸਿੱਧੂ