ਸਰਕਾਰੀ_ਕਰੋਨਾ
“ਕੀ ਹੋਇਆ ਇਹਨੂੰ।” ਜਦੋ ਮੈ ਡਰੈਸਿੰਗ ਕਰਵਾਕੇ ਡਾਕਟਰ ਦੇ ਕੈਬਿਨ ਚੋ ਬਾਹਰ ਨਿਕਲਿਆਂ ਤਾਂ ਡਾਕਟਰ ਸਾਹਿਬ ਵੀ ਮੇਰੇ ਪਿੱਛੇ ਹੀ ਬਾਹਰ ਆ ਗਏ। ਤੇ ਕੈਬਿਨ ਦੇ ਨੇੜੇ ਖੜੀ ਅਜੀਬ ਜਿਹੇ ਤਰੀਕੇ ਨਾਲ ਖੜੀ ਕੁੜੀ ਦੇ ਨਾਲ ਆਏ ਪਰਿਵਾਰਿਕ ਮੈਂਬਰਾਂ ਨੂੰ ਪੁੱਛਿਆ।
“ਕੁਚ ਵੀ ਨਹੀਂ।” ਕੁੜੀ ਨੇ ਆਪਣੇ ਵੱਖਰੇ ਜਿਹੇ ਅੰਦਾਜ਼ ਵਿੱਚ ਜਬਾਬ ਦਿੱਤਾ।
“ਕੀ ਗੱਲ ਹੈ। ਇਉਂ ਕਿਓੰ ਕਰਦੀ ਹੈਂ ਤੂੰ।” ਡਾਕਟਰ ਸਾਹਿਬ ਲੜਕੀ ਨੂੰ ਪੁੱਛਣਾ ਹੀ ਬੇਹਤਰ ਸਮਝਿਆ ।
“ਇਹ ਕੱਲ੍ਹ ਦੀ ਅਜੀਬ ਹਰਕਤਾਂ ਕਰੀ ਜਾਂਦੀ ਹੈ।” ਕੁੜੀ ਤਾਂ ਨਾ ਬੋਲੀ ਪਰ ਉਸ ਕੁੜੀ ਦੇ ਨਾਲ ਆਈਆਂ ਔਰਤਾਂ ਵਿਚੋਂ ਇੱਕ ਵਡੇਰੀ ਉਮਰ ਦੀ ਔਰਤ ਇੱਕ ਨੇ ਕਿਹਾ।
“ਕੀ ਹੋਇਆ ਤੈਨੂੰ। ਸਿੱਧੀ ਹੋਕੇ ਖੜ੍ਹ।” ਡਾਕਟਰ ਦੇ ਬੋਲਾਂ ਵਿੱਚ ਥੋੜੀ ਸਖਤੀ ਸੀ।
“ਕੁੱਚ ਨਹੀਂ। ਕੁੱਚ ਨਹੀਂ।” ਉਸ ਲੜਕੀ ਦਾ ਜਬਾਬ ਦੇਣ ਦਾ ਅੰਦਾਜ਼ ਹੋਂਰੋਂ ਜਿਹਾ ਹੀ ਸੀ।
“ਮੈਂ ਇੱਕ ਥੱਪੜ ਮਾਰਨਾ ਹੈ। ਹੱਥ ਥੱਲੇ ਕਰ।” ਡਾਕਟਰ ਸਾਹਿਬ ਨੇ ਬਨਾਵਟੀ ਜਿਹਾ ਗੁੱਸਾ ਵਿਖਾਉਂਦੇ ਹੋਏ ਕੁੜੀ ਨੂੰ ਤਾੜਨਾ ਜਿਹੀ ਕੀਤੀ। ਡਾਕਟਰ ਸਾਹਿਬ ਵੱਲੋਂ ਵਿਖਾਈ ਸਖਤੀ ਨੇ ਮੈਨੂੰ ਥੋੜਾ ਹੈਰਾਨ ਕਰ ਦਿੱਤਾ। ਕਿਉਂਕਿ ਡਾਕਟਰ ਸਾਹਿਬ ਦੇ ਹੱਸਮੁੱਖ ਤੇ ਮਿਲਾਪੜੇ ਸੁਭਾਅ ਕਰਕੇ ਹੀ ਮੈਂ ਇਹ੍ਹਨਾਂ ਤੇ ਮੋਹਿਤ ਜਿਹਾ ਹੋ ਗਿਆ ਸੀ ਤੇ ਮੈਂ ਬਿਨਾਂ ਬਹੁਤੀ ਵਿਚਾਰ ਕੀਤੇ ਉਥੋਂ ਹੀ ਅਪ੍ਰੇਸ਼ਨ ਕਰਾਉਣ ਦਾ ਫੈਸਲਾ ਕਰ ਲਿਆ ਸੀ। ਤੇ ਮੇਰਾ ਫੈਸਲਾ ਰਿਹਾ ਵੀ ਵਧੀਆ ਹੀ । ਡਾਕਟਰ ਸਾਹਿਬ ਮਰੀਜ਼ ਨੂੰ ਆਪਣਾ ਬਣਾ ਲੈਂਦੇ ਹਨ। ਇਥੋਂ ਤੱਕ ਕਿ ਮਰੀਜ ਦੇ ਪੱਟੀ ਵੀ ਖੁਦ ਹੀ ਕਰਦੇ ਹਨ। ਜ਼ਾ ਕੋਲ ਖੜ੍ਹ ਕੇ ਕਰਾਉਂਦੇ ਹਨ। ਪਰ ਇਸ ਕੇਸ ਵਿਚ ਤਾਂ ਉਹ ਲੰਬੀ ਵਾਲੇ ਡਾਕਟਰ ਵਾਂਗ ਸਖਤੀ ਕਰ ਗਏ। ਇਸ ਸਖਤੀ ਨਾਲ ਕੁੜੀ ਥੋੜਾ ਡਰ ਗਈ ਤੇ ਸਿੱਧੀ ਹੋ ਕੇ ਖੜ ਗਈ। ਮੈਨੂੰ ਡਾਕਟਰ ਸਾਹਿਬ ਦਾ ਫਾਰਮੂਲਾ ਕਾਮਜਾਬ ਹੁੰਦਾ ਨਜ਼ਰ ਆਇਆ।
ਡਾਕਟਰ ਸਾਹਿਬ ਨੇ ਇਸ਼ਾਰਾ ਕੀਤਾ ਤੇ ਉਸਦੇ ਨਾਲ ਆਈਆਂ ਔਰਤਾਂ ਮਰੀਜ ਨੂੰ ਡਾਕਟਰ ਸਾਹਿਬ ਦੇ ਕੈਬਿਨ ਵਿੱਚ ਲ਼ੈ ਗਈਆਂ। ਮੇਰੀ ਵੀ ਦਿਲਚਸਪੀ ਮਰੀਜ ਵੱਲ ਵੱਧ ਗਈ। ਮੈਨੂੰ ਇਹ ਨਵਾਂ ਜਿਹਾ ਕੇਸ ਲੱਗਿਆ। ਮੈਂ ਵੇਟਿੰਗ ਰੂਮ ਵਿੱਚ ਪਏ ਸਟੀਲ ਦੇ ਬੇਂਚ ਤੇ ਬੈਠ ਗਿਆ।
ਡਾਕਟਰ ਸਾਹਿਬ ਨੇ ਉਸਦਾ ਗੁੱਟ ਫੜ੍ਹਕੇ ਨਬਜ਼ ਜਿਹੀ ਦੇਖੀ।
“ਕੱਲ੍ਹ ਦੀ ਇਹਨੂੰ ਕੋਈ ਕਸਰ ਹੋਗੀ।” ਇੱਕ ਬਾਹਲੀ ਬਜ਼ੁਰਗ ਜਿਹੀ ਔਰਤ ਬੋਲੀ। ਸ਼ਾਇਦ ਉਹ ਕੁੜੀ ਦੀ ਦਾਦੀ ਸੀ। ਯ ਵੱਡੀ ਤਾਈ।
“ਤੁਸੀਂ ਸਾਰੇ ਬਾਹਰ ਜਾਉਂ। ਬਸ ਇੱਕ ਜਣਾਂ ਇੱਥੇ ਰੁਕੇ।” ਡਾਕਟਰ ਦੇ ਇੰਨਾ ਕਹਿੰਦੇ ਹੀ ਨਾਲ ਆਈਆਂ ਸਾਰੀਆਂ ਔਰਤਾਂ ਤੇ ਇੱਕ ਅੱਧਖੜ ਜਿਹੀ ਉਮਰ ਦਾ ਬੰਦਾ ਬਾਹਰ ਆ ਗਏ। ਹੁਣ ਮਰੀਜ਼ ਤੋਂ ਇਲਾਵਾ ਉਸ ਨਾਲ ਆਈ ਇੱਕ ਔਰਤ ਤੇ ਡਾਕਟਰ ਸਾਹਿਬ ਹੀ ਅੰਦਰ ਸਨ। ਹਸਪਤਾਲ ਦਾ ਸਟਾਫ ਵੀ ਬਾਹਰ ਹੀ...
ਸੀ। ਮੈਂ ਕੁੜੀ ਨਾਲ ਆਏ ਆਦਮੀ ਤੋਂ ਸਾਰੀ ਗੱਲ ਪੁੱਛਣੀ ਚਾਹੁੰਦਾ ਸੀ। ਪਰ ਮੈਂ ਮਰੀਜ ਤੇ ਡਾਕਟਰ ਵਿਚਕਾਰ ਹੋ ਰਹੀ ਗਲਬਾਤ ਨੂੰ ਸੁਣਨ ਦਾ ਵੀ ਇੱਛੁਕ ਸੀ। ਮੇਰੇ ਦਿਮਾਗ ਵਿਚ ਕੁੜੀ ਦਾ ਕੋਈ ਇਸ਼ਕ ਜ਼ਾ ਗਰੀਬੀ ਦੇ ਸਦਮੇ ਵੱਲ ਘੁੰਮ ਰਿਹਾ ਸੀ। ਖੋਰੇ ਇਸਦੀ ਮਾਂ ਮਤਰੇਈ ਹੋਵੇ ਤੇ ਉਹ ਇਸਨੂੰ ਤੰਗ ਕਰਦੀ ਹੋਵੇ। ਮੇਰੇ ਦਿਮਾਗ ਵਿਚਲਾ ਲੇਖਕੀ ਵਾਲਾ ਕੀੜਾ ਆਪਣੇ ਵਿਚਾਰ ਦੇ ਦੇ ਕੇ ਕਹਾਣੀ ਦੇ ਰੁੱਖ ਨੂੰ ਮੋੜਨ ਦੀ ਕੋਸ਼ਿਸ਼ ਕਰ ਰਿਹਾ ਸੀ।
“ਪੜ੍ਹਦੀ ਹੈ ਕਿ।” ਡਾਕਟਰ ਸਾਹਿਬ ਨੇ ਉਸ ਕੁੜੀ ਨੂੰ ਪੁੱਛਿਆ।
“ਹਾਂਜੀ ਬਾਰਵੀਂ ਚ ਪੜ੍ਹਦੀ ਹੈ। ਬਥੇਰੀ ਹੁਸ਼ਿਆਰ ਹੈ ਪੜ੍ਹਨ ਵਿਚ। ਫਸਟ ਆਈਂ ਸੀ ਦਸਵੀਂ ਚੋ।” ਉਸਦੇ ਨਾਲ ਆਈ ਔਰਤ ਬੋਲੀ। ਉਸ ਔਰਤ ਦਾ ਸਪੀਕਰ ਸੁਖ ਨਾਲ ਵੱਡਾ ਸੀ। ਤੇ ਆਵਾਜ਼ ਬਾਹਰ ਤੱਕ ਗੂੰਜਦੀ ਸੀ।
“ਕਿੰਨੇ ਦਿਨਾਂ ਤੋਂ ਇਹ ਆਹ ਹਰਕਤਾਂ ਕਰ ਰਹੀ ਹੈ।” ਡਾਕਟਰ ਸਾਹਿਬ ਨੇ ਅਗਲਾ ਪ੍ਰਸ਼ਨ ਦਾਗਿਆ।
“ਜੀ ਪਹਿਲਾਂ ਤਾਂ ਚੰਗੀ ਭਲੀ ਸੀ। ਪਰਸੋਂ ਸਕੂਲੋ ਆਈਂ ਤੇ ਕਹਿਂਦੀ ਦਾਦੀ ਸਾਡੇ ਪੇਪਰ ਮੁਲਤਵੀ ਹੋ ਗਏ। ਕੱਤੀ ਮਾਰਚ ਤੱਕ ਸਕੂਲ ਬੰਦ ਹੋ ਗਏ। ਮਾਸਟਰ ਕਹਿੰਦੇ ਕਰੋਨਾ ਫੇਰ ਵਾਪਿਸ ਆ ਗਿਆ। ਫੇਰ ਤਾਲਾਬੰਦੀ ਲੱਗੂ।” ਉਸ ਨਾਲ ਖੜੀ ਔਰਤ ਨੇ ਆਖਿਆ।
“ਅੱਛਾ ਫੇਰ।” ਡਾਕਟਰ ਸਾਹਿਬ ਨੇ ਹੁੰਗਾਰਾ ਭਰਿਆ।
“ਰਾਤ ਨੂੰ ਇਹ ਆਪਣੇ ਭਾਪੇ ਨਾਲ ਤਾਲਾਬੰਦੀ ਦੌਰਾਨ ਦਿਹਾੜੀ ਨਾ ਮਿਲਣ ਪੈਸੇ ਦੀ ਤੰਗੀ ਰੋਜ਼ਗਾਰ ਤੇ ਪੜ੍ਹਾਈ ਦੇ ਨੁਕਸਾਨ ਦੀਆਂ ਗੱਲਾਂ ਕਰਦੀ ਰਹੀ। ਆਪਣੀ ਪੜ੍ਹਾਈ ਦਾ ਬਾਹਲਾ ਫਿਕਰ ਕਰਦੀ ਸੀ। ਕਹਿਂਦੀ ਹੁਣ ਮੈਂ ਫਸਟ ਕਿਵੇਂ ਆਊਂ।” ਉਹ ਔਰਤ ਬੋਲੀ ਜ਼ਾ ਰਹੀ ਸੀ।
“ਫੇਰ।” ਡਾਕਟਰ ਸਾਹਿਬ ਬਿਮਾਰੀ ਸਮਝ ਚੁਕੇ ਸਨ ਪਰ ਫਿਰ ਵੀ ਉਹ ਗੱਲ ਪੱਕੀ ਕਰਨਾ ਚਾਹੁਂਦੇ ਸਨ।
“ਅਗਲੇ ਦਿਨ ਉਠਦੀ ਹੀ ਇਹ ਅਰਲੀਆਂ ਸਰਲੀਆਂ ਜਿਹੀਆਂ ਮਾਰਨ ਲੱਗ ਪਈ। ਇਸ ਨੂੰ ਕਸਰ ਹੋ ਗਈ। ਅਸੀਂ ਇਹਨੂੰ ਸਿਆਣੇ ਕੋਲ ਵੀ ਲ਼ੈ ਗਏ ਕੱਲ੍ਹ। ਪਰ ਕੋਈ ਫਰਕ ਨਹੀਂ ਪਿਆ।” ਉਸ ਔਰਤ ਦਾ ਬੋਲਣਾ ਜਾਰੀ ਸੀ।
ਡਾਕਟਰ ਸਾਹਿਬ ਨੇ ਮਰੀਜ਼ ਨੂੰ ਕਾਫੀ ਕੁਝ ਸਮਝਾਉਣ ਤੋਂ ਬਾਦ ਸਲਿਪ ਤੇ ਕੁਝ ਦਵਾਈਆਂ ਲਿਖੀਆਂ ਤੇ ਮਰੀਜ਼ ਦੇ ਡਰਿਪ ਲਗਾ ਦਿੱਤੀ। ਡਾਕਟਰ ਨੇ ਅਗਲੇ ਮਰੀਜ ਲਈ ਘੰਟੀ ਮਾਰੀ। ਤੇ ਮੈਂ ਵੀ ਓਥੋ ਚਲ ਪਿਆ।
ਹੁਣ ਮੈਂ ਵੀ ਸਮਝ ਗਿਆ ਕਿ ਮਰੀਜ਼ ਸਰਕਾਰੀ ਕਰੋਨਾ ਦੀ ਸ਼ਿਕਾਰ ਹੈ। ਗਰੀਬ ਨੂੰ ਬਿਮਾਰੀ ਨਹੀਂ ਮਾਰਦੀ ਉਸਦੇ ਪ੍ਰਭਾਵ ਮਾਰਦੇ ਹਨ। ਕਰੋਨਾ ਦੀ ਓਪਰੀ ਕਸਰ ਦਾ ਇਲਾਜ਼ ਉਸ ਡਾਕਟਰ ਕੋਲ ਵੀ ਨਹੀਂ ਸੀ। ਪਤਾ ਨਹੀਂ ਕਿੰਨੇ ਕ਼ੁ ਹੋਰ ਲੋਕ ਹਨ ਜੋ ਇਸ ਸਰਕਾਰੀ ਕਰੋਨਾ ਤੋੰ ਪੀੜਤ ਹਨ।
ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ।