ਕੋਈ ਵਕਤ ਹੁੰਦਾ ਸੀ, ਬਰਸਾਤਾਂ ਦੌਰਾਨ ਪਰਨਾਲਿਆਂ ਥੱਲੇ ਖੜ੍ਹੇ ਹੋ ਕੇ ਮੀਂਹ ਦੇ ਪਾਣੀ ਨਾਲ ਨਹਾਉਣਾ। ਤੇਜ਼ ਪਾਣੀ ਦੀ ਉਹ ਸੱਟ ਕਦੀ ਸਿਰ ਦੁਖਣਾ ਨਹੀਂ ਸੀ ਲਾਉਂਦੀ ਹੁੰਦੀ। ਉਹ ਨਹਾਉਣਾ ਦੁਨੀਆ ਦਾ ਸਭ ਤੋਂ ਮੌਜ ਵਾਲਾ ਕੰਮ ਹੁੰਦਾ ਸੀ। ਅੱਜ ਦੇ ਆਲੀਸ਼ਾਨ ਬਾਥਰੂਮ ਦੇ ਫੁਆਰੇ ਥੱਲੇ ਤਾਂ ਖੜ੍ਹੇ ਹੋ ਕੇ ਹੁਣ ਰੋ ਲਈਦਾ। ਗਲੀ ਦੀਆਂ ਨਾਲੀਆਂ ਬਰਸਾਤੀ ਪਾਣੀ ਨਾਲ ਭਰ ਜਾਣੀਆਂ, ਉਹਨਾਂ ਵਿੱਚ ਹੀ ਖੇਡੀ ਜਾਣਾ। ਕਈ ਵਾਰੀ ਪੈਰ ਵਿੱਚ ਟੁੱਟਾ ਕੱਚ ਵੱਜ ਜਾਣਾ। ਕੋਈ ਲੋਹੇ ਦੀ ਪੱਤੀ ਵੀ ਪੈਰ ਚੀਰ ਜਾਂਦੀ ਸੀ ਪਰ ਹਰ ਸਾਲ ਉਸ ਬਰਸਾਤ ਦੀ ਉਡੀਕ ਹੁੰਦੀ।
ਲੁਕਣ ਮੀਟੀ ਖੇਡਣ ਲੱਗਿਆਂ ਪੁਰਾਣੇ ਸੰਦੂਕ ਅੰਦਰ ਲੁਕ ਜਾਣਾ। ਸੰਦੂਕ ਅੰਦਰ ਰਜ਼ਾਈਆਂ, ਤਲਾਈਆਂ, ਖੇਸਾਂ ਦੀ ਮਹਿਕ ਹੁਣ ਦੇ ਮਹਿੰਗੇ ਇਤਰਾਂ ਨਾਲੋਂ ਕਿਤੇ ਵਧੇਰੇ ਸੋਹਣੀ ਹੁੰਦੀ ਸੀ। ਬਰਕਤ ਹੁੰਦੀ ਸੀ ਉਸ ਸੰਦੂਕ ਵਿੱਚ ਵੀ। ਪਤਾ ਨਹੀਂ ਕਿੰਨੇ ਵਿਆਹਾਂ ਦਾ ਸਮਾਨ ਉਹਨਾਂ ਅੰਦਰ ਸਾਂਭਿਆ ਤੇ ਵਰਤਾਇਆ ਵੀ ਗਿਆ ਸੀ।
ਪੱਖੇ ਅੱਗੇ ਪੰਜ ਸੱਤ ਮੰਜੇ ਪਏ ਹੋਣੇ, ਕਈ ਵਾਰੀ ਸਭ ਤੋਂ ਅੱਗੇ ਵਾਲੇ ਮੰਜੇ ਉੱਤੇ ਪੈਣ ਦੀ ਹਸਰਤ ਵੀ ਸਾਰੀ ਸਾਰੀ ਰਾਤ ਅਧੂਰੀ ਰਹਿੰਦੀ ਪਰ ਉਹ ਉਨੀਂਦਰਾ ਵੀ ਅੱਜ ਦੇ ਠੰਡੇ ਕਮਰਿਆਂ ਨਾਲੋਂ ਕਿਤੇ ਵਧੇਰੇ ਸਕੂਨ ਵਾਲਾ ਸੀ। ਤਾਰੇ ਗਿਣਦੇ ਸੌਂ ਜਾਣਾ, ਅੱਧੀ ਰਾਤ ਨੂੰ ਠੰਡੀ ਹੋਈ ਚਾਦਰ ਜਿਵੇਂ ਆਪ ਆ ਕੇ ਲੋਰੀ ਦੇ ਜਾਂਦੀ ਸੀ।
ਮੇਲੇ ਲਈ ਘਰ ਦਿਆਂ ਕੋਲੋਂ ਲਏ ਪੰਜ ਰੁਪਏ ਨਾਲ ਹੀ ਪਤਾ ਨਹੀਂ ਕਿੰਨੀਆਂ ਸਧਰਾਂ ਦਾ ਸੌਦਾ ਕੀਤਾ। ਕਿੰਨੇ ਹੀ ਖਡੌਣਿਆਂ ਨੂੰ ਤਰਸਦੀਆਂ ਅੱਖਾਂ ਨਾਲ ਦੇਖ ਕੇ ਬੱਸ ਖ਼ਾਲੀ ਹੱਥ ਘਰ ਵਾਪਿਸ ਮੁੜਨਾ ਪਿਆ। ਅੱਜ ਦੀ ਭਰੀ ਹੋਈ ਜੇਬ ਵੀ ਉਹ ਰੀਝ ਪੈਦਾ ਨਹੀਂ ਕਰ ਸਕਦੀ ਜੋ ਉਸ ਵਕਤ ਹੁੰਦੀ ਸੀ।
ਨਵੇਂ ਲਏ ਬੂਟਾਂ ਨੂੰ ਰਾਤ ਨੂੰ ਕਿੰਨੀ-ਕਿੰਨੀ ਵਾਰੀ ਉੱਠ ਕੇ ਦੇਖਣਾ, ਉਹਨਾਂ ਨੂੰ ਪੈਰੀਂ ਪਾਉਣਾ। ਸਵੇਰੇ...
ਨਵੇਂ ਬੂਟ ਪਾ ਕੇ ਜਾਣ ਦਾ ਚਾਅ ਸਾਰੀ ਰਾਤ ਸੌਣ ਨਹੀਂ ਸੀ ਦਿੰਦਾ। ਅੱਜ ਘਰ ਵਿੱਚ ਪਤਾ ਨਹੀਂ ਬੂਟਾਂ ਦੇ ਕਿੰਨੇ ਜੋੜੇ ਨੇ ਪਰ ਉਹ ਹਸਰਤ ਨਹੀਂ ਰਹੀ ਹੁਣ।
ਕੁਨੀਨ ਅਤੇ ਪਤਾਸੇ ਉੱਤੇ ਪਾ ਕੇ ਖਾਧੀ ਢਿੱਡ ਦਰਦ ਵਾਲੀ ਕੌੜੀ ਦਵਾਈ ਦਾ ਸਵਾਦ ਅੱਜ ਵੀ ਚੇਤੇ ਆ ਜਾਵੇ ਤਾਂ ਸਾਰਾ ਸਰੀਰ ਕੰਬ ਜਾਂਦਾ ਹੈ ਉਸ ਕੁੜੱਤਣ ਨੂੰ ਚੇਤੇ ਕਰਕੇ।
ਕੂੰਜਾਂ, ਇੱਲਾਂ, ਚਿੜੀਆਂ ਸ਼ਾਇਦ ਹੁਣ ਮੁੜ ਦੇਖਣੀਆਂ ਨਸੀਬ ਨਹੀਂ ਹੋਣੀਆਂ। ਲੋਦਿਆਂ ਦਾ ਦਰਦ ਅੱਜ ਵੀ ਧੁਰ ਅੰਦਰੋਂ ਚੀਸ ਪੈਦਾ ਕਰ ਦਿੰਦਾ ਹੈ। ਖਾਦ ਦੇ ਬੋਰਿਆਂ ਨੂੰ ਕੱਟ ਕੇ ਬਣਾਏ ਝੋਲੇ, ਬੋਰੀਆਂ ਉੱਤੇ ਬਹਿ ਕੇ ਖਾਧੀ ਰੋਟੀ, ਆਟੇ ਦੀਆਂ ਚਿੜੀਆਂ, ਰੰਗ ਬਿਰੰਗਾ ਗੱਟਾ ਅਤੇ ਗੱਚਕ…. ਵਕਤ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ। ਅਸੀਂ ਬਹੁਤ ਅੱਗੇ ਆ ਗਏ ਹਾਂ ਪਰ ਦਿਲ ਅਤੇ ਰੂਹ ਦੋਵੇਂ ਹੀ ਬਹੁਤ ਦੂਰ ਕਿਤੇ ਪਿੱਛੇ ਰਹਿ ਗਏ ਨੇ। ਇੰਞ ਲੱਗਦਾ ਹੈ ਹਾਲਾਤ ਬਹੁਤ ਕੁਝ ਸਾਡੇ ਸਾਹਮਣੇ ਹੀ ਸਾਡੇ ਕੋਲੋਂ ਲੁੱਟ ਕੇ ਲੈ ਗਏ ਨੇ। ਨਾਲ ਦੇ ਕਈ ਪੱਕੇ ਦੋਸਤ ਸਿਰਫ਼ ਤਸਵੀਰਾਂ ਵਿੱਚ ਹੀ ਰਹਿ ਗਏ ਹਨ। ਇੱਕ ਚੁੱਪ ਜਿਹੀ ਸ਼ਾਮ ਦੌਰਾਨ ਕਿਸੇ ਦਰਖ਼ਤ ਉੱਤੇ ਕੋਈ ਰੋੜਾ ਜਾਂ ਪੱਥਰ ਮਾਰੀਏ ਤਾਂ ਉਸ ਉੱਤੇ ਬੈਠੇ ਪੰਛੀ ਰੌਲਾ ਪਾਉਂਦੇ ਉੱਡ ਜਾਂਦੇ ਨੇ, ਕਿਸਮਤ ਵਿੱਚੋਂ ਬਚਪਨ ਦੇ ਉਹ ਹਸੀਨ ਪਲ ਵੀ ਸ਼ਾਇਦ ਇਸੇ ਤਰ੍ਹਾਂ ਹੀ ਉਡਾਰੀ ਮਾਰ ਗਏ ਨੇ।
ਕਿਸੇ ਨੇ ਲਿਖਿਆ ਹੈ….
ਉੱਡ ਜਾਵਾਂਗੇ ਤਸਵੀਰਾਂ ਵਿੱਚੋਂ ਰੰਗਾਂ ਦੀ ਤਰ੍ਹਾਂ ਅਸੀਂ,
ਵਕਤ ਦੀ ਟਾਹਣੀ ਉੱਤੇ ਹਾਂ ਪਰਿੰਦਿਆਂ ਦੀ ਤਰ੍ਹਾਂ ਅਸੀਂ।
ਲਿਖਤ ਅਤੇ ਤਸਵੀਰ : ਸ਼ਹਿਬਾਜ਼ ਖ਼ਾਨ
(09 ਮਾਰਚ 2022)