ਸਟੋਰ ਤੇ ਗਏ ਨੂੰ ਜਦੋਂ ਵੀ ਕੋਈ ਲੋੜੀਂਦੀ ਚੀਜ ਨਾ ਲੱਬਦੀ ਤਾਂ ਮੈਂ ਸਿੱਧਾ ਉਸਦੇ ਕਾਊਟਰ ਤੇ ਜਾ ਖਲੋਂਦਾ ! ਉਹ ਮੇਰੇ ਕੁਝ ਆਖਣ ਤੋਂ ਪਹਿਲਾਂ ਹੀ ਹੱਸਦਿਆਂ ਹੋਇਆ ਆਖ ਦਿੰਦੀ ਕੇ “ਇੱਕ ਮਿੰਟ ਵੇਟ ਕਰ”..ਗ੍ਰਾਹਕ ਤੋਰ ਲੈਣ ਦੇ ਫੇਰ ਆਉਂਦੀ ਹਾਂ ਤੇਰੇ ਕੋਲ”!
ਮੈਂ ਓਥੇ ਹੀ ਇੱਕ ਪਾਸੇ ਖਲੋ ਜਾਂਦਾ ਤੇ ਉਸਨੂੰ ਬਿਜਲੀ ਦੀ ਫੁਰਤੀ ਨਾਲ ਕੰਮ ਕਰਦੀ ਹੋਈ ਨੂੰ ਦੇਖ ਸੋਚਦਾ ਕੇ ਇਸ ਉਮਰੇ ਵੀ ਹਸੂੰ ਹਸੂੰ ਕਰਦੀ ਹੋਈ ਉਹ ਜੁਆਨੀ ਵੇਲੇ ਪਤਾ ਨਹੀਂ ਕਿੰਨੀ ਕੂ ਖੂਬਸੂਰਤ ਹੋਵੇਗੀ..
ਮੇਰੀ ਮਾਂ ਦੀ ਹਮਉਮਰ ਸੱਤਰ ਕੂ ਸਾਲ ਦੀ ਬਰਨੀਸ ਨਾਮ ਦੀ ਉਸ ਗੋਰੀ ਨੂੰ ਪਤਾ ਨਹੀਂ ਕੀ ਮਜਬੂਰੀ ਸੀ ਕੇ ਏਨੀ ਕੜਾਕੇ ਦੀ ਠੰਡ ਵਿਚ ਸਟੋਰ ਆ ਕੇ ਕੰਮ ਕਰਨਾ ਪੈ ਰਿਹਾ ਸੀ..!
ਸੋਚ ਹੀ ਰਿਹਾ ਹੁੰਦਾ ਕੇ ਉਹ ਵੇਹਲੀ ਹੋ ਕੇ ਕਾਉਂਟਰ ਤੋਂ ਬਾਹਰ ਆ ਮੈਨੂੰ ਗਲਵੱਕੜੀ ਜਿਹੀ ਵਿਚ ਲੈ ਕੇ ਪੁੱਛਦੀ ਕੇ ਹਾਂ ਹੁਣ ਦੱਸ ਕੀ ਚਾਹੀਦਾ?
ਮੈਂ ਆਖਦਾ ਕੇ ਫਲਾਣੇ ਨੰਬਰ ਦਾ ਕਿੱਲ ਅਤੇ ਫਲਾਣੇ ਸਾਈਜ ਦੀ ਲੱਕੜ ਦਾ ਪੀਸ ਨਹੀਂ ਲੱਭਦਾ?
ਉਹ ਸਿੱਧੀ ਜਾਂਦੀ ਤੇ ਮਿੰਟਾਂ-ਸਕਿੰਟਾਂ ਵਿਚ ਸਾਰਾ ਸਮਾਨ ਲਿਆ ਸਾਮਣੇ ਢੇਰੀ ਕਰ ਦਿੰਦੀ ਤੇ ਆਂਹਦੀ ਕੇ ਜੇ ਹੋਰ ਕੁਝ ਚਾਹੀਦਾ ਹੈ ਤਾਂ ਹੁਣੇ ਦੱਸ ਦੇ?
ਮੈਂ ਧੰਨਵਾਦ ਕਰਦਾ ਹੋਇਆ ਪੇਮੈਂਟ ਕਰ ਦਿੰਦਾ ਅਤੇ ਬਾਹਰ ਨੂੰ ਆਉਂਦਾ ਹੋਇਆ ਅਕਸਰ ਹੀ ਸੋਚਣ ਲੱਗ ਜਾਂਦਾ ਕੇ ਜੇ ਇਹ ਫੁੱਲਾਂ ਦੀ ਪਟਾਰੀ ਇਥੇ ਨਾ ਹੋਵੇ ਤਾਂ ਮੈਂ ਇਸ ਸਟੋਰ ਵਿਚ ਕਦੀ ਵੀ ਨਾ ਆਵਾਂ..!
ਪਿੱਛੇ ਜਿਹੇ ਇੱਕ ਸ਼ਾਮ ਕੁਝ ਵੇਹਲੀ ਜਿਹੀ ਦਿਸੀ ਤਾਂ ਪੁੱਛ ਹੀ ਲਿਆ ਕੇ ਬੀਬੀ ਰਿਟਾਇਰ ਕਦੋ ਹੋਣਾ?
ਹੱਸਦੀ ਹੋਈ ਆਖਣ ਲੱਗੀ ਕੇ ਦੋਸਤਾ ਜਿਸ ਦਿਨ ਰਿਟਾਇਰ ਹੋਵਾਂਗੀ ਤਾਂ ਪੱਕਾ ਮਰ ਜਾਵਾਂਗੀ..ਮੈਨੂੰ ਘਰ ਦੀ ਇੱਕਲਤਾ ਅਤੇ ਆਪਣੇ ਅੰਦਰ ਦੀ ਬੋਰੀਅਤ ਨੇ ਹੀ ਢਾਹ ਲੈਣਾ”
ਮੈਂ ਹੈਰਾਨ ਜਿਹਾ ਹੋ ਕੇ ਪੁੱਛਿਆ ਕੇ ਤੇਰੇ ਘਰ ਵਿਚ ਕੌਣ ਕੌਣ...
ਹੈ?
ਕਹਿੰਦੀ ਕੋਈ ਵੀ ਨਹੀਂ ਬੱਸ ਮੈਂ ਤੇ ਮੇਰੀ ਬਿਲੀ..ਪਹਿਲਾਂ ਘਰਵਾਲਾ ਕੈਂਸਰ ਨਾਲ ਮਰ ਗਿਆ ਤੇ ਫੇਰ ਦੋਵੇਂ ਨੌਜੁਆਨ ਬੱਚੇ ਵੀ..ਮੈਨੂੰ ਖੁਦ ਨੂੰ ਵੀ ਡਾਕਟਰਾਂ ਨੇ ਆਖ ਦਿੱਤਾ ਸੀ ਕੇ ਬੱਸ ਥੋੜੇ ਮਹੀਨੇ ਹੀ ਬਾਕੀ ਨੇ..
ਕਹਿੰਦੀ ਫੇਰ ਮਰਦੀ ਕੀ ਨਾ ਕਰਦੀ…ਮਨ ਵਿਚ ਪੱਕਾ ਧਾਰ ਲਿਆ ਕੇ ਏਡੀ ਛੇਤੀ ਤੇ ਹੁਣ ਮੈਂ ਵੀ ਨਹੀਂ ਜਾਂਦੀ..ਭਾਵੇਂ ਜੋ ਮਰਜੀ ਹੋ ਜਾਵੇ!
ਅਖੀਰ ਡਾਕਟਰਾਂ ਦੀ ਦੱਸੀ ਮਿਆਦ ਲੰਘ ਗਈ ਤੇ ਮੈਂ ਜਿੰਦਗੀ ਲੀਹੇ ਪਾਉਣ ਵਿਚ ਰੁੱਝ ਗਈ..ਫੇਰ ਮੈਂ ਵੇਖਿਆ ਮੇਰੇ ਵੱਲ ਪਿੱਠ ਕਰ ਕੇ ਮੈਥੋਂ ਚੋਰੀ ਨੈਪਕਿਨ ਨਾਲ ਅੱਖਾਂ ਪੂੰਝ ਰਹੀ ਸੀ..!
ਫੇਰ ਅਗਲੇ ਦੋ ਮਹੀਨੇ ਉਹ ਆਪਣੇ ਕਾਊਂਟਰ ਤੇ ਨਾ ਦਿਸੀ..ਮੈਂ ਸੋਚਿਆ ਸ਼ਾਇਦ ਛੁੱਟੀਆਂ ਤੇ ਗਈ ਹੋਵੇਗੀ..
ਫੇਰ ਇੱਕ ਦਿਨ ਹੋਰ ਗੋਰੀ ਨੂੰ ਪੁੱਛ ਹੀ ਲਿਆ ਕੇ ਬਰਨੀਸ ਨਹੀਂ ਦਿਸਦੀ?
ਅੱਗੋਂ ਕਹਿੰਦੀ ਉਹ ਸਟੋਰ ਤੋਂ ਰਿਟਾਇਰ ਹੋ ਗਈ ਏ ਅਤੇ ਨਾਲ ਹੀ ਉਸਨੇ ਦੁਨੀਆਂ ਦੇ ਝਮੇਲਿਆਂ ਤੋਂ ਵੀ ਪੱਕਾ ਸੰਨਿਆਸ ਲੈ ਲਿਆ..ਉਹ ਮਰ ਗਈ ਏ..!
ਏਨਾ ਸੁਣ ਮੈਂ ਚੁੱਪ ਜਿਹਾ ਹੋ ਗਿਆ ਤੇ ਓਸੇ ਕਾਊਂਟਰ ਤੇ ਹੀ ਕੂਹਣੀਂ ਰੱਖ ਕਿੰਨੀ ਦੇਰ ਖਲੋਤਾ ਰਿਹਾ ਜਿਥੇ ਉਹ ਕਿਸੇ ਵੇਲੇ ਅਕਸਰ ਹੀ ਹਾਸਿਆਂ ਦੀ ਝੜੀ ਲਾ ਦਿਆ ਕਰਦੀ ਸੀ!
ਸਾਲ ਹੋ ਗਿਆ ਉਸਨੂੰ ਰਵਾਨਗੀ ਪਾਈ ਨੂੰ..ਪਰ ਅਜੇ ਵੀ ਜਦੋਂ ਸਟੋਰ ਜਾਂਦਾ ਹਾਂ ਤਾਂ ਆਸ ਪਾਸ ਤੁਰੀ ਫਿਰਦੀ ਦਾ ਝਾਉਲਾ ਜਿਹਾ ਜਰੂਰ ਹੀ ਪੈਂਦਾ ਏ!
ਸੋ ਦੋਸਤੋ ਜੇ ਕਦੀ ਜਿੰਦਗੀ ਦੇ ਕਿਸੇ ਮੋੜ ਤੇ ਕਿਸੇ ਬਹੁਤ ਹੀ ਜਿਆਦਾ ਹੱਸਦੇ ਹੋਏ ਇਨਸਾਨ ਦੇ ਦਰਸ਼ਨ ਮੇਲੇ ਹੋ ਜਾਵਣ ਤਾਂ ਓਹਲੇ ਜਿਹੇ ਨਾਲ ਉਸਦੇ ਬੋਝੇ ਜਰੂਰ ਫਰੋਲ ਵੇਖਿਓ..ਅੰਦਰ ਹੰਝੂਆਂ ਨਾਲ ਸਿੱਲੇ ਹੋਏ ਕੁਝ ਰੁਮਾਲ ਜਰੂਰ ਹੀ ਮਿਲਣਗੇ!
ਹਰਪ੍ਰੀਤ ਸਿੰਘ ਜਵੰਦਾ
jass
bht khoob
veerpal kaur
bilkul sahi kea g bht hi nyc story a