ਕੁਝ ਵਰੇ ਪਹਿਲਾਂ ਦੀ ਗੱਲ ਏ
ਇੱਕ ਪੂਰਾਣੇ ਵਾਕਿਫ ਨੇ ਅਚਾਨਕ ਕਾਲ ਕਰਨਾ ਬੰਦ ਕਰ ਦਿੱਤਾ..
ਅੱਗੇ ਅਕਸਰ ਹੀ ਜੀਵਨ ਫਲਸਫੇ ਤੇ ਲੰਮੀ ਗੱਲਬਾਤ ਹੋ ਜਾਇਆ ਕਰਦੀ ਸੀ..
ਪਰ ਫੇਰ ਸਾਰਾ ਕੁਝ ਅਚਾਨਕ ਹੀ ਰੁਕ ਜਿਹਾ ਗਿਆ!
ਸੋਚਿਆ ਸ਼ਾਇਦ ਘਰੇਲੂ ਮਜਬੂਰੀਆਂ ਤੇ ਜਾਂ ਫੇਰ ਕਾਰੋਬਾਰੀ ਮਸ਼ਰੂਫੀਅਤ ਕਰਕੇ ਰੁਝ ਗਿਆ ਹੋਣਾ ਨਹੀਂ ਤੇ ਇਨਸਾਨ ਤੇ ਏਡਾ ਮਾੜਾ ਨਹੀਂ ਸੀ!
ਫੇਰ ਇਕ ਦਿਨ ਅਚਾਨਕ ਹੀ ਦਫਤਰ ਵਿਚ ਦਰਸ਼ਨ ਮੇਲੇ ਹੋ ਗਏ..
ਹਾਲ ਚਾਲ ਪੁੱਛਿਆ ਪਰ ਰੰਗ ਢੰਗ ਚਾਲ ਢਾਲ ਸਭ ਕੁਝ ਬਦਲਿਆ-ਬਦਲਿਆ ਜਿਹਾ ਨਜਰ ਆਇਆ..
ਮਗਰੋਂ ਦਿਲ ਦੀ ਗੱਲ ਛੇਤੀ ਹੀ ਜੁਬਾਨ ਤੇ ਆ ਗਈ..ਅਖੇ ਤੂੰ ਮੈਨੂੰ ਬਿਜਨਸ ਦੇਣਾ ਹੀ ਬੰਦ ਦਿਤਾ ਏ..ਤੋਤਿਆਂ ਨੂੰ ਬਾਗ ਬਥੇਰੇ!
ਨਾਲ ਹੀ ਕਿਸੇ ਹੋਰ ਨੂੰ ਮਿਲਿਆ ਹੋਇਆ ਟਰੈਵਲ ਪੈਕਜ ਦਿਖਾਉਦਾ ਹੋਇਆ ਆਖਣ ਲੱਗਾ ਕੇ ਆਹ ਦੇਖ ਲੈ ਜਿੰਨਾ-ਜਿੰਨਾ ਨੇ ਵੀ ਸਾਡੀ ਕੰਪਨੀ ਨੂੰ ਬਿਜਨਸ ਦਿੱਤਾ ਏ ਕਿੰਨੇ ਫਾਇਦੇ ਵਿਚ ਰਹੇ..!
ਦਿਲ ਵਿਚ ਆਖਿਆ ਭਾਈ ਤੈਨੂੰ ਹੁਣ ਕਿੱਦਾਂ ਸਮਝਾਵਾਂ ਕੇ ਹੋਰਾਂ ਵੱਲੋਂ ਦਿੱਤੇ ਏਦਾਂ ਦੇ ਕਈ ਪੈਕੇਜ ਮੇਰੀ ਅਲਮਾਰੀ ਦੇ ਸ਼ਿੰਗਾਰ ਬਣੇ ਬੈਠੇ ਨੇ..ਟਾਈਮ ਹੀ ਨਹੀਂ ਲੱਗਦਾ ਵਰਤਣ ਦਾ!
ਖੈਰ ਓਸ ਦਿਨ ਸਮਝ ਲੱਗ ਗਈ ਕੇ ਕਾਮਯਾਬ ਹੋ ਕੇ ਢੌਡੋਰਾ ਪਿੱਟਣਾ ਸਮੇ ਦੀ ਜਰੂਰਤ ਬਣ ਗਈ ਏ..!
ਬਹੁਤਿਆਂ ਲਈ ਚੰਗੀ ਉਸਾਰੂ ਸੋਚ,ਵਿਚਾਰਧਾਰਾ,ਨੁਕਤਾ-ਏ-ਨਜਰ ਅਤੇ ਮਾਨਸਿਕ ਵਿਕਾਸ ਮਾਇਨੇ ਨਹੀਂ ਰੱਖਦੇ..
ਚਾਰੇ ਬੰਨੇ ਲੱਗੀ ਇਸ ਅੰਨੀ ਦੌੜ ਵਿਚ ਜਦੋਂ ਲੱਡੂ ਮੁੱਕ ਜਾਂਦੇ ਨੇ ਤਾਂ ਪਦਾਰਥਵਾਦ ਦੇ ਰੰਗ ਵਿਚ ਰੰਗੇ ਅਗਲੇ ਯਾਰਾਨੇ ਤੋੜਦਿਆਂ ਮਿੰਟ ਨੀ ਲਾਉਂਦੇ..!
ਕੈਸਾ ਮੌਸਮ ਆਇਆ..ਚੰਗਾ ਭਲਾ ਇਨਸਾਨ ਵੀ ਮਸ਼ੀਨ ਬਣਨ ਤੇ ਮਜਬੂਰ ਹੋ ਗਿਆ..
ਰਿਸ਼ਤੇ,ਨਾਤੇ ਯਾਰੀਆਂ ਦੋਸਤੀਆਂ ਵਾਕਫ਼ੀਆਂ ਸਾਂਝਾਂ ਅਤੇ ਜਾਣ ਪਹਿਚਾਣ..ਇਨਸਾਨ ਨੇ ਇਹਨਾਂ ਸਾਰਿਆਂ ਦੀ ਬੁਨਿਆਦ ਬਿਜਨਸ ਮੁਨਾਫ਼ੇ ਅਤੇ ਚਕਾਚੌਂਧ ਵਾਲੇ ਗਾਰੇ ਨਾਲ ਬਣੀਆਂ ਇੱਟਾਂ ਨਾਲ ਬਣਾਉਣੀ ਸ਼ੁਰੂ ਕਰ ਦਿੱਤੀ ਏ!
ਇੱਕ ਵੱਲੋਂ ਦਿੱਤਾ ਹੋਇਆ ਲਾਲਚ ਦੂਜੇ ਵੱਲੋਂ ਦਿੱਤੇ ਲਾਲਚ ਨਾਲ ਜੰਗ ਕਰਦਾ ਹੈ..
ਫੇਰ ਛੋਟੇ ਲਾਲਚ ਵਾਲੇ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਏ..ਮੁੜ ਦੁਨੀਆ ਵੱਡੇ ਲਾਲਚ ਵਾਲੇ ਦੇ ਸਿਰ ਤੇ ਬੱਲੇ-ਬੱਲੇ ਵਾਲਾ ਤਾਜ ਸਜਾ ਦਿੰਦੀ ਏ..
ਹਰ ਕੋਈ...
ਬੱਸ ਜਿੱਤਣਾ ਹੀ ਚਾਹੁੰਦਾ ਤੇ ਹਾਰ ਕਿਸੇ ਨੂੰ ਮਨਜੂਰ ਨਹੀਂ ਏ..ਹਾਰ ਨਾਲੋਂ ਮਰ ਜਾਣਾ ਪ੍ਰਵਾਨ ਏ..!
ਬੱਸ ਸਿਕੰਦਰ ਬਣਨ ਦੀ ਅੰਨੀ ਦੌੜ ਵਿਚ ਸਭ ਕੁਝ ਜਾਇਜ ਏ..
ਇਸ ਲਈ ਧੋਖੇ,ਲਾਲਚ,ਸਮਝੌਤੇ,ਸਮਰਪਣ ਅਤੇ ਪਿੱਠ ਪਿੱਛੇ ਕੀਤੀਆਂ ਛੁਰੇ ਬਾਜ਼ੀਆਂ..ਜੋ ਮਰਜੀ ਕੀਤਾ ਜਾਵੇ ਸਭ ਕੁਝ ਸਹੀ ਏ..
ਬੱਸ ਦਿਨ ਢਲਦੇ ਨੂੰ ਜੇਬ ਥੱਬਾ ਨੋਟਾਂ ਨਾਲ ਫੁੱਲੀ ਹੋਈ ਹੋਣੀ ਚਾਹੀਦੀ ਏ..!
ਇੱਕ ਦੋ ਨੂੰ ਜਾਣਦਾ ਹਾਂ..ਬਕਾਇਦਾ ਸਵੇਰੇ ਅਰਦਾਸ ਕਰਕੇ ਨਿੱਕਲਦੇ ਨੇ..
ਰੱਬਾ ਜਿੰਨੀ ਦੇਰ ਇੱਕ ਦੋ ਮੁਰਗੀਆਂ ਹਲਾਲ ਨਾ ਕਰ ਲਈਏ..ਘਰੇ ਨਾ ਵਾੜੀਂ..
ਕੁਲ ਜਹਾਨ ਦਾ ਸਾਰਾ ਮੁਨਾਫ਼ਾ ਬੱਸ ਮੇਰੀ ਜੇਬ ਵਿਚ ਹੀ ਆਵੇ..ਬਾਕੀ ਦੁਨੀਆ ਜਾਵੇ ਢੱਠੇ ਖੂਹ ਵਿਚ..!
ਇਸ ਸਾਰੇ ਵਰਤਾਰੇ ਵਿਚ ਗੋਤੇ ਖਾਂਦੀ ਸੋਚ ਨੂੰ ਕਿਸੇ ਹੋਰ ਚਿੰਤਨ ਦੀ ਵੇਹਲ ਹੀ ਨਹੀਂ..!
ਤੁਹਾਡੇ ਬੈੰਕਾਂ ਵਿਚ ਪੈਸੇ ਅਤੇ ਵੇਹੜੇ ਖਲੋਤੀਆਂ ਗੱਡੀਆਂ ਦੀ ਕੀਮਤ..
ਇਹ ਸਭ ਕੁਝ ਤਹਿ ਕਰੇਗਾ ਕੇ ਤੁਹਾਨੂੰ ਤੁਸੀਂ ਆਖ ਸੰਬੋਧਨ ਹੋਣਾ ਕੇ ਤੂੰ ਆਖ..!
ਮੁਆਫ ਕਰਨਾ ਦੋਸਤੋ ਇਹ ਰਾਮ ਕਹਾਣੀ ਅੱਧ ਵਿਚਾਲੇ ਇਥੇ ਹੀ ਮੁਕਾਉਣੀ ਪੈਣੀ ਏ..
ਸੁਵੇਰੇ ਇੱਕ ਗ੍ਰਾਹਕ ਨੂੰ ਫੋਨ ਤੇ ਇਕ ਡੀਲ ਸਮਝਾਈ ਸੀ..ਲੱਗਦਾ ਸ਼ਾਇਦ ਓਹੀ ਬੂਹੇ ਤੇ ਦਸਤਕ ਦੇ ਰਿਹਾ ਏ!
ਵੈਸੇ ਗ੍ਰਾਹਕ ਤੇ ਮੌਤ ਵਿਚ ਬਸ ਏਹੀ ਫਰਕ ਏ..ਗ੍ਰਾਹਕ ਦਸਤਕ ਦੇ ਕੇ ਅੰਦਰ ਆਉਂਦਾ ਏ ਪਰ ਆਪਹੁਦਰੀ ਮੌਤ ਬਿਨਾ ਕਿਸੇ ਅਡਵਾਂਸ ਨੋਟਿਸ ਦੇ..
ਮੌਤ ਦੇ ਫ਼ਰਿਸ਼ਤਿਆਂ ਨੂੰ ਮਰ ਮਰ ਕੇ ਕਮਾਏ ਪੈਸਿਆਂ ਦੀ ਭੋਰਾ ਜਿੰਨੀ ਵੀ ਕਦਰ ਨਹੀਂ..ਚੰਦਰੇ ਸੂਈ ਜਿੰਨਾ ਸਮਾਨ ਵੀ ਸਮੇਟਣ ਨਹੀਂ ਦਿੰਦੇ..!
ਖੈਰ ਸਾਨੂੰ ਕੀ..ਅਸੀਂ ਤਾਂ ਜਿੰਨੀ ਦੇਰ ਤੱਕ ਮੌਤ ਦਾ ਫਰਿਸ਼ਤਾ ਧੁੱਸ ਦੇ ਕੇ ਅੰਦਰ ਨਹੀਂ ਵੜ ਆਉਂਦਾ..ਇਸ ਅੰਨੀ ਦੌੜ ਵਿਚ ਬੱਸ ਭੱਜਦੇ ਹੀ ਜਾਣਾ..
ਕਿਓੰਕੇ ਸਾਨੂੰ ਪਤਾ ਏ ਕੇ ਜੇ ਇਸ ਅੰਨੀ ਦੌੜ ਵਿਚ ਮਾੜਾ ਜਿੰਨਾ ਵੀ ਪੱਛੜ ਗਏ ਤਾਂ ਦੁਨੀਆ ਵੱਲੋਂ ਕੀਤੇ ਮਖੌਲ ਤੇ ਟਿੱਚਰਾਂ ਸਾਥੋਂ ਸਹੀਆਂ ਨਹੀਂ ਜਾਣੀਆਂ..!
ਹਰਪ੍ਰੀਤ ਸਿੰਘ ਜਵੰਦਾ