ਦਸਵੀਂ ਵਿਚੋਂ ਫੇਲ ਹੋ ਗਿਆ ਤਾਂ ਖੁਦ ਦਾ ਵਜੂਦ ਪੱਥਰ ਹੋ ਗਿਆ ਜਾਪਿਆ!
ਸਾਰੀ ਦੁਨੀਆਂ ਮਜਾਕ ਉਡਾਉਂਦੀ ਜਾਪੀ..ਇੱਕ ਵੇਰ ਜੀ ਕੀਤਾ ਕੇ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ..ਓਹੀ ਮਾਂ ਜਿਸਨੇ ਮੇਰੀ ਖਾਤਿਰ ਸਾਰੇ ਜਹਾਨ ਦੀਆਂ ਝਿੜਕਾਂ ਮੇਹਣੇ ਸਹੇ..ਤਾਂ ਵੀ ਮੇਰਾ ਪੱਖ ਹੀ ਪੂਰਿਆ..ਅਮ੍ਰਿਤਧਾਰੀ ਸੀ ਤਾਂ ਵੀ ਮੇਰੀ ਖਾਤਿਰ ਕਿੰਨਾ ਝੂਠ ਬੋਲ ਜਾਂਦੀ!
ਸ਼ਹੀਦਾਂ ਸਾਬ ਜਾ ਕੇ ਹਮੇਸ਼ਾ ਇਹੋ ਅਰਦਾਸ ਕਰਦੀ ਵੇਖੀ ਕੇ ਬਾਬਾ ਜੀ ਮੇਰੇ ਪੁੱਤ ਦੀ ਰਾਖੀ ਕਰਨੀ!
ਸੋਚਾਂ ਦੀ ਘੁੰਮਣ-ਘੇਰੀ ਵਿਚ ਪਿਆ ਮੈਂ ਅਮ੍ਰਿਤਸਰ ਟੇਸ਼ਨ ਭੰਡਾਰੀ ਪੁਲ ਹੇਠ ਲਾਈਨ ਦੇ ਨਾਲ ਪਈ ਪੱਥਰ ਦੀ ਨਿੱਕੀ ਜਿਹੀ ਸਿਲ ਤੇ ਆਣ ਬੈਠਾ!
ਮੈਂ ਆਪਣਾ ਮਨ ਲਗਪਗ ਬਣਾ ਹੀ ਚੁਕਿਆ ਸਾਂ..ਪੰਜ ਵਜੇ ਸ਼ਤਾਬਦੀ ਵੇਲੇ..ਇੰਜਣ ਤੋਂ ਪਹਿਲਾ ਡੱਬਾ..ਬੱਸ ਟੀਕੇ ਦੀ ਸੂਈ ਜਿੰਨੀ ਪੀੜ ਹੋਵੇਗੀ ਤੇ ਜਮਾਨੇ ਭਰ ਦੀਆਂ ਮੁਸ਼ਕਿਲਾਂ ਤੋਂ ਸਦਾ ਲਈ ਨਿਜਾਤ..ਸਭ ਖਤਮ!
ਏਨੇ ਨੂੰ ਸੀਟੀ ਮਾਰ ਗੱਡੀ ਪਲੇਟਫਾਰਮ ਤੋਂ ਚੱਲ ਪਈ..ਮੈਂ ਵੀ ਹੌਲੇ ਕਦਮੀਂ ਪਟੜੀ ਵੱਲ ਵਧਿਆ..ਡਰਾਈਵਰ ਨੂੰ ਸ਼ਾਇਦ ਅਹਿਸਾਸ ਹੋ ਗਿਆ ਸੀ ਕੇ ਮੁੰਡਾ ਥੱਲੇ ਸਿਰ ਦੇਣ ਤੁਰਿਆ ਆਉਂਦਾ..ਬਥੇਰੀਆਂ ਸੀਟੀਆਂ ਮਾਰੀਆਂ..ਬ੍ਰੇਕ ਵੀ ਲਾਈ ਪਰ ਏਡਾ ਵੱਡਾ ਲੋਹੇ ਦਾ ਪਹਾੜ ਛੇਤੀ ਕੀਤਿਆਂ ਕਿਥੇ ਰੁਕਦਾ..!
ਬਸ ਕੁਝ ਕੂ ਸਕਿੰਟਾਂ ਦੀ ਹੀ ਖੇਡ ਬਾਕੀ ਰਹਿ ਗਈ ਕੇ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੀ ਜਿਹੇ ਹੱਥ ਨੇ ਮੈਨੂੰ ਹਲੂਣਾ ਜਿਹਾ ਦਿੱਤਾ..!
ਮੁੜ ਕੇ ਦੇਖਿਆ ਤਾਂ ਇੱਕ ਲੰਮੇ ਦਾਹੜੇ ਵਾਲੇ ਬਾਬਾ ਜੀ ਸਨ..ਗਾਤਰਾ ਪਾਈ ਨਿੱਮਾ ਨਿੱਮਾ ਹੱਸਦੇ ਹੋਏ..ਆਖਣ ਲੱਗੇ “ਨਾ ਪੁੱਤ ਇੰਜ ਥੋੜੀ ਕਰੀਦਾ ਹੁੰਦਾ..ਹਮੇਸ਼ਾਂ ਚੜਦੀ ਕਲਾ ਵਿੱਚ ਰਹੀਦਾ”!
ਮੈਂ ਓਹਨਾ ਦੇ ਮੁਖੜੇ ਨੂੰ ਤੱਕਦਾ ਹੀ ਰਹਿ ਗਿਆ ਤੇ ਪਤਾ ਹੀ ਨਾ ਲੱਗਾ ਕਦੋਂ ਕੋਲੋਂ ਗੱਡੀ ਲੰਘ ਗਈ..ਨਿਰਾ ਪੂਰਾ ਬਾਬਾ ਦੀਪ ਸਿੰਘ ਜੀ ਵਾਲਾ ਜੁੱਸਾ..ਗੱਲਾਂ ਕਰਦਿਆਂ ਮੈਂਨੂੰ ਮੋਢਿਆਂ ਤੋਂ ਫੜ ਰੇਲ ਲਾਈਨਾਂ ਪਾਰ ਕਰਵਾ ਹਾਲ ਗੇਟ ਵਾਲੇ ਪਾਸੇ ਵੱਲ ਨੂੰ ਲੈ ਆਏ..ਇੱਕ ਆਟੋ ਨੂੰ ਹੱਥ ਦਿੱਤਾ ਤੇ ਵਿਚ ਬਿਠਾਉਂਦੇ ਹੋਏ ਆਖਣ ਲੱਗੇ ਕੇ ਜਾ ਪੁੱਤ ਪਹਿਲਾਂ ਦਰਬਾਰ ਸਾਬ ਮੱਥਾ ਟੇਕ ਕੇ ਆ..ਤੈਨੂੰ ਓਥੇ ਬੈਠਾ ਤੇਰਾ ਕੋਈ ਆਪਣਾ ਉਡੀਕੀ ਜਾਂਦਾ ਏ!
ਮੈਨੂੰ ਨੀ ਪਤਾ ਕੇ ਉਹ ਬਾਬਾ ਜੀ...
ਕੌਣ ਸਨ..ਕਿਥੋਂ ਆਏ ਸਨ ਤੇ ਮੁੜ ਕਿੱਧਰ ਨੂੰ ਚਲੇ ਗਏ..!
ਉਥੇ ਅੱਪੜ ਮੈਂ ਕਿੰਨੀ ਦੇਰ ਪਰਿਕਰਮਾ ਵਿਚ ਘੁੰਮਦਾ ਰਿਹਾ..ਫੇਰ ਭੁੱਖ ਲੱਗੀ ਤੇ ਪ੍ਰਸ਼ਾਦਾ ਸ਼ਕਣ ਪੰਗਤ ਵਿੱਚ ਆਣ ਬੈਠਾ..ਅਚਾਨਕ ਕੀ ਵੇਖਿਆ ਸਾਮਣੇ ਮਾਂ ਬੈਠੀ ਹੋਈ ਸੀ..ਮੇਰੇ ਅੰਦਰ ਦਾ ਬੰਨ ਟੁੱਟ ਗਿਆ..ਧੂਹ ਕੇ ਜਾ ਉਸਨੂੰ ਜੱਫੀ ਪਾਈ..ਕਿੰਨੀ ਦੇਰ ਦੋਵੇਂ ਮਾਂ ਪੁੱਤ ਇੱਕ ਦੂਜੇ ਦੇ ਗੱਲ ਲੱਗ ਰੋਂਦੇ ਰਹੇ..!
ਫੇਰ ਇਕੱਠਿਆਂ ਬੈਠ ਲੰਗਰ ਛਕਿਆ..ਇੰਜ ਲੱਗਾ ਜਿਦਾਂ ਸਦੀਆਂ ਤੋਂ ਲੱਗੀ ਹੋਈ ਕਿਸੇ ਨਾ ਮਿਟਣ ਵਾਲੀ ਭੁੱਖ ਦਾ ਸਦਾ ਲਈ ਅੰਤ ਹੋ ਗਿਆ ਹੋਵੇ!
ਉਸ ਦਿਨ ਮਗਰੋਂ ਫੇਰ ਕਦੀ ਵੀ ਢਹਿੰਦੀ ਕਲਾ ਵਿੱਚ ਨਹੀਂ ਗਿਆ..ਅੱਜ ਅਮਰੀਕਾ ਦੀ ਧਰਤੀ ਤੇ ਵਿਚਰਦਿਆਂ ਪੂਰੇ ਵੀਹ ਸਾਲ ਹੋ ਗਏ..ਜਦੋਂ ਵੀ ਦਿੱਲੀ ਜਹਾਜ਼ੋਂ ਉੱਤਰਦਾ ਹਾਂ ਤਾਂ ਰੇਲ ਹੀ ਫੜਦਾ ਹਾਂ ਤਾਂ ਕੇ ਅੰਬਰਸਰ ਪਹੁੰਚ ਭੰਡਾਰੀ ਪੁਲ ਹੇਠ ਪਈ ਓਸੇ ਪੱਥਰ ਦੀ ਸਿਲ ਖੁਦ ਅਤੇ ਬਾਕੀਆਂ ਨੂੰ ਵੀ ਵਿਖਾ ਸਕਾਂ..ਤੇ ਆਖ ਸਕਾਂ ਕੇ ਇਹ ਉਹ ਥਾਂ ਜਿਥੇ ਕਿਸੇ ਵੇਲੇ ਤੁਹਾਡੇ ਬਾਪ ਦਾ ਦੂਜਾ ਜਨਮ ਹੋਇਆ ਸੀ!
ਗੁਰੂ ਰਾਮਦਾਸ ਦੀ ਵਰਸੋਈ ਨਗਰੀ ਵਿੱਚ ਵਿਚਰਦਾ ਲੰਮੇਂ ਦਾਹੜੇ ਵਾਲਾ ਹਰ ਵਜੂਦ ਮੈਨੂੰ ਮੇਰੇ ਮੋਢਿਆਂ ਤੇ ਹੱਥ ਰੱਖਣ ਵਾਲੇ ਬਾਬਾ ਜੀ ਹੀ ਲੱਗਦੇ..!
ਫੇਰ ਦਰਬਾਰ ਸਾਹਿਬ ਲੰਗਰ ਪਾਣੀ ਛਕ ਗੁਰੂਦੁਆਰਾ ਸ਼ਹੀਦਾਂ ਦੇ ਲਾਗੇ ਬਣੇ ਸ਼ਮਸ਼ਾਨ ਘਾਟ ਤੇ ਉਸ ਥੜੇ ਲਾਗੇ ਦੋ ਘੜੀਆਂ ਬੈਠਣ ਜਰੂਰ ਜਾਂਦਾ ਹਾਂ ਜਿਥੇ ਸਾਰੀ ਉਮਰ ਮੇਰਾ ਪੱਖ ਪੂਰਨ ਵਾਲੀ ਦਾ ਅੰਤਮ ਸੰਸਕਾਰ ਹੋਇਆ ਸੀ!
ਦੋਸਤੋ ਸ਼ਰਧਾ ਤੇ ਆਸਥਾ ਨੂੰ ਸਾਇੰਸ ਦੀ ਕਸਵੱਟੀ ਤੇ ਤੋਲਣ ਵਾਲੇ ਅਕਸਰ ਆਖਦੇ ਨੇ ਕੇ ਗੁਰੂ ਦੀ ਨਗਰੀ ਵਿਚ ਕਰਾਮਾਤ ਨਹੀਂ ਹੁੰਦੀ ਹੁੰਦੀ..ਪਰ ਮੈਥੋਂ ਪੁਛੋ..ਜਰੂਰ ਹੁੰਦੀ ਹੈ ਤੇ ਇਸਦਾ ਜਿਉਂਦਾ ਜਾਗਦਾ ਸਬੂਤ ਮੈਂ ਖੁਦ ਆਪ ਹਾਂ..ਜੇ ਨਾ ਹੁੰਦੀ ਹੋਏ ਤਾਂ ਮਾਨਾਂਵਾਲਾ ਲੰਗਦਿਆਂ ਹੀ ਮੇਰੇ ਲੂ-ਕੰਢੇ ਕਿਓਂ ਖੜੇ ਹੋ ਜਾਂਦੇ!
(ਅਮਰੀਕਾ ਵੱਸਦੇ ਇੱਕ ਵੀਰ ਦੀ ਹੱਡ-ਬੀਤੀ)
ਹਰਪ੍ਰੀਤ ਸਿੰਘ ਜਵੰਦਾ
Prince kumar
Bahut hi vadia laggi paji eh mera v mann aahi krda aa pr tuhadi kahani pdh ke mera mann change ho gya aa