ਕਿਸੁ ਪਹਿ ਖੋਲਉ ਗੰਠੜੀ…
ਮਨ ਉਦਾਸ ਸੀ,ਸੋਚਿਆ ਕਿਉਂ ਨਾ ਕਿਸੇ ਨੂੰ ਮਿਲਣ ਜਾਇਆ ਜਾਵੇ ਤੇ ਉਦਾਸੀ ਦੂਰ ਕੀਤੀ ਜਾਵੇ। ਸੋ ਮੈਂ ਪੈਦਲ ਹੀ ਸੈਰ ਕਰਦਾ ਆਪਣੇ ਇੱਕ ਜਾਣਕਾਰ ਨੂੰ ਬਹੁਤ ਹੀ ਲੰਬੇ ਅਰਸੇ ਬਾਅਦ ਸ਼ਾਇਦ 22-23 ਸਾਲ ਬਾਅਦ ਜੋ ਕਿ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਹਨ, ਮਿਲਣ ਓਨਾ ਦੀ ਦੁਕਾਨ ਤੇ ਪਹੁੰਚ ਗਿਆ। ਆਪਣੇ ਪਰਿਵਾਰਕ ਝਮੇਲਿਆਂ ਦੀ ਵਜ੍ਹਾ ਕਰਕੇ ਬਹੁਤ ਸਾਰੇ ਸੰਗੀ-ਸਾਥੀਆਂ ਨਾਲ ਮੇਲ-ਜੋਲ ਘੱਟ ਚੁੱਕਾ ਸੀ। ਜਦੋਂ ਮੈਂ ਦੁਕਾਨ ਤੇ ਪਹੁੰਚਿਆ ਤਾਂ ਉਹ ਮੋਬਾਈਲ ਤੇ ਦਰਬਾਰ ਸਾਹਿਬ ਦਾ ਕੀਰਤਨ ਸੁਣ ਰਹੇ ਸਨ ਤੇ ਮੈਂ ਫਤਹਿ ਬੁਲਾ ਕੇ ਬੈਠ ਗਿਆ। ਪੰਜ ਕੁ ਮਿੰਟ ਤੱਕ ਭਾਈ ਸਾਹਿਬ ਨੇ ਮੇਰੇ ਨਾਲ ਗੱਲਬਾਤ ਨਹੀਂ ਕੀਤੀ,ਕੀਰਤਨ ਸੁਣਦੇ ਰਹੇ। ਦੱਸ ਕੁ ਸਾਲ ਪਹਿਲਾਂ ਉਨ੍ਹਾਂ ਦੀ ਸਿੰਘਣੀ, 45 ਕੁ ਸਾਲ ਦੀ ਉਮਰ ਵਿੱਚ ਚੜ੍ਹਾਈ ਕਰ ਗਏ ਸਨ ਪਰ ਕਾਰਨ ਕੀ ਬਣਿਆ ਸੀ ਇਸ ਬਾਰੇ ਮੈਨੂੰ ਨਹੀਂ ਸੀ ਪਤਾ। ਖੈਰ ਮੈਂ ਜੇਰਾ ਕਰਕੇ ਰਸਮੀ ਤੌਰ ਤੇ ਹਾਲ ਚਾਲ ਪੁਛਣਾ ਸ਼ੁਰੂ ਕੀਤਾ ਤੇ ਆਪਣੀ ਸਿੰਘਣੀ ਦੇ ਸਦੀਵੀ ਵਿਛੋੜੇ ਦਾ ਜ਼ਿਕਰ ਕੀਤਾ ਤੇ ਉਨ੍ਹਾਂ ਦੀ ਸਿੰਘਣੀ ਦੇ ਚੜ੍ਹਾਈ ਕਰ ਜਾਣ ਸੰਬੰਧੀ ਗੱਲਬਾਤ ਸ਼ੁਰੂ ਕੀਤੀ ਜਿਵੇਂ ਹੀ ਮੈਂ ਉਨ੍ਹਾਂ ਦੀ ਸਿੰਘਣੀ ਬਾਰੇ ਪੁੱਛਿਆ ਉਨ੍ਹਾਂ ਨੇ ਮੋਬਾਇਲ ਬੰਦ ਕਰ ਕੇ ਗੱਲਬਾਤ ਵੱਲ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਚਿਹਰੇ ਤੇ ਮੈਨੂੰ ਇੱਕ ਵੈਰਾਗ ਨਜ਼ਰ ਆਇਆ। ਆਪਣੀ ਸਿੰਘਣੀ ਦੇ ਚੜ੍ਹਾਈ ਕਰ ਜਾਣ...
ਦੇ ਕਾਰਨ ਦੱਸਣ ਮਗਰੋਂ ਕਹਿਣ ਲੱਗੇ, “ਅਸਾਨ ਨਹੀਂ ਜੀਵਨ ਸਾਥੀ ਦਾ ਵਿਛੋੜਾ ਸਹਿਣਾ,ਬੇਸ਼ੱਕ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਨਾਲ ਜੁੜੇ ਹੋਏ ਹਾਂ ਪਰ ਅੱਜ ਵੀ ਮਨ ਭਰਦਾ ਹੈ। ਕਹਿਣ ਲੱਗੇ ਕਿ ਬੇਸ਼ੱਕ ਘਰ ਵਿੱਚ ਨੂੰਹ-ਪੁੱਤਰ ਹਨ ਪਰ ਜੋ ਸਾਥ ਸਾਡੀ ਜੀਵਨ ਸਾਥਣ ਨਿਭਾਉਂਦੀ ਹੈ ਹੋਰ ਕੋਈ ਨਹੀਂ ਨਿਭਾ ਸਕਦਾ, ਕਿਹੜੇ ਕੱਪੜੇ ਪਾਉਣੇ ਹਨ ਤੇ ਕਿਹੜੇ ਨਹੀਂ ਜਾਂ ਕਿਹੜੇ ਜੱਚ ਰਹੇ ਹਨ ਤੇ ਕਿਹੜੇ ਨਹੀਂ,ਕਿਹੜੀ ਪੱਗ ਧੋਣ ਵਾਲੀ ਹੈ ਤੇ ਕਿਹੜੀ ਨਹੀਂ ਸਿੰਘਣੀ ਨੂੰ ਪਤਾ ਹੁੰਦਾ ਸੀ, ਰੋਟੀ-ਪਾਣੀ ਦਾ ਪੂਰਾ ਖਿਆਲ ਰੱਖਦੇ ਸਨ। ਕਹਿਣ ਲੱਗੇ, ਘਰ ਤੋਂ ਹਰ ਰੋਜ਼ ਆਟੋ ਫੜ ਕੇ ਸਰਦੀਆਂ ਵਿੱਚ ਸ਼ਾਮ ਨੂੰ ਘਰ ਦੇ ਬਣੇ ਬਿਸਕੁਟ ਜਾਂ ਮੱਠੀਆਂ ਅਤੇ ਬਨੱਖ਼ਸ਼ਾ ਦੇਣ ਦੁਕਾਨ ਤੇ ਆਉਂਦੇ ਅਤੇ ਇਸੇ ਤਰ੍ਹਾਂ ਗਰਮੀਆਂ ਦੇ ਵਿੱਚ ਸ਼ਰਬਤ ਜਾਂ ਨਿੰਬੂ ਪਾਣੀ, ਇਹ ਸਾਰਾ ਕੁੱਝ ਦੱਸਣ ਮਗਰੋਂ ਓਹ ਚੁੱਪ੍ ਕਰ ਗਏ ਤੇ ਮੈਂ ਉਨ੍ਹਾਂ ਦੀ ਚੁੱਪੀ ਨੂੰ ਸਮਝ ਗਿਆ ਸੀ।
ਗਿਆ ਤਾਂ ਮੈਂ ਆਪਣਾ ਮਨ ਹੌਲਾ ਕਰਨ ਸੀ ਪਰ…
” ਜਿਸੁ ਮਾਨੁਖ ਪਹਿ ਕਰਉ ਬੇਨਤੀ
ਸੋ ਅਪਨੈ ਦੁਖਿ ਭਰਿਆ।।”
ਕੰਵਰ ਅੰਮ੍ਰਿਤ ਪਾਲ ਸਿੰਘ
8 ਮਾਰਚ, 2021
Access our app on your mobile device for a better experience!