More Punjabi Kahaniya  Posts
ਸੰਦੂਕ


ਬਿਸ਼ਨੀ ਤਾਈ ਨੂੰ ਅੰਧਰੰਗ ਦਾ ਦੌਰਾ ਪੈ ਗਿਆ, ਇੱਕ ਪਾਸਾ ਮਾਰਿਆ ਗਿਆ, ਮੰਜੇ ‘ਤੇ ਪਈ ਵੇਖ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਉਹੀ ਬਿਸ਼ਨੀ ਤਾਈ ਜਿਸ ਤੋਂ ਸਾਰੇ ਵਿਹੀ ਗੁਆਂਢ ਕੀ, ਸਾਰੇ ਪਿੰਡ ਦੀਆਂ ਸੁਆਣੀਆਂ ਸਲਾਹ ਲੈਣ ਆਉਂਦੀਆਂ , ਕਿਸੇ ਘਰ ਨਵ-ਜੰਮੇ ਬੱਚੇ ਦਾ ਨਾਮ ਕਰਨ ਕਰਨਾ ਹੋਵੇ , ਕਿਸੇ ਨੇ ਨਵੀਂ ਵਹੁਟੀ ਚੌਂਕੇ ਚਾੜਨੀ ਹੋਵੇ, ਕਿਸੇ ਵਿਆਹ, ਸਾਹੇ ਦੀ ਤਰੀਕ ਧਰਨੀ ਹੋਵੇ……ਸਭ ਤਾਈ ਦੀ ਸਲਾਹ ਲੈਣ ਆਉਂਦੇ… ਏਥੋਂ ਤੱਕ ਕਿ ਕੋਈ ਪੰਚਵੀਂ , ਦਸਵੀਂ , ਏਕਮ ,ਦੂਜ ….. ਕਿਸ ਸਮਾਧ ਜਾਂ ਕਿਸ ਖੇੜੇ ਤੇ ਕਦੋ ਮੱਥਾ ਟਿਕਦਾ ਏ ਸਭ ਗਿਆਨ ਤਾਈ ਹੀ ਵੰਡਦੀ……
ਇਕ ਮੋਹ ਭਿੱਜੀ ਰੂਹ.. ਪਿਆਰਾਂ ਦੀ ਬਸਤੀ ਅਤੇ ਅਪਣੱਤ ਨਾਲ ਭਿੱਜੀ ਅਜਿਹੀ ਛਿੱਟ ਸੀ ਕਿ ਜਿਸ ਉਪਰ ਵੀ ਬਰਸ ਜਾਂਦੀ ਪਿਆਰ ਪਿਆਰ ਕਰ ਦੇਂਦੀ… ਬੱਚਿਆਂ ਨਾਲ ਅੰਤਾਂ ਦਾ ਮੋਹ ਕਰਦੀ, ਕੁੜੀਆਂ ਦੀ ਜਿਵੇਂ ਮਾਂ ਤੋਂ ਬਾਅਦ ਉਹੀ ਹਮਰਾਜ਼ ਸੀ। ਸਾਰਾ ਦੁਪਿਹਰਾ ਕੁੜੀਆਂ ਉਹਦੀ ਨਿੰਮ ਹੇਠ ਬੈਠ ਮੂੰਗਫਲੀ ਕੱਢਦੀਆਂ, ਤਾਂ ਉਹ ਕਦੀ ਛੱਲੀਆਂ ਭੁੰਨ ਖਵਾਉਂਦੀ…… ਕਦੀ ਦਾਣੇ …… ਮੇਰੀ ਮਾਂ ਤੋਂ ਬਾਅਦ ਤਾਈ ਨੂੰ ਮੈਂ ਮਾਂ ਦੀ ਤਰ੍ਹਾਂ ਮੰਨਦੀ ਸੀ ਹਰ ਨਿੱਕੀ ਵੱਡੀ ਗੱਲ ਜਿੰਨੀ ਦੇਰ ਤਾਈ ਨੂੰ ਨਾ ਸੁਣਾਉਂਦੀ ਰਾਤੀਂ ਨੀਂਦ ਨਹੀਂ ਸੀ ਪੈਂਦੀ ਮੈਨੂੰ…. ਮੈਨੂੰ ਯਾਦ ਹੈ ਮੇਰੇ ਵਿਆਹ ਉਤੇ ਮੈਨੂੰ ਡੋਲੀ ਵਿੱਚ ਬਿਠਾ ਬੜਾ ਰੋਈ ਸੀ ਤਾਈ …..ਸਦੂੰਕ ਖੋਲਦੀ, ਫੁਲਕਾਰੀ ਨਾਲ਼ ਮੇਰਾ ਸਿਰ ਕੱਜਦੀ ਤੇ ਮੋਹ ਕਰਦੀ ਨਾ ਥਕਦੀ ……ਪਿੰਡ ਦੀਆਂ ਕੁੜੀਆਂ ਨੂੰ ਵਿਆਹ ਤੇ ਆਪਣਾ ਸੰਦੂਕ ਖੋਲ੍ਹ ਖੜੀ ਹੋ ਜਾਂਦੀ ਨਾਲ ਹੀ ਕਹਿੰਦੀ ” ਮੇਰੀ ਮਾਂ ਨੇ ਇਹ ਸੰਦੂਕ ਮੂੰਹੋਂ ਮੂੰਹੀਂ ਭਰ ਕੇ ਦਿੱਤਾ ਸੀ… ਮੇਰੇ ਤਾਂ ਕੋਈ ਕੁੜੀ ਨੀ…… ਕਿ ਉਸ ਲਈ ਰੱਖ ਛੱਡਾਂ ਇਹ ਦਹੇਜ਼……ਨਾਲੇ ਤੁਸੀਂ ਕਿਹੜਾ ਮੇਰੀਆਂ ਧੀਆਂ ਨੀ” , ਉਸ ਦੇ ਪਿਆਰ ਨੂੰ ਵੇਖ ਕੁੜੀਆਂ ਨਾਂਹ ਨਾ ਕਰ ਸਕਦੀਆਂ , ਪਿੰਡ ਦੀਆਂ ਕੁੜੀਆਂ ਨੂੰ ਵਿਆਹ ਤੇ ਆਪਣੇ ਸੰਦੂਕ ਵਿੱਚੋਂ ਕੱਢ ਇੱਕ ਬਿਸਤਰਾ ਜ਼ਰੂਰ ਦਿੰਦੀ। ਤਾਈ ਦਾ ਉਹ ਸੰਦੂਕ ਜਾਦੂਈ ਚਿਰਾਗ਼ ਤੋਂ ਘੱਟ ਨਹੀਂ ਸੀ ਜਦੋਂ ਵੀ ਖੁਲਦਾ ਕੁੜੀਆਂ ਲਈ ਸੁਗਾਤਾਂ ਵਾਸਤੇ ਖੁਲਦਾ … ਅਸਲ ਵਿੱਚ ਇਹ ਸੰਦੂਕ ਨਾਲ ਤਾਈ ਦਾ ਜ਼ਿਆਦਾ ਹੀ ਮੋਹ ਸੀ ਉਹ ਅਕਸਰ ਕਹਿੰਦੀ ” ਨੀ ਆਦਮੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਪਰ ਤੀਵੀਂ ਦੀਆਂ ਜਾਇਦਾਦਾਂ ਤਾਂ ਇਹ ਪੇਟੀਆਂ ਸੰਦੂਕ ਹੀ ਹੁੰਦੇ ਨੇ”। ਸੰਦੂਕ ਵਿੱਚ ਤਾਂ ਤਾਈ ਦੀ ਜਿੰਦ ਇੰਝ ਵਸਦੀ ਸੀ ਜਿਵੇਂ ਜਾਦੂਗਰ ਦੀ ਤੋਤੇ ਵਿੱਚ……।
ਬੜੀ ਹੀ ਜਿੰਦਾ ਦਿਲ ਸੀ ਬਿਸ਼ਨੀ ਤਾਈ…… ਜਗਦੇਵ ਅਤੇ ਗੁਰਮੀਤ ਛੋਟੇ-ਛੋਟੇ ਸੀ ਜਦੋਂ ਤਾਇਆਂ ਗੁਜ਼ਰ ਗਿਆ, ਤਾਈ ਨੇ ਮਰਦਾਂ ਦੀ ਤਰ੍ਹਾਂ ਖੇਤਾਂ ਵਿੱਚ ਕੰਮ ਕੀਤਾ, ਮੂੰਹ ਹਨੇਰੇ ਹੀ ਸਾਂਝੀ ਨਾਲ ਖੇਤ ਜੋਤਣ ਚਲੀ ਜਾਂਦੀ……ਮੁੰਡਿਆਂ ਨੂੰ ਕਹਿੰਦੀ ” ਪੁੱਤ ਤੁਸੀ ਪੜਾਈ ਕਰਲੋ ਬਸ ਮਾਂ ਦੀ ਜੂਨ ਸੁਧਰ ਜੇ।” ਮਾਂ ਦੀਆਂ ਦੁਆਵਾਂ ਸਦਕਾ ਵੱਡੇ ਜਗਦੇਵ ਨੂੰ ਬੈਂਕ ਵਿਚ ਨੌਕਰੀ ਮਿਲ ਗਈ , ਛੋਟਾ ਪਟਵਾਰੀ ਲੱਗ ਗਿਆ। ਤਾਈ ਨੇ ਸਾਰੇ ਪਿੰਡ ਵਿੱਚ ਲੰਡੂ ਵੰਡੇ ……ਸਮੇਂ ਦੇ ਨਾਲ-ਨਾਲ ਚੰਗੇ ਦਿਨ ਆ ਗਏ …ਦੋਵੇਂ ਪੁੱਤਰਾਂ ਨੇ ਆਪਣੀਆਂ ਆਪਣੀਆਂ ਕੋਠੀਆਂ ਛੱਤ ਲਈਆ,ਜਾਇਦਾਦਾਂ ਸਾਂਭ ਲਈਆਂ…… ਪਰ ਤਾਈ ਨੇ ਕੱਚਾ ਘਰ ਡਾਹੁਣ ਨਾ ਦਿੱਤਾ…… ਇਹ ਕਹਿ ਅੱਖਾਂ ਭਰ ਲੈਂਦੀ “ਮੈਂ ਤਾਂ ਚਾਹੁੰਨੀ ਆ ਇਸ ਘਰ ਮੇਰੀ ਡੋਲੀ ਆਈ ਏ , ਮੇਰੀ ਅਰਥੀ ਵੀ ਇਸੇ...

ਘਰ’ ਚੋਂ ਜਾਵੇ , ਮੇਰੇ ਜਿਉਂਦੇ ਜੀ ਰਹਿਣ ਦੋ ਪੁੱਤ… ਬਾਅਦ ਵਿਚ ਜੋ ਚਾਹੇ ਕਰਿਓ।” ਉਸ ਘਰ ਨਾਲ ਸ਼ਾਇਦ ਤਾਈ ਦੀਆਂ ਯਾਦਾ ਜੁੜੀਆ ਸੀ ।
ਕੁਝ ਦਿਨ ਪਹਿਲਾਂ ਹੀ ਜਗਦੇਵ ਤੇ ਗੁਰਮੀਤ ਦੀ ਵਹੁਟੀ ਨੇ ਸਲਾਹ ਕੀਤੀ ਕਿ ਸੱਸ ਦੇ ਜਿਊਂਦਿਆਂ ਕਿਉਂ ਨਾ ਸੰਦੂਕ ਦਾ ਸਮਾਨ ਵੰਡ ਲਈਏ… ਉਹਨਾਂ ਨੇ ਸੰਦੂਕ ਖੋਲਿਆ ਅਤੇ ਸਾਰਾ ਸਮਾਨ ਲੀਰ ਲੀਰ ਕਰ ਦਿੱਤਾ… ਵਿਹੜੇ ਵਿੱਚ ਖਿਲਰੇ ਗਲੀਚੇ, ਬਾਗ , ਫੁਲਕਾਰੀਆਂ, ਪੱਖੀਆਂ, ਦਰੀਆਂ……ਤਾਈ ਨੂੰ ਆਪਣੀ ਜ਼ਵਾਨੀ ਵਾਲੇ ਉਹ ਦਿਨ ਯਾਦ ਆ ਗੲੇ ਜਦੋਂ ਉਹ ਆਪਣੀਆਂ ਸਹੇਲੀਆਂ ਨਾਲ ਤਿ੍ਝਣਾ ‘ਚ ਬੈਠ ਚਰਖਾ ਕੱਤਦੀ , ਸੂਤ ਤਿਆਰ ਕਰਦੀ, ਰੰਗ ਬਰੰਗੀਆਂ ਦਰੀਆਂ ਬੁਣਦੀ … ਕਦੀ ਚਾਈਂ ਚਾਈਂ ਫੁਲਕਾਰੀਆਂ ਕੱਢਦੀ , ਰੰਗ ਬਰੰਗੀਆਂ ਦਰੀਆਂ ਦੀਆਂ ਮੋਰ ਘੁੱਗੀਆਂ ਜਿਵੇਂ ਤਾਈ ਨਾਲ ਗੱਲਾਂ ਕਰ ਰਹੀਆਂ ਹੋਣ…ਤਾਈਂ ਡੂੰਘਿਆਂ ਖਿਆਲਾਂ ਵਿਚ ਖੋ ਗਈ …।
ਪਰ ਕੁਝ ਸਮੇਂ ਬਾਅਦ ਹੀ ਸਾਰਾ ਸਾਮਾਨ ਵੰਡਿਆ ਗਿਆ। ਸਾਮਾਨ ਦੀ ਹੁੰਦੀ ਵੰਡ ਵੇਖ ਤਾਈ ਦਾ ਗੱਚ ਭਰ ਆਇਆ, ਪਰ ਬੋਲੀ ਕੁਝ ਨਾ। ਚੁੱਪ ਚਾਪ ਖਾਮੋਸ਼ ਵੇਖਦੀ ਰਹੀ । ਉਸ ਨੂੰ ਲੱਗ ਰਿਹਾ ਸੀ ਜਿਵੇਂ ਕਿ ਇਕ ਖੂਬਸੂਰਤ ਸੁਪਨਾ ਆਪਣੀ ਮਧੁਰਤਾ ਵਿਖੇਰਣ ਤੋਂ ਬਾਅਦ ਕਿਸੇ ਡਰਾਉਣੇ ਸੁਪਨੇ ਵਿੱਚ ਬਦਲ ਗਿਆ ਸੀ । ਵੰਡਿਆ ਸਮਾਨ ਸਮੇਟਿਆ ਅਤੇ ਨੂੰਹਾਂ ਅਪਣੀਆਂ ਕੋਠੀਆਂ ਵਿਚ ਚਲੀਆਂ ਗਈਆਂ ।ਖਾਲੀ ਸੰਦੂਕ ਤੂੜੀ ਵਾਲੇ ਕੋਠੇ ਵਿਚ ਖੜ੍ਹਾ ਕਰਨ ਦੀ ਗੱਲ ਕੀਤੀ ਗਈ ਤਾਂ ਤਾਈ ਦੀ ਜਿਵੇਂ ਭੁੱਬ ਨਿਕਲ ਗਈ …… ਕਾਲਜਾਂ ਮੂੰਹ ਨੂੰ ਆ ਗਿਆ …… ਚੁਪ ਚਪੀਤੇ ਬਾਹਰ ਡੰਗਰਾਂ ਵਾਲੇ ਮਕਾਨ ਵਿੱਚ ਆ ਬੈਠੀ …… ਉਸ ਦਿਨ ਤੋਂ ਬਾਅਦ ਤਾਈ ਕਦੇ ਨਾ ਬੋਲੀ….
ਮੈਂ ਮਿਲਣ ਗਈ ਤਾਂ ਉਸ ਦੀ ਹਾਲਤ ਵੇਖ ਮੇਰਾ ਮਨ ਪਸੀਜ ਗਿਆ…… ਮੈਂ ਮਲਕੜੇ ਜਿਹੇ ਉਹਦੇ ਮੰਜੇ ਤੇ ਬੈਠੀ ਤਾਂ ਇਕ ਅੱਖ ਵਿਚੋਂ ਧਾਰ ਬੰਨੀ ਹੰਝੂ ਵਹਿ ਰਹੇ ਸੀ…… ਉਹ ਜਿਵੇਂ ਗਲ ਲੱਗਣਾ ਚਾਹੁੰਦੀ ਸੀ…ਪਰ …..”ਤੂੰ ਠੀਕ ਹੋ ਜਾਂਣੈ…ਹੌਸਲਾ ਰੱਖ ਤਾਈ!”, ਮੈਂ ਜਿਵੇਂ ਧਰਵਾਸ ਦੇਣਾ ਚਾਹਿਆ। ਉਸਨੇ ਨਾ ਵਿਚ ਗਰਦਨ ਹਿਲਾਉਣ ਦੀ ਕੋਸ਼ਿਸ਼ ਕੀਤੀ । ਫਿਰ ਸੱਜਾ ਹੱਥ ਚੁੱਕ ਹੱਥ ਨਾਲ ਨਾਹ ਦਾ ਇਸ਼ਾਰਾ ਕੀਤਾ। ਮੈਂ ਉਸਦੇ ਹੰਝੂ ਸਾਫ ਕੀਤੇ ਤੇ ਆਪਣਾ ਸਿਰ ਉਹਦੀ ਛਾਤੀ ਤੇ ਰੱਖ ਦਿੱਤਾ। ਉਹ ਕੁਝ ਕਹਿਣਾ ਚਾਹੁੰਦੀ ਸੀ, ਉਸ ਨੇ ਫਿਰ ਹੱਥ ਨਾਲ ਦੂਰ ਖੜ੍ਹੇ ਸੰਦੂਕ ਵਾਲੇ ਇਸਾ਼ਰਾ ਕੀਤਾ । ਮੈਂ ਵੇਖਿਆ ਤੂੜੀ ਵਾਲੇ ਕੋਠੇ ਵਿਚ ਉਹਦਾ ਸੰਦੂਕ ਖੜ੍ਹਾ ਸੀ । “ਇਹ ਏਥੇ ਕਿਵੇਂ??” ਮੇਰਾ ਤਰਾਹ ਨਿਕਲ਼ ਗਿਆ। “ਭਾਬੀ ਇਹ ਸੰਦੂਕ ਇਥੇ??” ਮੈਂ ਚਾਹ ਲੈ ਕੇ ਆ ਰਹੀ ਜਗਦੇਵ ਦੀ ਵਹੁਟੀ ਤੋਂ ਪੁੱਛਿਆ। ” ਹੋਰ ਕਿਥੇ ਲਾਉਦੇ ਭੈਣਜੀ, ਤੈਨੂੰ ਪਤਾ ਤਾਂ ਹੈ ਕਿ ਇਹ ਚੀਜ਼ਾਂ ਹੁਣ ਕੋਠੀਆਂ ਵਿਚ ਕਿਥੇ ਸੋਹਣੀਆਂ ਲਗਦੀਆਂ ਨੇ।” ਉਸ ਦੀ ਇਹ ਗੱਲ ਸੁਣ ਕੇ ਮੈਂ ਹੱਕੀ-ਬੱਕੀ ਰਹਿ ਗਈ। ਤਾਈ ਨੇ ਹੌਂਕਾ ਲਿਆ । ਉਸਨੇ ਇਕ ਹੱਥ ਨਾਲ ਆਪਣਾ ਸਿਰਹਾਣਾ ਟੋਹਿਆ, ਅਤੇ ਮੇਰੇ ਹੱਥ ਵਿਚ ਕੁਝ ਰੱਖਿਆ ਤੇ ਅੱਖਾਂ ਮੀਟ ਲਈਆਂ। ਤਾਈ ਪੂਰੀ ਹੋ ਚੁੱਕੀ ਸੀ ਮੇਰੇ ਹੱਥ ਵਿਚ ਸੰਦੂਕ ਦੀ ਚਾਬੀ ਅਤੇ ਜਿੰਦਰਾ ਸੀ।
—- ਭਿੰਦਰ ਕੌਰ ✍️

...
...



Related Posts

Leave a Reply

Your email address will not be published. Required fields are marked *

4 Comments on “ਸੰਦੂਕ”

  • rooha vas jandiya ne dilla hanni hunde ne , sajjna ki khaiye ehna khyala nu pani ta pani hunde ne ” 🙏 heart touching story …. bakmaal koi shabd nhi kol

  • @&&&

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)