ਬੜਾ ਹੀ ਰੌਣਕੀ ਸੁਭਾਅ ਸੀ ਉਸਦਾ..!
ਵਿਆਹ ਮੰਗਣੇ ਤੇ ਸਾਰੇ ਅੱਡੀਆਂ ਚੁੱਕ-ਚੁੱਕ ਉਡੀਕਦੇ ਰਹਿੰਦੇ..ਅਖੀਰ ਜਦੋਂ ਅੱਪੜ ਜਾਂਦੀ ਤਾਂ ਚਾਰੇ ਬੰਨੇ ਹਾਸੇ ਖੇੜੇ ਖਿੱਲਰ ਜਾਇਆ ਕਰਦੇ..!
ਕੋਈ ਕੰਨੀ ਪਾਈਆਂ ਝੁੱਮਕੀਆਂ ਤੇ ਕੋਈ ਗਲ ਪਾਏ ਸੂਟ ਬਾਰੇ ਪੁੱਛੀ ਜਾਂਦੀ..!
ਉਸਦੇ ਲਾਲ ਸੂਹੇ ਚੇਹਰੇ ਵੱਲ ਦੇਖ ਅੰਦਾਜਾ ਲਾਉਣਾ ਮੁਸ਼ਕਿਲ ਸੀ ਕੇ ਉਹ ਇੱਕ ਦੋਹਤੇ ਦੀ ਨਾਨੀ ਵੀ ਸੀ..!
ਇਹ ਸਭ ਕੁਝ ਦੇਖ ਮੈਨੂੰ ਅੰਦਰੂਨੀ ਤੌਰ ਤੇ ਸੁਕੂਨ ਮਿਲਦਾ ਤੇ ਮੈਂ ਦੂਰ ਬੈਠਾ ਚੁੱਪ-ਚਾਪ ਉਸਦੇ ਮੂੰਹ ਵੱਲ ਹੀ ਦੇਖੀ ਜਾਇਆ ਕਰਦਾ!
ਤੇ ਫੇਰ ਇੱਕ ਦਿਨ ਉਸਦੀ ਵੱਖੀ ਵਿੱਚ ਤਿੱਖੀ ਪੀੜ ਸ਼ੁਰੂ ਹੋ ਗਈ..!
ਮਗਰੋਂ ਹਸਪਤਾਲ..ਐਮਰਜੈਂਸੀ..ਟੈਸਟ..ਰਿਪੋਰਟਾਂ..ਅਤੇ ਲੈਬਾਂ ਦੀਆਂ ਕਿੰਨੀਆਂ ਡੇਟੇਲਾਂ..!
ਅਖੀਰ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਕੇ ਆਖਰੀ ਸਟੇਜ ਵਾਲੇ ਕੈਂਸਰ ਦਾ ਸਿਰਫ ਇੱਕ ਮਹੀਨਾ ਹੀ ਬਾਕੀ ਬਚਿਆ ਏ..!
ਇੰਝ ਲੱਗਾ ਜਿੱਦਾਂ ਸਾਰੇ ਸੁਫ਼ਨੇ ਢਹਿ ਢੇਰੀ ਹੋ ਗਏ ਹੋਵਣ..!
ਮੈਂ ਉਸ ਨੂੰ ਬਿਨਾ ਕੁਝ ਦੱਸਿਆ ਹੀ ਘਰੇ ਲੈ ਆਇਆ..ਪਰ ਥੋੜੇ ਸਮੇਂ ਵਿਚ ਹੀ ਇਸਦੇ ਸੁਭਾਅ ਵਿਚ ਬਹੁਤ ਫਰਕ ਆ ਗਿਆ ਸੀ..!
ਕਦੀ ਕੱਲੀ ਬੈਠੀ ਛੱਤ ਵੱਲ ਤੱਕਦੀ ਰਹਿੰਦੀ..ਕਦੀ ਐਲਬਮ ਕੱਢ ਪੂਰਾਣੀਆਂ ਫੋਟੋਆਂ ਦੇਖਦੀ ਰਹਿੰਦੀ..ਫੇਰ ਇਸਦੀਆਂ ਅੱਖਾਂ ਵਿਚ ਹੰਜੂ ਆ ਜਾਂਦੇ..!
ਅਖੀਰ ਮੈਂ ਇਹ ਸਾਰਾ ਕੁਝ ਲੁਕਾ ਦਿੱਤਾ..!
ਹੱਡੀਆਂ ਦੀ ਮੁੱਠ ਜਿਹੀ ਬਣ ਗਈ ਨੇ ਇੱਕ ਦਿਨ ਜਦੋਂ ਸ਼ੀਸ਼ੇ ਵਿਚ ਆਪਣਾ ਮੂੰਹ ਵੇਖਿਆ ਤਾਂ ਜਾਰੋ ਜਾਰ ਰੋ ਪਈ..!
ਮੈਂ ਕੋਲ ਗਿਆ ਤਾਂ ਗੁੱਸੇ ਵਿਚ ਆਖਣ ਲੱਗੀ ਮੇਰੇ ਤੋਂ ਦੂਰ ਹੋ ਜਾਓ..ਮੈਨੂੰ ਕਿਸੇ ਦੀ ਲੋੜ ਨਹੀਂ..!
ਮੈਂ ਹਮੇਸ਼ਾਂ ਇਸੇ ਸ਼ਸ਼ੋਪੰਝ ਵਿਚ ਪਿਆ ਰਹਿੰਦਾ ਕੇ ਜਦੋਂ ਤੱਕ ਇਸਦੇ ਸਾਹ ਚੱਲਦੇ ਨੇ ਇਸਦਾ ਮਨੋਬਲ ਕਿੱਦਾਂ ਕਾਇਮ ਰੱਖਿਆ ਜਾਵੇ..!
ਸਰੀਰਕ ਅਤੇ ਮਾਨਸਿਕ ਤੌਰ ਤੇ ਢਹਿ ਢੇਰੀ ਹੋ ਚੁਕੀ ਨੂੰ ਇੱਕ ਦਿਨ ਬਾਥਰੂਮ ਵਿਚ ਲੈ ਗਿਆ ਤਾਂ ਇਸਨੇ ਵਾਲ ਡਾਈ ਕਰਨ ਵਾਲੀ ਸ਼ੀਸ਼ੀ ਕੱਢ ਲਈ..ਫੇਰ ਗੁੱਸੇ ਹੋ ਗਈ ਤੇ ਆਖਣ ਲੱਗੀ..ਮੈਂ ਬਹੁਤ ਬੁਰੀ ਲੱਗਦੀ ਹਾਂ...
ਨਾ ਚਿੱਟੇ ਧੌਲ਼ਿਆਂ ਵਿਚ..ਤੁਹਾਨੂੰ ਵੀ ਓਹੀ ਪਹਿਲਾਂ ਵਾਲਾ ਜੁਆਨ ਅਤੇ ਭਰਿਆ ਹੋਇਆ ਲਾਲ ਸੂਹਾ ਮੁੱਖੜਾ ਹੀ ਚਾਹੀਦਾ ਏ ਨਾ?
ਨਾਲ ਹੀ ਸ਼ੀਸ਼ੀ ਚੁੱਕ ਕੰਧ ਨਾਲ ਮਾਰ ਦਿੱਤੀ..ਚਾਰੇ ਪਾਸੇ ਕੱਚ ਖਿੱਲਰ ਗਿਆ ਤੇ ਮਗਰੋਂ ਆਪਣੇ ਕਮਰੇ ਵਿਚ ਵੜ ਅੰਦਰੋਂ ਕੁੰਡੀ ਮਾਰ ਲਈ!
ਇਸ ਵਾਰ ਰੋਣ ਦੀ ਵਾਰੀ ਸ਼ਾਇਦ ਮੇਰੀ ਸੀ..ਜਿੰਦਗੀ ਵਿਚ ਪਹਿਲੀ ਵਾਰ ਬੇਹਿਸਾਬ ਹੰਜੂ ਵਗਾਏ..ਪਰ ਪਹਿਲਾਂ ਚੇਤੇ ਨਾਲ ਮੈਂ ਵੀ ਅੰਦਰੋਂ ਕੁੰਡੀ ਜਰੂਰ ਮਾਰ ਲਈ!
ਅਗਲੇ ਦਿਨ ਧੀ ਨੂੰ ਫੋਨ ਕੀਤਾ ਆਖਿਆ ਜਿੰਨੇ ਦਿਨ ਬਾਕੀ ਬਚੇ ਨੇ ਨਿੱਕੇ ਨੂੰ ਸਾਡੇ ਵੱਲ ਭੇਜ ਦਿਆ ਕਰ..ਇਸ ਨਾਲ ਖੇਡੇਗਾ ਤਾਂ ਇਸਦਾ ਦਿੱਲ ਵੀ ਲੱਗਾ ਰਹੇਗਾ!
ਆਖਣ ਲੱਗੀ ਕੇ ਤੁਹਾਨੂੰ ਤੰਗ ਕਰੇਗਾ..ਨਾਲੇ ਕਿਤੇ ਨਾਨੀ ਦੀ ਬਦਲੀ ਹੋਈ ਸ਼ਕਲ ਦੇਖ ਡਰ ਹੀ ਨਾ ਜਾਵੇ..ਇੱਕ ਦਿਨ ਹਸਪਤਾਲ ਗਏ ਨੂੰ ਨਾਨੀ ਨੇ ਕਿੰਨੀਆਂ ਵਾਜਾਂ ਮਾਰੀਆਂ ਸਨ ਪਰ ਇਸਨੇ ਬਰੂਹਾਂ ਤੱਕ ਨਹੀਂ ਸਨ ਟੱਪੀਆਂ..!
ਪਰ ਮੈਂ ਅੱਗੋਂ ਅੜਿਆ ਰਿਹਾ..ਆਖਿਆ ਕੋਈ ਗੱਲ ਨੀ ਜੇ ਨਾ ਵੀ ਘੁਲਿਆ ਮਿਲਿਆ ਤਾਂ ਵਾਪਿਸ ਛੱਡ ਜਾਵਾਂਗਾ..!
ਅਗਲੇ ਦਿਨ ਮੈਂ ਉਸਨੂੰ ਸਵਖਤੇ ਹੀ ਘਰੇ ਲੈ ਆਇਆ..!
ਸੋਫੇ ਤੇ ਬੈਠੀ ਨਾਨੀ ਨੂੰ ਦੇਖ ਪਹਿਲਾਂ ਤਾਂ ਥੋੜਾ ਖਲੋ ਜਿਹਾ ਗਿਆ ਫੇਰ ਕੁਝ ਚੇਤੇ ਕਰ ਛੇਤੀ ਨਾਲ ਦੌੜ ਕੇ ਜਾ ਉਸਦੀ ਪੂਰੀ ਦੀ ਪੂਰੀ ਬੁੱਕਲ ਮੱਲ ਲਈ..!
ਉਹ ਗੁਲਾਬ ਦੇ ਫੁਲ ਵਾਂਙ ਖਿੜ ਗਈ..ਚਿਰਾਂ ਬਾਅਦ ਉਸਨੂੰ ਇੰਝ ਖੁੱਲ ਕੇ ਹੱਸਦੀ ਹੋਈ ਨੂੰ ਦੇਖ ਮਨ ਹੀ ਮਨ ਖਿਆਲ ਆਇਆ ਕੇ ਬਿਮਾਰੀ ਦੇ ਅਸਰ ਹੇਠ ਜਿਉਣ ਜੋਗੀ ਏਨੀ ਗੱਲ ਵੀ ਭੁੱਲ ਗਈ ਕੇ ਜਿਥੇ ਰੂਹਾਂ ਦਾ ਸੁਮੇਲ ਹੋ ਗਿਆ ਹੋਵੇ ਓਥੇ ਸ਼ਕਲਾਂ ਅਤੇ ਬਾਹਰੀ ਦਿੱਖ ਕੋਈ ਮਾਇਨੇ ਨਹੀਂ ਰੱਖਦੀਆਂ..!
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!