ਬੀਜੀ ਦਾ ਸੰਦੂਖ..ਵੰਡ ਵੇਲੇ ਓਧਰੋਂ ਲੈ ਕੇ ਆਈ ਸੀ..ਹਮੇਸ਼ਾ ਹੀ ਮੋਟਾ ਜੰਦਰਾ ਲੱਗਾ ਰਹਿੰਦਾ..ਚਾਬੀ ਵੀ ਹਮੇਸ਼ਾ ਨੇਫੇ ਨਾਲ!
ਹਰ ਕੋਈ ਅੱਗੇ ਪਿੱਛੇ..ਅਖ਼ੇ ਬੀਜੀ ਕੋਲ ਬੜੀ ਦੌਲਤ ਏ..ਕੋਈ ਆਖਦਾ ਇੱਕ ਵੇਰ ਖੋਲ ਕੇ ਵਿਖਾ ਦਿਓ ਤਾਂ ਅੱਗਿਓਂ ਗੁੱਸੇ ਹੋ ਜਾਂਦੀ..!
ਅਖ਼ੇ ਮੇਰੇ ਮਰਨ ਮਗਰੋਂ ਹੀ ਖੁੱਲੂ..ਨੂੰਹਾਂ ਧੀਆਂ ਪੋਤਰਿਓਂ ਨੂਹਾਂ..ਪੋਤਰੇ ਪੜਪੋਤ੍ਰੇ..ਸਭ ਸੇਵਾ ਕਰਦੇ..ਰਿਸ਼ਤੇਦਾਰੀ ਆਂਢ-ਗਵਾਂਢ ਵਿਚ ਵੀ ਚੰਗੀ ਭਲ..!
ਵਿਆਹ ਮੰਗਣੇ ਤੇ ਅਕਸਰ ਗੱਲ ਛਿੜ ਜਾਂਦੀ..ਬੀਜੀ ਕੋਲ ਕੌਰੂ ਦਾ ਖਜਾਨਾ ਏ..ਸ਼ਾਇਦ ਸੋਨੇ ਦੀ ਇੱਟ ਏ..ਸੰਦੂਖ ਹਿੱਲਦਾ ਤਾਂ ਅੰਦਰ ਖੜਕਦੀ ਏ..ਪਰ ਵਿਖਾਉਂਦੀ ਨਹੀਂ..ਕੋਈ ਫਕੀਰ ਦੇ ਗਿਆ ਸੀ ਸਿਆਲਕੋਟ..ਅਖ਼ੇ ਇਹ ਖਜਾਨਾ ਤੇਰੀ ਸੇਵਾ ਕਰਾਊ..ਅਖੀਰ ਵੇਲੇ ਤੱਕ..ਪਰ ਸ਼ਰਤ ਨਾ ਆਪ ਵੇਖਣਾ ਤੇ ਨਾ ਕਿਸੇ ਹੋਰ ਨੂੰ ਵਿਖਾਉਣਾ..ਜਿਉਂਦੇ ਜੀ!
ਫੇਰ ਜਿਸ ਦਿਨ ਪੂਰੀ ਹੋਈ..ਭੋਗ ਮਗਰੋਂ ਸਾਰਿਆਂ ਦੇ ਸਾਮਣੇ...
ਖੋਲਿਆ ਗਿਆ..!
ਅੰਦਰੋਂ ਢਾਕੇ ਦੀ ਮਲਮਲ ਵਿਚ ਚੰਗੀ ਤਰਾਂ ਲਪੇਟੀਆਂ ਹੋਈਆਂ ਦੋ ਨਾਨਕ ਸ਼ਾਹੀ ਇੱਟਾਂ ਨਿੱਕਲੀਆਂ..ਮਿੱਟੀ ਦੀਆਂ..ਖੂਹ ਵਿਚ ਲਾਉਣ ਵਾਲੀਆਂ!
ਸਾਰੇ ਮੂੰਹ ਅੱਗੇ ਹੱਥ ਰੱਖ ਸੋਚੀ ਪੈ ਗਏ..ਬੀਜੀ ਕੋਈ ਓਹਲਾ ਰੱਖ ਗਈ ਕੇ ਕੋਈ ਸਿੱਖ ਦੇ ਗਈ ਸੀ..ਪਤਾ ਨਹੀਂ ਕੀ ਕਰ ਗਈ ਪਰ ਜਿੰਦਗੀ ਸੋਹਣੀ ਭੋਗ ਗਈ ਸੀ!
ਵਾਕਿਆ ਹੀ ਜਿੰਦਗੀ ਦੇ ਕੁਝ ਰਾਜ ਜੇਕਰ ਮੁੱਠੀਆਂ ਵਿਚ ਹੀ ਬੰਦ ਰਹਿਣ ਤਾਂ ਲੱਖਾਂ ਦੇ ਅਤੇ ਜੇ ਵਕਤੋਂ ਪਹਿਲਾਂ ਖੁੱਲ ਜਾਵਣ ਤਾਂ ਕੱਖਾਂ ਤੋਂ ਵੀ ਹੌਲੇ ਹੋ ਜਾਂਦੇ!
ਹਰਪ੍ਰੀਤ ਸਿੰਘ ਜਵੰਦਾ