ਤੇਹਰਵਾਂ——
ਰਵਿੰਦਰ ਹੈ ਤਾਂ ਮੇਰਾ ਦੂਰ ਦਾ ਰਿਸ਼ਤੇਦਾਰ,ਪਰ ਮੇਰੇ ਸ਼ਹਿਰ ਚ ਰਹਿੰਦਾ ਹੋਣ ਕਰਕੇ ਮੈਨੂੰ ਭੈਣਾਂ ਤੋਂ ਵੀ ਵੱਧ ਸਮਝਦਾ ਰਿਹਾ। ਹਰ ਦਿਨ-ਤਿਹਾਰ ਪੂਰੇ ਟੱਬਰ ਨਾਲ ਪਹੁੰਚਦਾ ਰਿਹਾ।ਉਸ ਸ਼ਹਿਰ ਤੋਂ 20 ਸਾਲ ਹੋ ਗਏ ਨਿਕਲਿਆਂ।ਘੱਟ ਵੱਧ ਹੀ ਮੁੜ ਜਾ ਹੋਇਆ। ਕਲ ਪਤਾ ਲਗਾ ਕਰੋਨਾ ਨੇ ਉਹਦੀ ਮਾਂ ਤੇ ਭੈਣ ਨੂੰ 2 ਦਿਨਾਂ ਚ ਵਾਰੋ ਵਾਰੀ ਨਿਗਲ ਲਿਆ।
ਅਜ ਫੋਨ ਤੇ ਉਹ ਭੂਬਾਂ ਮਾਰ ਰੋ ਪਿਆ। ਕਿਵੇਂ ਹੋਇਆ ਪੁੱਛਣ ਤੇ ਦਸਣ ਲੱਗਾ
” ਦੀਦੀ! ਲੁੱਟਿਆ ਗਿਆ ਮੈਂ। ਛੋਟੀ ਲੁਧਿਆਣੇ ਕਈ ਦਿਨ ਹਸਪਤਾਲ ਰਹਿ ਕੇ ਦਮ ਤੋੜ ਗਈ। ਉਹਨੂੰ ਵੇਖ ਕੇ ਆਏ ਤਾਂ ਦੂਜੇ ਦਿਨ ਮਾਂ ਨੇ ਆਪਣੇ ਲਾਡਲੇ ਨੂੰ ਧੋਖਾ ਦੇ ਦਿੱਤਾ। ਇਕ ਦਿਨ ਭੈਣ ਨੰ ਤੋਰਿਆ ਦੂਜੇ ਦਿਨ ਮਾਂ ਨੂੰ। ਛੋਟੀ ਦੇ ਫੁਲ ਚੁਗਣ ਗਏ ਤੇ ਆਕੇ ਫਿਰ ਮਾਂ ਦੇ। ਹੁਣ ਉਹਦੀ ਅੰਤਮ ਅਰਦਾਸ ਤੇ ਚੱਲੇ ਆ ਕਲ ਨੂੰ ਆਕੇ ਮਾਂ ਦਾ ਭੋਗ ਪਾਣਾ। ਅਸੀਂ ਸਾਰਾ ਟੱਬਰ ਜੰਲਧਰ ਲੁਧਿਆਣੇ ਦੇ ਚਕਰ ਲਾਈ ਜਾਂਦੇ ਆ। ਦੀਦੀ! ਲਗਦਾ ਮੈਂ ਤਾਂ ਪਾਗਲ ਹੋ ਗਿਆਂ, ਕੁੱਝ ਸੁਝਦਾ ਨੀ।”
...
“ਚਲੋ ਹੁਣ ਜਾ ਆੳ ਲੁਧਿਆਣੇ,ਸਬਰ ਕਰਨਾ ਪੈਣਾ ਮੇਰੇ ਵੀਰ।ਫੇਰ ਗੱਲ ਕਰਾਂਗੀ”
ਉਹਨੂੰ ਹੌਸਲਾ ਦੇ ਮੈਂ ਸੋਚਣ ਲੱਗ ਗਈ ਕਿ ਅਜਕਲ ਦੀਆਂ ਮੌਤਾਂ ਤਾਂ ਬੰਦੇ ਨੂੰ ਬੁਰੀ ਤਰਾਂ ਤੋੜ ਦਿੰਦੀਆਂ। ਹੁਣ ਤਾਂ 2-3 ਦਿਨਾਂ ਚ ਕਹਾਣੀ ਖਤਮ ਕਰ ਦਿੰਦੇ ਆ।ਅੱਗੇ 13ਵੇਂ ਦਿਨ ਭੋਗ ਤੱਕ ਰਿਸ਼ਤੇਦਾਰ ਕਈ ਕਈ ਮਕਾਣਾਂ ਲੈਕੇ ਆਦੇਂ ਸੀ।ਦੁੱਖ ਵੰਡਿਆ ਜਾਦਾਂ ਸੀ,ਹੌਸਲਾ-ਹਿੰਮਤ ਮਿਲਦੀ ਸੀ। ਵਿਛੋੜੇ ਨੂੰ ਸਹਿਣ ਦਾ ਬਲ ਮਿਲਦਾ ਸੀ। ਐਨੇ ਦਿਨਾਂ ਚ ਬੰਦਾ ਥੋੜਾ ਸੰਭਲ ਜਾਂਦਾ ਸੀ ਭਾਵੇਂ ਉਹ ਖਲਾਅ ਤਾਂ ਸਾਰੀ ਉਮਰ ਨੀ ਭਰਦਾ ਜੋ ਜਾਣ ਵਾਲਾ ਛੱਡ ਜਾਂਦਾ।
ਹੁਣ ਬਹੁਤੇ ਮਾਨਸਿਕ ਰੋਗੀ ਹੋ ਜਾਂਦੇ ਇਕੱਲੇ ਰੋ ਰੋ ਕੇ ਤੇ ਉਮਰ ਭਰ ਨੀਂਦ ਲਈ ਤੇ ਤਨਾਅ ਘੱਟ ਕਰਨ ਲਈ ਗੋਲੀਆਂ ਦਾ ਸਹਾਰਾ ਲੈਣਾ ਪੈਂਦਾ।
ਆਧੁਨਿਕ ਜਮਾਨੇ ਚ ਮੈਨੂੰ ਤਾਂ ਕੋਈ ਹੱਲ ਦਿਖਦਾ ਨੀ ਇਸ ਰੋਗ ਦਾ। ਕੋਈ ਦੱਸੇਗਾ?
ਹਰਜੀਤ ਸੈਣੀ