ਪ੍ਰਕਾਸ਼ ਕੌਰ ਦੇ ਤੁਰ ਜਾਣ ਤੋਂ ਬਾਅਦ ਗੁਰਬਚਨ ਸਿੰਘ ਦਾ ਵਡੇਰੀ ਉਮਰੇ ਔਖਾ ਸਮਾਂ ਆ ਗਿਆ ਸੀ। ਨੂੰਹ ਰਾਣੀ ਆਪਣੀ ਮਰਜੀ ਨਾਲ ਕੰਮ ਕਰਿਆ ਕਰਦੀ ਸੀ। ਸਵੇਰ ਦੀ ਚਾਹ ਹੁੱਣ ਸਮੇਂ ਸਿਰ ਨਹੀਂ ਸੀ ਮਿਲਦੀ। ਦੁਪਹਿਰੇ ਰੋਟੀ ਨੂੰ ਕਈ ਵਾਰ ਚਾਰ ਵੱਜ ਜਾਇਆ ਕਰਦੇ।
ਸ਼ਾਮ ਨੂੰ ਰੱਜੋ ਕਈ ਵਾਰ ਸ਼ਬਜੀ ਹੋਟਲ ਤੋਂ ਲਿਆਂਦੀ ਸਾਹਮਣੇ ਧਰ ਦਿੰਦੀ।
“ਬਾਪੂ ਜੀ ਅੱਜ ਇਹੀ ਖਾ ਲਵੋ!”
ਨੂੰਹ ਰਾਣੀ ਸਾਹਮਣੇ ਹੁੱਣ ਕੀ ਬੋਲੇ? ਗੁਰਬਚਨ ਸਿੰਘ ਔਖਾ ਹੋ ਕੇ ਖਾ ਤਾਂ ਲੈਂਦਾ ਸੀ ਪਰ ਦੋ-ਤਿੰਨ ਦਿਨ ਫੇਰ ਢਿੱਡ ਖਰਾਬ ਰਹਿੰਦਾ। ਸੋਚਿਆ ਮੁੰਡੇ ਨਾਲ ਗੱਲ ਕਰੇ ਕਿ ਭਾਈ ਮੈਨੂੰ ਦਾਲ ਰੋਟੀ ਘਰ ਬਣੀ ਹੀ ਦਿਆ ਕਰੋ। ਪਰ ਸੰਕੋਚ ਕਰਦਾ ਕੁੱਛ ਨਾ ਬੋਲਿਆ।
ਰੱਜੋ ਘਰ ਹੀ ਬੱਚਿਆਂ ਨੂੰ ਟਿਊਸ਼ਨ ਪੜਾਇਆ ਕਰਦੀ ਸੀ। ਕਈ ਵਾਰ ਵਕਤ ਦੀ ਕਮੀ ਕਾਰਨ ਸਬਜੀ ਨਹੀਂ ਸੀ ਬਣ ਪਾਂਓਦੀ। ਵੈਸੇ ਵੀ ਘਰ ਦੇ ਖਰਚ ਅੱਜ ਕਿਸੇ ਇਕ ਜੀਅ ਦੇ ਕੰਮ ਕਰਿਆਂ ਕਿੱਥੇ ਪੂਰੇ ਹੁੰਦੇ ਹਨ।
ਮੁੰਡਾ ਕੰਮ ਤੇ ਚਲਿਆ ਜਾਂਦਾ ਸੀ ਤਾਂ ਰੱਜੋ ਘਰ ਦੀ ਸਾਫ ਸਫਾਈ ਕਰਨਾ ਸ਼ੁਰੂ ਕਰਦੀ। ਪੋਚੇ ਲਾਂਓਦੀ ਕਦੇ ਬਾਪੂ ਜੀ ਹੁਣਾ ਨੂੰ ਉਠਾ ਕੇ ਇੱਧਰ ਬਿਠਾਂਓਦੀ ਤਾ ਕਦੇ ਓਧਰ! ਇਕ ਦਿਨ ਕੋਰੀ ਜਿਹੀ ਹੋ ਗਈ।
“ਬਾਪੂ ਜੀ ਜਦ ਮੈਂ ਕੰਮ ਕਰਾਂ ਤਾਂ ਤੁਸੀਂ ਬਾਹਰ ਬੈਠ ਜਾਇਆ ਕਰੋ!!”
“ਚੰਗਾ ਭਾਈ!” ਗੁਰਬਚਨ ਸਿੰਘ ਇੰਨਾ ਹੀ ਬੋਲ ਸਕਿਆ।
ਰੱਜੋ ਦਾ ਕੋਰਾ ਸੁਬਾਹ ਦੇਖ ਗੁਰਬਚਨ ਸਿੰਘ ਸੋਚਦਾ ਕਿ ਪਤਾ ਨਹੀਂ ਉਸਦਾ ਬੁਢੇਪਾ ਕਿਵੇਂ ਨਿਕਲੇਗਾ?
ਨੂੰਹ ਨੂੰ ਸਹੁਰਾ ਹੁੱਣ ਹੋਰ ਕੀ ਬੋਲੇ!? ਉਸ ਦਿਨ ਤਾਂ ਹੱਦ ਹੋ ਗਈ। ਜਦੋਂ ਬਚਨੇ ਦਾ ਪੋਤਾ ਉਸ ਕੋਲ ਆ ਕੇ ਬੈਠ ਗਿਆ ਤਾਂ ਰੱਜੋ ਭਖਦੀ ਹੋਈ ਮਗਰ ਹੀ ਆ ਗਈ। ਅਖੇ ਕੀ ਲੈਣ ਆਇਆਂ ਇੱਥੇ!!? ਚੱਲ ਪੜਾਈ ਕਰ!!
ਆਖਰ ਸਮਾਂ ਮਾੜੇ ਦੌਰ ਵਿੱਚ ਆ ਗਿਆ ਸੀ। ਗੁਰਬਚਨ ਸਿੰਘ ਆਵਦੀ ਜਵਾਨੀ ਵੇਲੇ ਕਿਸੇ ਕੋਲੋਂ ਕੋਈ ਗੱਲ ਨਹੀਂ ਸੀ ਅਖਵਾਂਓਦਾ। ਪਰ ਬੁਢੇਪੇ ਵਿੱਚ ਹੁੱਣ ਨੂੰਹ ਰਾਣੀ ਨਾਲ ਕੀ ਲੜਾਈ ਕਰੇ!? ਸਮਾਜ ਕੀ ਕਹੇਗਾ? ਚੁੱਪ ਹੀ ਭਲੀ ਹੈ ਭਾਈ! ਜਿਵੇਂ ਲੰਘਦੀ ਆ ਲੰਘਾ...
ਲਵੋ!!
ਸਰਦੀਆਂ ਆਈਆਂ ਤਾਂ ਗੁਰਬਚਨ ਸਿੰਘ ਬਿਮਾਰ ਪੈ ਗਿਆ। ਉਸਨੂੰ ਫਿਕਰ ਇਹ ਕਿ ਹੁੱਣ ਮੰਜੇ ਤੇ ਪਏ ਦੀ ਸੇਵਾ ਕਰੂ ਤਾਂ ਕੌਣ ਕਰੂ!? ਕਨੇਡਾ ਗਈ ਆਪਣੀ ਧੀ ਯਾਦ ਆਈ। ਸੋਚਿਆ ਸ਼ਾਇਦ ਓਹ ਇੱਥੇ ਹੁੰਦੀ ਤਾਂ ਫਿਕਰ ਘੱਟ ਹੋਣੀ ਸੀ। ਰੱਜੋ ਪੋਚਾ ਲਾਓਣ ਆਈ ਤਾਂ ਦੇਖਿਆ ਬਾਪੂ ਜੀ ਹਜੇ ਤੱਕ ਉਠੇ ਨਹੀਂ! ਸਵੇਰੇ ਰੋਟੀ ਲਈ ਵੀ ਮਨਾ ਕਰ ਦਿੱਤਾ ਸੀ।
“ਬਾਪੂ ਜੀ ਕੀ ਹੋਇਆ!?”
“ਕੁੱਛ ਨੀ ਭਾਈ, ਮੈਨੂੰ ਤਾਪ ਚੜਿਆ ਲੱਗਦਾ!”
“ਦਿਖਾਓ ਤਾਂ!?” ਰੱਜੋ ਨੇ ਮੱਥੇ ਤੇ ਹੱਥ ਲਾਇਆ ਤੇ ਤੁਰੰਤ ਡਾਕਟਰ ਘਰ ਹੀ ਬੁਲਾ ਲਿਆ।
ਦਵਾਈ ਸਮੇਂ ਸਿਰ ਦਿੱਤੀ ਅਤੇ ਲੋੜ ਪਈ ਤੇ ਕਾਰ ਵਿੱਚ ਬਿਠਾ ਕੇ ਬਾਪੂ ਜੀ ਨੂੰ ਡਾਕਟਰ ਦੇ ਵੀ ਲੈ ਕੇ ਗਈ। ਗੁਰਬਚਨ ਸਿੰਘ ਦੀ ਸੇਵਾ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ। ਬੱਚੇ ਟਿਊਸ਼ਨ ਤੋਂ ਤੁਰੰਤ ਹਟਾ ਦਿੱਤੇ। ਕਿ ਹਜੇ ਥੋੜੇ ਦਿੜ ਛੁੱਟੀ ਰਹੇਗੀ। ਸਾਡੇ ਬਾਪੂ ਜੀ ਬਿਮਾਰ ਨੇ, ਓਨਾ ਦੀ ਸੰਭਾਲ ਕਰਨੀ ਹੈ। ਰੱਜੋ ਕੋਰੀ ਜਰੂਰ ਸੀ ਪਰ ਮੌਕੇ ਸਿਰ ਆਪਣੇ ਫਰਜ਼ ਤੋਂ ਨਹੀਂ ਭੱਜੀ।
ਕਨੇਡਾ ਤੋਂ ਧੀ ਰਾਣੀ ਦਾ ਫੋਨ ਆਇਆ। ਗੁਰਬਚਨ ਸਿੰਘ ਦੇ ਕੋਲ ਬੈਠੀ ਉਸਦੀ ਨੂੰਹ ਚਮਚੇ ਵਿੱਚ ਦਵਾਈ ਪਾ ਕੇ ਉਸਨੂੰ ਦੇ ਰਹੀ ਸੀ।
“ਬਾਪੂ ਜੀ ਜੇ ਲੋੜ ਹੈ ਤਾਂ ਮੈਂ ਆਵਾਂ?”
“ਨਹੀਂ ਧੀਏ! ਐਥੇ ਮੇਰੀ ਧੀ ਰੱਜੋ ਹੈ ਮੇਰਾ ਖਿਆਲ ਰੱਖਣ ਲਈ!”
ਗੁਰਬਚਨ ਸਿੰਘ ਨੇ ਕਹਿ ਰੱਜੋ ਦੇ ਸਿਰ ਉਪਰ ਆਸ਼ਿਰਵਾਦ ਦਾ ਹੱਥ ਧਰਿਆ। ਉਸਦੀਆਂ ਅੱਖਾਂ ਵਿੱਚ ਹੰਝੂ ਸਨ।
“ਮੈਂ ਤਾਂ ਸੋਚਿਆ ਸੀ ਤੇਰੀ ਮਾਂ ਦੇ ਜਾਣ ਮਗਰੋਂ ਪਤਾ ਨੀ ਮੇਰਾ ਬੁਢੇਪਾ….” ਬਾਪੂ ਜੀ ਰੱਜੋ ਨੂੰ ਕਹਿੰਦੇ ਹੋਏ ਰੋਣ ਲੱਗੇ।
“ਬਾਪੂ ਜੀ ਤੁਹਾਡੀ ਧੀ ਦੇ ਹੁੰਦਿਆ ਤੁਸੀਂ ਜਮਾਂ ਚਿੰਤਾ ਨਾ ਕਰੋ!” ਰੱਜੋ ਬੋਲੀ।
ਬੱਚੇ ਇੰਨਾ ਕਹਿ ਦੇਣ! ਬੱਸ!! ਬੁਢੇਪੇ ਵਿੱਚ ਹੋਰ ਮਾਪਿਆਂ ਨੂੰ ਕੀ ਚਾਹੀਦਾ ਹੈ!!!
ਗੁਰਪ੍ਰੀਤ ਸਿੰਘ ਭੰਬਰ ਵੱਲੋਂ