ਖਾਂਗ੍ਹੜ —– ਜਸਬੀਰ ਸਿੰਘ ਸੰਧੂ
(ਦੋ ਕਿਸ਼ਤਾਂ ਵਿੱਚ ਪੂਰੀ ਹੋਣ ਵਾਲੀ ਗੁਸਤਾਖ਼ੀ)
****
ਭਾਗ ਪਹਿਲਾ –
ਪ੍ਰਾਈਵੇਟ ਸਕੂਲ ਵਿੱਚ ਸੱਤਵੀਂ ‘ਚ ਪੜ੍ਹਦੇ ਸਮੇਂ ਜਿੱਥੇ ਮੈਂ ਕਲਾਸ ਵਿੱਚ ਸਭ ਤੋਂ ਹੁਸ਼ਿਆਰ ਵਿਦਿਆਰਥੀ ਸੀ, ਉੱਥੇ ਸ਼ਰਾਰਤਾਂ ਵਿੱਚ ਵੀ ਮੈਂ ਸਭ ਤੋਂ ਮੋਹਰੀ ਹੁੰਦਾ ਸੀ। ਹੁਸ਼ਿਆਰ ਹੋਣ ਕਰਕੇ ਮਾਸਟਰਾਂ ਦੇ ਛਿੱਤਰਾਂ ਤੋਂ ਮੇਰਾ ਤਾਂ ਥੋੜ੍ਹਾ ਬਚਾਅ ਹੋ ਜਾਂਦਾ ਸੀ, ਪਰ ਮੇਰੇ ਪਰਮ ਮਿੱਤਰ – ਪੜ੍ਹਾਈ ਵਿੱਚ ਸਿਰੇ ਦੇ ਨਾਲਾਇਕ, ਪਰ ਸ਼ਰਾਰਤਾਂ ਦੀ ਰਾਹ ਵਿੱਚ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੇ ਸ਼ੇਰੇ ਦੀ ਪੂਰੀ ਤਸੱਲੀ ਨਾਲ ਛਿੱਤਰ ਪ੍ਰੇਡ ਹੁੰਦੀ ਸੀ, ਪਰ ਉਹ ਮਾਂ ਦਾ ਸ਼ੇਰ, ਤੂਤ ਦੀਆਂ ਗਿੱਲ਼ੀਆਂ ਛਮਕਾਂ ਖਾ ਕੇ ਵੀ, ‘ਦੋ ਪਈਆਂ, ਵਿੱਸਰ ਗਈਆਂ, ਸਦਕੇ ਮੇਰੀ ਢੂਈ ਦੇ” ਅਖਾਣ ਵਾਂਗ ਭੋਰਾ ਪ੍ਰਵਾਹ ਨਹੀਂ ਮੰਨਦਾ ਸੀ।
ਸਾਡੇ ਟੀਚਰਾਂ ਵਿੱਚੋਂ ਇੱਕ ਬਜ਼ੁਰਗ ਟੀਚਰ- ਨਰਿੰਜਨ ਸਿੰਘ ਸਰਕਾਰੀ ਸਕੂਲ ਦੀ ਨੌਕਰੀ ਤੋਂ ਰਿਟਾਇਰ ਹੋ ਕੇ ਸਾਡੇ ਸਕੂਲ ਵਿੱਚ ਸਾਨੂੰ ਪੰਜਾਬੀ ਪੜ੍ਹਾਉਂਦਾ ਸੀ। ਉਸਦੀ ਢਿੱਲੀ ਜਿਹੀ ਪੱਗ ਹੁੰਦੀ ਸੀ ਤੇ ਉਹ ਆਪਣੀ ਚਿੱਟੀ ਤੇ ਭਾਰੀ ਦਾਹੜੀ ਨੂੰ ਹਮੇਸ਼ਾਂ ਬੰਨ੍ਹ ਕੇ ਰੱਖਦਾ ਸੀ, ਜੋ ਅਕਸਰ ਪਾਸਿਆਂ ਤੋਂ ਥੋੜ੍ਹੀ ਖਿਲਰੀ ਹੋਈ ਹੁੰਦੀ ਸੀ। ਉਸਨੇ ਦਾਹੜੀ ਦੇ ਵਾਲਾਂ ਦੀ ਜੋ ਜੂੜੀ ਜਿਹੀ ਬਣਾ ਕੇ ਤੇ ਰੱਬੜ ਪਾ ਕੇ ਅੰਦਰ ਨੂੰ ਲੁਕਾਈ ਹੁੰਦੀ, ਉਸ ਨੂੰ ਹਮੇਸ਼ਾਂ ਸੱਜੇ ਹੱਥ ਦੇ ਅੰਗੂਠੇ ਨਾਲ ਅੰਦਰ ਨੂੰ ਧੱਕਦਾ ਰਹਿੰਦਾ ਸੀ। ਸ਼ਾਇਦ ਉਸਨੂੰ ਵਹਿਮ ਸੀ ਕਿ ਜੇਕਰ ਉਸਨੇ ਇਸ ਤਰ੍ਹਾਂ ਨਾ ਕੀਤਾ ਤਾਂ ਜੂੜੀ ਬਾਹਰ ਨੂੰ ਝਾਕਣ ਲੱਗ ਪਵੇਗੀ, ਜੋ ਬੁਰੀ ਲੱਗੇਗੀ। ਉਸਦਾ ਕੱਦ ਮੱਧਰਾ, ਪਰ ਸਰੀਰ ਥੋੜ੍ਹਾ ਭਾਰਾ ਸੀ ਤੇ ਸਰਦੀਆਂ ਸ਼ੁਰੂ ਹੁੰਦਿਆਂ ਹੀ ਉਹ ਆਪਣੇ ਪੁਰਾਣੇ ਤਿੰਨ ਟੂ- ਪੀਸ ਸੂਟ ਬਦਲ ਬਦਲ ਕੇ ਪਾਉਂਦਾ ਸੀ। ਪੈਂਟ ‘ਤੇ ਹਮੇਸ਼ਾਂ ਇੱਕੋ ਕਾਲੇ ਚਮੜੇ ਦੀ ਵੱਡੇ ਸਾਰੇ ਬੱਕਲ਼ ਵਾਲੀ ਪੁਰਾਣੀ ਜਿਹੀ ਬੈਲਟ ਹੁੰਦੀ। ਕਾਲੇ ਬੂਟਾਂ ਦਾ ਉਸ ਕੋਲ ਕੇਵਲ ਇੱਕ ਹੀ ਜੋੜਾ ਸੀ ਤੇ ਜ਼ੁਰਾਬਾਂ ਦੇ ਕੇਵਲ ਦੋ ਜੋੜੇ ਹੀ ਉਸ ਪਾਸ ਸਨ। ਬਜ਼ੁਰਗ ਹੋਣ ਕਰਕੇ ਮੂੰਹ ‘ਤੇ ਭਾਂਵੇਂ ਸਾਰੇ ਉਸਨੂੰ ‘ਬਾਪੂ ਜੀ’ ਕਹਿ ਕੇ ਬੁਲਾਉਂਦੇ ਸਨ, ਪਰ ਉਂਝ ਬੱਚਿਆਂ ਨੇ ਉਸਦਾ ਪੁੱਠਾ ਨਾਂ ‘ਖਾਂਗ੍ਹੜ’ ਰੱਖਿਆ ਹੋਇਆ ਸੀ। ਉਹ ਕੁੱਟਦਾ ਭਾਂਵੇਂ ਘੱਟ ਸੀ, ਪਰ ਜਦੋਂ ਵੀ ਕੁੱਟਦਾ, ਆਪਣੇ ਮਜ਼ਬੂਤ ਹੱਥਾਂ ਦੀਆਂ ਉਂਗਲਾਂ ਸਿੱਧੀਆਂ ਕਰਕੇ, ਵੱਖੀਆਂ ਵਿੱਚ ਮਾਰ ਮਾਰ ਵੱਖੀਆਂ ਅੰਦਰ ਪਾ ਦਿੰਦਾ।
ਬਾਪੂ ਜੀ ਦੇ ਉੱਚੇ ਜਿਹੇ ਦੰਦਾਂ ਦਾ ਬੀੜ ਨਕਲੀ ਸੀ। ਇਸ ਗੱਲ ਦਾ ਸਾਨੂੰ ਉਸ ਦਿਨ ਪਤਾ ਲੱਗਾ, ਜਿਸ ਦਿਨ ਬਾਪੂ ਜੀ ਨੇ ਕਲਾਸ ਵਿੱਚ ਮੇਰੇ ਨਾਲ ਬੈਂਚ ‘ਤੇ ਬੈਠੇ ਸ਼ੇਰੇ ਨੂੰ ‘ਬਾਬਾ ਵੇ ਕਲਾ ਮਰੋੜ’ ਗਾਣੇ ਦੀ ਟਿਊਨ ਬਣਾ ਕੇ ਸੀਟੀ ਵਜਾਉਂਦਿਆਂ ਰੰਗੇ ਮੂੰਹ ਕਾਬੂ ਕਰ ਲਿਆ ਸੀ। ਆਮ ਤੌਰ ‘ਤੇ ਸ਼ਾਂਤ ਸੁਭਾਅ ਰਹਿਣ ਵਾਲੇ...
ਬਾਪੂ ਜੀ ਉਸ ਦਿਨ ਡਾਢੇ ਗੁੱਸੇ ਵਿੱਚ ਆ ਕੇ, ਨਾਲ ਹੀ ਸ਼ੇਰੇ ਨੂੰ ਗਿੱਚੀ ਵਿੱਚ ਥੱਪੜ ਮਾਰੀ ਜਾਂਦੇ ਸਨ ਤੇ ਨਾਲ ਹੀ ‘ਖੜ ਜਾ ਕੰਜਰਾ ਮੈਂ ਮਰੋੜਦਾਂ ਤੇਰੀ ਕਲਾ’ ਕਹੀ ਜਾਂਦੇ ਸਨ। ਸ਼ੇਰਾ ਨੀਵੀਂ ਪਾਈ ਇਸ ਭਾਣੇ ਨੂੰ ਮਿੱਠਾ ਮੰਨ ਕੇ ਅਡੋਲ ਬੈਠਾ ਕੁੱਟ ਖਾਂਦਾ ਰਿਹਾ। ਉਸਨੂੰ ਕੁੱਟਦੇ- ਕੁੱਟਦੇ ਸਾਹੋ- ਸਾਹੀ ਹੋਏ ਬਾਪੂ ਜੀਆਂ ਦੇ ਦੰਦਾਂ ਦਾ ਬੀੜ ਅਚਾਨਕ ਹੀ ਉਹਨਾਂ ਦੇ ਮੁਖਾਰਬਿੰਦ ‘ਚੋਂ ਨਿਕਲ ਕੇ ਮੇਰੀ ਗੋਦੀ ਵਿੱਚ ਖੁੱਲ੍ਹੀ ਪਈ ਮੇਰੀ ਕਿਤਾਬ ‘ਤੇ ਆ ਡਿੱਗਾ। ਇਸ ਤੋਂ ਪਹਿਲਾਂ ਮੈਂ ਨਕਲੀ ਦੰਦਾਂ ਦਾ ਬੀੜ ਕਦੇ ਨਹੀਂ ਵੇਖਿਆ ਸੀ। ਅਚਾਨਕ ਹੀ ਮੇਰੇ ਸਾਹਮਣੇ ਇਸ ਤਰ੍ਹਾਂ ਡਿੱਗੇ ਨਵੇਂ ਜਿਹੇ ‘ਜੰਤੂ’ ਨੂੰ ਵੇਖ ਕੇ ਮੈਂ ਇਕਦੱਮ ਤ੍ਰਬਕ ਗਿਆ ਤੇ ਘਬਰਾ ਕੇ ਦੰਦਾਂ ਦਾ ਬੀੜ ਸਮੇਤ ਕਿਤਾਬ ਮੈਂ ਬੂਹਿਓਂ ਬਾਹਰ ਚਲਾਅ ਮਾਰਿਆ, ਭਾਂਵੇਂ ਕਿ ਬਾਦ ਵਿੱਚ ਬਾਪੂ ਜੀ ਦੇ ਨਾਲ ਜਾ ਕੇ ਉਹ ‘ਜੰਤੂ’ ਮੈਨੂੰ ਹੀ ਨਲਕੇ ਤੋਂ ਧੋ ਕੇ, ਸਤਿਕਾਰ ਸਹਿਤ ਉਹਨਾਂ ਨੂੰ ਭੇਂਟ ਕਰਨਾ ਪਿਆ ਸੀ।
ਸਰਦੀਆਂ ‘ਚ ਇੱਕ ਦਿਨ ਸਕੂਲ ਦੀ ਗਰਾਊਂਡ ਵਿੱਚ ਫਿਰਦਿਆਂ, ਘਾਹ ਵਿੱਚ ਚੂਹਿਆਂ ਦੀ ਖੁੱਡ ਵੇਖ ਕੇ ਮੈਨੂੰ ਤੇ ਸ਼ੇਰੇ ਨੂੰ ਇੱਕ ਸ਼ਰਾਰਤ ਸੁੱਝੀ ਤੇ ਬਾਪੂ ਜੀ ਦਾ ਪੀਰੀਅਡ ਆਉਣ ‘ਤੇ ਅਸੀਂ ਉਹਨਾਂ ਨੂੰ ਬਾਹਰ ਗਰਾਊਂਡ ਵਿੱਚ ਧੁੱਪੇ ਕਲਾਸ ਲਾਉਣ ਲਈ ਰਾਜ਼ੀ ਕਰ ਲਿਆ। ਸਾਡੇ ਵੱਲੋਂ ਦੱਸੀ ਜਗ੍ਹਾ ‘ਤੇ ਜਦੋਂ ਸਾਰੇ ਬੱਚੇ ਬਿਰਾਜਮਾਨ ਹੋ ਗਏ ਤਾਂ ਸ਼ੇਰੇ ਨੇ ਬਾਪੂ ਜੀ ਦੀ ਕੁਰਸੀ ਲਿਆ ਕਿ ਇਸ ਤਰੀਕੇ ਨਾਲ ਬੱਚਿਆਂ ਦੇ ਸਾਹਮਣੇ ਰੱਖੀ ਕਿ ਕੁਰਸੀ ਦੀ ਇੱਕ ਲੱਤ ਐਨ ਖੁੱਡ ਦੇ ਉੱਤੇ ਆ ਗਈ। ਜਦੋਂ ਬਾਪੂ ਜੀ ਨੇ ਮਟਕ ਮਟਕ ਕੇ ਤੁਰਦਿਆਂ,ਕਿਸੇ ਸ਼ਹਿਨਸ਼ਾਹ ਵਾਂਗ ਆ ਕੇ ਆਪਣਾ ਸਿੰਘਾਸਨ ਸੰਭਾਲਿਆ ਤਾਂ ਕੁਰਸੀ ਦੀ ਇੱਕ ਲੱਤ ਖੁੱਡ ਵਿੱਚ ਕਾਫ਼ੀ ਧੱਸਣ ਕਰਕੇ ਉਹਨਾਂ ਦਾ ਸੰਤੁਲਨ ਵਿਗੜ ਗਿਆ ਤੇ ਉਹ ਕੁਰਸੀ ਸਮੇਤ ਪਿੱਛੇ ਨੂੰ ਇਸ ਤਰ੍ਹਾਂ ਜਾ ਡਿੱਗੇ ਕਿ ਉਹਨਾਂ ਦੀਆਂ ਲੱਤਾਂ ਉੱਪਰ ਨੂੰ ਸਿੱਧੀਆਂ ਖੜੀਆਂ ਹੋ ਗਈਆਂ ਤੇ ਢਿੱਲੜ ਜਿਹੀ ਪੱਗ ਲਹਿ ਕੇ ਇੱਕ ਪਾਸੇ ਜਾ ਡਿੱਗੀ। ਮੈਨੂੰ ਉਹਨਾਂ ਦੀ ਇਸ ਹਾਲਤ ‘ਤੇ ਬਹੁਤ ਤਰਸ ਆਇਆ। ਮੈਂ ਇਕਦੱਮ ਫੁਰਤੀ ਨਾਲ ਉੱਠ ਕੇ ਬਾਪੂ ਜੀ ਨੂੰ ਬਾਹੋਂ ਫੜਕੇ ਉਠਾਇਆ ਤੇ ਉਹਨਾਂ ਦੀ ਦਸਤਾਰ ਬੜੇ ਅਦਬ- ਸਤਿਕਾਰ ਨਾਲ ਉਹਨਾਂ ਦੇ ਸਿਰ ‘ਤੇ ਟਿਕਾ ਦਿੱਤੀ। ਬਾਪੂ ਜੀ ਨੇ ਡੌਰ ਭੌਰ ਹੋਇਆਂ ਦੱਬੀ ਜਿਹੀ ਜ਼ੁਬਾਨ ਵਿੱਚ ਮੈਨੂੰ ‘ਥੈਂਕ ਯੂ’ ਕਿਹਾ ਤੇ ਉਸ ਤੋਂ ਬਾਦ ਸ਼ੇਰੇ ਨੂੰ 3/4 ਮਾਸਟਰਾਂ ਨੇ ਬੱਕਰੇ ਵਾਂਗੂ ਢਾਅ ਕੇ ਕੁੱਟਿਆ।
*******