More Punjabi Kahaniya  Posts
ਆਪਣੇ ਆਪ ਨੂੰ ਪਿਆਰ


ਐਸੇ ਹਾਲਾਤ ਬਣ ਗਏ ਸਨ ਕੇ ਮੇਰੇ ਨਾਲ ਗੱਲ ਕਰਦਾ ਹਰ ਇਨਸਾਨ ਮੈਂਨੂੰ ਆਪਣੇ ਢਿਡ੍ਹ ਵੱਲ ਦੇਖਦਾ ਮਹਿਸੂਸ ਹੁੰਦਾ..ਫੇਰ ਚੁੰਨੀ ਨਾਲ ਆਪਣਾ ਅੱਗਾ ਢੱਕ ਲਿਆ ਕਰਦੀ..
ਇਕੱਠਾਂ ਵਿਚ ਜਾਣ ਤੋਂ ਟਾਲ਼ਾ ਵੱਟਣਾ ਸ਼ੁਰੂ ਕਰ ਦਿੱਤਾ..ਪਤਲੇ ਵਜੂਦ ਦੇਖ ਜ਼ਿਹਨ ਤੇ ਹੀਣ ਭਾਵਨਾ ਭਾਰੂ ਹੋ ਜਾਇਆ ਕਰਦੀ..
ਫੇਰ ਰਿਸ਼ਤੇ ਵੇਲੇ ਮੈਨੂੰ ਕੁਝ ਲੋਕ ਵੇਖਣ ਵੀ ਆਏ..ਨਾਲ ਹੀ ਭਾਨੀ ਵੀ ਵੱਜ ਜਾਇਆ ਕਰਦੀ..ਫੇਰ ਮੈਨੂੰ ਆਸੇ ਪਾਸੇ ਵਿਚਰਦੇ ਹਰੇਕ ਤੇ ਸ਼ੱਕ ਜਿਹਾ ਹੋਣ ਲੱਗਦਾ..ਨਕਾਰਾਤਮਿਕ ਸੋਚ ਭਾਰੂ ਹੋ ਗਈ!

ਕੁਝ ਲੋਕ ਜਦੋਂ ਮਿਲਦੇ ਤਾਂ ਜਾਣ ਬੁਝ ਕੇ ਗੱਲ ਮੇਰੇ ਮੋਟਾਪੇ ਤੋਂ ਸ਼ੁਰੂ ਕਰਦੇ..
ਮੇਰਾ ਬਾਪ ਮੇਰੀਆਂ ਭਾਵਨਾਵਾਂ ਨੂੰ ਸਮਝਦਾ ਸੀ ਪਰ ਉਸਨੂੰ ਸ਼ਾਇਦ ਦਿਲਾਸਾ ਦੇਣਾ ਨਹੀਂ ਸੀ ਆਉਂਦਾ..ਸਾਰੀ ਉਮਰ ਕਲਰਕੀ ਕਰਕੇ ਸ਼ਾਇਦ ਉਸਦੀ ਸੋਚ ਵੀ ਫਾਈਲਾਂ ਵਰਗੀ ਹੀ ਹੋ ਗਈ ਸੀ!

ਇਸ ਮੌਕੇ ਫੇਰ ਮੇਰੀ ਭੂਆ ਦੀ ਐਂਟਰੀ ਹੋਇਆ ਕਰਦੀ..
ਉਸਦੀ ਸਭ ਤੋਂ ਪਹਿਲੀ ਸਲਾਹ ਹੁੰਦੀ..ਮਿੱਠਾ ਛੱਡ ਦੇ..ਸੁਵੇਰੇ ਸੈਰ ਕਰਿਆ ਕਰ..ਘਿਉ ਤੋਂ ਬਿਨਾ ਤੜਕਾ ਲਾਇਆ ਕਰ..ਉਹ ਅਕਸਰ ਹੀ ਮੇਰਾ ਮੁਕਾਬਲਾ ਆਪਣੀ ਕੁੜੀ ਨਾਲ ਕਰਿਆ ਕਰਦੀ..ਕਈ ਵਾਰ ਮੈਨੂੰ ਘੁਟਣ ਮਹਿਸੂਸ ਹੁੰਦੀ..ਮੈਂ ਖ਼ਿਝ ਜਾਂਦੀ ਤੇ ਫੇਰ ਉਹ ਏਨੀ ਗੱਲ ਆਖ ਅੰਦਰ ਲੂਹ ਦਿਆ ਕਰਦੀ ਕੇ ਏਨੀ ਆਕੜ ਰੱਖੇਂਗੀ ਤਾਂ ਫੇਰ ਸਾਰੀ ਉਮਰ ਕਵਾਰੀ ਹੀ ਰਹੇਂਗੀ..!
ਮੈਂ ਆਖ ਦਿੰਦੀ ਕੇ ਮੈਨੂੰ ਕੋਈ ਪ੍ਰਵਾਹ ਨਹੀਂ!

ਮੈਨੂੰ ਪਤਲੀਆਂ ਬੜੀਆਂ ਹੀ ਸੁਖੀ ਲੱਗਦੀਆਂ..ਜਦੋਂ ਕੋਈ ਪਤਲੀ ਕੁੜੀ ਨੂੰ ਦੁਖੀ ਹੋਇਆ ਦੇਖਦੀ ਤਾਂ ਸੋਚਦੀ ਕੇ ਰੱਬ ਨੇ ਏਨੇ ਸੋਹਣੇ ਸਰੀਰ ਦੀ ਮਾਲਕ ਬਣਾਇਆ ਤਾਂ ਵੀ ਰੋਂਦੀ ਏ..ਬੇਵਕੂਫ ਨੂੰ ਹੋਰ ਕੀ ਚਾਹੀਦਾ?

ਹਮੇਸ਼ਾਂ ਆਪਣੇ ਬਾਰੇ ਹੀ ਸੋਚਦੀ ਰਹਿੰਦੀ..ਆਪਣੇ ਬੇਢੰਗੇ ਵਜੂਦ ਬਾਰੇ..ਮੈਂ ਮੋਟੀ ਕਿਓਂ ਹਾਂ?..ਕੀ ਜੁਰਮ ਹੋ gia ਮੈਥੋਂ?
ਡਾਕਟਰਾਂ ਮੁਤਾਬਿਕ ਮੇਰੇ ਮਾਸਿਕ ਧਰਮ ਜਾਂ ਹਾਰਮੋਨਸ ਵਿਚ ਕੋਈ ਖਰਾਬੀ ਏ ਤਾਂ ਫੇਰ ਇਸ ਵਿਚ ਮੇਰਾ ਕਸੂਰ ਏ?..ਮੇਰੀ ਜਿੰਦਗੀ ਵਿਚ ਹਲਕਾ ਭਾਰਾ ਸਰੀਰ ਹੀ ਦੁੱਖ ਸੁਖ ਦਾ ਪੈਮਾਨਾ ਬਣ ਕੇ ਰਹਿ ਗਿਆ..!

ਫੇਰ ਅਚਾਨਕ ਇੱਕ ਦਿਨ ਜਿਸਮ ਦੀ ਬਾਹਰੀ ਦਿੱਖ ਨਾਲੋਂ ਰੂਹਾਂ ਨੂੰ ਪਿਆਰ ਕਰਨ ਵਾਲਾ ਇੱਕ ਇਨਸਾਨ ਫਰਿਸ਼ਤਾ ਬਣ ਮੇਰੇ ਵੇਹੜੇ ਆਣ ਉੱਤਰਿਆ ਤੇ ਉਸਨੇ ਮੇਰੀ ਜਿੰਦਗੀ ਵਾਲੇ ਧਾਗੇ ਨੂੰ ਆਪਣੇ ਸਾਹਾਂ ਨਾਲ ਪ੍ਰੋ ਲਿਆ..ਉਸਨੂੰ ਮੈਂ ਇਸੇ ਰੂਪ ਵਿਚ ਹੀ ਪਸੰਦ ਸਾਂ..ਉਸਨੇ ਕੋਈ ਸ਼ਰਤ ਨਹੀਂ ਰੱਖੀ..ਕੋਈ ਕੰਡੀਸ਼ਨ ਨਹੀਂ ਪਾਈ..

ਫੇਰ...

ਕੁਝ ਵਰ੍ਹਿਆਂ ਬਾਅਦ ਇੱਕ ਹੋਰ ਕ੍ਰਿਸ਼ਮਾਂ ਹੋਇਆ..
ਮੇਰੀ ਬਾਹਰੀ ਦਿੱਖ ਨੇ ਵੀ ਪਾਸਾ ਪਰਤਣਾ ਸ਼ੁਰੂ ਕਰ ਦਿੱਤਾ ਅਤੇ ਅੱਜ ਦੋ ਸੋਹਣੇ ਜਿਹੇ ਬੱਚਿਆਂ ਦੀ “ਮੋਟੀ” ਮਾਂ ਨੂੰ ਅਕਸਰ ਹੀ ਲੋਕ ਏਨੀ ਗੱਲ ਆਖ ਉਠਦੇ ਨੇ..”ਕੇ ਇਹ ਲੱਗਦੀ ਨਹੀਂ ਦੋ ਬੱਚਿਆਂ ਦੀ ਮਾਂ ਹੋਵੇ”

ਹੁਣੇ ਪਿੱਛੇ ਜਿਹੇ ਹੀ ਭੂਆ ਦੀ ਓਸੇ ਕੁੜੀ ਦਾ ਦੂਜੀ ਥਾਂ ਤੋਂ ਵੀ ਤਲਾਕ ਹੋ ਗਿਆ ਤਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕੇ ਉਸਦੀਆਂ ਸਿਧੀਆਂ ਪਾ ਦੇਵੇ!

ਅੱਜ ਆਪਣੀ ਜਿੰਦਗੀ ਵਾਲੀ ਕਿਸ਼ਤੀ ਨੂੰ ਸੰਘਰਸ਼ ਵਾਲੇ ਦਰਿਆ ਵਿਚ ਠੱਲਦੇ ਹੋਏ ਜਦੋਂ ਮਗਰ ਦੇਖਦੀ ਹਾਂ ਤਾਂ ਲੱਗਦਾ ਰੱਬ ਨੇ ਇੱਕ ਇਮਤਿਹਾਨ ਪਾਇਆ ਸੀ..
ਉਹ ਇਮਤਿਹਾਨ ਜਿਸਦੇ ਜੂਲੇ ਹੇਠੋਂ ਪਤਾ ਨਹੀਂ ਹੋਰਾਂ ਕਿੰਨਿਆਂ ਨੂੰ ਨਿੱਕਲਣਾ ਪੈਂਦਾ ਏ..
ਲੋਕ ਤੁਹਾਡੀਆਂ ਕਮਜ਼ੋਰੀਆਂ ਨੂੰ ਸ਼ਰੇਆਮ ਜੱਗ ਜਾਹਰ ਕਰਦੇ ਨੇ ਤਾਂ ਕੇ ਤੁਸੀਂ ਆਪਣੇ ਆਪ ਨਾਲ ਨਫਰਤ ਕਰਨ ਲੱਗ ਜਾਵੋ..ਆਪਣੇ ਆਪ ਨੂੰ ਕੋਸੋ..ਅਤੇ ਤੁਹਾਨੂੰ ਆਪਣੀ ਜਿੰਦਗੀ ਬੋਝ ਲੱਗਣ ਲੱਗੇ..!
ਪਰ ਏਨੀ ਗੱਲ ਚੇਤੇ ਰੱਖੋ ਕੇ “ਕਭੀ ਕਿਸੀ ਕੋ ਮੁਕੰਮਲ ਜਹਾਨ ਨਹੀਂ ਮਿਲਤਾ..ਕਹੀਂ ਜਮੀਨ ਤੋਂ ਕਹੀਂ ਆਸਮਾਨ ਨਹੀਂ ਮਿਲਤਾ”

ਜੇ ਕੋਈ ਰੰਗ ਦਾ ਗੋਰਾ ਹੈ ਤਾਂ ਸਰੀਰੋਂ ਮੋਟਾ ਵੀ ਹੈ..ਜੇ ਪਤਲਾ ਹੈ ਤਾਂ ਰੰਗ ਦਾ ਕਾਲਾ ਏ..ਕਦ ਦਾ ਉਚਾ ਹੈ ਤਾਂ ਸਰੀਰਕ ਤੌਰ ਤੇ ਰੋਗੀ ਏ..ਪੈਸੇ ਪੱਖੋਂ ਅਮੀਰ ਏ ਤਾਂ ਪਰਿਵਾਰਿਕ ਸੁਖ ਸ਼ਾਂਤੀ ਗਵਾਚ ਗਈ ਏ..ਜੇ ਕਿਸੇ ਕਿਸਮਤ ਵਾਲੇ ਨੂੰ ਰੱਬ ਨੇ ਸਾਰਾ ਕੁਝ ਸਹੀ ਦਿੱਤਾ ਹੈ ਤਾਂ ਉਸ ਨੂੰ ਇਹੋ ਡਰ ਖਾਈ ਜਾਂਦਾ ਕੇ ਇਹ ਸਾਰਾ ਕੁਝ ਕਿਧਰੇ ਖੁੱਸ ਹੀ ਨਾ ਜਾਵੇ..!

ਸੋ ਮੁੱਕਦੀ ਗੱਲ ਇਹ ਹੈ ਕੇ ਜਿਸ ਵੀ ਰੂਪ ਵਿਚ ਹੋ ਆਪਣੇ ਆਪ ਨੂੰ ਪਿਆਰ ਕਰਨਾ ਜਾਰੀ ਰੱਖੋ..ਕਿਓੰਕੇ ਜਿਸ ਦਿਨ ਤੁਹਾਨੂੰ ਆਪਣੇ ਆਪ ਨਾਲ ਨਫਰਤ ਹੋ ਗਈ ਉਸ ਦਿਨ ਖੁਦਕੁਸ਼ੀਆਂ ਵਾਲੇ ਰਾਹ ਪੱਧਰੇ ਹੋ ਜਾਣਗੇ ਤੇ ਖ਼ੁਦਕੁਸ਼ੀ ਇੱਕ ਐਸੀ ਹਾਰ ਹੈ ਜਿਸ ਨਾਲ ਦੁਨੀਆਂ ਨੂੰ ਰੱਤੀ ਭਰ ਕੋਈ ਫਰਕ ਨਹੀਂ ਪੈਂਦਾ ਪਰ ਬੰਦਾ ਰੱਬ ਅਤੇ ਆਪਣੇ ਆਪ ਦੀ ਨਜਰ ਵਿਚੋਂ ਜਰੂਰ ਡਿੱਗ ਜਾਇਆ ਕਰਦਾ..!

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)