ਸਾਡੀ ਪੋਤਰੀ ਹਾਲੇ ਚਾਰ ਸਾਲ ਦੀ ਨੀ ਹੋਈ ਤੇ
ਇਕ ਦਿਨ ਉਹਨੇ ਆਪਣੀ ਦਾਦੀ ਤੋਂ ਫ਼ੋਨ ਮੰਗਿਆ ਤੇ ਨਾਲ ਹੀ ਕਹਿੰਦੀ ਕਿ ਦਾਦੀ ਤੇਰੇ ਫ਼ੋਨ ਦਾ ਪਾਸਵਰਡ ਕੀ ਹੈ ? ਦਾਦੀ ਨੇ ਮੇਰੇ ਕੋਲ ਆ ਕੇ ਗੱਲ ਕੀਤੀ ਕਿ ਸਿਮਰਨ ਮੇਰੇ ਫ਼ੋਨ ਦਾ ਪਾਸਵਰਡ ਮੰਗਦੀ ਸੀ । ਮੈ ਕਿਹਾ ਕਿ ਤੂੰ ਦੇ ਤਾ ? ਦਾਦੀ ਕਹਿੰਦੀ ਮੈ ਕਿਉਂ ਦੇਵਾਂ ਉਹਦੇ ਮਾਂ ਪਿਉ ਨੀ ਫ਼ੋਨ ਦਾ ਪਾਸਵਰਡ ਦਿੰਦੇ । ਮੈਨੂ ਬੜਾ ਅਜੀਬ ਲੱਗਿਆ ਤੇ ਮੈ ਦਾਦੀ ਨੂੰ ਕਿਹਾ ਕਿ ਤੂੰ ਦੇ ਦੇਣਾ ਸੀ ਗਲਤ ਕੀਤਾ । ਉਹ ਮੈਨੂ ਕਹਿੰਦੀ ਤੂੰ ਆਪ ਦੇ ਫ਼ੋਨ ਦਾ ਪਾਸਵਰਡ ਉਹਨੂੰ ਦੇ ਦੇ । ਮੈ ਕਿਹਾ ਜਾਹ ਉਹਨੂੰ ਭੇਜ ਮੇਰੇ ਕੋਲ । ਦਾਦੀ ਨੇ ਉਹਨੂੰ ਕਿਹਾ ਕਿ ਜਾਹ ਬਾਬੇ ਦੇ ਫ਼ੋਨ ਦਾ ਪਾਸਵਰਡ ਲੈ ਲੈ । ਉਹਨੂੰ ਜਿਵੇਂ ਯਕੀਨ ਨਹੀਂ ਸੀ ਤੇ ਉਹ ਭੱਜ ਕੇ ਮੇਰੇ ਕੋਲ ਆਈ ਕਹਿੰਦੀ ਬਾਬਾ ਫ਼ੋਨ ਦੇਹ ਤੇ ਜਦੋਂ ਉਹਨੇ ਫ਼ੋਨ ਹੱਥ ਚ ਫੜਿਆ ਮੈਨੂੰ ਕਹਿੰਦੀ ਬਾਬਾ ਤੇਰੇ ਫ਼ੋਨ ਦਾ ਪਾਸਵਰਡ ਕੀ ਹੈ ।
ਮੈ ਕਿਹਾ 1 4 6 9
ਮੇਰੇ ਸਾਰੇ ਪਾਸਵਰਡ ਇਹੋ ਜਹੇ ਹੀ ਹੁੰਦੇ ਨੇ
ਸਾਡੇ ਗੈਰਾਜ ਦਾ ਪਾਸਵਰਡ 1984 ਹੈ
ਮੇਰੀ ਬੈਂਕ ਦਾ 1313 ਹੈ
ਮੇਰੇ ਫ਼ੋਨ ਦਾ 1469 ਹੈ
ਤੇ ਮੈ ਬੜੀ ਕੋਸ਼ਿਸ਼ ਕੀਤੀ ਸੀ ਕਿ ਫ਼ੋਨ ਦਾ ਨੰਬਰ 1699 ਮਿਲੇ ਪਰ ਨਹੀਂ ਮਿਲਿਆ ਤੇ ਉਹ ਮੈ 1799 ਲੈ ਲਿਆ
ਜਦੋਂ ਫ਼ੋਨ ਖੁੱਲ ਗਿਆ ਉਹ ਬੜੀ ਖੁਸ਼ ਹੋਈ ਤੇ ਉਹ ਫ਼ੋਨ ਦੇ ਕੇ ਚਲੀ ਗਈ । ਪੰਜ ਕੁ ਮਿੰਟ ਬਾਅਦ ਫੇਰ ਮੁੜ ਆਈ ਤੇ ਆ ਕੇ ਫ਼ੋਨ ਫੜ ਕੇ ਪੁੱਛਦੀ ਬਾਬਾ ਤੇਰੇ ਫ਼ੋਨ ਦਾ ਪਾਸਵਰਡ ਕੀ ਹੈ ਮੈ ਕਿਹਾ 1469
ਤੇ ਉਹ ਫੇਰ ਚਲੇ ਗਈ । ਉਹ ਫੇਰ 15-20 ਮਿੰਟ ਬਾਅਦ ਆਈ ਤੇ ਆ ਕੇ ਕਹਿੰਦੀ ਬਾਬਾ ਤੇਰੇ ਫ਼ੋਨ ਦਾ ਪਾਸਵਰਡ ਕੀ ਹੈ ਮੈ ਕਿਹਾ
1469 ਤੇ ਉਹ ਮੈਨੂੰ ਪੁੱਛਣ ਲੱਗੀ ਕਿ ਤੂੰ ਪਾਸਵਰਡ ਬਦਲਿਆ ਨਹੀਂ ? ਮੈ ਕਿਹਾ ਨਹੀਂ , ਕਿਉਂ ?
ਉਹਨੇ ਕਿਉਂ ਦਾ ਜਵਾਬ ਇਕ ਅਜੀਬ ਜਹੀ ਖੁਸ਼ੀ ਚ ਦਿੱਤਾ । ਉਹਦਾ ਚਿਹਰਾ ਵੇਖਣ ਵਾਲਾ ਸੀ । ਉਹਨੂੰ ਅੰਦਰ ਇਕ ਮੇਰੇ ਤੇ ਵਿਸ਼ਵਾਸ ਬੱਝ ਗਿਆ ਸੀ ਕਿ ਮੇਰਾ ਬਾਬਾ...
ਮੇਰੇ ਤੇ ਕਿੰਨਾ ਯਕੀਨ ਕਰਦਾ । ਬੱਚੇ ਦਾ
ਮਨ ਕਿੰਨਾ ਭੋਲ਼ਾ ਹੁੰਦਾ , ਉਹਨੂੰ ਸ਼ੱਕ ਨਹੀਂ ਸੀ ਕਿ ਮੈ ਪਾਸਵਰਡ ਬਦਲ ਦਿਆਂਗਾ ਪਰ ਉਹ ਆਪ ਦਾ ਵਾਰ ਵਾਰ ਯਕੀਨ ਵਿਸ਼ਵਾਸ ਪੱਕਾ ਕਰ ਰਹੀ ਸੀ ਤੇ ਹਰ ਵਾਰ ਉਹ ਪੱਕਾ ਹੁੰਦਾ ਜਾ ਰਿਹਾ ਸੀ ।
ਅਸੀਂ ਸਾਰੇ ਹੀ ਇਕ ਦੂਜੇ ਤੇ ਯਕੀਨ ਵਿਸ਼ਵਾਸ ਕਰਦੇ ਹਾਂ । ਇਹ ਦੁਨੀਆ ਵਿਸ਼ਵਾਸ ਦੇ ਆਸਰੇ ਹੀ ਖੜੀ ਹੈ । ਅਸੀਂ ਆਪ ਦੇ ਧੀ ਪੁੱਤ ਵਿਆਹ ਦਿੰਦੇ ਹਾਂ । ਕਿਸੇ ਦੇ ਲੜ ਲਾ ਕੇ ਤੋਰ ਦਿੰਦੇ ਹਾਂ । ਇਕ ਵਿਸ਼ਵਾਸ ਹੀ ਹੁੰਦਾ ਕਿ ਮੇਰੀ ਧੀ ਨੂੰ ਉਹ ਸੁਖੀ ਰੱਖਣਗੇ । ਧੀ ਪੁੱਤ ਨੂੰ ਪਾਲੀਦਾ ਬਾਹਰ ਪੜ੍ਹਾਈ ਲਈ ਸਾਰਾ ਕੁਝ ਵੇਚ ਵੱਟ ਕੇ ਲਾ ਦਈਦਾ ਕਿ ਇਹਦੀ ਜ਼ਿੰਦਗੀ ਬਣ ਜਾਵੇ । ਕਿਸੇ ਨੇ ਕਿੰਨਾ ਸੋਹਣਾ ਕਿਹਾ ਕਿ ਵਿਸ਼ਵਾਸ ਇਹ ਉਹ ਪੰਛੀ ਹੈ ਜਦੋਂ ਸਾਰੀ ਧਰਤੀ ਤੇ ਹਨੇਰ ਹੁੰਦਾ ਉਹ ਚਾਨਣ ਵਿੱਚ ਉੱਡਦਾ ।
ਦੋਸਤਾਂ ਮਿੱਤਰਾਂ ਨਾਲ ਆਪ ਦੇ ਪਿਆਰਿਆਂ ਨਾਲ ਦਿਲ ਦੇ ਭੇਤ ਸਾਂਝੇ ਕਰੀਦੇ ਨੇ । ਪਿਆਰ ਚ ਆ ਕੇ ਆਪ ਦਾ ਸਰੀਰ ਵੀ ਅਰਪਣ ਕਰ ਦਈਦਾ । ਤੇ ਫੇਰ ਵੀ ਜੋ ਕੋਈ ਕਿਸੇ ਦਾ ਵਿਸ਼ਵਾਸ਼ ਤੋੜ ਦੇਵੇ ਤਾਂ ਉਹਦੇ ਵਰਗਾ ਦੁਨੀਆ ਤੇ ਕੋਈ ਪਾਪੀ ਨਹੀਂ ਅਕ੍ਰਿਤਘਣ ਨਹੀਂ । ਉਹ ਕਿੰਨਾ ਧਰਮੀ ਬਣ ਜਾਵੇ ਉਹਦਾ ਭਲਾ ਨਹੀਂ ਹੋ ਸਕਦਾ । ਕਿਸੇ ਦਾ ਵਿਸ਼ਵਾਸ ਤੋੜਨਾ ਕਿਸੇ ਦੀ ਰੂਹ ਨੂੰ ਤੋੜ ਦੇਣ ਵਰਗਾ ਹੁੰਦਾ ।
ਇਹ ਬਣਨ ਵਾਸਤੇ ਬਾਬਾ ਫ਼ਰੀਦ ਦੀ ਲਿਖਦੇ ਨੇ
ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥
ਵਿਸ਼ਵਾਸ ਦੀ ਗੰਢ ਪਾਉਣ ਲਈ ਜਿਸ ਨੂੰ 6 ਮਹੀਨੇ ਲੱਗਦੇ ਨੇ ਉਹ ਟੁੱਟਣ ਲੱਗੇ ਇਕ ਖਿਨੁ ਲੱਗਦੀ ਹੈ ।
ਵਿਸ਼ਵਾਸ ਬਣਾਉਣਾ ਹੀ ਔਖਾ ਚਾਹੇ ਮਿੱਤਰ ਤੇ ਹੋਵੇ ਪਿਆਰੇ ਤੇ ਹੋਵੇ
ਤੇ ਸੱਭ ਤੋਂ ਉੱਚਾ ਸੁੱਚਾ ਵਿਸ਼ਵਾਸ ਗੁਰੂ ਤੇ ਤਾਂ ਉਸ ਖੁਦਾ ਤੇ ਹੁੰਦਾ ਤੇ ਜਿੰਨਾ ਨੂੰ ਆ ਗਿਆ ਉਹ ਉਹਦੇ ਹੀ ਹੋ ਗਏ ।
ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥
ਕਰਨਹਾਰੁ ਨਾਨਕ ਇਕੁ ਜਾਨਿਆ ॥੩॥