19 ਨਵੰਬਰ ਨੂੰ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਆਉ ਗੁਰੂ ਮਹਾਰਾਜ ਜੀ ਦੇ ਜੀਵਨ ਕਾਲ ਤੇ ਸੰਖੇਪ ਝਾਤ ਮਾਰੀਏ ਜੀ ।
ਭਾਗ ੨
ਗੁਰੂ ਨਾਨਕ ਸਾਹਿਬ ਜੀ ਨੇ ਕਰਮਕਾਂਡਾਂ , ਵਹਿਮਾ -ਭਰਮਾਂ , ਪਖੰਡਾ ਤੇ ਬੇਫਾਲਤੂ ਰਸਮਾਂ ਰਿਵਾਜ਼ਾ ਨੂੰ ਨਕਾਰਿਆ ਤੇ ਇਸਦੀ ਸ਼ੁਰੂਵਾਤ ਆਪਣੇ ਘਰ ਤੋਂ ਕੀਤੀ । ਨੋ ਸਾਲ ਦੀ ਉਮਰ ਵਿਚ ਮਹਿਤਾ ਕਾਲਿਆਣ ਜੀ ਨੇ ਪੰਡਤ ਹਰਿਦਿਆਲ ਦੀ ਸਲਾਹ ਨਾਲ ਇਸ ਕੁਲ ਦੀ ਰੀਤ ਜੰਜੂ ਲਈ ਇਕ ਦਿਨ ਮਿਥਿਆ ਅੰਗਾਂ ਸਾਕਾਂ ਸੱਜਣਾ ਮਿਤਰਾਂ, ਬਰਾਦਰੀ , ਭਾਈਚਾਰੇ ਤੇ ਆਂਡੀ ਗੁਆਂਢੀਆ ਨੂੰ ਸਦੇ ਦਿਤੇ । ਕੜਾਹ ਪੂੜੀ ਤੇ ਤਰਹ ਤਰਹ ਦੇ ਪਕਵਾਨ ਬਣੇ ਕੁਝ ਮੁਢਲੀਆਂ ਰਸਮਾਂ ਹੋਣ ਤੋਂ ਬਾਅਦ ਗੁਰੂ ਸਾਹਿਬ ਨੂੰ ਬੁਲਾਇਆ ਗਿਆ । ਜਦ ਪੰਡਤ ਗਲ ਵਿਚ ਜਨੇਊ ਪਾਣ ਲਗਾ ਤਾ ਗੁਰੂ ਸਾਹਿਬ ਨੇ ਉਸਦਾ ਹੱਥ ਰੋਕ ਦਿਤਾ ਤੇ ਪੁਛਣ ਲਗੇ,” ਇਹ ਧਾਗਾ ਕੀ ਹੈ ਤੇ ਇਸਦਾ ਕੀ ਫਾਇਦਾ ਹੈ “? ਪੰਡਤ ਨੇ ਕਿਹਾ ਕਿ ਇਹ ਉਚੀਆਂ ਜਾਤੀਆਂ ਦੀ ਨਿਸ਼ਾਨੀ ਤੇ ਹਿੰਦੂਆਂ ਦੀ ਰਸਮ ਹੈ ।
ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ ਓਨ੍ਹਾ ਨੇ ਕਿਹਾ ਕੀ ਉੱਚੀ ਜਾਤ ਤਾਂ ਉਸਦੀ ਹੁੰਦੀ ਹੈ ਜੋ ਉਚੇ ਕੰਮ ਕਰੇ ਖਾਲੀ ਇਹ ਧਾਗਾ ਪਾਣ ਨਾਲ ਕੋਈ ਉਚਾ ਕਿਵੈ ਹੋ ਸਕਦਾ ਹੈ । ਫਿਰ ਇਹ ਧਾਗਾ ਖੁਦ ਮੈਲਾ ਹੋ ਜਾਂਦਾ ਹੈ , ਟੁਟ ਜਾਂਦਾ ਹੈ ਅਗਰ ਤੇਰੇ ਕੋਲ ਕੋਈ ਐਸਾ ਧਾਗਾ ਹੈ ਜੋ ਸਾਰੀ ਉਮਰ ਮੇਰਾ ਨਾਲ ਨਿਭੇ ,ਮੈਨੂੰ ਮੰਦੇ ਕੰਮਾਂ ਤੋ ਬਚਾਏ ਤਾਂ ਪਾ ਦੇ ।
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਪੰਡਤ ਲਾਜਵਾਬ ਹੋ ਗਿਆ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਗਲਾਂ ਸਮਝ ਆ ਗਈਆਂ ਪਰ ਮਹਿਤਾ ਕਾਲਿਆਣ ਜੀ ਕਾਫੀ ਨਿਰਾਸ਼ ਹੋ ਗਏ ਕਿ ਸਾਡੇ ਪੁਤਰ ਨੇ ਕੁਲ ਦੀ ਰੀਤ ਭੰਗ ਕਰ ਦਿਤੀ ਹੈ ।
ਗੁਰੂ ਸਾਹਿਬ ਹੁਣ ਬਹੁਤਾ ਸਮਾਂ ਸਿਮਰਨ ਵਿਚ ਜੁੜੇ ਰਹਿਣ ਲਗ ਪਏ ਨਾ ਖਾਣ ਦੀ ਸੁਧ ਨਾ ਪੀਣ ਦੀ ਮਾਪਿਆਂ ਨੇ ਸਮਝਿਆ ਸ਼ਾਇਦ ਨਾਨਕ ਬੀਮਾਰ ਹੈ । ਵੈਦ ਨੂੰ ਬੁਲਾਇਆ , ਜਦ ਵੈਦ ਨੇ ਨਾਨਕ ਕੋਲੋਂ ਤਕਲੀਫ਼ ਬਾਰੇ ਪੁਛਿਆ ਤਾਂ ਕਹਿਣ ਲਗੇ ,” ਸਭ ਤੋ ਵਡਾ ਦੁਖ ਉਸ ਸਿਰਜਨਹਾਰ ਨਾਲ ਵਿਛੋੜਾ ਹੈ । ਉਸ ਨਾਲ ਜੁੜਨ ਦੀ ਤੇਰੇ ਕੋਲ ਦਵਾਈ ਹੈ ਤਾਂ ਦੇ ਦੇ ਵੈਦ ਦੀਆਂ ਅਖਾਂ ਖੁਲ ਗਈਆਂ ਸਿਰ ਨਿਵਾ ਕੇ ਵਿਦਾ ਹੋਇਆ ਤੇ ਜਾਂਦੀ ਵਾਰੀ ਕਹਿ ਗਿਆ ਇਹ ਰੋਗੀ ਨਹੀ ਸੰਸਾਰ ਦੇ ਰੋਗ ਦੂਰ ਕਰਨ ਵਾਲਾ ਰੋਗੀਆਂ ਦਾ ਵੈਦ ਹੈ ।
ਸਮਾਂ ਪਾਕੇ ਗੁਰੂ ਸਾਹਿਬ ਤੁਰਨ ਫਿਰਨ ਹੱਸਣ ਖੇਡਣ ਤੇ ਖਾਣ ਪੀਣ ਲਗ ਪਾਏ ਮਹਿਤਾ ਕਾਲੁ ਨੇ ਸੋਚਿਆ ਪੁਤਰ ਜਵਾਨ ਹੋ ਗਿਆ ਹੈ , ਕਿਸੇ ਕਾਰੇ ਲਗਾਇਆ ਜਾਏ । ਵੀਹ ਰਜਤਪਨ ਦੇਕੇ ਖਰਾ ਸੋਦਾ ਕਰਨ ਲਈ ਮੂਜਬ ਪਿੰਡ ਦੇ ਭਾਈ ਬਾਲੇ ਨਾਲ ਚੂੜਕਾਣੇ ਮੰਡੀ ਭੇਜਿਆ ਜਦ 10-12 ਕੋਹ ਤੁਰੇ ਤਾਂ ਰੁਖਾਂ ਦੇ ਨੇੜੇ ਇਕ ਝੁਗੀ ਦਿਖੀ ਜਿਥੇ ਸਾਧੂਆਂ ਦੀ ਟੋਲੀ ਭਜਨ ਬੰਦਗੀ ਵਿਚ ਲਗੀ ਹੋਈ ਸੀ , ਜਾਕੇ ਸੁਣਨ ਤੇ ਪਤਾ ਚਲਿਆ ਕਿ ਸਾਧੂ ਕਈ ਦਿਨ ਦੇ ਭੁਖੇ ਸਨ ਗੁਰੂ ਸਾਹਿਬ ਨੇ 20 ਰਜਤਪਨ ਦਾ ਖਾਣ ਪੀਣ ਦਾ ਸਮਾਨ ਮੰਗਵਾ ਕੇ ਉਨ੍ਹਾ ਨੂੰ ਖਵਾ ਦਿਤਾ ।
ਪਿਤਾ ਦੇ ਗੁਸੇ ਦਾ ਪਤਾ ਸੀ ਬਾਲੇ ਨੂੰ ਘਰ ਭੇਜ ਦਿਤਾ ਤੇ ਆਪ ਇਕ ਦਰਖਤ ਦੇ ਥਲੇ ਬੈਠ ਕੇ ਅਕਾਲ ਪੁਰਖ ਨਾਲ ਜੁੜ ਗਏ ਜਦ ਪਿਤਾ ਨੂੰ...
ਪਤਾ ਚਲਿਆ ਤਾਂ ਗੁਸੇ ਵਿਚ ਆਕੇ , ਜਿਥੇ ਗੁਰੂ ਸਾਹਿਬ ਬੈਠੇ ਹੋਏ ਸੀ ਜਾ ਕੇ ਗੁਰੂ ਸਹਿਬ ਦੇ ਚਪੇੜਾਂ ਮਾਰ ਦਿਤੀਆਂ । ਬੀਬੀ ਨਾਨਕੀ ਨੇ ਆਕੇ ਛੁੜਾ ਲਿਆ ਜਦ ਰਾਇ ਬੁਲਾਰ ਨੂੰ ਪਤਾ ਚਲਿਆ ਤਾਂ ਉਸਨੇ ਮਹਿਤਾ ਕਾਲਿਆਣ ਜੀ ਨੂੰ ਸਦ ਕੇ ਕਿਹਾ ਇਹ ਆਮ ਬਚਾ ਨਹੀਂ ਹੈ ਕੋਈ ਰਬੀ ਨੂਰ ਹੈ । ਇਸਦੇ ਕੀਤੇ ਨੁਕਸਾਨ ਦੀ ਭਰਪਾਈ ਮੈਂ ਕਰ ਦਿੰਦਾ ਹਾਂ ਤੇ ਇਸਦਾ ਅਗੋਂ ਲਈ ਕੋਈ ਹਲ ਵੀ ਸੋਚਦਾ ਹਾਂ “, ਰਾਇ ਬੁਲਾਰ ਨੇ ਮਹਿਤਾ ਕਾਲਿਆਣ ਜੀ ਨੂੰ ਭਰੋਸਾ ਦੁਆਇਆ I
ਕੁਝ ਸੋਚ ਵਿਚਾਰ ਮਗਰੋਂ ਗੁਰੂ ਨਾਨਕ ਸਾਹਿਬ ਜੀ ਨੂੰ ਬੇਬੇ ਨਾਨਕੀ ਤੇ ਦੀਵਾਨ ਜੈ ਰਾਮ ਨਾਲ ਸੁਲਤਾਨਪੁਰ ਭੇਜ ਦਿਤਾ । ਜੈ ਰਾਮ ਜੀ ਨੇ ਤੇ ਉਨ੍ਹਾ ਨੂੰ ਜਲੰਧਰ -ਦੁਆਬੇ ਦੇ ਵਡੇ ਹਾਕਮ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿਚ ਪ੍ਰਬੰਧਕ ਲਗਵਾ ਦਿਤਾ । ਗੁਰੂ ਸਾਹਿਬ ਨੇ ਇਹ ਕੰਮ ਬੜੇ ਉਤਸ਼ਾਹ ਨਾਲ ਸ਼ੁਰੂ ਕੀਤਾ ਇਥੇ ਉਨ੍ਹਾ ਨੇ ਕਰਿੰਦਿਆਂ ਨੂੰ ਪੂਰਾ ਤੋਲ, ਸੁਚਾ ਵਿਹਾਰ ਤੇ ਪ੍ਰੇਮ ਭਰੇ ਵਰਤਾਵ ਦੀ ਜਾਚ ਸਿਖਾਈ । ਓਹ ਨਿੱਕੇ ਵਡੇ ਕਰਮਚਾਰੀਆਂ ਨੂੰ ਇਕੋ ਨਜ਼ਰ ਨਾਲ ਦੇਖਦੇ ਉਨ੍ਹਾ ਦੀ ਬਚੀ -ਮਿਥੀ ਰਕਮ ਪੂਰੀ ਪੂਰੀ ਦਿੰਦੇ । ਆਪਣੀ ਕਮਾਈ ਵਿਚੋਂ ਗਰੀਬਾਂ ਗੁਰਬਿਆਂ ਦੀ ਮਦਤ ਕਰਦੇ ਕੋਈ ਸਾਧੂ ਸੰਤ ਜਾਂ ਫਕੀਰ ਆ ਜਾਏ ਤਾਂ ਕਈ ਧਾਰਨਾ ਵਧ ਤੋਲ ਦਿੰਦੇ ਗੁਰੂ ਸਾਹਿਬ ਦਾ ਜਸ ਦੂਰ ਦੂਰ ਤਕ ਫੈਲ ਗਿਆ ਜਿਥੇ ਆਪ ਆਪਣੀ ਨੌਕਰੀ ਦਾ ਫਰਜ਼ ਪੂਰੀ ਤਰਹ ਨਿਭਾਂਦੇ ਉਥੇ ਆਪ ਸਿਰਜਨਹਾਰ ਨੂੰ ਯਾਦ ਵੀ ਕਰਦੇ ਰਹਿੰਦੇ ।
ਕੁਝ ਚਿਰ ਬਾਅਦ ਮਰਦਾਨੇ ਨੂੰ ਵੀ ਸੁਲਤਾਨਪੁਰ ਬੁਲਾ ਲਿਆ ਹਰ ਰੋਜ਼ ਵੇਈ ਨਦੀ ਵਿਚ ਜਾਕੇ ਇਸ਼ਨਾਨ ਕਰਦੇ , ਕੰਢੇ ਤੇ ਬੈਠਕੇ ਭੰਜਨ ਬੰਦਗੀ ਕਰਦੇ ਇਹੀ ਰਮਣੀਕ ਅਤੇ ਇਕਾਂਤ ਅਸਥਾਨ ਆਪ ਲਈ ਇਕ ਦਿਨ ਆਤਮ ਗਿਆਨ ਦਾ ਸਾਧਨ ਬਣ ਗਿਆ ।
ਕੰਮ ਵੇਲੇ ਵੀ ਗੁਰੂ ਸਾਹਿਬ ਦੇ ਹਥ ਕਾਰ ਤੇ ਚਿਤ ਕਰਤਾਰ ਵਲ ਰਹਿੰਦਾ ਇਕ ਦਿਨ ਇਕ ਸਾਧੂ ਆਟਾ ਖਰੀਦਣ ਆਇਆ ਬਾਰ੍ਹਾਂ ਧਾਰਨਾ ਤੋਲ ਕੇ ਜਦੋਂ ਤੇਰਾਂ ਤੇ ਪੁਜੇ ਤਾਂ ਤੇਰਾ ਤੇਰਾ ਕਹਿ ਕੇ ਮਨ ਸਿਮਰਨ ਵਲ ਜੁੜ ਗਿਆ ਤੇਰਾਂ ਤੋ ਅਗੇ ਵਧੇ ਹੀ ਨਹੀ । ਸਾਧੂ ਨੇ ਟੋਕਿਆ ਕੀ ਇੰਜ ਤਾ ਤੁਸੀਂ ਮੋਦੀ ਖਾਨਾ ਉਜਾੜ ਦਿਓਗੇ ਤਾ ਗੁਰੂ ਨਾਨਕ ਸਾਹਿਬ ਨੇ ਕਿਹਾ ਸਾਈ ਦੇ ਬੰਦੇ ਇਹ ਸੰਸਾਰ ਤਾਂ ਮੇਰਾ ਮੇਰਾ ਕਹਿਕੇ ਉਜੜ ਰਿਹਾ ਹੈ ਤੇਰਾ ਤੇਰਾ ਕਹਿਕੇ ਤਾਂ ਬਰਕਤ ਪੈਂਦੀ ਹੈ ।
ਈਰਖਾ ਕਰਨ ਵਾਲੀਆਂ ਨੇ ਕਈ ਵਾਰੀ ਗੁਰੂ ਸਾਹਿਬ ਦੀ ਸ਼ਕਾਇਤ ਕੀਤੀ ਕਿ ਨਾਨਕ ਮੋਦੀਖਾਨਾ ਉਜਾੜ ਰਿਹਾ ਹੈ । ਇਕ ਦਿਨ ਮੋਦੀ ਨੇ ਗੁਰੂ ਨਾਨਕ ਨੂੰ ਕੈਦ ਵਿਚ ਸੁਟ ਦਿਤਾ ਮੋਦੀ ਖਾਨੇ ਦਾ ਹਿਸਾਬ ਹੋਇਆ ਰਸਦ ਤੇ ਆਮਦਨੀ ਉਮੀਦ ਤੋ ਵੀ ਵਧ ਨਿਕਲੀ ਇਹ ਕੋਈ ਕਰਾਮਾਤ ਨਹੀ ਸੀ ਬਲਿਕ ਗੁਰੂ ਸਾਹਿਬ ਆਪਣੇ ਹੀ ਕਮਾਈ ਲੋੜਵੰਦਾ ਵਿਚ ਵੰਡੀ ਜਾ ਰਹੇ ਸੀ ।
ਕੁਝ ਚਿਰਾਂ ਬਾਅਦ 18 ਸਾਲ ਦੀ ਉਮਰ ਵਿਚ ਗੁਰੂ ਸਾਹਿਬ ਦਾ ਵਿਆਹ ਪਖੋਕੇ ਰੰਧਾਵਾ , ਜਿਲਾ ਗੁਰਦਾਸਪੁਰ ਦੇ ਵਸਨੀਕ ਮੂਲ ਚੰਦ ਖਤ੍ਰੀ ਦੀ ਸਪੁਤਰੀ ਸੁਲੱਖਣੀ ਜੀ ਨਾਲ ਹੋਇਆ । ਦੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਹੋਏ ਇਸ ਤਰਹ ਘਰ ਵਿਚ ਹੀ ਰਹਿਕੇ , ਗ੍ਰਹਿਸਤ ਤੋਂ ਨਿਰਲੇਪ , ਆਸ ਪਾਸ ਦੇ ਲੋਕਾਂ ਨੂੰ ਸਚ ਦਾ ਪਾਠ ਪੜਾਂਦੇ ਰਹੇ ਕਾਫੀ ਸਾਲ ਸੁਲਤਾਨਪੁਰ ਵਿਚ ਰਹੇ ।
( ਚਲਦਾ )