ਬੀਬੀ ਨੂੰ ਜਦ ਵੀ ਉਹ ਕਿਸੇ ਚੀਜ਼ ਦੀ ਫ਼ਰਮਾਇਸ਼ ਕਰਦਾ, ਬੀਬੀ ਨੇ ਆਪਣੀ ਸਫਿਆਨੀ ਜਿਹੀ ਚੁੰਨੀ ਦੇ ਲੜ ਦੀ ਗੰਢ ਖੋਲ੍ਹਣੀ ਤੇ ਉਹਨੂੰ ਪੰਜ ਦਸ ਰੁਪਏ ਦੇਣੇ। ਪਤਾ ਨਹੀਂ ਕਿੱਥੋਂ ਏਨੀ ਬਰਕਤ ਹੁੰਦੀ ਸੀ ਉਸ ਗੰਢ ਵਿੱਚ, ਕਦੀ ਵੀ ਪੈਸੇ ਨਾ ਮੁੱਕਣੇ। ਜਦ ਵੀ ਲੋੜ ਹੋਣੀ, ਉਸਨੇ ਉਹ ਸੱਬਰ ਕੱਤੀ ਜਿਹੀ ਗੰਢ ਖੋਲ੍ਹਣੀ ਤੇ ਪੈਸੇ ਕੱਢ ਕੇ ਉਸਦੇ ਹੱਥ ਉੱਤੇ ਰੱਖ ਦੇਣੇ।ਰੋਟੀ ਖਾਂਦੀ ਨੇ ਹੱਥਾਂ ਉੱਤੇ ਹੀ ਫੁਲਕਾ ਰੱਖ ਲੈਣਾ, ਰੱਬ ਦਾ ਨਾਮ ਲੈ ਕੇ ਫੁਲਕੇ ਨੂੰ ਮੱਥੇ ਲਾਉਣਾ, ਰੋਟੀ ਨੂੰ ਅਦਬ ਨਾਲ ਖਾਣਾ। ਰਿਜ਼ਕ ਨੂੰ ਪੂਰਾ ਮਾਣ ਸਤਿਕਾਰ ਦੇਣਾ। ਘਰ ਦਾ ਚੁੱਲ੍ਹਾ ਜਿਵੇਂ ਉਸਦੇ ਬਿਨ੍ਹਾਂ ਕਦੀ ਬਲਿਆ ਨਹੀਂ ਸੀ। ਚੌਂਕੇ ਵਿੱਚ ਪਏ ਹੋਏ ਭਾਂਡਿਆਂ ਨੂੰ ਉਸਨੇ ਰੇਤਾ ਨਾਲ ਮਾਂਜ ਕੇ ਸੁਆਰ ਕੇ ਰੱਖਣਾ।ਉਹ ਡੰਗਰਾਂ ਉੱਤੇ ਕਦੀ ਹੱਥ ਨਾ ਚੁੱਕਦੀ, ਕਹਿਣਾ ਇਹਨਾਂ ਬੇਜ਼ੁਬਾਨਾਂ ਨੂੰ ਵੀ ਰੱਬ ਨੇ ਭੇਜਿਆ ਧਰਤੀ ਉੱਤੇ। ਪਸ਼ੂਆਂ ਨੂੰ ਨਵਾਉਣਾ, ਧਾਰਾਂ ਚੋਣੀਆਂ। ਸਵਖਤੇ ਹੀ ਮਧਾਣੀ ਦੀ ਆਵਾਜ਼ ਕੰਨੀਂ ਪੈਂਦੀ ਸੀ। ਬੀਬੀ ਦੀ ਚਾਹ ਪੀਤੇ ਬਿਨ੍ਹਾਂ ਪਤਾ ਨਹੀਂ ਕਿਉਂ ਮੰਜਾ ਉੱਠਣ ਨਹੀਂ ਸੀ ਦਿੰਦਾ। ਕਿਤੇ ਦੋ ਰੋਟੀਆਂ ਵੱਧ ਖਾ ਕੇ ਮੰਜੇ ਉੱਤੇ ਲੰਮੇ ਪੈ ਜਾਣਾ ਤਾਂ ਬੀਬੀ ਨੇ ਪਿਆਰ ਨਾਲ ਝਿੜਕਣਾ… “ਆਹ ਰੋਟੀਆਂ ਖਾ ਕੇ ਰੁੱਖ ਵਾਂਗੂ ਮੰਜੇ ਉੱਤੇ ਨਾ ਡਿੱਗਿਆ ਕਰ।”ਬੀਬੀ ਰੱਬ ਦੇ ਨੇੜੇ, ਦੁਨੀਆ ਤੋਂ ਦੂਰ ਸੀ। ਉਸਦੀ ਜ਼ੁਬਾਨ ਦਾ ਬੋਲ ਸੱਚਾ ਸੁੱਚਾ ਸੀ। ਦੁਆਵਾਂ ਦਿੰਦੀ, ਫ਼ਿਕਰਮੰਦੀ ਕਰਦੀ। ਘਰ ਪਰਤਣ ਵੇਲੇ ਜੇ ਕਿਤੇ ਦੇਰ ਵੀ ਹੁੰਦੀ ਤਾਂ ਅੱਖਾਂ ਭਰਦੀ, ਆਖਦੀ ਪੁੱਤ ਘਰ ਆਉਣ ਵੇਲੇ ਕੁਵੇਲਾ ਕਰ ਦੇਵੇ ਤਾਂ ਇੰਝ ਲੱਗਦਾ ਜਿਵੇਂ ਦਿਲ ਕਿਸੇ ਕੰਡਿਆਲੀ ਝਾੜੀ ਉੱਤੋਂ ਦੀ ਖਿੱਚਿਆ ਜਾ ਰਿਹਾ ਹੋਵੇ।ਬੀਬੀ ਕੋਲੋਂ ਆਉਂਦੀ ਮਹਿਕ ਚੜ੍ਹਦੇ ਤਾਪ ਨੂੰ ਵੀ ਲਾਹ ਦਿੰਦੀ, ਕਿਤੇ ਘੁੱਟ ਜੱਫੀ ਪਾਉਂਦੀ ਤਾਂ ਇੰਝ ਲੱਗਦਾ ਸਾਰੇ ਦੁੱਖ ਕਿੱਧਰੇ ਉੱਡ ਗਏ ਨੇ, ਸਿਰ...
ਘੁੱਟਦੀ, ਵਾਲਾਂ ਨੂੰ ਫਰੋਲ ਕੇ ਕਹਿੰਦੀ “ਤੇਰੇ ਵਾਲ ਵੀ ਚਿੱਟੇ ਹੋ ਚੱਲੇ ਨੇ?”ਉਸਦੀਆਂ ਕਿਤਾਬਾਂ ਸਾਂਭਦੀ, ਕੋਰੀ ਅਨਪੜ੍ਹ ਪਰ ਕਿਤਾਬਾਂ ਦਾ ਪੂਰਾ ਸਤਿਕਾਰ ਕਰਦੀ। ਪੁੱਠਾ ਸਿੱਧਾ ਕਰਕੇ ਕਿਤਾਬ ਦੇ ਬਾਹਰ ਲਿਖੇ ਅੱਖਰ ਪੜ੍ਹਨ ਦੀ ਕੋਸ਼ਿਸ਼ ਕਰਦੀ, ਅੱਖਾਂ ਮੀਟ ਮੀਟ ਕੇ ਜ਼ੋਰ ਲਾਉਂਦੀ ਪੜ੍ਹਨ ਲਈ, ਐਨਕ ਦੇ ਨਾਮ ਤੋਂ ਦੂਰ ਬੀਬੀ ਆਪਣੇ ਅਹਿਸਾਸ ਸਦਕਾ ਘਰ ਦੀ ਹਰ ਸ਼ੈਅ ਨੂੰ ਪਛਾਣ ਲੈਂਦੀ।ਘਰ ਦੀ ਹਰ ਸ਼ੈਅ ਜਿਵੇਂ ਬੀਬੀ ਨੂੰ ਸਿਆਣਦੀ ਤੇ ਬੀਬੀ ਹਰ ਚੀਜ਼ ਨੂੰ ਸਾਂਭ ਕੇ ਰੱਖਦੀ। ਅੱਖਾਂ ਬੰਦ ਕਰਕੇ ਗੁਜ਼ਰ ਚੁੱਕੇ ਛੋਟੇ ਵੀਰ ਨੂੰ ਚੇਤੇ ਕਰਦੀ, ਅੱਖੋਂ ਪਾਣੀ ਵਗਣਾ, ਕੱਲੀ ਨੇ ਰੋਣਾ, ਰੱਬ ਨੂੰ ਉਲਾਹਮੇ ਦੇਣੇ। ਬਦ ਦੁਆ ਵੀ ਦਿੰਦੀ ਕਈ ਵਾਰੀ ਰੱਬ ਨੂੰ…”ਕਿਤੇ ਤੇਰੇ ਕੋਲੋਂ ਵੀ ਤੇਰਾ ਕੋਈ ਵੀਰ ਖੋਹ ਲਵੇ”ਬੀਬੀ ਖ਼ਾਮੋਸ਼ ਰਹਿੰਦੀ, ਹੁਣ ਕਮਜ਼ੋਰ ਹੁੰਦੀ ਜਾ ਰਹੀ ਸੀ। ਹੱਥ ਕੰਬਦੇ ਸਨ ਉਸਦੇ ਜਦ ਹੁਣ ਮੇਰੇ ਵਾਲਾਂ ਨੂੰ ਤੇਲ ਲਾਉਂਦੀ। ਪੇਕਿਆਂ ਨੂੰ ਯਾਦ ਕਰਦੀ।ਬੀਬੀ ਅੱਜ ਸਪੁਰਦੇ ਖ਼ਾਕ ਹੋ ਰਹੀ ਸੀ, ਬੀਬੀ ਦੀ ਸਫਿਆਨੀ ਚੁੰਨੀ ਦੇ ਲੜ ਵਿੱਚ ਜਾਪੇ ਅੱਜ ਕਈ ਯਾਦਾਂ ਸਨ, ਬੀਬੀ ਦੀ ਚੁੰਨੀ ਦੀ ਮਹਿਕ ਸਾਰੇ ਵਿਹੜੇ ਵਿੱਚ ਸੀ, ਮੇਰੇ ਸਾਹਾਂ ਵਿੱਚ ਸੀ। ਅੱਜ ਬੀਬੀ ਨੂੰ ਦਫ਼ਨ ਕੀਤਾ ਜਾ ਰਿਹਾ ਸੀ, ਬੀਬੀ ਦੀ ਚੁੰਨੀ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਮੇਰਾ ਕੋਈ ਖ਼ਜ਼ਾਨਾ, ਮੇਰੀ ਕੋਈ ਤਿਜੋਰੀ ਮੇਰੇ ਕੋਲੋਂ ਖੋਹ ਕੇ ਕਿਧਰੇ ਡੂੰਘੀ ਦੱਬ ਰਿਹਾ ਹੋਵੇ।ਕਿਸੇ ਨੇ ਤੁਰ ਜਾਣ ਵਾਲਿਆਂ ਲਈ ਲਿਖਿਆ ਹੈ….ਤੁਮਨੇ ਆਵਾਜ਼ ਨਹੀਂ ਦੀ ਕਭੀ ਮੁੜ ਕਰ ਵਰਨਾਹਮ ਕਈ ਸਦੀਆਂ ਤੁਝੇ ਘੂਮ ਕੇ ਦੇਖਾ ਕਰਤੇ।ਲਿਖਤ ਅਤੇ ਤਸਵੀਰ : ਸ਼ਹਿਬਾਜ਼ ਖ਼ਾਨ(14 ਫ਼ਰਵਰੀ 2022)