More Punjabi Kahaniya  Posts
ਦਾਦੇ ਦੇ ਸਮੇਂ ਦਾ ਵਿਆਹ


ਦਾਦੇ ਦੇ ਸਮੇਂ ਦਾ ਵਿਆਹ
ਦਾਦੇ ਨੇ ਦੱਸਿਆ,” ਸਾਡੇ ਸਮੇਂ ਦੇ ਵਿਆਹ, ਤੁਹਾਡੇ ਸਮੇਂ ਦੇ ਵਿਆਹ ਨਾਲੋਂ ਅਲੱਗ ਸਨ। ਸਾਡੇ ਸਮੇਂ ਜਦੋਂ ਲੜਕੇ ਲੜਕੀ ਦਾ ਰਿਸ਼ਤਾ ਜੋੜਨਾ ਹੁੰਦਾ ਸੀ ਤਾਂ ਪਿੰਡ ਦਾ ਨਾਈ ਜਿੱਥੇ ਮਰਜ਼ੀ ਮੰਗ ਆਉਂਦਾ ਸੀ। ਬਾਅਦ ਵਿਚ ਨਾਈ ਵਿਕਣ ਲੱਗ ਗਏ। ਫਿਰ ਇਹ ਕੰਮ ਰਿਸ਼ਤੇਦਾਰ ਕਰਵਾਉਣ ਲੱਗ ਪਏ। ਕੋਈ ਨਹੀਂ ਸੀ ਦੇਖਣ ਜਾਂਦਾ, ਇਤਬਾਰ ਹੀ ਕਰਦੇ ਸੀ। ਵਿਚੋਲੇ ਰਾਹੀਂ ਹੀ ਛਵਾਰਾ, ਵਿਆਹ ਤੇ ਮੁਕਲਾਵਾ ਆਦਿ ਮੁਕੰਮਲ ਹੁੰਦੇ ਸਨ। ਬਰਾਤ ਵਿੱਚ ਬੰਦੇ ਜਾਂਦੇ ਸਨ, ਔਰਤਾਂ ਨਹੀਂ। ਲੜਕੇ ਦਾ ਪਤਾ, ਜਾਨੀ ਰੰਗ-ਰੂਪ, ਕੱਦ-ਕਾਠ, ਅੰਨਾ-ਕਾਣਾ, ਸੁਹਰੇ ਘਰ ਢੁੱਕਣ ਤੇ ਹੀ ਲੱਗ ਜਾਂਦਾ ਸੀ। ਜਦੋਂ ਬਰਾਤ ਢੁੱਕਦੀ ਸੀ ਤਾਂ ਲੜਕੀ ਚੋਰੀ ਛੁਪੇ ਲੜਕੇ ਨੂੰ ਦੇਖ ਲੈਂਦੀ ਸੀ। ਲੜਕਾ ਪਸੰਦ ਨਾ ਆਉਣ ਤੇ ਕਈ ਕੁੜੀਆਂ ਰੱਟਾ ਪਾ ਲੈਂਦੀਆਂ। ਮਾਪੇ ਤਰਲੇ ਮਿੰਨਤਾਂ ਕਰਕੇ ਮਨਾ ਲੈਂਦੇ। ਫਿਰ ਉਹ ਸਾਰੀ ਉਮਰ ਉਸੇ ਨਾਲ ਗੁਜ਼ਾਰ ਦਿੰਦੀ।
ਜਦੋਂ ਲਾਵਾਂ ਫੇਰੇ ਹੁੰਦੇ ਤਾਂ ਲੜਕੀ ਨੂੰ, ਸ਼ਾਲੂ ਵਿਚ ਲਪੇਟੀ ਨੂੰ ਬੱਝੀ ਪੰਡ ਵਾਂਗ ਚੁੱਕ ਕੇ ਲਾੜੇ ਕੋਲ ਲਿਆ ਬਿਠਾਉਂਦੇ। ਬੈਠਿਆਂ ਹੀ ਲਾਵਾਂ ਹੋ ਜਾਂਦੀਆਂ, ਫਿਰ ਮਾਮਾ ਚੁੱਕ ਕੇ ਹੀ ਲੈ ਜਾਂਦਾ। ਜਦੋਂ ਡੋਲੀ ਪਾਉਂਦੇ ਉਦੋਂ ਵੀ ਚੁੱਕ ਕੇ ਪਾ ਦਿੰਦੇ। ਲਾੜੇ ਦਾ ਦਿਲ ਧੱਕ ਧੱਕ ਕਰਦਾ ਰਹਿੰਦਾ, ਕਿਤੇ ਲੰਗੀਂ ਨਾ ਹੋਵੇ।
ਜਦੋਂ ਡੋਲੀ ਸਹੁਰੇ ਘਰ ਪਹੁੰਚਦੀ ਤਾਂ ਕੁੜੀ ਦੀ ਤੋਰ ਵੇਖੀ ਜਾਂਦੀ। ਜਦੋਂ ਘੁੰਡ ਚੁੱਕ ਕੇ ਦੇਖਦੇ ਤਾਂ ਰੰਗ ਦਾ ਪਤਾ ਲੱਗਦਾ, ਚੰਨ ਦਾ ਟੁਕੜਾ ਹੈ ਜਾਂ ਮੱਸਿਆ ਦੀ ਕਾਲੀ ਬੋਲੀ ਰਾਤ। ਪਹਿਲਾਂ ਤਾਂ ਜਨਾਨੀਆਂ ਹੀ ਦੇਖਦੀਆਂ ਸੀ, ਤੇ ਵਹੁਟੀ ਅੱਖਾਂ ਮੀਟ ਲੈਂਦੀ। ਕਿਸੇ ਨੂੰ ਪਤਾ ਨਾ ਲੱਗਦਾ ਬਿਲੌਰੀ ਅੱਖਾਂ ਕੇ ਭੈਂਗੀ। ਉਹ ਵਿਚੋਲਣ ਅਤੇ ਨੈਣ ਨਾਲ ਹੋਲੀ ਹੋਲੀ ਗੱਲਾਂ...

ਕਰਦੀ, ਘਰ ਦਿਆਂ ਨੂੰ ਫਿਕਰ ਲੱਗਾ ਰਹਿੰਦਾ ਕਿਤੇ ਥੱਥੀ ਨਾ ਹੋਵੇ।
ਲਾੜੇ ਦੇ ਸਾਹ ਉਦੋਂ ਤੱਕ ਸੁੱਕੇ ਰਹਿੰਦੇ, ਜਦੋਂ ਤੱਕ ਖੁਦ ਨਾ ਵੇਖ ਲੈਂਦਾ। ਕਈ ਵਾਰ ਲਾੜਾ ਵੀ ਵਹੁਟੀ ਤੋਂ ਖੁਸ਼ ਨਹੀਂ ਸੀ ਹੁੰਦਾ। ਉਹ ਵੀ ਘਰੋਂ ਭੱਜ ਭੱਜ ਜਾਂਦਾ। ਉਸ ਦੇ ਵੱਡੇ ਵਡੇਰੇ ਉਸ ਦੇ ਅੱਗੇ ਪੱਗਾਂ ਲਾਹ ਲਾਹ ਰੱਖਦੇ,”ਪੁੱਤਰ ਸਾਡੀ ਇੱਜਤ ਦਾ ਸਵਾਲ ਹੈ, ਇੰਜ਼ ਨਾ ਕਰ।” ਉਹ ਵੀ ਸਾਰਿਆਂ ਦੇ ਮੂੰਹ ਵੱਲ ਦੇਖਦਾ ਤੇ ਚੁੱਪ ਕਰਕੇ ਸਭ ਕੁਝ ਪਰਵਾਰ ਕਰ ਲੈਂਦਾ।
ਉਸ ਸਮੇਂ ਸਾਰੇ ਮੁੰਡੇ ਅਤੇ ਕੁੜੀਆਂ ਵਿਆਹ ਤੋਂ ਬਾਅਦ ਇਕ ਦੂਜੇ ਨੂੰ ਇਵੇਂ ਸਵਿਕਾਰ ਕਰ ਲੈਂਦੇ ਸਨ, ਜਿਵੇਂ ਗੁਰੂ ਘਰੋਂ ਮਿਲਿਆ ਪ੍ਰਸ਼ਾਦਾ, ਕੱਚਾ-ਪੱਕਾ, ਮੋਟਾ-ਪਤਲਾ, ਠੰਢਾ-ਤੱਤਾ, ਬਿਹਾ-ਸੱਜਰਾ ਸਵੀਕਾਰ ਕਰਨਾ ਪੈਂਦਾ ਹੈ। ਸਾਰੀ ਜ਼ਿੰਦਗੀ ਉਸੇ ਨਾਲ ਕੱਟਣੀ ਪੈਂਦੀ ਸੀ, ਚਾਹੇ ਕੋਈ ਇਕ ਦੂਜੇ ਤੇ ਖੁਸ਼ ਹੁੰਦਾ ਸੀ ਜਾਂ ਨਹੀਂ। ਸਬਰ ਦੇ ਘੁੱਟ ਤਾਂ ਭਰਨੇ ਪੈਂਦੇ ਸੀ। ਕਈਆਂ ਦੀਆਂ ਜੋੜੀਆਂ ਵਧੀਆ ਵੀ ਬਣ ਜਾਂਦੀਆਂ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਦੋਵੇਂ ਆਪਸ ਵਿਚ ਪਿਆਰ ਕਰਨ ਲੱਗ ਹੀ ਜਾਂਦੇ ਸਨ, ਕਿਉਂਕਿ ਇਹੋ ਹੀ ਪਹਿਲਾ ਤੇ ਆਖਰੀ ਪਿਆਰ ਹੁੰਦਾ ਸੀ।
ਅੱਜ ਦੇਖ ਲਓ,” ਤੁਸੀਂ ਜਾਣੋਂ ਜਾਂ ਤੁਹਾਡਾ ਰੱਬ, ਕਿਵੇਂ ਰਿਸ਼ਤੇ ਹੁੰਦੇ ਤੇ ਕਿਵੇਂ ਕੱਚੀ ਵੰਗ ਵਾਂਗੂੰ ਤੋੜ ਲੈਂਦੇ। ਸਾਡੇ ਹੌਸਲੇ ਦੇਖੋ, ਬਿਨਾਂ ਦੇਖਿਆ ਕਿਵੇਂ ਵਿਆਹ ਤੋਂ ਬਾਅਦ ਇਕ ਦੂਜੇ ਨਾਲ ਪਿਆਰ ਹੋ ਜਾਂਦਾ ਸੀ, ਤੇ ਉਹ ਪਿਆਰ ਵੀ ਪਵਿਤਰ ਹੀ ਹੁੰਦਾ ਸੀ, ਉਹ ਫਿਰ ਟੁੱਟਦਾ ਵੀ ਨਹੀਂ ਸੀ। ਹੁਣ ਦੱਸੋ, ਦਾਦੇ ਦੇ ਸਮਿਆਂ ਦਾ ਵਿਆਹ ਚੰਗਾ ਸੀ ਜਾਂ ਤੁਹਾਡੇ ਸਮੇਂ ਦਾ ਵਿਆਹ।
ਬਲਵਿੰਦਰ ਕੌਰ, ਅੰਮ੍ਰਿਤਸਰ।
41

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)