ਪੰਧ ਜ਼ਿੰਦਗੀ ਦਾ
ਬਹੁਤ ਕੁਛ ਲੂਟ ਚੁੱਕਾ ਆਪਣਾ, ਭਾਵੇਂ ਹੁਣ ਇਕ ਤਿਣਕਾ ਹੀ ਸਹੀ, ਇਹੀ ਸੰਭਲ ਜਾਵੇ ਤਾਂ ਜ਼ਿੰਦਗੀ ਗੁਜਾਰਨ ਲਈ ਕਾਫ਼ੀ ਹੈ।
ਇਕ ਮਹੀਨਾ ਹੀ ਵਿਆਹੁਤਾ ਜੀਵਨ ਜੀਉਣ ਨੂੰ ਮਿਲਿਆ। ਘਰੋਂ ਛੁੱਟੀ ਕਟ ਕੇ ਗਏ, ਪੰਜਵੇਂ ਦਿਨ ਹੀ ਬਾਡਰ ਤੇ ਘੁਸਪੈਠੀਆ ਦੀ ਮੁਠਭੇੜ ਵਿੱਚ ਮੇਰਾ ਪਤੀ ਗੁਰਪਾਲ ਸਿੰਘ ਸ਼ਹੀਦ ਹੋ ਗਿਆ। ਲਾਸ਼ ਘਰ ਆਈ, ਸਰਕਾਰੀ ਸਨਮਾਨ ਨਾਲ ਸੰਸਕਾਰ ਵੀ ਹੋ ਗਿਆ। ਮੇਰੀ ਤਾਂ ਦੁਨੀਆ ਉੱਜੜ ਗਈ। ਸਰਕਾਰ ਵਲੋਂ ਵਧੇਰਾ ਪੈਸਾ ਮਿਲਿਆ ਜੌ ਕਿ ਮੇਰੇ ਸੋਹੁਰੀਆਂ ਨੇ ਸਾਂਭ ਲਿਆ।
ਆਪਣੀ ਜ਼ਿੰਦਗੀ ਮੈਨੂੰ ਇਵੇਂ ਜਾਪਣ ਲੱਗੀ ਜਿਵੇਂ ਸਮੇਂ ਦੇ ਵਗਦੇ ਝੱਖੜਾਂ ਨੇ ਕੋਈ ਹਰਿਆ ਭਰਿਆ ਦਰਖ਼ਤ ਰੁੰਡ ਮੁੰਡ ਕਰ ਦਿੱਤਾ ਹੋਵੇ। ਸਹੁਰੇ ਮੈਨੂੰ ਘਰ ਵਿੱਚ ਫਾਲਤੂ ਸਮਝ ਕੇ ਤੰਗ ਕਰਨ ਲਗ ਪਏ । ਜਦੋਂ ਕਿਸੇ ਲੜਕੀ ਉਤੇ ਜੁਲਮ ਹਦ ਟਪ ਜਾਵੇ ਫਿਰ ਉਹ ਪੇਕਿਆਂ ਨੂੰ ਯਾਦ ਕਰਦੀ ਹੈ, ਮੈਂ ਵੀ ਆਪਣੇ ਪੇਕਿਆਂ ਘਰ ਆ ਗਈ। ਪੇਕੇ ਮਾਪਿਆਂ ਨਾਲ ਹੀ ਹੁੰਦੇ ਹਨ, ਇਹ ਸੁਣਿਆ ਸੀ ਪਰ ਹੁਣ ਸਾਬਿਤ ਵੀ ਹੋ ਗਿਆ। ਪਿਤਾ ਜੀ ਮੇਰੇ ਵਿਵਾਹ ਤੋਂ ਦੋ ਸਾਲ ਪਹਿਲਾਂ ਹੀ ਸ਼ਰੀਰ ਛੱਡ ਗਏ ਸਨ, ਮਾਂ ਬੀਮਾਰ ਰਹਿੰਦੀ ਹੈ। ਕੁਛ ਮਹੀਨੇ ਬਿਤ ਗਏ ਤਾਂ ਭਰਾ ਭਰਜਾਈ ਕਹਿਣ ਲਗ ਪਏ ” ਨਿਰਮਲ ਜ਼ਿੰਦਗੀ ਦਾ ਸਫ਼ਰ ਬਹੁਤ ਲਮਾਂ ਹੈ, ਤੇਰਾ ਕੀਤੇ ਰਿਸ਼ਤਾ ਕਰ ਦਿੰਦੇ ਹਾਂ “। ਇਹ ਗੱਲ ਮੈਨੂੰ ਸ਼ੂਲ ਵਾਂਗ ਚੁੱਭ ਗਈ। ਮੈਂ ਇਕ ਹੌਕਾ ਲਿਆ, ਅੰਦਰੋਂ ਆਵਾਜ਼ ਆਈ ” ਨਿਰਮਲ ਤੂੰ ਸ਼ਹੀਦ ਤੂੰ ਦੀ ਪਤਨੀ ਏ ਕਿਸੇ ਹੋਰ ਦੀ ਹੋ ਕੇ ਕਿਵੇਂ ਜਿਵੇਂਗੀ, ਇਹ ਤਾਂ ਸ਼ਹੀਦ ਦੀ ਨਿਰਾਦਰੀ ਹੋਵੇਗੀ। ਮੈਂ ਕਦੇ ਵੀ...
ਗੁਰਪਾਲ ਨੂੰ ਆਪਣੇ ਦਿਲ ਵਿੱਚੋਂ ਨਹੀਂ ਕਡ ਸਕਾਂਗੀ “।
ਉਹ ਤਾਂ ਮਰਕੇ ਵੀ ਜਿਉਂਦੇ ਹਨ, ਜੌ ਪਰਵਾਨੇ ਹੱਸ ਕੇ ਮਰਦੇ ਹਨ। ਜਿਹੜੇ ਰੋ ਰੋ ਕੇ ਜੀਣ ਉਨ੍ਹਾਂ ਦਾ ਕਿ ਜਿਉਣਾ। ਮੈਂ ਵੀ ਰੋ ਰੋ ਨਹੀਂ ਜੀਵਾਂਗੀ, ਪੈਨਸ਼ਨ ਮੈਨੂੰ ਲਗ ਗਈ ਸੀ। ਆਪਣੀ ਮਾਂ ਨੂੰ ਲੇ ਕੇ ਮੈਂ ਅਲਗ ਰਹਿਣ ਲੱਗ ਪਈ। ਮਨ ਕਹਿਣ ਲਗਾ ਤੂੰ ਵੀ ਸਮਾਜ ਲਈ ਕੁਛ ਕਰ।
ਮੈਂ ਦੇਖਿਆ ਭੱਠੇ ਉਤੇ ਮਜ਼ਦੂਰਾਂ ਦੇ ਛੋਟੇ ਛੋਟੇ ਬੱਚੇ ਮਿੱਟੀ ਵਿੱਚ ਲੱਥਪੱਥ ਹੋਏ ਫਿਰਦੇ ਹਨ। ਉਨ੍ਹਾਂ ਦੇ ਮਾਪਿਆ ਨੂੰ ਸਮਝਾ ਕੇ ਉਹ ਬੱਚਿਆ ਨੂੰ ਪੜ੍ਹਾਉਣ ਲਗ ਪਈ, ਕੁਛ ਬੱਚੇ ਪਿੰਡ ਤੋਂ ਵੀ ਆਉਣ ਲਗ ਪਏ। ਬੱਚਿਆਂ ਨੂੰ ਪੜ੍ਹਾਉਣ ਨਾਲ ਮੇਰਾ ਮਨ ਵੀ ਲਗ ਗਿਆ। ਮੈਨੂੰ ਜਿਉਣ ਦਾ ਮਕਸਦ ਮਿਲ ਗਿਆ, ਬੱਚਿਆ ਨੂੰ ਮੁਫਤ ਪੜ੍ਹਾਈ ਮਿਲਣ ਲੱਗ ਪਈ। ਸਾਰੀ ਉਮਰ ਲਈ ਮੈਂ ਆਪਣਾ ਜੀਵਨ ਸਮਾਜ ਸੇਵਾ ਲਈ ਅਰਪਣ ਕਰ ਦਿੱਤਾ । ਸਮਾਜ ਤੋਂ ਮੈਨੂੰ ਸਤਿਕਾਰ ਵੀ ਮਿਲ ਰਿਹਾ ਹੈ। ਅੱਜ ਮੇਰਾ ਦਿਲ ਕੀਤਾ ਕਿ ਆਪਣੇ ਸ਼ਹੀਦ ਪਤੀ ਨੂੰ ਆਪਣਾ ਰਾਹ ਦਸਾਂ……..
……… ਮੇਰੇ ਪ੍ਰੀਤਮਾ ਸ਼ਹੀਦ ਹੋ ਕੇ ਵੀ ਤੂੰ ਮੇਰੇ ਲਈ ਨਿੱਤ ਨਵਾਂ ਹੈ, ਪਰ ਮੈਂ ਪੁਰਾਣੀ ਹੋ ਰਹੀ ਹਾਂ। ਤੇਰੀ ਮੰਜ਼ਿਲ ਤਾਂ ਹਜੇ ਨਹੀਂ ਲੱਭੀ ਪਰ ਸਾਰੇ ਰਾਹ, ਮੇਰੇ ਸਹਾਰੇ ਬਣ ਰਹੇ ਹਨ। ਤੇਰੀ ਯਾਦ ਦੇ ਸਹਾਰੇ ਇੰਨਾ ਬਿਖਰੇ ਰਾਹਾਂ ਨੂੰ ਵੀ ਅਸਾਨ ਬਣਾ ਕੇ ਜ਼ਿੰਦਗੀ ਦਾ ਪੰਧ ਮੁਕਾ ਲਵਾਂਗੀ।
ਮਾਸਟਰ ਕਰਤਾਰ ਸਿੰਘ
( ੨੦ ਮਾਰਚ ੨੦੨੨)