“ਬਾਈ,ਪਿੰਡ ‘ਚ ਚਾਰ ਪੰਜ ਸੁਰਜੀਤ ਆ,ਤੂੰ ਕਿਹੜੇ ਸੁਰਜੀਤ ਦੀ ਗੱਲ ਕਰਦਾਂ ?” ਮੈਂ ਪਿੰਡ ‘ਚ ਵੜਦਿਆਂ ਹੀ ਤਾਸ਼ ਖੇਡ ਰਹੇ ਬੰਦਿਆਂ ਕੋਲ ਰੁਕ ਸੁਰਜੀਤ ਸਿੰਘ ਬਾਰੇ ਪੁੱਛਿਆ।ਉਸ ਨਾਲ ਮੇਰਾ ਕੋਈ ਸਿੱਧਾ ਨਾਤਾ ਨਹੀਂ ਸੀ ਪਰ ਮੇਰੀ ਜਦੋਂ ਵੀ ਕੋਈ ਰਚਨਾ ਅਖਬਾਰ, ਮੈਗਜ਼ੀਨ ਵਿੱਚ ਛਪਦੀ ਤਾਂ ਉਸ ਨੇ ਰਚਨਾ ਉੱਪਰ ਭਰਪੂਰ ਟਿੱਪਣੀ ਕਰਨੀ।ਉਸ ਦਾ ਗਿਆਨ ਲਾਜਵਾਬ ਸੀ, ਹਰ ਸਾਹਿਤਕ ਵਿਧਾ ਬਾਰੇ ਉਸ ਦੀ ਪਕੜ ਬੜੀ ਡੂੰਘੀ ਸੀ।ਆਪਣੀ ਭਾਸ਼ਾ ਤੋਂ ਇਲਾਵਾ ਉਸ ਨੇ ਦੂਸਰੀਆਂ ਭਾਸ਼ਾਵਾਂ ਅਤੇ ਲੇਖਕਾਂ ਬਾਰੇ ਵੀ ਤਰਕਪੂਰਨ ਗੱਲ ਕਰਨੀ।ਉਸ ਦੇ ਹਵਾਲੇ ਅਤੇ ਟਿੱਪਣੀਆਂ ਸੁਣ ਦੰਗ ਰਹਿ ਜਾਣਾ।ਧਰਮ ਬਾਰੇ ਵੀ ਉਸ ਦਾ ਘੇਰਾ ਬੜਾ ਵਿਸ਼ਾਲ ਸੀ ਅਤੇ ਹਰ ਧਰਮ ਦੀ ਉਸ ਨੂੰ ਚੰਗੀ ਜਾਣਕਾਰੀ ਸੀ।ਉਹ ਜਦੋਂ ਗੱਲ ਕਰਦਾ ਤਾਂ ਲੱਗਦਾ ਜਿਵੇਂ ਕੋਈ ਲਾਇਬਰੇਰੀ ਬੋਲ ਰਹੀ ਹੋਵੇ।ਬੱਸ ਇਨ੍ਹਾਂ ਗੱਲਾਂ ਕਰਕੇ ਹੀ ਮੇਰਾ ਮਨ ਉਸ ਨੂੰ ਮਿਲਣ ਲਈ ਕਰਦਾ।ਅੱਜ ਕੁਦਰਤੀ ਉਸ ਦੇ ਪਿੰਡ ਵੱਲ ਜਾਣਾ ਪਿਆ ਤਾਂ ਮੈਂ ਸਮਾਂ ਕੱਢ ਉਸ ਨੂੰ ਮਿਲਣ ਲਈ ਚੱਲ ਪਿਆ ਪਰ ਉਸ ਦਾ ਫੋਨ ਬੰਦ ਆ ਰਿਹਾ ਸੀ।ਉਸ ਦੇ ਨਾਮ ਤੋਂ ਬਿਨਾਂ ਮੈਨੂੰ ਉਸ ਬਾਰੇ ਕੁੱਝ ਵੀ ਪਤਾ ਨਹੀਂ ਸੀ।ਉਹ ਬੰਦੇ ਸੁਰਜੀਤ ਸਿੰਘ ਬਾਰੇ ਲੱਖਣ ਲਾਉਣ ਲੱਗੇ ਤੇ ਮੈਨੂੰ ਉਸ ਬਾਰੇ ਕੁੱਝ ਹੋਰ ਦੱਸਣ ਲਈ ਕਿਹਾ।ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੀ ਤਾਂ ਉਸ ਨਾਲ ਲੇਖਕ ਦੇ ਤੌਰ...
ਤੇ ਗੱਲਬਾਤ ਹੁੰਦੀ ਹੈ ਤਾਂ ਇੱਕ ਗੱਭਰੂ ਝੱਟ ਬੋਲ ਪਿਆ ਤਾਂ ਤੂੰ ਜੀਤੇ ਪਾਗਲ ਦੀ ਗੱਲ ਕਰਦਾ ਹੋਵੇਂਗਾ।
‘ਜੀਤਾ ਪਾਗਲ’ ਸੁਣ ਮੈਂ ਹੈਰਾਨ ਹੋ ਗਿਆ ਤਾਂ ਗੱਭਰੂ ਨੇ ਦੱਸਿਆ ਕਿ ਉਹ ਬੜਾ ਸਨਕੀ ਬੰਦਾ ਹੈ, ਪੁੱਠੀਆਂ-ਸਿੱਧੀਆਂ ਗੱਲਾਂ ਕਰਦਾ ਰਹਿੰਦਾ।ਕੋਲੋਂ ਕਿਤਾਬਾਂ-ਰਸਾਲੇ ਲਿਆ ਲੋਕਾਂ ਨੂੰ ਪੜ੍ਹਨ ਲਈ ਕਹਿੰਦਾ ਰਹਿੰਦਾ। “ਪੱਕਾ ਉਹ ਹੀ ਹੋਣਾ, ਵੋਟਾਂ ਵੇਲੇ ਵੀ ਚਾਰ ਪੈਸੇ ਬਣਦੇ ਆ ਤਾਂ ਇਹ ਆਪਣੀਆਂ ਮੱਤਾਂ ਦਿੰਦਾ ਰਹਿੰਦਾ।ਚਾਰ ਦਿਨ ਮੁਫਤ ਦੀ ਮਿਲਦੀ ਦਾਰੂ ਵਿੱਚ ਵੀ ਨੁਕਸ ਕੱਢਦਾ ਰਹਿੰਦਾ , ਅਖੇ ਜੁਆਕਾਂ ਬਾਰੇ ਸੋਚੋ..ਇਹ ਦਿਨ ਨਿੱਤ ਆਉਣੇ ਭਲਾਂ।” ਕੋਲ ਬੈਠੇ ਇੱਕ ਅੱਧਖੜ ਨੇ ਪਾਗਲਪਨ ਦੀ ਇੱਕ ਹੋਰ ਸਿਫਤ ਸੁਣਾ ਦਿੱਤੀ।
“ਹਾਂ, ਬੱਸ ਉਹ ਹੀ ਹੋਣਾ, ਉਸ ਦਾ ਘਰ..?” ਮੈਨੂੰ ਵੀ ਸੁਰਜੀਤ ਸਿੰਘ ਅਤੇ ਲੋਕਾਂ ਦੀਆਂ ਗੱਲਾਂ ਤੋਂ ਅਹਿਸਾਸ ਹੋ ਗਿਆ ਸੀ।
“ਬਾਈ,ਦੋ ਗਲੀਆਂ ਛੱਡ ਚਲਾ ਜਾਹ,ਸਾਹਮਣੇ ਹੀ ਕਿਤਾਬਾਂ ਜਾਂ ਅਖਬਾਰਾਂ ਨੂੰ ਚਿੰਬੜਿਆ ਬੈਠਾ ਹੋਣਾ।ਊਂ ਬਾਈ ਤੂੰ ਕੌਣ..?” ਉਨ੍ਹਾਂ ਵਿਚੋਂ ਇੱਕ ਨੇ ਤਾਸ਼ ਇਕੱਠੀ ਕਰਦਿਆਂ ਪੁੱਛਿਆ।
“ਮੈਂ..ਮੈਂ ਮੀਤਾ ਪਾਗਲ।” ਮੈਂ ਉਨ੍ਹਾਂ ਵੱਲ ਬਿਨਾਂ ਦੇਖਿਆਂ ਦੱਸੇ ਟਿਕਾਣੇ ਵੱਲ ਚੱਲ ਪਿਆ ਸੀ।
ਗੁਰਮੀਤ ਸਿੰਘ ਮਰਾੜ੍ਹ