ਪੰਦਰਾਂ ਹਜਾਰ ਫੁੱਟ ਉੱਚਾ ਉੱਡਦਾ ਜਹਾਜ..
ਅਚਾਨਕ ਸੱਜੇ ਪਾਸੇ ਦੇ ਇੰਜਣ ਨੂੰ ਅੱਗ ਲੱਗ ਜਾਂਦੀ..
ਹਾਹਾਕਾਰ ਮੱਚ ਜਾਂਦੀ..ਪੌਣੇ ਤਿੰਨ ਸੌ ਯਾਤਰੀਆਂ ਨੂੰ ਮੌਤ ਦਿਸਣ ਲੱਗ ਜਾਂਦੀ ਏ..
ਜਮੀਨ ਤੇ ਸੁਨੇਹੇ ਅੱਪੜ ਜਾਂਦੇ..ਬੱਸ ਕੁਝ ਕੂ ਮਿੰਟਾਂ ਦੀ ਹੀ ਖੇਡ ਰਹਿ ਗਈ ਲੱਗਦੀ..
ਅਕਸਰ ਇਸ ਮੌਕੇ ਦੋ ਚੀਜਾਂ ਹੀ ਕੰਮ ਆਉਂਦੀਆਂ..
ਹੋਸ਼-ਓ-ਹਵਾਸ ਕਾਇਮ ਰੱਖਦਾ ਹੋਇਆ ਜਹਾਜ ਦਾ ਪਾਈਲਟ ਅਤੇ ਇਸ ਮੌਕੇ ਲਈ ਦਿੱਤੀ ਗਈ ਖਾਸ ਟਰੇਨਿੰਗ ਦਾ ਸਹੀ ਇਸਤੇਮਾਲ!
ਅਖੀਰ ਤਜੁਰਬਾ ਅਤੇ ਹੋਂਸਲਾ ਸਮਝੌਤਾ ਕਰ ਲੈਂਦੇ ਨੇ ਤੇ ਔਖੀ ਘੜੀ ਲੰਘ ਜਾਂਦੀ..
ਅਮਰੀਕੀ ਪਾਇਲਟ ਜਹਾਜ ਨੂੰ ਸੁਰਖਿਅਤ ਜਮੀਨ ਤੇ ਲੈਂਡ ਕਰਾਉਣ ਵਿਚ ਕਾਮਯਾਬ ਹੋ ਜਾਂਦਾ..ਕਿਸੇ ਨੂੰ ਇੱਕ ਝਰੀਟ ਨਹੀਂ!
ਜਹਾਜ ਵਿਚੋਂ ਹੀ ਬਣੀ ਇਸ ਵੀਡੀਓ ਨੂੰ ਵੇਖ ਸੋਚ ਰਿਹਾ ਸਾਂ..
ਜਿਹੜੀਆਂ ਕੌਮਾਂ ਨੂੰ ਨਾਜ਼ੁਕ ਮੌਕਿਆਂ ਤੇ ਹੋਸ਼-ਓ-ਹਵਾਸ ਕਾਇਮ ਰੱਖਦੇ ਹੋਏ ਆਗੂ ਮਿਲ ਜਾਵਣ ਓਹਨਾ ਦੇ ਜਹਾਜ ਕਦੀ ਵੀ ਕਰੈਸ਼ ਨਹੀਂ ਹੁੰਦੇ..ਚਾਹੇ ਜਿੰਨੀਆਂ ਮਰਜੀ ਅੱਗਾਂ ਲੱਗੀ ਜਾਵਣ!
ਅੱਜ ਤੋਂ ਤਕਰੀਬਨ ਸਾਢੇ ਤਿੰਨ ਦਹਾਕੇ ਪਹਿਲਾਂ..
ਸੰਘਰਸ਼ ਦੌਰਾਨ ਕੋਈ ਰੂਪੋਸ਼ ਸਿੰਘ ਜਿਉਂਦੇ ਜੀ ਪੁਲਸ ਦੇ ਕਾਬੂ ਆ ਜਾਂਦਾ ਤਾਂ ਜਥੇਬੰਦੀਆਂ ਦੇ ਅੰਦਰੋਂ ਅੰਦਰ ਭਾਵੇਂ ਲੱਖ ਵਿਚਾਰਧਾਰਿਕ ਵਖਰੇਵੇਂ ਹੁੰਦੇ..ਪਰ ਸਾਰਿਆਂ ਦੇ ਇੱਕਠੇ ਬਿਆਨ ਆਉਂਦੇ..ਸਾਡੇ ਸਿੰਘ ਦਾ ਨੁਕਸਾਨ ਹੋਇਆ ਤਾਂ ਸਰਕਾਰ ਜੁੰਮੇਵਾਰ ਹੋਵੇਗੀ..ਕਦੀ ਇਹ ਬਿਆਨ ਨਹੀਂ ਕੇ ਹੁਣ ਸਰਕਾਰ ਜਾ ਪੁਲਸ ਫੈਸਲਾ ਲਵੇ ਕੇ ਫੜੇ ਹੋਏ ਇਸ ਸਿੰਘ ਨਾਲ ਕੀ ਵਰਤਾਓ ਕਰਨਾ..ਕਿਓੰਕੇ ਸਾਡਾ ਉਸ ਨਾਲ ਕੋਈ ਸਬੰਧ ਨਹੀਂ!
ਮੋਇਆਂ ਵਿਚ ਜਾਨ ਫੂਕਣ ਵਾਲਾ ਖਾਲਸੇ ਦਾ ਉਹ ਨਿਸ਼ਾਨ ਸਾਹਿਬ ਅੱਜ ਦਾਤਰੀ ਹਥੌੜੇ ਹੇਠ ਲੁਕੋ ਦਿੱਤਾ ਗਿਆ..!
ਦੇਵ ਪੁਰਸ਼ਾਂ ਦੇ ਜਿਹਨਾਂ ਡੌਲਿਆਂ ਦੇ ਜ਼ੋਰ ਨੇ ਕਿਸੇ ਵੇਲੇ ਕਚਹਿਰੀਆਂ ਵਿੱਚ ਉੱਗੇ ਪਿੱਪਲ ਦੀ ਛਾਂ ਹੇਠ ਸੁੱਕੀ ਰੋਟੀ ਖਾ ਇਨਕਲਾਬ ਭਾਲਦਿਆਂ ਨੂੰ ਦਿੱਲੀ ਦੀਆਂ ਜਿੱਤ ਵਾਲੀਆਂ ਬਰੂਹਾਂ ਤੱਕ ਜਾ ਖਲਿਆਰਿਆ..ਅੱਜ ਓਹੀ ਮਾਵਾਂ ਦੇ ਪੁੱਤ ਬੇਘਰੇ ਐਲਾਨ ਦਿੱਤੇ ਗਏ..ਫੜੋ ਤਸ਼ੱਦਤ ਕਰੋ ਤੇ ਜਾ ਫੇਰ ਝੂਠੇ-ਸੱਚਿਆਂ ਵਿਚ ਮਾਰ ਮੁਕਾਓ..ਸਾਡੇ ਵੱਲੋਂ ਖੁੱਲੀ ਛੁੱਟੀ!
ਇੱਕ ਨੌਜੁਆਨ ਰੋ ਪਿਆ..
ਅਖ਼ੇ ਹਰਦੀਪ ਸਿੰਘ ਡਿਬਡਿਬਾ ਦੇ ਪੋਤਰੇ ਨਵਰੀਤ ਸਿੰਘ ਨੂੰ ਗੋਲੀ ਲੱਗੀ ਤਾਂ ਦੋ ਘੰਟੇ ਲਾਸ਼ ਕੋਲ ਹੀ ਬੈਠੇ ਰਹੇ..ਲੀਡਰਾਂ ਨੂੰ ਫੋਨ ਕੀਤਾ..ਅੱਗੋਂ ਆਖਦੇ”ਸਾਨੂੰ ਤੰਗ ਪ੍ਰੇਸ਼ਾਨ ਨਾ ਕਰੋ..ਅਸੀ ਅੱਗੇ ਬਿਪਤਾ ਨੂੰ ਫੜੇ ਹੋਏ ਹਾਂ”
ਅੱਜ ਆਖਦੇ ਅਸੀਂ ਕਿਸੇ ਦਾ ਠੇਕਾ ਨਹੀਂ ਲਿਆ..ਸਹੀ ਕਿਹਾ ਕਿਸੇ ਨੇ ਔਕਾਤ ਨਾਲੋਂ ਕਿਤੇ ਵਧੇਰਾ ਮਿਲ ਜਾਵੇ ਤਾਂ ਇੰਝ ਹੀ ਹੁੰਦਾ..
ਸਦੀਆਂ ਤੋਂ ਹੁੰਦਾ...
ਆਇਆ..ਸੰਤਾਲੀ ਵੇਲੇ ਬਲਦੇਵ ਸਿੰਘ ਕਲਕੱਤੇ ਆਲੇ ਬਿਜਨਸ ਕਰਕੇ ਕੌਂਮ ਨਾਲ ਧ੍ਰੋਹ ਕਮਾ ਗਿਆ..ਪੰਥ ਰਤਨ ਲਈ ਬਾਲਾਸੌਰ ਵਾਲਾ ਫਾਰਮ ਅਤੇ ਯੂ.ਪੀ ਰਾਜਿਸਥਾਨ ਵਾਲੇ ਹਜਾਰਾਂ ਏਕੜ ਅਤੇ ਫਰੀਦਾਬਾਦ ਵਾਲਾ ਹੋਟਲ ਕਮਜ਼ੋਰੀ ਬਣ ਗਏ..!
ਖੈਰ ਕਹਾਣੀ ਲੰਮੀ ਹੋ ਜਾਣੀ ਏ..
ਏਨੀ ਗੱਲ ਆਖਾਂਗਾ..ਜਦੋਂ ਪਰਛਾਵੇਂ ਕਦ ਨਾਲੋਂ ਲੰਮੇ ਹੋ ਜਾਵਣ ਤਾਂ ਸਮਝ ਲੈਣਾ ਚਾਹੀਦਾ ਕੇ ਸ਼ਾਮ ਪੈਣ ਵਾਲੀ ਏ..!
ਕਾਮਰੇਡਾਂ ਦੀ ਉਦਾਹਰਣ..
ਚੀ.ਗੁਵੇਰਾ ਦੀ ਸੂਹ ਦੇਣ ਵਾਲੇ ਚਰਵਾਹੇ ਨੂੰ ਪੁੱਛਿਆ ਕੇ ਤੂੰ ਇੰਝ ਕਿਓਂ ਕੀਤਾ ਤਾਂ ਆਖਣ ਲੱਗਾ ਇਹ ਬਾਗੀ ਜਦੋਂ ਗੋਲੀਆਂ ਚਲਾਇਆ ਕਰਦਾ ਤਾਂ ਮੇਰੀਆਂ ਭੇਡਾਂ ਡਰ ਜਾਇਆ ਕਰਦੀਆਂ!
ਮਾਲਵੇ ਦੀ ਸੱਚੀ ਕਹਾਣੀ ਏ..
ਗਿਆਰਾਂ ਕੂ ਸਾਲ ਦਾ ਮੇਰਾ ਨਿੱਕਾ ਵੀਰ..ਕਬੂਤਰ ਰੱਖਣ ਦਾ ਬੇਹੱਦ ਸ਼ੋਕੀਨ..
ਇੱਕ ਦਿਨ ਰੋਟੀ ਟੁੱਕ ਖਾਣ ਅਕਸਰ ਆ ਜਾਂਦੇ ਸਿੰਘਾਂ ਦੇ ਗਰੁੱਪ ਨਾਲ ਜਾ ਰਲਿਆ..
ਡੈਡੀ ਲੱਭ ਲੱਭ ਕਮਲਾ ਹੋ ਗਿਆ..
ਫੇਰ ਸੁਨੇਹਾ ਆਇਆ..
ਅਖ਼ੇ ਆਪਣਾ ਮੁੰਡਾ ਲੈ ਜਾਵੋ..ਸਾਡੇ ਆਖੇ ਨਹੀਂ ਲੱਗਦਾ..ਅਜੇ ਛੋਟਾ ਏ..!
ਡੈਡੀ ਦੱਸੇ ਪਤੇ ਤੇ ਅੱਪੜਿਆ..
ਅੱਗੇ ਤਾਜੀ-ਤਾਜੀ ਗੋਲ਼ੀ ਚੱਲ ਕੇ ਹਟੀ ਸੀ..
ਕਿੰਨੀ ਸਾਰੀ ਪੁਲਸ ਟਰੱਕ ਵਿੱਚ ਲੋਥਾਂ ਲੱਦ ਰਹੀ ਸੀ..
ਡੈਡੀ ਨੂੰ ਸੁੱਝ ਗਈ..ਮੇਰੇ ਵਾਲਾ ਵੀ ਪੱਕਾ ਇਹਨਾਂ ਪੰਜਾ ਨਾਲ ਖਤਮ ਹੋ ਗਿਆ ਹੋਣਾ..
ਪਰ ਉਹ ਸਹੀ ਸਲਾਮਤ ਮਿਲ ਗਿਆ..ਉਹ ਉਸਨੂੰ ਪਹਿਲਾਂ ਹੀ ਕਿਧਰੇ ਹੋਰ ਛੱਡ ਆਏ ਸਨ!
ਵੀਰਾ ਘਰੇ ਆਇਆ..ਗਵਾਚਿਆ ਜਿਹਾ..ਚੁੱਪ ਚੁੱਪ..
ਮੈਂ ਅੱਗੋਂ ਨੱਸੀ ਗਈ..ਆਖਿਆ ਵੀਰੇ ਇੱਕ ਬੁਰੀ ਖਬਰ ਏ..ਰਾਤੀ ਤੇਰੇ ਕਬੂਤਰਾਂ ਵਾਲਾ ਆਲਾ ਖੁੱਲ੍ਹਾ ਰਹਿ ਗਿਆ..ਪੰਜ ਕਬੂਤਰ ਬਿੱਲੀ ਖਾ ਗਈ..ਅੱਗੋਂ ਆਖੀ ਜਾਵੇ..ਬਿੱਲੀ ਨਹੀਂ ਭੈਣੇ ਦਿੱਲੀ ਖਾ ਗਈ..ਦਿੱਲੀ ਨੇ ਮੁਕਾ ਦਿੱਤੇ!
ਦੋਸਤੋ ਦਿੱਲੀ ਨੂੰ ਕੋਈ ਪ੍ਰਵਾਹ ਨਹੀਂ ਭਾਵੇਂ ਪੰਜ ਮੁੱਕਣ ਤੇ ਭਾਵੇਂ ਪੰਜ ਲੱਖ..
ਪਰ ਹਿਤੈਸ਼ੀ ਸੋਚ ਅੱਗੇ ਜੋਦੜੀ ਏ..
ਇਹਨਾਂ ਨੂੰ ਬੇਗਾਨੇ ਆਖਣ ਤੋਂ ਪਹਿਲਾਂ ਇਹ ਨਾ ਭੁੱਲੋ ਕੇ ਦਸਮ ਪਿਤਾ ਨੇ ਤਾਂ ਬੇਦਾਵਾ ਲਿਖਣ ਵਾਲੇ ਵੀ ਆਪਣੇ ਸੀਨੇ ਨਾਲ ਲਾ ਲਏ ਸਨ..ਪਰ ਇਹਨਾਂ ਦਾ ਤੇ ਕਸੂਰ ਵੀ ਕੋਈ ਨੀ..
ਇਹਨਾਂ ਨੇ ਤਾਂ ਸਿਰਫ ਸਿੱਖੀ ਅਤੇ ਸ਼ਾਨਾਮੱਤੇ ਇਤਿਹਾਸ ਨਾਲ ਲਬਰੇਜ ਖਾਲਸੇ ਦੇ ਬੋਲਬਾਲੇ ਦੀ ਹੀ ਗੱਲ ਕੀਤੀ ਸੀ..ਜਿਸਦੀ ਗੱਲ ਕਰਨੀ ਹਰੇਕ ਸਿੱਖ ਦਾ ਬੁਨਿਆਦੀ ਹੱਕ ਏ!
ਹਰਪ੍ਰੀਤ ਸਿੰਘ ਜਵੰਦਾ