ਮੀਰਾਂ ਕੋਟ ਚੌਕ ਕੋਲ ਬਾਬਾ ਜੀ ਮਿਲ ਪਏ..ਸਬਜੀ ਵੇਚਦੇ..ਉਮਰ ਅੱਸੀ ਕੂ ਸਾਲ..ਮਸਾਂ ਤੁਰ ਹੋਏ ਤਾਂ ਵੀ ਚੜ੍ਹਦੀ ਕਲਾ ਵਿਚ..ਨਾਲਦੀ ਵੀਹ ਸਾਲ ਪਹਿਲੋਂ ਚਲੀ ਗਈ..ਹੁਣ ਸਬਜੀ ਵੇਚਣੀ ਪੈ ਗਈ..ਔਲਾਦ ਰੰਗ ਤਮਾਸ਼ਿਆਂ ਵਿਚ ਮਸਤ..ਮੇਰੇ ਜੋਗਾ ਟਾਈਮ ਹੈਨੀ..ਫੇਰ ਵੀ ਕੋਈ ਗਿਲਾ ਨਹੀਂ..ਸ਼ੁਕਰ ਏ ਉਸ ਮਾਲਕ ਦਾ..ਗਾਤਰਾ ਵਿਖਾਉਂਦੇ ਆਖਣ ਲੱਗੇ ਤੜਕੇ ਨਿੱਤਨੇਮ ਮਗਰੋਂ ਮੰਡੀਓਂ ਸਬਜੀ ਚੁੱਕਦਾ ਹਾਂ ਤੇ ਮੁੜਕੇ ਰੋਟੀ ਟੁੱਕ ਜੋਗਾ ਬਣਾ ਵਾਪਿਸ ਪਰਤ ਜਾਂਦਾ..ਹੋਰ ਵੀ ਕਿੰਨੀਆਂ ਗੱਲਾਂ ਕੀਤੀਆਂ!
ਮੈਨੂੰ ਭਾਵੇਂ ਲੋੜ ਨਹੀਂ ਸੀ ਤਾਂ ਵੀ ਕਿੰਨੀ ਸਾਰੀ ਮੁੱਲ ਲੈ ਲਈ..ਬਕਾਇਆ ਮੋੜਨ ਪਰ ਨਾ ਲਿਆ..ਫੇਰ ਓਸੋਂ ਤੱਕ ਅਸੀਸਾਂ ਦਿੰਦੇ ਰਹੇ ਜਦੋਂ ਤੱਕ ਅੱਖਾਂ ਤੋਂ ਓਹਲੇ ਨਾ ਹੋ ਗਈ..!
ਬਾਬੇ ਰਾਮਦਾਸ ਦੀ ਨਗਰੀ ਅੰਦਰ ਘੁੰਗਣੀਆਂ ਵੇਚਦੇ...
ਤੁਰੇ ਫਿਰਦੇ ਕਿੰਨੇ ਸਾਰੇ ਰੱਬ..ਸਰਲ ਤੇ ਸਪਸ਼ਟ ਜਿੰਦਗੀ ਜਿਉਣ ਦਾ ਹੋਕਾ ਦਿੰਦੇ ਹੋਏ..!
ਸਭ ਕੁਝ ਕੋਲ ਹੁੰਦੇ ਹੋਏ ਵੀ ਚੋਵੀ ਘੰਟੇ ਹੋਰ ਜਿਆਦਾ ਇਕੱਠਾ ਕਰ ਲੈਣ ਵਾਲੇ ਗਧੀਗੇੜ ਵਿਚ ਪਏ ਅਸੀ ਦੁਨੀਆਦਾਰ..ਸਾਨੂੰ ਏਨੀ ਗੱਲ ਆਖਦੇ ਹੋਏ ਕੇ ਰਵਾਨਗੀ ਵੇਲੇ ਬੈੰਕ ਅਲਮਾਰੀਆਂ ਬੇਸ਼ੱਕ ਨੱਕੋ ਨੱਕ ਭਰੀਆਂ ਹੋਣ ਪਰ ਹੱਥ ਅਤੇ ਕਫ਼ਨ ਦੇ ਬੋਝੇ ਬਿਲਕੁਲ ਖਾਲੀ ਹੋਣੇ..ਅਤੇ ਉਸ ਦੇ ਦਰਬਾਰ ਵਿਚ ਸਿਰਫ ਅਮਲਾਂ ਦੇ ਹੋਣਗੇ ਨਬੇੜੇ..ਜਾਤ ਕਿਸੇ ਪੁੱਛਣੀ ਨਹੀਂ..!
ਹਰਪ੍ਰੀਤ ਸਿੰਘ ਜਵੰਦਾ