ਸੌਂਹ ਦਾ ਡਰ
ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਸਾਡੇ ਬਚਪਨ ਵਿਚ ਲੋਕ ਆਪਣੀ ਸਚਾਈ ਦਾ ਵਿਸ਼ਵਾਸ ਦਿਲਵਾਉਣ ਲਈ ਅਕਸਰ ਸੌਂਹ ਦਾ ਸਹਾਰਾ ਲੈਂਦੇ ਸਨ। ਇਹ ਮੰਨਿਆ ਜਾਂਦਾ ਸੀ ਕਿ ਜੇਕਰ ਕੋਈ ਗ਼ਲਤ ਜਾਂ ਝੂਠੀ ਸੌਂਹ ਖਾਂਦਾ ਹੈ ਤਾਂ ਰੱਬ ਉਸ ਦਾ ਬੁਰਾ ਕਰਦਾ ਹੈ ਅਤੇ ਉਸ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਲਈ ਲੋਕ ਝੂਠੀ ਸੌਂਹ ਖਾਣ ਤੋਂ ਡਰਦੇ ਸਨ। ਜਦੋਂ ਕਿਸੇ ਉੱਤੇ ਕੋਈ ਸ਼ੱਕ ਹੁੰਦਾ ਸੀ ਤਾਂ ਲੋਕ ਅਕਸਰ ਕਹਿੰਦੇ ਸਨ, ਖਾਹ ਸੌਂਹ। ਜੇਕਰ ਅੱਗੋਂ ਉਹ ਕਹਿ ਦਿੰਦਾ ਕਿ, ‘ਧਰਮ ਨਾਲ ਮੈਂ ਸੱਚ ਬੋਲ ਰਿਹੈਂ’ ਤਾਂ ਉਸ ਨੂੰ ਸਹੀ ਮੰਨ ਲਿਆ ਜਾਂਦਾ ਸੀ। ਇਸ ਤੋਂ ਇਲਾਵਾ ਰੱਬ ਦੀ ਸੌਂਹ, ਵਿਦਿਆ ਪੜ੍ਹਾਈ ਦੀ ਸੌਂਹ, ਬਾਬੇ ਦੀ ਸੌਂਹ, ਬਾਪੂ ਦੀ ਸੌਂਹ ਖਾਣ ਉੱਤੇ ਬੰਦੇ ਦੀ ਗੱਲ ਦਾ ਵਿਸ਼ਵਾਸ ਕਰ ਲਿਆ ਜਾਂਦਾ ਸੀ। ਜਾਂ ਫਿਰ ਸਚਾਈ ਜਾਨਣ ਲਈ ਨੇਮ ਚੁਕਾਇਆ ਜਾਂਦਾ ਸੀ। ਜੇਕਰ ਕੋਈ ਬੰਦਾ ਗੁਰਦਵਾਰੇ ਜਾਂ ਮੰਦਿਰ ਵਿਚ ਜਾ ਕੇ ਆਪਣੇ ਬੱਚਿਆਂ ਜਾਂ ਆਪਣੇ ਖਾਸ ਬੰਦੇ ਦਾ ਨੇਮ ਚੁੱਕ ਲੈਂਦਾ ਸੀ ਤਾਂ ਉਸ ਉੱਤੇ ਵਿਸ਼ਵਾਸ ਕਰ ਲਿਆ ਜਾਂਦਾ ਸੀ ਕਿ ਇਹ ਸੱਚ ਬੋਲ ਰਿਹਾ ਹੈ। ਲੜਕੀਆਂ ਆਪਣੀ ਸਚਾਈ ਦਾ ਵਿਸ਼ਵਾਸ ਦਿਲਵਾਉਣ ਲਈ ਅਕਸਰ ਆਪਣੇ ਭਾਈ ਜੀ ਸੌਂਹ ਖਾਂਦੀਆਂ ਸਨ। ਕਿਸੇ ਦਾ ਸੌਂਹ ਖਾ ਲੈਣਾ ਉਸ ਦੇ ਸੱਚੇ ਹੋਣ ਦਾ ਵੱਡਾ ਸਬੂਤ ਹੁੰਦਾ ਸੀ।
ਅਦਾਲਤਾਂ ਵਿਚ ਵੀ ਕੋਈ ਬਿਆਨ ਜਾਂ ਗਵਾਹੀ ਲੈਣ ਤੋਂ ਪਹਿਲਾਂ ਗਰੰਥਾਂ ਦੀ ਸੌਂਹ ਚੁਕਾਈ ਜਾਂਦੀ ਹੈ ਤਾਂ ਜੋਂ ਬੰਦਾ ਸੌਂਹ ਦੇ ਡਰ ਕਾਰਣ ਸੱਚ ਬੋਲੇ। ਲੇਕਿਨ ਕਿਸੇ ਨੇ ਸਹੀ ਕਿਹਾ ਹੈ ਕਿ ਅੱਜ ਕਲ ਅਦਾਲਤਾਂ ਨਾਲੋਂ ਤਾਂ ਮੈਖ਼ਾਨਿਆਂ ਵਿਚ ਸ਼ਰਾਬੀਆਂ ਵਲੋਂ ਜਿਆਦਾ ਸੱਚ ਬੋਲਿਆ ਜਾਂਦਾ ਹੈ।
ਸਾਡੇ ਸਿਆਸਤਦਾਨਾਂ ਨੇ ਤਾਂ ਸੌਂਹ ਦਾ...
ਮਜ਼ਾਕ ਹੀ ਬਣਾ ਦਿੱਤਾ ਹੈ। ਇਹ ਤਾਂ ਵੋਟਾਂ ਲੈਣ ਲਈ ਕੁਝ ਵੀ ਕਰ ਸਕਦੇ ਹਨ ਲੇਕਿਨ ਭੋਲੇ ਲੋਕ ਉਨ੍ਹਾਂ ਦੀ ਸੌਂਹ ਉੱਤੇ ਫਿਰ ਵਿਸ਼ਵਾਸ਼ ਕਰ ਲੈਂਦੇ ਹਨ। ਕੋਈ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਭੁੱਲ ਜਾਂਦਾ ਹੈ। ਕੋਈ ਸ਼ਰਾਬ ਨਾਂ ਪੀਣ ਲਈ ਮਾਂ ਦੀ ਸੌਂਹ ਖਾ ਜਾਂਦਾ ਹੈ, ਕੋਈ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਭਾਈ ਦੇ ਸੱਚੇ ਹੋਣ ਦੀਆਂ ਸੌਂਹਾਂ ਖਾਂਦਾ ਹੈ। ਜਦਕਿ ਅਸਲੀਅਤ ਵਿੱਚ ਉਸ ਸਚਾਈ ਦਾ ਉਨ੍ਹਾਂ ਨੂੰ ਖੁਦ ਵੀ ਕੋਈ ਭਰੋਸਾ ਜਾਂ ਵਿਸ਼ਵਾਸ ਨਹੀਂ ਹੁੰਦਾ। ਆਸਾਨੀ ਨਾਲ ਐਨੀਆਂ ਵੱਡੀਆਂ ਸੌਂਹਾਂ ਖਾ ਜਾਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਸੌਂਹ ਦਾ ਕੋਈ ਡਰ ਨਹੀਂ। ਉਹ ਸਮਝਦੇ ਹਨ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਰਾਜਨੀਤਿਕ ਨੇਤਾਵਾਂ ਨੂੰ ਚੋਣਾਂ ਜਿੱਤਣ ਉੱਤੇ, ਵਿਧਾਇਕ, ਮੰਤਰੀ ਅਤੇ ਹਰ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਅਹੁਦੇ ਦੀ ਸਹੀ ਵਰਤੋਂ ਅਤੇ ਇਮਾਨਦਾਰੀ ਨਾਲ ਆਪਣੇ ਫ਼ਰਜ਼ ਨਿਭਾਉਣ ਦੀ ਸੌਂਹ ਖਵਾਈ ਜਾਂਦੀ ਹੈ ਲੇਕਿਨ ਇਹ ਸਿਰਫ ਰਸਮੀ ਕਾਰਵਾਈ ਬਣ ਕੇ ਹੀ ਰਹਿ ਗਈ ਹੈ ਅਤੇ ਇਨ੍ਹਾਂ ਉਤੇ ਇਸ ਦਾ ਕੋਈ ਪ੍ਰਭਾਵ ਦਿਖਾਈ ਨਹੀਂ ਦਿੰਦਾ। ਇਸ ਤਰਾਂ ਲਗਦਾ ਹੈ ਲਾਲਾਚ ਅਤੇ ਹੰਕਾਰ ਕਾਰਣ ਸੌਂਹਾਂ ਦਾ ਡਰ ਖਤਮ ਹੋ ਚੁੱਕਾ ਹੈ।
ਅਜਿਹੇ ਹਾਲਾਤਾਂ ਵਿੱਚ ਜਰੂਰੀ ਹੈ ਕਿ ਅਜਿਹਾ ਸਿਸਟਮ ਸਿਰਜਿਆ ਜਾਵੇ ਜਿੱਥੇ ਬਿਨਾ ਪੱਖਪਾਤ ਦੇ ਸਹੀ ਗ਼ਲਤ ਦੀ ਪਹਿਚਾਣ ਹੋਵੇ ਅਤੇ ਦੋਸ਼ ਸਹੀ ਹੋਣ ਉੱਤੇ ਗਲਤੀ ਦੀ ਸਜ਼ਾ ਦਿੱਤੀ ਜਾਵੇ ਤਾਂ ਹੀ ਗੁਨਾਹ ਕਰਨ ਤੋਂ ਡਰ ਮਹਿਸੂਸ ਹੋਵੇਗਾ।
ਸੁਖਜੀਤ ਸਿੰਘ ਨਿਰਵਾਨ