ਦੁਖੀ ਬੰਦਾ ਪਿੰਡ ਦੇ ਬਾਹਰ ਡੇਰੇ ਲਾਈ ਬਜ਼ੁਰਗ ਬਾਬਾ ਜੀ ਦੇ ਪੈਰੀਂ ਪੈ ਗਿਆ ਤੇ ਆਖਣ ਲੱਗਾ ..ਬਾਬਾ ਜੀ, ਮੁਸ਼ਕਲਾਂ ਨੇ ਜਿੰਦਗੀ ਹਰਾਮ ਕੀਤੀ ਪਈ ਹੈ ..ਕਾਰੋਬਾਰ ਵਿਚ ਘਾਟੇ ਪਈ ਜਾਂਦੇ ..ਸਿਹਤ ਖਰਾਬ ਰਹਿੰਦੀ ..ਘਰ ਵਿਚ ਕਲੇਸ਼ ਰਹਿੰਦਾ ਤੇ ਔਲਾਦ ਆਖੇ ਨਹੀਂ ਲੱਗਦੀ , ਸੁਖ ਚੈਨ ਗੁਆਚ ਗਿਆ ..ਸਾਰੀ ਸਾਰੀ ਰਾਤ ਚਿੰਤਾ ਦੀ ਬੁੱਕਲ ਵਿਚ ਪਏ ਨੂੰ ਨੀਂਦਰ ਨਹੀਂ ਆਉਂਦੀ ..ਸੱਚ ਪੁਛੋ ਤੇ ਕਈ ਵਾਰੀ ਤੇ ਦਿਲ ਕਰਦਾ ਸਿਆਪਾ ਮੁਕਾਵਾਂ ਜਿੰਦਗੀ ਦਾ ..ਕਿ ਥੁੜਿਆ ਇਹੋ ਜਿਹੇ ਜੀਊਣ ਨਾਲੋਂ ….ਹੁਣ ਹਾਰ ਕੇ ਤੁਹਾਡੀ ਸ਼ਰਨ ਵਿਚ ਆਇਆ ਹਾਂ ਕੋਈ ਹੱਲ ਕੱਢੋ ?
ਬਜ਼ੁਰਗ ਕਹਿੰਦੇ.. ਪੁੱਤ ਤੇਰੇ ਸਾਰੇ ਮਸਲਿਆਂ ਦਾ ਹੱਲ ਕੱਲ ਨੂੰ ਕੱਢਾਂਗੇ ਪਰ ਅੱਜ ਰਾਤ ਤੈਨੂੰ ਮੇਰਾ ਇੱਕ ਕੰਮ ਕਰਨਾ ਪਊ !
ਮੈਨੂੰ ਕਿਸੇ ਕੰਮ ਵਾਸਤੇ ਬਾਹਰ ਜਾਣਾ ਪੈਣਾ ਤੈਨੂੰ ਏਥੇ ਬੋਹੜ ਹੇਠਾਂ ਖਲੋਤੇ ਮੇਰੇ ਸੌ ਊਂਠਾਂ ਦੀ ਰਾਖੀ ਕਰਨੀ ਪਊ !
ਇੱਕ ਗੱਲ ਦਾ ਖਾਸ ਖਿਆਲ ਰੱਖੀਂ ਜਿੰਨੀ ਦੇਰ ਸਾਰੇ ਊਂਠ ਭੁੰਜੇ ਨਹੀਂ ਬਹਿ ਜਾਂਦੇ ..ਤੂੰ ਸੌਣਾ ਨਹੀਂ !
ਬੰਦਾ ਕਹਿੰਦਾ ਠੀਕ ਹੈ ਬਜ਼ੁਰਗੋ !
ਅਗਲੀ ਸੁਵੇਰ ਬਜ਼ੁਰਗ ਬਾਬਾ ਜੀ ਵਾਪਿਸ ਆਏ ਤਾਂ ਕੀ ਦੇਖਦੇ ਬੰਦਾ ਉਨੀਂਦਰੇ ਦਾ ਮਾਰਿਆ ਰੋਣਹਾਕਾ ਹੋਇਆ ਇੱਕ ਪਾਸੇ ਮੂਧਾ ਹੋਇਆ ਪਿਆ !
ਬਜ਼ੁਰਗ ਪੁੱਛਦੇ ਹਾਂ ਬਈ ਜੁਆਨਾਂ ..ਰਾਤੀਂ ਅੱਖ ਲੱਗੀ ਕੇ ਨਹੀਂ ..?
ਕਹਿੰਦਾ ਬਜ਼ੁਰਗੋਂ ਅੱਖ ਕਾਹਦੀ ਲੱਗਣੀ ਸੀ ..ਸਾਰੀ ਰਾਤ ਊਂਠਾਂ ਦਾ ਵੱਗ ਬਿਠਾ ਬਿਠਾ ਕਮਲਾ ਹੋਇਆ ਪਿਆਂ .. ਐਸੀ ਭੈੜੀ ਨਸਲ ..ਇੱਕ ਨੂੰ ਬਿਠਾਉਂਦਾ ਸੀ ਦੂਜਾ ਉੱਠ...
ਖਲੋਂਦਾ ..ਦੂਜੇ ਨੂੰ ਬਿਠਾਉਂਦਾ ਤੀਜਾ ਉੱਠ ਜਾਂਦਾ ..ਬੱਸ ਇਸੇ ਉਠਾਉਣ ਬਿਠਾਉਣ ਦੇ ਚੱਕਰ ਵਿਚ ਸਾਰੀ ਰਾਤ ਨਿੱਕਲ ਗਈ !
ਅੱਗੋਂ ਪੁੱਛਦਾ ..” ਇੱਕ ਗੱਲ ਦਸਿਓ ਬਾਬਾ ਜੀ ..ਤੁਸੀਂ ਕਿੱਦਾਂ ਸੌਂ ਲੈਂਦੇ ਹੋ ਇਸ ਸਾਰੇ ਵਰਤਾਰੇ ਵਿਚ ..ਤੇ ਸਾਰਿਆਂ ਨੂੰ ਇੱਕੋ ਵਾਰੀ ਕਿੱਦਾਂ ਬਿਠਾਉਂਦੇ ਹੋ …?
ਅੱਗੋਂ ਆਖਦੇ …ਪੁੱਤ ਮੈਥੋਂ ਵੀ ਕਿਥੇ ਬਿਠਾਏ ਜਾਂਦੇ ਸਾਰੇ ਇੱਕੋ ਵਾਰੀ …ਬੱਸ ਇੱਕ ਦੋ ਨੂੰ ਬਿਠਾ ਦੇਈ ਦਾ ਹੈ ..ਬਾਕੀਆਂ ਦੀ ਉੱਠਕ-ਬੈਠਕ ਤਾਂ ਸਾਰੀ ਰਾਤ ਚੱਲਦੀ ਹੀ ਰਹਿੰਦੀ ਹੈ ..ਪਰ ਮੈਂ ਗੂੜੀ ਨੀਂਦਰੇ ਸੌਂਦਾ ਹਾਂ !
“ਤੇ ਫੇਰ ਬਾਬਾ ਜੀ ਕੱਲ ਰਾਤੀਂ ਮੇਰੇ ਗੱਲ ਇਹ ਮੁਸੀਬਤ ਕਿਓਂ ਪਾ ਗਏ ਸੀ ..?
“ਪੁੱਤ ਤੈਨੂੰ ਇਹ ਸਮਝਾਉਣ ਲਈ ਕਿ ਅਸਲ ਜਿੰਦਗੀ ਵਿਚ ਵੀ ਊਂਠਾਂ ਦਾ ਬਾਣਾ ਪਾਈ ਮੁਸੀਬਤਾਂ ਸਾਡੇ ਆਸੇ ਪਾਸੇ ਵਿਚਰਦੀਆਂ ਹੀ ਰਹਿੰਦੀਆਂ ਹਨ ..ਕਦੀ ਕੋਈ ਹੱਲ ਹੋ ਥੱਲੇ ਬੈਠ ਜਾਂਦੀ ..ਕਦੀ ਦੂਜੀ ਖੜੀ ਹੋ ਜਾਂਦੀ ..ਅਸੀਂ ਲੋਕ ਇੱਕੋ ਵਾਰੀ ਸਾਰੇ ਊਂਠ ਬਿਠਾਉਣ ਦੇ ਚੱਕਰ ਵਿਚ ਆਪਣਾ ਨੀਂਦ ,ਚੈਨ, ਸੁਖ
ਸ਼ਾਂਤੀ ,ਪਿਆਰ ਮੁਹੱਬਤ ..ਸਭ ਕੁਝ ਗੁਆ ਲੈਂਦੇ ਹਾਂ !
ਅਸਲ ਜਿੰਦਗੀ ਦੇ ਇਹਨਾਂ ਉਠਦੇ ਬਹਿੰਦੇ ਊਠਾਂ ਵਿਚ ਵਿੱਚਰਦਿਆਂ ਹੋਇਆਂ ਗੂੜੀ ਨੀਂਦਰੇ ਸੌਣਾ ਤੇ ਸਹਿਜ ਤਰੀਕੇ ਨਾਲ ਰਹਿਣਾ ਸਿੱਖ ਲਵੋਂ …ਜਿੰਦਗੀ ਸਵਰਗ ਨਾਲੋਂ ਸੋਹਣੀ ਲੱਗਣ ਲੱਗ ਜਾਊਗੀ.
Rekha Rani
ik dum right g