More Punjabi Kahaniya  Posts
ਆਪ ਮਤੇ ਲੋਕ


ਮਾਪਿਆਂ ਦੀ ਲਾਡਾਂ ਨਾਲ ਪਾਲੀ ਪ੍ਰੀਤ ਸਰਵ ਗੁਣ ਸੰਪੰਨ ਸੀ। ਹਰ ਪਲ ਹੱਸੂੰ-ਹੱਸੂੰ ਕਰਦੀ ਰਹਿੰਦੀ ਤੇ ਹਰ ਕਿਸੇ ਨਾਲ ਪਿਆਰ ਨਾਲ ਪੇਸ਼ ਆਉਂਦੀ। ਪੜਾਈ ਵਿੱਚ ਵੀ ਹਮੇਸ਼ਾ ਅੱਵਲ ਹੀ ਰਹਿੰਦੀ ਸੀ। ਸਾਰੇ ਸਕੂਲ ਨੂੰ ਉਸ ਉੱਤੇ ਮਾਣ ਸੀ। ਹੋਵੇ ਵੀ ਕਿਉਂ ਨਾ, ਕਿਉਂਕਿ ਉਸਨੇ ਹਰ ਖੇਤਰ ਵਿੱਚ ਸਕੂਲ ਦਾ ਨਾਂ ਚਮਕਾਇਆ ਸੀ। ਸਾਰੇ ਅਧਿਆਪਕ ਤੇ ਆਂਢੀ-ਗੁਆਂਢੀ ਉਸ ਵਰਗੀ ਧੀ ਆਪਣੇ ਘਰ ਹੋਣ ਦੀ ਇੱਛਾ ਰੱਖਦੇ ਸਨ। ਉਸ ਵਿੱਚ ਐਨੇ ਗੁਣ ਉਹਦੇ ਮਾਪਿਆਂ ਦੁਆਰਾ ਦਿੱਤੇ ਚੰਗੇ ਸੰਸਕਾਰਾਂ ਕਰਕੇ ਸੀ। ਚਾਰ ਜਾਣਿਆਂ ਦਾ ਉਹ ਛੋਟਾ ਜਿਹਾ ਪਰਿਵਾਰ ਸੀ, ਜਿਸ ਵਿੱਚ ਉਹ ਤੇ ਉਹਦੇ ਛੋਟਾ ਭਰਾ ਕਰਮਾ ਸੀ ਜੋ ਉਸ ਵਰਗਾ ਹੀ ਬਣਨ ਦੀ ਇੱਛਾ ਰੱਖਦਾ ਸੀ। ਪ੍ਰੀਤ ਚੰਗੀ ਪੜੵ-ਲਿਖ ਕੇ ਕਿਸੇ ਪ੍ਰਾਈਵੇਟ ਬੈਂਕ ਵਿੱਚ ਲੱਗ ਗਈ ਸੀ। ਬੈਂਕ ਵਿੱਚ ਵੀ ਸਾਰੇ ਉਸਦੀ ਕੰਮ ਵਿੱਚ ਲਗਨ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੁੰਦੇ। ਹੁਣ ਉਹ ਪੱਚੀ ਸਾਲ ਦੇ ਨੇੜੇ ਪਹੁੰਚੀ ਹੋਣ ਕਰਕੇ ਉਸਨੂੰ ਕਾਫੀ ਰਿਸਤੇ ਆਉਣ ਲੱਗ ਪਏ ਸਨ ਪਰ ਉਸਦੇ ਮਾਪੇ ਉਸਦੇ ਵਿਆਹ ਵਾਲੇ ਮਸਲੇ ਵਿੱਚ ਕੋਈ ਕਾਹਲ ਨਹੀਂ ਕਰਨਾ ਚਾਹੁੰਦੇ ਸਨ। ਉਹ ਉਸ ਲਈ ਇੱਕ ਅਜਿਹਾ ਚੰਗਾ ਘਰ ਲੱਭਣਾ ਚਾਹੁੰਦੇ ਸਨ ਜੋ ਉਹਨਾਂ ਵਰਗਾ ਹੀ ਸੰਸਕਾਰੀ ਹੋਵੇ। ਪ੍ਰੀਤ ਤੇ ਉਸਦੇ ਮਾਪਿਆਂ ਨੂੰ ਆਸ ਸੀ ਕਿ ਜਿਸ ਘਰੇ ਵੀ ਉਹ ਜਾਵੇਗੀ, ਘਰ ਵਿੱਚ ਭਾਗ ਲਾ ਦੇਵੇਗੀ। ਐਹੋ ਜਿਹਾ ਧੀ-ਪੁੱਤ ਭਲਾਂ ਕਰਮਾਂ ਨਾਲ ਮਿਲਦਾ ਹੈ। ਚਲੋ, ਇੱਕ ਰਿਸ਼ਤੇਦਾਰ ਦੇ ਜੋਰ ਤੇ ਦੱਸ ਪਾਉਣ ਤੇ ਇੱਕਾ ਚੰਗਾ ਅਮੀਰ ਪਰਿਵਾਰ ਉਹਨਾਂ ਨੂੰ ਮਿਲ ਗਿਆ। ਮੁੰਡਾ ਵੀ ਸੋਹਣਾ ਤੇ ਚੰਗਾ ਪੜਿਆ-ਲਿਖਿਆ ਹੋਣ ਕਰਕੇ ਸਰਕਾਰੀ ਨੌਕਰੀ ਵਿੱਚ ਅਫਸਰ ਸੀ। ਉਹ ਵੀ ਪੰਜ ਜਾਣਿਆਂ ਦਾ ਪਰਿਵਾਰ ਸੀ ਜਿਸ ਵਿੱਚ ਉਸਦੀਆਂ ਦੋ ਨਨਾਣਾਂ, ਉਸਦਾ ਪਤੀ ਮਨਿੰਦਰ ਤੇ ਉਸਦਾ ਸਹੁਰਾ-ਸੱਸ ਸਨ। ਵਿਆਹ ਬੜੀ ਧੂਮ-ਧਾਮ ਤੇ ਚਾਅ ਨਾਲ ਕੀਤਾ ਗਿਆ। ਸਾਰੇ ਵਿਆਹ ਵਿੱਚ ਪ੍ਰੀਤ ਦੀ ਸਿਆਣਪ ਤੇ ਸੁਹੱਪਣ ਦੀ ਗੱਲ ਕਰਦੇ ਥੱਕਦੇ ਨਹੀਂ ਸਨ। ਉਹਨੂੰ ਦੋਵਾਂ ਜੀਆਂ ਦੀ ਜੋੜੀ ਵੀ ਖੂਬ ਜੱਚਦੀ ਸੀ। ਪ੍ਰੀਤ ਨੂੰ ਲੱਗਦਾ ਸੀ ਕਿ ਉਹ ਛੇਤੀ ਹੀ ਸਹੁਰਾ ਪਰਿਵਾਰ ਵਿੱਚ ਰਚ-ਮਿਚ ਜਾਵੇਗੀ। ਪਹਿਲੇ ਦਸ ਦਿਨ ਤਾਂ ਸਾਰਾ ਪਰਿਵਾਰ ਵਿਆਹ ਦੇ ਕੰਮਾਂ ਵਿੱਚ ਵਿਅਸਤ ਰਿਹਾ। ਆਉਣ ਜਾਣ ਵਾਲੇ ਵਧਾਈਆਂ ਤੇ ਗੱਲਾਂ ਬਾਤਾਂ ਕਰਕੇ ਮੁੜ ਜਾਂਦੇ। ਪ੍ਰੀਤ ਹੌਲੀ-ਹੌਲੀ ਆਪਣੇ ਆਪ ਨੂੰ ਸਹੁਰਾ ਪਰਿਵਾਰ ਵਿੱਚ ਅਡਜੱਸਟ ਕਰਨ ਦਾ ਜਤਨ ਕਰ ਰਹੀ ਸੀ। ਉਸਦਾ ਪਤੀ ਪਹਿਲਾਂ ਦਸ ਛੁੱਟੀਆਂ ਲੈ ਕੇ ਘਰੇ ਹੀ ਸੀ ਤੇ ਮਗਰੋਂ ਦਫਤਰ ਜਾਣ ਲੱਗ ਪਿਆ ਸੀ। ਇੰਨ੍ਹਾਂ ਦਸ ਦਿਨਾਂ ਵਿੱਚ ਹਫਤਾ ਤਾਂ ਵਿਆਹ ਮਗਰੋਂ ਪੇਕੇ ਘਰ ਲਾ ਆਈ ਸੀਂ। ਇਸ ਲਈ ਉਸਨੂੰ ਹਰ ਕਿਸੇ ਨੂੰ ਸਮਝਣ ਦਾ ਪੂਰਾ ਮੌਕਾ ਨਹੀਂ ਮਿਲਿਆ ਸੀ। ਉਸਦਾ ਪਤੀ ਮਨਿੰਦਰ ਅਫਸਰ ਹੋਣ ਕਰਕੇ ਜਿਆਦਾ ਸਮਾਂ ਫੋਨ ਤੇ ਹੀ ਰੁੱਝਿਆ ਰਹਿੰਦਾ ਸੀ ਤੇ ਉਸਦੀਆਂ ਨਨਾਣਾਂ ਪੜੀਆਂ ਹੋਣ ਕਰਕੇ ਮਹਿੰਗੇ ਸੂਟਾਂ ਦੀਆਂ ਸੌਕੀਨ ਤੇ ਫ਼ੈਸ਼ਨਪ੍ਰਸਤ ਸਨ। ਉਸਦੀ ਸੱਸ ਵੀ ਬਣੀ ਫਬੀ ਵੇਖਣ ਨੂੰ ਜੁਆਨ ਹੀ ਲੱਗਦੀ ਸੀ ਤੇ ਉਸਦਾ ਸਹੁਰਾ ਸਰੀਫ਼ ਜਿਹਾ ਲੱਗਦਾ ਸੀਂ। ਪੇਕਿਆਂ ਤੋਂ ਮੁੜ ਕੇ ਉਸਨੇ ਸਹੁਰੇ ਘਰ ਵਿੱਚ ਮਾੜਾ ਮੋਟਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸਨੂੰ ਉਮੀਦ ਸੀ ਕਿ ਥੋੜ੍ਹੇ ਦਿਨਾਂ ਤੱਕ ਉਸਨੂੰ ਵੀ ਸਹੁਰੇ ਪਰਿਵਾਰ ਵਾਲੇ ਵੀ ਕਿਸੇ ਨੌਕਰੀ ਤੇ ਲਵਾ ਦੇਣਗੇ ਪਰ ਕਿਸੇ ਨੇ ਵੀ ਇਸ ਵਿਸ਼ੇ ਬਾਰੇ ਤਾਂ ਸੋਚਿਆ ਹੀ ਨਹੀਂ। ਉਸਨੂੰ ਸਾਰਾ ਦਿਨ ਘਰ ਵਿੱਚ ਟਾਇਮ ਪਾਸ ਕਰਨਾ ਔਖਾ ਸੀ ਕਿਉਂਕਿ ਉਸਦਾ ਪਤੀ ਵੀ ਆਪਣੀ ਡਿਊਟੀ ਤੇ ਚਲਾ ਜਾਂਦਾ ਸੀ। ਉਸਨੇ...

ਇੱਕ ਰਾਤ ਆਪਣੇ ਪਤੀ ਕੋਲ ਇਸ ਸੰਬੰਧੀ ਗੱਲ ਤੋਰੀ ਤਾਂ ਉਸਨੇ ਕੋਈ ਭਰਵਾਂ ਹੁੰਗਾਰਾ ਨਾ ਦਿੱਤਾ। ਉਸਦੇ ਘਰੇ ਕੰਮ ਕਰਨ ਨੂੰ ਲੈ ਕੇ ਤਾਂ ਸਾਰੇ ਖ਼ੁਸ਼ ਸਨ ਪਰ ਪ੍ਰਾਈਵੇਟ ਨੌਕਰੀ ਨੂੰ ਉਹ ਪਸੰਦ ਨਹੀਂ ਕਰਦੇ ਸਨ। ਇਸੇ ਕਰਕੇ ਉਨ੍ਹਾਂ ਦੀਆਂ ਦੋ ਧੀਆਂ ਘਰੇ ਹੀ ਵਿਹਲੀਆਂ ਸਨ। ਪਰ ਫਿਰ ਵੀ ਚੰਗੇ ਸੰਸਕਾਰੀ ਘਰੋਂ ਆਈ ਕਰਕੇ ਉਸਨੇ ਇਸਦਾ ਗਿਲਾ ਨਹੀਂ ਕੀਤਾ ਸੀ। ਹੁਣ ਭਾਵੇਂ ਦੋ ਮਹੀਨੇ ਤੋਂ ਉਪਰ ਉਸਨੂੰ ਇਸ ਘਰ ਵਿੱਚ ਆਈ ਨੂੰ ਹੋ ਗਏ ਸਨ ਪਰ ਉਸਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲਿਆ ਸੀ। ਉਹ ਆਪਣੇ-ਆਪ ਨੂੰ ਘੁੱਟੀ-ਘੁੱਟੀ ਮਹਿਸੂਸ ਕਰ ਰਹੀ ਸੀ। ਘਰ ਦਾ ਸਾਰਾ ਕੰਮ ਭਾਵੇਂ ਉਸਨੇ ਸੰਭਾਲ ਲਿਆ ਸੀ ਪਰ ਫਿਰ ਵੀ ਪੂਰੀ ਰਚਕ ਜਿਹੀ ਪਰਿਵਾਰ ਉਸ ਨਾਲ ਮਿਲਾਉਂਦਾ ਨਹੀਂ ਸੀ। ਉਹ ਰੋਟੀ-ਪਾਣੀ ਖਾ ਕੇ ਸਾਰਾ ਪਰਿਵਾਰ ਵੱਖਰਾ ਜਿਹਾ ਬੈਠ ਜਾਂਦਾ ਤੇ ਉਸਨੂੰ ਕਦੇ ਕੋਲ ਬੈਠਣ ਲਈ ਹਾਂ ਦਾ ਨਾਹਰਾ ਵੀ ਨਾ ਮਾਰਦੇ। ਉਸਦਾ ਪਤੀ ਵੀ ਦਫਤਰ ਵਾਲੀ ਅਫਸਰੀ ਘਰ ਵਿੱਚ ਆ ਕੇ ਸਾਰਿਆਂ ਤੇ ਝਾੜਨ ਲੱਗ ਜਾਂਦਾ। ਉਸਨੂੰ ਬੜਾ ਅਜੀਬ ਲੱਗਦਾ ਜਦੋਂ ਸਾਰੇ ਮਿਲ ਕੇ ਆਪਣੀਆਂ ਹੀ ਵਡਿਆਈਆਂ ਕਰ ਜਾਂਦੇ। ਮੈਂ-ਮੈਂ ਦੀ ਰੱਟ ਦਾ ਚਸਕਾ ਸਾਰੇ ਪਰਿਵਾਰ ਨੂੰ ਸੀ। ਉਸਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਸੀ ਤੇ ਸਾਰੇ ਆਪ ਮਤੇ ਜਿਹੇ ਸਨ। ਅਜਿਹੇ ਲੋਕਾਂ ਨੂੰ ਕਿਸੇ ਦੀ ਹੋਂਦ ਬਾਰੇ ਕੋਈ ਬਹੁਤੀ ਦਿਲਚਸਪੀ ਨਹੀਂ ਹੁੰਦੀ। ਇਹ ਬੱਸ ਆਪਣਾ ਉੱਲੂ ਸਿੱਧਾ ਕਰਨ ਵਿੱਚ ਹੀ ਵਿਅਸਤ ਰਹਿੰਦੇ ਹਨ। ਉਸਦੀਆਂ ਨਨਾਣਾਂ ਉਸਦੇ ਘਰ ਵਿੱਚ ਆਉਣ ਮਗਰੋਂ ਭੋਰਾ ਕੰਮ ਨਾ ਕਰਾਉਂਦੀਆਂ ਤੇ ਸਾਰਾ ਦਿਨ ਵਿਹਲੀਆਂ ਮੋਬਾਇਲ ਤੇ ਲੱਗੀਆਂ ਰਹਿੰਦੀਆਂ। ਉਹ ਅਕਸਰ ਸੋਚਦੀ ਰਹਿੰਦੀ ਕਿ ਬਹੁਤੇ ਪੈਸੇ ਹੋਣ ਦਾ ਵੀ ਕੋਈ ਫਾਇਦਾ ਨਹੀਂ, ਜਦੋਂ ਦਿਲ ਹੀ ਆਪਸ ਵਿੱਚ ਨਹੀਂ ਮਿਲਦੇ। ਇਨਸਾਨ ਨੂੰ ਸੁੱਖ ਓਦੋਂ ਹੀ ਹੈ, ਜਦੋਂ ਬਣਦਾ ਮਾਣ ਸਤਿਕਾਰ ਮਿਲੇ। ਉਹ ਹਰੇਕ ਕੰਮ ਬੜੀ ਰੀਝ ਨਾਲ ਕਰਦੀ ਪਰ ਕੋਈ ਨਾ ਕੋਈ ਉਸ ਵਿੱਚ ਨੁਕਸ ਜਰੂਰ ਕੱਢ ਦਿੰਦਾ। ਉਸਦਾ ਪਤੀ ਵੀ ਉਸ ਨਾਲ ਸਹਿਰ ਜਾਂ ਪੇਕੇ ਘੱਟ ਹੀ ਜਾਂਦਾ, ਬੱਸ ਆਪਣੀ ਅਫਸਰਸ਼ਾਹੀ ਵਿੱਚ ਵਿਅਸਤ ਰਹਿੰਦਾ। ਉਸਨੇ ਲੱਖ ਜਤਨ ਕੀਤੇ ਆਪਣੇ ਚੰਗੇ ਤੇ ਨਰਮ ਵਿਵਹਾਰ ਦੁਆਰਾ ਸਾਰਿਆਂ ਨੂੰ ਖ਼ੁਸ਼ ਕਰਨ ਦੇ ਪਰ ਕੋਈ ਉਸਤੋਂ ਪ੍ਰਭਾਵਿਤ ਨਾ ਹੋਇਆ। ਹੁਣ ਉਹ ਇਕੱਲੀ ਦੁਪਹਿਰੇ ਅਤੀਤ ਦੇ ਸੁਨਹਿਰੇ ਤੇ ਵਰਤਮਾਨ ਦੇ ਘੁੱਟੇ ਜਿਹੇ ਸਮੇਂ ਬਾਰੇ ਬੈੱਡ ਤੇ ਪਈ ਸੋਚ ਰਹੀ ਸੀ ਤਾਂ ਅਚਾਨਕ ਉਸਦਾ ਧਿਆਨ ਬਾਬੇ ਨਾਨਕ ਦੀ ਕੰਧ ਤੇ ਲੱਗੀ ਤਸਵੀਰ ਤੇ ਪਿਆ ਤਾਂ ਉਸਦੇ ਮਨ ਵਿਚਾਰ ਆਇਆ ਕਿ ਲੋਕਾਂ ਨੇ ਤਾਂ ਉਸ ਸਮੇਂ ਪਵਿੱਤਰ ਆਤਮਾ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਤੇ ਤੇਰੀ ਭਲਾਂ ਸਧਾਰਨ ਮਨੁੱਖ ਦੀ ਕੀ ਹਸਤੀ ਹੈ? ਮਨੁੱਖ ਪਰਮਾਤਮਾ ਦੇ ਪਿਆਰ ਦਾ ਪਾਤਰ ਤਾਂ ਔਖਾ-ਸੌਖਾ ਹੋ ਕੇ ਬਣ ਸਕਦਾ ਹਾਂ ਪਰ ਇਹਨਾਂ ਲੋਕਾਂ ਨੂੰ ਕਿਸੇ ਹੀਲੇ ਵੀ ਨਹੀਂ ਖ਼ੁਸ਼ ਕਰ ਸਕਦਾ। ਉਸਨੂੰ ਇਸ ਸੰਬੰਧੀ ਆਪਣੀ ਮਾਂ ਦੇ ਉਹ ਬੋਲ ਸਾਹਮਣੇ ਆ ਗਏ ਜਦੋਂ ਉਸਨੇ ਕਿਹਾ ਸੀ ਕਿ ਧੀਏ, ਆਰੀ ਦੇ ਇੱਕ ਪਾਸੇ ਦੰਦੇ ਹੁੰਦੇ ਹਨ ਤੇ ਦੁਨੀਆਂ ਦੇ ਦੋਹੀਂ ਪਾਸੀ ਹੁੰਦੇ ਹਨ ਤੇ ਇਨ੍ਹਾਂ ਖਿਆਲਾਂ ਵਿੱਚ ਗੁੰਮ ਹੋਈ ਦੀ ਅਚਾਨਕ ਉਸਦੀ ਅੱਖ ਲੱਗ ਗਈ।

ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761

...
...



Related Posts

Leave a Reply

Your email address will not be published. Required fields are marked *

2 Comments on “ਆਪ ਮਤੇ ਲੋਕ”

  • ਇਹ ਮੇਰੀ ਆਪ ਬੀਤੀ ਹੈ ਜੀ। ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਲਾਇਫ ਬਿਆਨ ਕਰ ਦਿੱਤੀ ਹੋਵੇ ।। Thank you

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)