— ਆਪਾਂ ਠੇਕਾ ਤਾਂ ਨਹੀਂ ਲਿਆ —–
ਬੰਤਾ ਅੱਜ ਸੱਥ ਵਿੱਚ ਆਉਣ ਤੋਂ ਲੇਟ ਹੋ ਗਿਆ ਤਾਂ ਨਿਹਾਲੇ ਨੇ ਮਜਾਕ ਕਰਦਿਆਂ ਆਖਿਆ ਕਿ ਤੂੰ ਵੀਂ ਲੀਡਰਾਂ ਵਾਂਗ ਲੇਟ ਹੀ ਆਉਣਾ ਹੈ। ਕਿ ਜਾਂ ਫਿਰ ਪੁੱਤਾਂ- ਨੂੰਹਾਂ ਨੇ ਘਰ ਦੀ ਰਾਖੀ ਬੈਠਾ ਦਿੱਤਾ ਸੀ।
ਨਹੀਂ ਨਿਹਾਲਿਆ ਰਾਖੀ ਕਾਹਦਾ ਬਿਠਾਉਣਾ ਸੀ, ਸਹੁਰੇ ਦੇ ਫਰਸ਼ਾਂ ਦੇ ਪੋਚਿਆਂ ਨੇ ਮਾਰਿਆ ਹੈ, ਅੱਜ-ਕੱਲ੍ਹ ਕੋਠੀਆਂ ਦੇ ਕੰਜਰਖਾਨੇ ਨੇ ਦੁਨੀਆਂ ਨੂੰ ਵਖਤ ਵਿੱਚ ਪਾਇਆ ਹੈ।
ਪਹਿਲਾਂ ਤਾਂ ਬੰਦਾ ਦੁਨੀਆਦਾਰੀ ਦਾ ਮਾਰਿਆ ਭੇਡਚਾਲ ਵਿੱਚ ਪੈਸੇ ਵਿਤੋਂ ਬਾਹਰੋਂ ਚੁੱਕ ਕੇ ਲਾ ਬਹਿੰਦਾ ਹੈ ਤੇ ਫਿਰ ਮਗਰੋਂ ਇਹਦੇ ਰੱਖ ਰਖਾ ਦਾ ਖਰਚਾ ਬੰਦੇ ਨੂੰ ਲੈ ਬਹਿੰਦਾ ਹੈ। ਕਦੇ ਟੂਟੀ ਖਰਾਬ ਹੋ ਗਈ ਤੇ ਕਦੇ ਰੰਗ ਕਰਾ ਲੈ, ਕਦੇ ਲੈਟਰੀਨ ਸੀਟਾਂ ਦੀ ਲੀਕਿੰਗ , ਕਦੇ ਕੁੰਡਾ ਕਬਜਾ ਖਰਾਬ ਹੋ ਜਾਂਦਾ ਹੈ ਤੇ ਉੱਤੋਂ ਕੰਧਾਂ ਦਾ ਸੀਮਿੰਟ ਲਹਿਣ ਲੱਗ ਜਾਂਦਾ ਤੇ ਹੋਰ ਤਾਂ ਹੋਰ ਕੰਧਾਂ ਵਿੱਚ ਭਖਾਂ ਆਉਣ ਲੱਗ ਜਾਂਦੀਆ ਹਨ।
ਬਾਈ ਪਹਿਲਾਂ ਵਾਲੇ ਘਰ ਤਾਂ ਨਜ਼ਾਰਾ ਸੀ। ਸਾਲਾ, ਹੁਣ ਤਾਂ ਬੰਦੇ ਨੂੰ ਮੰਜੇ ਤੇ ਜਿੰਦਰਾ ਲਾਉਣ ਵਾਲੀ ਗੱਲ ਹੋਈ ਪਈ ਹੈ, ਅਖੇ ਪੋਚਾ ਲਾਇਆ ਹੈ ਫਰਸਾਂ ਤਾਂ ਸੁੱਕ ਲੈਣ ਦਿਓ, ਉੱਤੋਂ ਰਹਿੰਦਾ-ਖੂੰਹਦਾ ਛੱਤ ਵਾਲਾ ਪੱਖਾ ਛੱਡ ਦਿੰਦੇ ਨੇ ਸਕਾਉਣ ਵਾਸਤੇ, ਜਵਾਂ ਹੀ ਕੁਲਫੀ ਜਮਾਉਣ ਵਾਲੀ ਗੱਲ ਹੋਈ ਪਈ ਹੈ ਨਿਹਾਲਿਆ। ਇਹ ਤਾਂ ਹੱਦ ਹੀ ਹੋ ਗਈ ਬੰਤਿਆ, ਇਹਦੇ ਨਾਲੋਂ ਤਾਂ ਕੱਚੇ ਘਰ ਹੀ ਸੌ ਗੁਣਾ ਚੰਗੇ ਸਨ।
ਨਾਲ ਬੈਠਾ ਭਾਨਾ ਵੀ ਉਹਨਾਂ ਦੋਨਾਂ ਦੀ ਹਾਂ ਵਿੱਚ ਹਾਂ ਮਿਲਾ ਕੇ ਆਪਣੀ ਭੜਾਸ ਕੜਦਾ ਹੋਇਆ ਬੋਲਿਆ, ਕਾਹਦਾ ਕੰਜਰ ਦੀਆਂ ਕੋਠੀਆਂ, ਘਰ ਵਿੱਚ ਚੱਪਲਾਂ ਵੀ ਨਹੀ ਪਾ ਸਕਦੇ, ਅਖੇ ਚੱਪਲਾਂ ਲਾ ਕੇ ਕੋਠੀ ਅੰਦਰ ਵੜੋ, ਫਰਸ਼ਾਂ ਗੰਦੀਆਂ ਹੁੰਦੀਆਂ। ਠੰਢੀਆਂ ਫਰਸਾਂ ਤੇ ਦਮ ਘੁੱਟਦਾ ਐਸ ਉਮਰ ਵੇਲੇ ਤੇ ਗਰਮੀ ਵਿੱਚ ਪੈਰ ਭੁੱਜਦੇ...
ਨੇ। ਅੱਗ ਲੱਗੇ ਇਹੋ ਜਿਹੀਆਂ ਤਰੱਕੀਆਂ ਨੂੰ।
ਨਿਹਾਲਾ ਮੋਸੋਸਾ ਜਿਹਾ ਮੂੰਹ ਬਣਾ ਕੇ ਆਖਣ ਲੱਗਾ ਕਿ ਇਹ ਆਪਣੇ ਹੀ ਕੰਡੇ ਬੀਜੇ ਹੋਏ ਹਨ, ਨਾ ਐਨੀ ਚਕਾਚੌਂਧ ਵਿੱਚ ਪੈਂਦੇ ਤੇ ਨਾ ਇਹ ਕੰਜਰ ਕਲੇਸ਼ ਪੈਂਦਾ।
ਚਲੋ ਛੱਡੋ ਯਾਰੋ ਇਹਨਾਂ ਗੱਲਾਂ ਨੂੰ , ਕੋਈ ਵੋਟਾਂ ਦੀ ਗੱਲ ਕਰੋ। ਕਾਹਦੀ ਵੋਟਾਂ ਦੀ ਗੱਲ ਕਰੀਏ ਨਿੰਮਾ ਚੁੱਪ ਕੀਤਾ ਪਾਸੇ ਬੈਠਾ ਬੋਲ ਪਿਆ। ਉਹੀ ਕਹੀ ਤੇ ਉਹੀ ਕੁਹਾੜੀ, ਐਨੀ ਲੋਕਾਂ ਦੀ ਪਿਛਲੇ ਸੱਤਰ ਸਾਲਾਂ ਤੋਂ ਦੁਰਦਸ਼ਾ ਹੀ ਰਹੀ ਹੈ। ਫਿਰ ਚੱਲ ਪਏ, ਉਹਨਾਂ ਮਗਰ ਹੀ ਦੁੰਮ ਚੁੱਕ ਕੇ। ਅਖੇ , ਇੱਕ ਮੌਕਾ ਹੋਰ ਦੇਣਾ ਹੈ ਫਿਰ ਇਹਨਾਂ ਨੂੰ।
ਭਲਿਓ ਲੋਕੋ , ਨਵਿਆਂ ਨੂੰ ਵੀ ਮੌਕਾ ਦੇ ਦਿਓ , ਸ਼ਾਇਦ ਥੋਡਾ ਭਵਿੱਖ ਬਦਲ ਜਾਵੇ। ਉਹ ਵੀ ਤਾਂ ਸੱਤਰ ਸਾਲਾਂ ਤੋਂ ਤੁਹਾਨੂੰ ਬਦਲ- ਬਦਲ ਕੇ ਲੁੱਟੀ ਜਾਂਦੇ ਹਨ। ਨਵੇਂ ਕਿਹੜਾ ਤੁਹਾਡੇ ਚੁੰਡੀਆਂ ਵੱਡਦੇ ਨੇ। ਪੰਜ ਸਾਲ ਲਈ ਤਾਂ ਤੁਸੀਂ ਉਡੀਕ ਕਰ ਹੀ ਸਕਦੇ ਹੋ, ਜੇ ਨਾ ਕੁੱਝ ਇਹਨਾਂ ਨੇ ਵੀ ਕੀਤਾ ਤਾਂ ਫਿਰ ਪਾ ਲਿਓ ਆਪਣੇ ਆਕਾਵਾਂ ਨੂੰ ਵੋਟਾਂ ਅਗਲੀ ਵਾਰ।
ਭੋਲਿਓ ਲੋਕੋ, ਆਪਣੇ ਜ਼ਮੀਰ ਦੀ ਗੱਲ ਸੁਣੋ, ਇਹਨਾਂ ਤੱਕੜੀਆਂ, ਪੰਜਿਆਂ ਤੇ ਕਮਲ ਦੇ ਫੁੱਲਾਂ ਨੇ ਤੁਹਾਨੂੰ ਕੁੱਝ ਨਹੀਂ ਦੇਣਾ, ਇਹਨਾਂ ਦੀਆਂ ਗੱਲਾਂ ਵਿੱਚ ਨਾ ਫਿਰ ਕਿਤੇ ਆ ਜਾਇਓ, ਇਹ ਸਾਡੇ ਵੇਖੇ ਪਰਖੇ ਨੇ, ਨਵਿਆਂ ਨੂੰ ਅਜਮਾ ਕੇ ਦੇਖੋ, ਪੁਰਾਣਿਆਂ ਦਾ ਸਾਰੀ ਉਮਰ ਦਾ ਆਪਾਂ ਠੇਕਾ ਤਾਂ ਨਹੀਂ ਲਿਆ। ਸੱਥ ਵਿੱਚ ਬੈਠੇ ਸਾਰੇ ਜਾਣੇ ਆਖਣ ਲੱਗੇ ਕਿ ਇਹ ਤਾਂ ਤੇਰੀ ਗੱਲ ਨਿੰਮਿਆ ਸੋਲਾਂ ਆਨੇ ਸੱਚ ਹੈ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ