ਬਖਸ਼ਿਸ਼ (ਭਾਗ-ਦੂਜਾ)—————
ਮਾਂ ਨੇ ਚੋਰ ਅੱਖ ਨਾਲ ਨਹਾਉਣ ਵਾਲੇ ਵੱਲ ਦੇਖਿਆ। ਬੱਤੀ ਜਗ ਰਹੀ ਸੀ ਤੇ ਪਾਣੀ ਦੀ ਆਵਾਜ ਵੀ ਆ ਰਹੀ ਸੀ। ਜਵਾਕ ਵੀ ਬੁੱਕਲ ਦਾ ਨਿੱਘ ਪਾ ਊਂਘਣ ਲੱਗ ਪਿਆ ਸੀ। ਮਾਂ ਨੇ ਜਵਾਕ ਦਾ ਪੋਤੜਾ ਟਟੋਲ ਕੇ ਦੇਖਿਆ, ਗਿੱਲਾ ਵੀ ਸੀ ਬਦਲਣ ਦੀ ਸੋਚਣ ਲੱਗੀ ਪਰ ਉਸਦਾ ਮਕਸਦ ਇਹ ਦੇਖਣਾ ਸੀ ਕਿ ਜਵਾਕ ਮੁੰਡਾ ਸੀ ਕਿ ਕੁੜੀ? ਕੁੜੀ ਹੀ ਸੀ। ਉਸਨੇ ਪਰਾਣੇ ਲੀੜੇ ਪਾੜ ਕੇ ਪੋਤੜਾ ਬਣਾ ਜਵਾਕੜੀ ਨੂੰ ਸਾਫ ਕਰ ਦਿੱਤਾ। ਉਦੋਂ ਤੱਕ ਉਹ ਵੀ ਨਹਾ ਕੇ ਬਾਹਰ ਆ ਗਿਆ।
“ਮਾਂ ਰੋਟੀ ਲਿਆ, ਭੁੱਖ ਬਹੁਤ ਲੱਗੀ ਹੈ” ਇਹ ਕਹਿ ਉਸਨੇ ਕੁੜੀ ਆਪ ਫੜ ਲਈ। ਮਾਂ ਨੂੰ ਪਤਾ ਸੀ ਕਿ ਉਹ ਕਿਸੇ ਵੀ ਦਿਨ ਕਿਸੇ ਵੀ ਸਮੇਂ ਆ ਕੇ ਰੋਟੀ ਮੰਗ ਲੈਂਦਾ ਸੀ। ਇਸਲਈ ਛਾਬੇ ਵਿੱਚ ਪੰਜ-ਸੱਤ ਰੋਟੀਆਂ ਪਕਾ ਕੇ ਹੀ ਰੱਖਦੀ। ਮਾਂ ਰੋਟੀ ਪਾ ਲੈ ਆਈ। ਉਦੋਂ ਤੱਕ ਉਸਦੇ ਹੱਥਾਂ ਵਿੱਚ ਹੀ ਜਵਾਕੜੀ ਸੌ ਗਈ ਸੀ। ਉਹ ਇੱਕ ਟੱਕ ਉਸਦੇ ਚਿਹਰੇ ਨੂੰ ਨਿਹਾਰ ਰਿਹਾ ਸੀ। ਨਿੱਕੇ ਨਿੱਕੇ ਹੱਥ-ਪੈਰ, ਮਾਸੂਮ ਜਿਹਾ ਜਵਾਕ ਉਸਦੀ ਝੋਲੀ ਵਿੱਚ ਪੁਆ ਸੀ। ਪਤਾ ਨਹੀ ਉਹ ਕਿਹੜੇ ਖਿਆਲਾਂ ਵਿੱਚ ਗਵਾਚਿਆ ਸੀ, ਮਾਂ ਨੇ ਮੋਢਾ ਹਲੂਣ ਕੇ ਉਸਨੂੰ ਰੋਟੀ ਖਾਣ ਨੂੰ ਕਿਹਾ। ਕਮਰੇ ਵਿੱਚ ਬੱਸ ਚੁੱਪ ਪਸਰੀ ਹੋਈ ਸੀ। ਮਾਂ ਚਾਹ ਕੇ ਵੀ ਕੁੱਝ ਪੁੱਛ ਨਹੀ ਸਕਦੀ ਸੀ, ਡਰਦੀ ਸੀ ਕਿ ਖੌਰੇ ਫੇਰ ਨਾ ਲੜ ਕੇ ਤੁਰ ਜਾਵੇ ਤੇ ਕੀ ਪਤਾ ਕਿੰਨੇ ਦਿਨ ਵਾਪਸ ਨਾ ਆਵੇ।
ਉਹ ਰੋਟੀ ਖਾਦਾਂ ਖਾਦਾਂ, ਆਪ ਹੀ ਮਾਂ ਨੂੰ ਸਾਰੀ ਗੱਲ ਦੱਸਣ ਲੱਗ ਪਿਆ। ਉਸਦੀ ਗੱਲ ਸੁਣ ਮਾਂ ਨੂੰ ਸੁੱਤੀ ਪਈ ਜਵਾਕੜੀ ਉੱਤੇ ਅਥਾਹ ਮੋਹ ਆ ਗਿਆ। ਸੋਚਣ ਲੱਗੀ ਖੌਰੇ ਮਾਂ ਕਿੰਨੀ ਕੁ ਮਜਬੂਰ ਹੋਊ ਕਿ ਪਤਾ ਕੋਈ ਅਣ-ਵਿਆਹੀ ਹੋਵੇ ਜਾਂ ਫੇਰ ਮੁੰਡੇ ਦੀ ਲਾਲਸਾ। ਚੱਲ ਜੋ ਵੀ ਹੋਵੇ ਅੱਜ ਇਹ ਨਿਆਣੀ ਮੇਰਾ ਪੁੱਤ ਘਰ ਲੈ ਕੇ ਆਈ ਹੈ ਅਤੇ ਉਸਨੇ ਕੁੜੀ ਨੂੰ ਚੁੱਕ ਆਪਣੇ ਨਾਲ ਮੰਜੇ ਉੱਤੇ ਪਾ ਲਿਆ। ਉਸਨੇ ਵੀ ਪਤਾ ਨਹੀ ਕੀ ਸੋਚ ਮੰਜਾ ਮਾਂ ਕੋਲ ਹੀ ਡਾਹ ਲਿਆ, ਮਾਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ, ਉਸਦਾ ਪੁੱਤ ਉਸਦੇ ਕੋਲ ਜਿਉਂ ਪਿਆ ਸੀ।...
ਉਸਦਾ ਸੁੱਤੇ ਪਏ ਦਾ ਵੀ ਇੱਕ ਹੱਥ ਨਿਕੜੀ ਦੇ ਉੱਤੇ ਸੀ। ਮਾਂ ਨੂੰ ਅੱਜ ਵਰ੍ਹਿਆਂ ਪਿੱਛੋਂ ਉਸ ਵਿੱਚ ਆਪਣੇ ਗਵਾਚੇ ਪੁੱਤ ਦੀ ਝਲਕ ਪਈ ਸੀ।
ਉਹ ਪਈ ਪਈ ਸੋਚਣ ਲੱਗੀ, ਕਿ ਕੀ ਤੋਂ ਕੀ ਹੋ ਗਿਆ। ਡੇਢ ਕੁ ਵਰ੍ਹੇ ਪਹਿਲਾਂ ਜਦੋਂ ਉਹ ਇੱਕੀਆਂ ਸਾਲਾਂ ਦਾ ਸੀ, ਉਸਦਾ ਪਿਉ ਸੜਕ ਹਾਦਸੇ ਵਿੱਚ ਮੁੱਕ ਗਿਆ ਸੀ। ਸਦਮੇ ਨੇ ਮਾਂ ਤੇ ਪੁੱਤ ਦੋਵਾਂ ਨੂੰ ਕਮਲੇ ਕਰ ਦਿੱਤਾ ਸੀ। ਉਹ ਆਪਣੇ ਦੁੱਖ ਵਿੱਚ ਇੰਨੀ ਉੱਲਝੀ ਹੋਈ ਸੀ ਕਿ ਕਦੋਂ ਪੁੱਤ ਨਸ਼ਿਆਂ ਦੀ ਦਲਦਲ ਵਿੱਚ ਧੱਸ ਗਿਆ ਉਸਨੂੰ ਖਬਰ ਹੀ ਨਾ ਹੋਈ। ਜਦੋਂ ਪਤਾ ਲੱਗਾ ਪਾਣੀ ਸਿਰ ਉਤੋਂ ਲੰਘ ਚੁੱਕਾ ਸੀ। ਇੰਜਨੀਅਰਨਿੰਗ ਦੀ ਪੜਾਈ ਕਰ ਰਿਹਾ ਸੀ, ਆਖਰੀ ਸਾਲ ਸੀ ਵਿੱਚੇ ਹੀ ਛੱਡ ਗਿਆ। ਚੋਰੀ ਚੁਪਕੇ ਤੋਂ ਸ਼ੁਰੂ ਹੋ ਹੁਣ ਸਭ ਸ਼ਰੇਆਮ ਹੋ ਗਿਆ ਸੀ। ਹੁਣ ਤਾਂ ਗਾਲੀ ਗਲੋਚ ਵੀ ਕਰਨ ਲੱਗ ਪਿਆ ਸੀ, ਕਈ ਕਈ ਦਿਨ ਘਰੋਂ ਗਾਇਬ ਰਹਿਣ ਲੱਗ ਪਿਆ ਸੀ। ਚਲੋ ਅੱਜ ਤਾਂ ਘਰ ਪਰਤਿਆ, ਉਸਨੇ ਠੰਡਾ ਸਾਹ ਲੈ ਕੇ ਪਾਸਾ ਪਰਤ ਕੇ ਸੌਣ ਦੀ ਕੋਸ਼ਿਸ਼ ਕੀਤੀ।
ਰਾਤ ਨੂੰ ਇੱਕ ਦੋ ਵਾਰ ਕੁੜੀ ਉੱਠੀ, ਮਾਂ ਨੇ ਤਜਰਬਾ ਹੋਣ ਕਰਕੇ ਦੁੱਧ ਕੋਸਾ ਕਰ ਪਹਿਲਾਂ ਹੀ ਬੋਤਲ ਵਿੱਚ ਪਾ ਰੱਖ ਲਿਆ ਸੀ। ਸਵੇਰੇ ਪਾਠੀ ਦੀ ਆਵਾਜ ਨੇ ਦੋਵਾਂ ਮਾਂ ਪੁੱਤਾਂ ਦੀ ਨੀਂਦ ਤੌੜ ਦਿੱਤੀ। ਕੁੜੀ ਅਜੇ ਘੂਕ ਸੁੱਤੀ ਪਈ ਸੀ। ਮਾਂ ਮੱਝਾਂ ਨੂੰ ਪੱਠੇ ਪਾਉਣ ਲੱਗ ਪਈ ਤੇ ਉਹ ਚਾਹ ਬਣਾਉਣ ਲੱਗ ਪਿਆ। ਮਾਂ ਹੈਰਾਨ ਸੀ ਕਿ ਅੱਜ ਇਸਨੇ ਕਿਵੇਂ ਮੰਜਾ ਛੱਡ ਦਿੱਤਾ। ਸਾਰਾ ਦਿਨ ਉਹ ਘਰ ਹੀ ਰਿਹਾ, ਕੁੜੀ ਨੂੰ ਖਡਾਉਦਾਂ, ਨਹਾਉਂਦਾ ਧਵਾਉਂਦਾ ਉਹ ਇੰਜ ਜਾਪ ਰਿਹਾ ਸੀ ਕਿ ਜਿਵੇਂ ਜਵਾਕ ਦੀ ਮਾਂ ਹੀ ਹੋਵੇ। ਮਾਂ ਉਸਦੇ ਬਦਲੇ ਰੂਪ ਨੂੰ ਦੇਖ ਹੈਰਾਨ ਅਤੇ ਖੁਸ਼ ਸੀ। ਉਸਨੇ ਪਰਮਾਤਮਾ ਅੱਗੇ ਉਸਦੀ ਇਸ ਬਖਸ਼ਿਸ਼ ਲਈ ਹੱਥ ਜੌੜੇ। ਮਾਂ ਨੂੰ ਆਸ ਸੀ ਕਿ ਚੰਗੇ ਦਿਨ ਬੱਸ ਪਰਤਣ ਵਾਲੇ ਹਨ
(ਚੱਲਦਾ)