More Punjabi Kahaniya  Posts
ਇੱਕ ਔਂਕਾਰ


ਨਿੱਕੇ ਹੁੰਦਿਆਂ ਜਦੋਂ ਕੋਈ ਗੱਡੀ ਹੇਠ ਖ਼ੁਦਕੁਸ਼ੀ ਕਰ ਜਾਇਆ ਕਰਦਾ ਤਾਂ ਉਚੇਚਾ ਪਲੇਟਫਾਰਮ ਤੇ ਰੱਖੀ ਉਸਦੀ ਲਾਸ਼ ਵੇਖਣ ਜਾਣਾ..!
ਫੇਰ ਜਦੋਂ ਟੇਸ਼ਨ ਤੇ ਪਿਤਾ ਜੀ ਨੂੰ ਸ਼ਾਮ ਵੇਲੇ ਦੀ ਰੋਟੀ ਦੇਣ ਜਾਣਾ ਪੈਂਦਾ ਤਾਂ ਪਲੇਟਫਾਰਮ ਤੇ ਤੁਰੇ ਜਾਂਦਿਆਂ ਇੰਝ ਲੱਗਣਾ ਜਿੱਦਾਂ ਓਹੀ ਮਰਿਆ ਹੋਇਆ ਹੁਣ ਸਾਡੇ ਪਿੱਛੇ-ਪਿੱਛੇ ਆ ਰਿਹਾ..!
ਦੋਵੇਂ ਭੈਣ ਭਰਾ ਨੇ ਇੱਕ ਦੂਜੇ ਦਾ ਹੱਥ ਫੜ ਲਿਆ ਕਰਦੇ ਪਰ ਰੁੱਖਾਂ ਦੇ ਝੁੰਡ ਵਿਚੋਂ ਮਾੜੀ ਜਿੰਨੀ ਬਿੜਕ ਹੁੰਦਿਆਂ ਸਾਰ ਹੀ ਨੱਸ ਪਿਆ ਕਰਦੇ..ਕਈ ਵਾਰ ਸਬਜੀ ਵੀ ਡੁੱਲ ਜਾਇਆ ਕਰਦੀ!
ਮਾਸੀ ਨੂੰ ਗੱਲ ਦੱਸੀ ਤਾਂ ਆਖਣ ਲੱਗੀ ਇਕ ਓਂਕਾਰ ਸੱਤ ਨਾਮ ਕਰਦੇ ਬੱਸ ਤੁਰੇ ਜਾਇਆ ਕਰੋ..ਕੁਝ ਨੀ ਹੁੰਦਾ!
ਵਾਕਿਆ ਹੀ ਇੰਝ ਕੀਤੀਆਂ ਮੁਰਦਿਆਂ ਕੋਲੋਂ ਡਰ ਆਉਣੋਂ ਹਟ ਗਿਆ..
ਪਰ ਓਦੋਂ ਤੱਕ ਦੁਨੀਆਦਾਰੀ ਦੇ ਜਿਉਂਦੇ ਜਾਗਦੇ ਕਿੰਨੇ ਸਾਰੇ ਭੂਤ ਆਲੇ ਦਵਾਲੇ ਦਿਸਣ ਲੱਗ ਪਏ!

ਵ੍ਹਾਈਟ ਹਾਊਸ ਤੇ ਡਾਕੂਮੈਂਟਰੀ ਵੇਖ ਰਿਹਾ ਸਾਂ..
ਤਕਰੀਬਨ ਡੇਢ ਸੌ ਸਾਲ ਪਹਿਲਾ ਕਤਲ ਹੋਇਆ ਅਬ੍ਰਾਹਮ ਲਿੰਕਨ ਅਜੇ ਵੀ ਕਈਆਂ ਨੂੰ ਓਥੇ ਤੁਰਿਆ ਫਿਰਦਾ ਦਿਸਦਾ!
ਕੇਨੀ ਨਾਮ ਦਾ ਬੌਡੀਗਾਰਡ..ਜਿਸ ਤੇ ਲਿੰਕਨ ਦੀ ਰਾਖੀ ਦੀ ਜੁੰਮੇਵਾਰੀ ਸੀ..ਉਸਨੂੰ ਛੱਬੀ ਸਤਾਈ ਵੇਰ ਦਿਸਿਆ!
ਰੂਜਵੇਲਟ..ਨਿਕਸਨ ਅਤੇ ਹੋਰ ਕਈ ਰਾਸ਼ਟਰ ਮੁਖੀਆਂ ਨੇ ਵੀ ਏਦਾਂ ਦੇ ਕਿੰਨੇ ਸਾਰੇ ਕਿੱਸੇ ਕਹਾਣੀਆਂ ਸੁਣਾਏ..!
ਪਰ ਪਿਛਲੇ ਸੱਠ ਸੱਤਰ ਸਾਲ ਤੋਂ ਇਹ ਭੂਤ ਦਿਸਣੋਂ ਹਟ ਗਿਆ..
ਸ਼ਾਇਦ ਜਿਉਂਦੇ ਜਾਗਦੇ ਮੋਟੇ ਮੂੰਹ ਵਾਲੇ ਚਾਹ ਵਾਲੇ ਦੇ ਯਾਰ ਤੋਂ ਡਰ ਗਿਆ ਹੋਣਾ!

ਝੂਠੇ ਮੁਕਾਬਲਿਆਂ ਖ਼ਿਲਾਫ਼ ਗਵਾਹੀ ਦੇਣ ਵਾਲੇ ਹੌਲਦਾਰ ਕੁਲਵੰਤ ਸਿੰਘ ਨੇ ਗੱਲ ਸੁਣਾਈ..
ਬਾਨਵੇਂ-ਤ੍ਰਿਨਵੇਂ ਵੇਲੇ ਸੀ.ਆਈ.ਏ ਸਟਾਫ ਬਾਘੇੇ-ਪੁਰਾਣੇ ਵਿਚ ਇੱਕ ਕਮਰੇ ਅੰਦਰ ਆਥਣ ਵੇਲੇ ਰਹਿਰਾਸ ਦਾ ਪਾਠ ਕਰ ਰਿਹਾ ਹੁੰਦਾ ਤਾਂ ਸਿੱਖ ਨੌਜੁਆਨਾਂ ਤੇ ਸਾਰਾ ਦਿਨ ਤਸ਼ੱਦਤ ਕਰ ਕਰ ਹੰਬੇ ਹੋਏ ਕਈ ਨਾਲਦੇ ਬੋਤਲ ਖੋਲਣ ਲੱਗੇ ਔਖੇ ਭਾਰੇ ਹੁੰਦੇ..
ਅਖ਼ੇ ਨਿਹੰਗਾਂ ਅਸੀਂ ਘੁੱਟ ਲਾਉਣੀ ਹੁੰਦੀ ਤੇ ਤੂੰ ਕੋਲ ਗੁਟਕਾ ਖੋਹਲ ਬਹਿੰਦਾ..ਕਿਧਰੇ ਲਾਂਭੇ ਹੋ ਜਾਇਆ ਕਰ..!
ਇਕ ਦਿਨ ਹਫਿਆ ਹੋਇਆ ਆਇਆ..
ਅਖ਼ੇ ਨਿਹੰਗਾਂ ਆਹ ਲੈ ਪੰਜਾਹ ਰੁਪਈਏ..ਸ਼ਾਮੀਂ ਅਰਦਾਸ ਕਰੇਗਾਂ ਤਾਂ ਮੇਰੀ ਭੁੱਲ ਬਖਸ਼ਾ ਦਵੀਂ..
ਲੱਗਦਾ ਖਾਦੀ ਪੀਤੀ ਵਿਚ ਕੋਈ ਭੁੱਲ ਹੋ ਗਈ..
ਅੱਜ ਜੀਪ ਵਿਚ ਬੈਠਿਆਂ ਪਤਾ ਨੀ ਕਿੱਦਾਂ ਰਫਲ ਚੱਲ ਗਈ ਤੇ ਗੋਲੀ ਪੱਗ ਨਾਲ ਖਹਿ ਕੇ ਲੰਘ ਗਈ..!

ਨੌ ਜੂਨ ਸਤਾਰਾਂ ਸੌ ਸੋਲਾਂ..
ਕੈਦ ਵਿਚ ਲਹੂ ਲੁਹਾਣ ਬੈਠਾ ਬਾਬਾ ਬੰਦਾ ਸਿੰਘ ਬਹਾਦੁਰ..
ਫਰੁਖਸੀਅਰ ਦਾ ਡਿਪਟੀ ਮੁਨੀਮ ਖ਼ਾਨ ਕੋਲ ਆਇਆ..ਟਿਚਕਰ ਕੀਤੀ..ਅਖ਼ੇ ਬੰਦਾ ਸਿਹਾਂ..ਤੇਰਾ ਐਨਾ ਬੁਰਾ ਹਾਲ..ਜਮੂਰਾਂ ਨਾਲ ਪਿੰਜਿਆ ਸਰੀਰ..ਟੁੱਟੀਆਂ ਹੱਡੀਆਂ..ਕਿਥੇ ਗਿਆ ਤੇਰਾ ਗੁਰੂ ਗੋਬਿੰਦ ਸਿੰਘ?
ਹੁਣ ਤੇਰੀ ਰਾਖੀ ਕਿਓਂ ਨੀ ਕਰਦਾ?
ਆਖਣ ਲੱਗਾ ਮੁਨੀਮ ਖ਼ਾਨ..ਸਰੀਰਕ ਤੌਰ ਤੇ ਵਿਚਰਦਿਆਂ ਮੈਥੋਂ ਕਈ ਭੁੱਲਾਂ ਹੋਈਆਂ ਹੋਣੀਆਂ..ਕੁਝ ਨਾਲ ਧੱਕੇ ਵੀ ਕੀਤੇ ਗਏ ਹੋਣੇ..ਮੇਰਾ...

ਗੁਰੂ ਮੈਨੂੰ ਛਾਤੀ ਦੇ ਨਾਲ ਲਾਉਣ ਲਈ ਉਡੀਕੀ ਜਾਂਦਾ ਪਰ ਉਹ ਚਾਹੁੰਦਾ ਕੇ ਉਸ ਕੋਲ ਅੱਪੜਨ ਤੋਂ ਪਹਿਲਾਂ ਉਸਦਾ ਇਹ ਪੁੱਤਰ ਦੁਨਿਆਵੀ ਹਿਸਾਬ ਕਿਤਾਬਾਂ ਤੋਂ ਮੁਕਤ ਹੋ ਜਾਵੇ..ਸੋ ਇਥੇ ਚੜੇ ਕਰਜੇ ਲਾਹ ਰਿਹਾ ਹਾਂ..!

ਇਤਿਹਾਸ ਵਿਚ ਵਾਪਰੇ ਇਹ ਸੁਨਹਿਰੀ ਵਰਤਾਰੇ ਅੱਜ ਵੀ ਇੱਕ ਖਾਸ ਵਰਗ ਲਈ ਕਾਫੀ ਤਕਲੀਫ ਦੇਹ ਸਾਬਿਤ ਹੁੰਦੇ..
ਤਰਕਾਂ ਵਾਲੀ ਕਾਂਟੀ ਮਾਰ ਅਕਸਰ ਹੀ ਸਿੰਗ ਫਸਾ ਲਏ ਜਾਂਦੇ ਨੇ..

ਫੇਰ ਮੈਂ ਬਲਵੰਤ ਗਾਰਗੀ ਦਾ ਹਵਾਲਾ ਦੇ ਦਿੰਨਾ..
ਆਖਦਾ ਏ ਕੇ ਮੈਨੂੰ ਤੇ ਮੇਰੇ ਭਰਾ ਕੁਲਵੰਤ ਨੂੰ ਮਾਂ ਇੱਕ ਸਾਧ ਕੋਲ ਲੈ ਗਈ..
ਅਖ਼ੇ ਦੋਹਾਂ ਨੂੰ ਤੇ ਪੜਾ ਨੀ ਸਕਦੀ ਤੁਸੀਂ ਦੱਸੋ ਦੋਹਾਂ ਚੋਂ ਸਕੂਲੇ ਕਿਸਨੂੰ ਭਰਤੀ ਕਰਵਾਵਾਂ..?

ਉਸਨੇ ਬਿਨਾ ਵੇਖਿਆ ਮੇਰੇ ਵੱਲ ਇਸ਼ਾਰਾ ਕਰ ਦਿੱਤਾ..!

ਮਾਂ ਮੈਨੂੰ ਗੁਰੂਦੁਆਰੇ ਵਾਲੇ ਸਕੂਲ ਛੱਡ ਆਈ..
ਤਿੰਨ ਦਿਨ ਖੇਡ ਮੱਲ ਕੇ ਨਿੱਕਲ ਗਏ..ਚੋਥੇ ਦਿਨ ਰੌਲਾ ਪੈ ਗਿਆ ਅਖ਼ੇ ਬਾਬਾ ਜੀ ਆ ਗਏ..ਕੀ ਵੇਖਿਆ ਨੀਲਾ ਵਸਤਰ ਪਾਈ ਇੱਕ ਬਜ਼ੁਰਗ..!

ਘੋੜੇ ਤੇ ਚੜੇ ਚੜਾਏ ਕੋਲ ਆਏ ਤੇ ਆਖਣ ਲੱਗੇ ਕਾਕਾ ਸਬਕ ਸੁਣਾ..ਆਖਿਆ ਬਾਬਾ ਜੀ ਸਬਕ ਤੇ ਤੁਸਾਂ ਅਜੇ ਦਿੱਤਾ ਹੀ ਨਹੀਂ..ਸੁਣਾਵਾਂ ਕੀ!
ਮਿਆਨ ਵਿਚੋਂ ਤਲਵਾਰ ਕੱਢੀ ਤੇ ਨੋਕ ਨਾਲ ਭੋਏਂ ਤੇ ਪਹਿਲਾਂ ਏਕਾ ਵਾਹਿਆ ਤੇ ਫੇਰ ਖੁੱਲੇ ਮੂੰਹ ਵਾਲਾ ਊੜਾ ਵਾਹ ਕੇ ਆਖਣ ਲੱਗੇ ਪੁੱਤਰਾ ਹੁਣ ਆਖ “ਇੱਕ ਔਂਕਾਰ”..ਹੁਣ ਇਹੋ ਤੇਰੀ ਜਿੰਦਗੀ ਦਾ ਪਹਿਲਾ ਸਬਕ ਹੈ..!

ਗਾਰਗੀ ਆਖਦਾ ਨੀਲੇ ਬਾਣੇ ਵਾਲੇ ਘੁੜਸਵਾਰ ਬਾਬਾ ਜੀ ਦਾ ਦਿੱਤਾ ਹੋਇਆ ਪਹਿਲਾ ਸਬਕ ਮੇਰੀ ਹਯਾਤੀ ਦਾ ਆਖਰੀ ਸਬਕ ਵੀ ਹੋ ਨਿੱਬੜਿਆ ਤੇ ਇਹਨਾਂ ਦੋਹਾ ਸਬਕਾਂ ਦੀ ਬੁੱਕਲ ਦਾ ਨਿੱਘ ਮਾਣਦੀ ਮੇਰੀ ਪੂਰੀ ਜਿੰਦਗੀ ਕਿੱਦਾਂ ਰਵਾਂ ਰਵੀ ਤੁਰੀ ਗਈ..ਮੈਨੂੰ ਪਤਾ ਹੀ ਨਹੀਂ ਲੱਗਾ!

ਇਹਨਾਂ ਦੋ ਸਬਕਾਂ ਵਿਚ ਰਹਿ ਕੇ ਜਿੰਦਗੀ ਗੁਜਾਰਨ ਵਾਲਿਆਂ ਲਈ ਹੀ ਸ਼ਾਇਦ ਕਿਸੇ ਨੇ ਖੂਬ ਲਿਖਿਆ ਕੇ..
“ਉਚੀ ਮੌਤ ਲਿਖਾ ਲਈ ਜਿਹਨਾਂ ਕਰਮਾ ਦੇ ਵਿਚ..ਪਏ ਛੇ-ਛੇ ਫੁੱਟ ਦੇ ਗੱਭਰੂ ਪਰਿਕਰਮਾਂ ਦੇ ਵਿਚ
“ਭੋਰਾ ਸਿਦਕ ਨਾ ਤਿੜਕਿਆ..ਓਹਨਾ ਫਤਹਿ ਬੁਲਾ ਤੀ..ਵੇਖ ਸ਼ਹੀਦੀ ਜਥਿਆਂ ਨੇ ਭਾਜੜ ਪਾ ਤੀ”
ਵਾਕਿਆ ਹੀ ਆਪਣਾ ਆਪ ਵਾਰਨ ਤੋਂ ਪਹਿਲਾਂ ਦੁਸ਼ਮਣ ਦੇ ਖੇਮਿਆਂ ਵਿਚ ਭਾਜੜ ਪਾਉਣ ਵਾਲੇ ਨੂੰ ਨਾ ਤੇ ਮੌਤ ਨਾਮ ਦੇ ਫਰਿਸ਼ਤੇ ਦਾ ਕੋਈ ਖੌਫ ਹੁੰਦਾ ਤੇ ਨਾ ਹੀ ਇਸ ਫਾਨੀ ਸੰਸਾਰ ਵਿਚ ਨਾਸ਼ਵੰਦ ਵਸਤਾਂ ਇੱਕਠੀਆਂ ਕਰਨ ਦਾ ਕੋਈ ਲਾਲਚ..
ਉਹ ਤਾਂ ਬੱਸ ਜੈਕਾਰਾ ਛੱਡ ਡਾਂਗ ਆਸਰੇ ਹੀ ਚੜੇ ਆਉਂਦੇ ਵੈਰੀ ਦੇ ਦਵਾਲੇ ਹੋ ਅਖੀਰ ਬੋਤਾ ਗਰਜਾ ਹੋ ਨਿੱਬੜਦਾ ਏ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਇੱਕ ਔਂਕਾਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)