More Punjabi Kahaniya  Posts
ਮਿੱਟੀ ਦੇ ਜਾਏ ਭਾਗ= ਦੂਸਰਾ


ਮਿੱਟੀ ਦੇ ਜਾਏ ❣❣ ਭਾਗ= ਦੂਸਰਾ ❣❣
ਮਾੜੇ ਦਿਨਾਂ ਵਿੱਚ ਮਨੁੱਖਾਂ ਦੇ ਸਬਰਾਂ ਦਾ ਇਮਤਿਹਾਨ ਹੋ ਰਿਹਾ ਹੁੰਦਾ। ਰਿਜਕ ਹੱਥੋਂ ਕੀ ਖੁੱਸਾ ਫਾਕੇ ਕੱਟਣ ਦੇ ਦਿਨ ਆ ਗਏ। ਦੋੰ ਸਾਲਾਂ ਵਿੱਚ ਭੋਰ-ਭੋਰ ਖਾਂਦਿਆਂ ਅਨਾਜ ਦੇ ਭੜੋਲੇ ਹੱਥ ਲਾਉਣ ਤੇ ਮੂੰਹ ਚੜਾਉੰਦੇ।
ਤੱਤੀਆਂ ਲੋਆਂ ਨੇ ਚਰਾਦਾਂ ਦਾ ਘਾਹ , ਸਵਾਂਕ ਤੇ ਡੀਲਾ ਲੂ ਸੁੱਟਿਆ। ਨਿਆਈਂ ਵਾਲੇ ਖੇਤ ਜਿਨ੍ਹਾਂ ਵਿੱਚ ਗਾਚਾ -ਛਟਾਲਾ ਛਾਲਾਂ ਮਾਰ ਮਾਰ ਹੁੰਦਾ ਸੀ ਉਹ ਅਮੀਰਾਂ ਹਥਿਆ ਲਏ। ਬਾਲਟੀਆਂ ਨਿਤਾਰਣ ਵਾਲੀਆਂ ਲਵੇਰੀਆਂ ਤੋਕੜ ਹੋ ਗਈਆਂ । ਡੰਗਰ ਤੂੜੀ ਦਾ ਗਤਾਵਾ ਖਾ ਤੇ ਨਹਿਰੋੰ ਪਾਣੀ ਪੀ ਢਿੱਡ ਭਰਨ ਜੋਗੇ ਰਹਿ ਗਏ। ਮੁਰੱਬੇਬੰਦੀ ਦੇ ਨਾਂ ਤੇ ਹੋਈ ਧਾਂਦਲੀ ਨੇ ਮਨੁੱਖਾਂ ਤੇ ਪਸ਼ੂਆਂ ਦੇ ਢਿੱਡ ਧੋ ਸੁੱਟੇ।
ਬਾਪੂ ਹੁਰਾਂ ਰਾਤ ਦਿਨ ਇਕ ਕਰ ਰੱਕੜ -ਬੰਜਰ ਸਵਾਰ ਲਏ ਪਰ ਪਾਣੀ ਨਾ ਹੋਣ ਕਰਕੇ ਮੀੰਹ ਪੈਣ ਦੀ ਆਸ ਨਾਲ ਬਦਲਾਂ ਨੂੰ ਵੇਹਦਿਆਂ ਦੀਆਂ ਧੌਣਾਂ ਥੱਕ ਜਾਂਦੀਆਂ। ਬਦਲ ਆਉਂਦੇ ਵਿਖਾਲੀ ਦੇ ਨੱਸ ਜਾਂਦੇ। ਉਨ੍ਹਾਂ ਤੋਂ ਪਾਣੀ ਦੀ ਛਿੱਟ ਨਾ ਸਰਦੀ।
ਛੁੱਟ-ਮੁੱਟ ਬਾਰਿਸ਼ ਹੁੰਦੀ ਤਾਂ ਜਮੀਨ ਵਿੱਚ ਭਰਵਾਂ ਵਤਰ ਨਾ ਬਣਦਾ। ਅੱਕ-ਥੱਕ ਉਹ ਚੜ੍ਹੇ ਵਤਰ ਹੀ ਬੀਜ ਦਾ ਛੱਟਾ ਕਰ ਦੇੰਦੇ। ਕਿਤੇ ਫਸਲ ਉੱਗਦੀ ਤੇ ਕਿਤੇ ਖੇਤ ਖਾਲੀ ਪਿਆ ਰਹਿੰਦਾ। ਜੋ ਥੋੜ੍ਹਾ -ਬਹੁਤਾ ਉੱਗਦਾ ਲੋੜੀਂਦਾ ਮੀੰਹ ਨਾ ਪੈਣ ਕਾਰਨ ਸੜ-ਸੁੱਕ ਜਾਂਦਾ। ਹਰਵਾਰ ਕੀਤੀ ਮਿਹਨਤ ਅਜਾਈਂ ਚਲੇ ਜਾਂਦੀ। ਬਾਪੂ ਹੁਰਾਂ ਦੀ ਕਮਾਈ ਵਿੱਚ ਕੋਈ ਖੋਟ ਨਹੀਂ ਸੀ ਉਨ੍ਹਾਂ ਮਿਹਨਤ ਕਰਨ ਵਾਲੀ ਓੜ ਪੁੱਗਾ ਦਿੱਤੀ ਪਰ ਬਾਰਿਸ਼ਾਂ ਬਾਂਹ ਨਾ ਫੜੀ।
ਖਾਓ-ਪੀਓ ਦਾ ਵੇਲਾ ਸੀ ਕਿ ਗੋਰਖ ਨਾਥ ਦੇ ਟਿੱਲੇ ਵਲੋਂ ਚੜ੍ਹੀ ਲਾਲ ਹਨੇਰੀ ਨੂੰ ਵੇਖ ਬਾਪੂ ਹੁਰਾਂ ਦੇ ਸਾਹ ਸੂਤੇ ਗਏ । ਇੰਨਾਂ ਗਹਿਰਾ ਅਸਮਾਨ ਪਹਿਲਾਂ ਕਦੀ ਨਹੀਂ ਸੀ ਡਿੱਠਾ । ਹਰ ਕੋਈ ਚੁੱਲਾ ਚੌੰਕਾ , ਘਰੇਲੂ ਸਮਾਨ ਤੇ ਮਾਲ ਡੰਗਰ ਨੂੰ ਸਾਂਭਣ ਦੀ ਹਫੜਾ-ਦਫੜੀ ਵਿੱਚ ਸੀ । ਹਨੇਰ ਦੀ ਛੂਕਰ ਤੇ ਵੱਜਦੀਆਂ ਸੀਟੀਆਂ ਸਾਰਿਆਂ ਨੂੰ ਭੈਭੀਤ ਕਰੀ ਜਾਂਦੀਆਂ। ਬੂਹੇ ਬਾਰੀਆਂ ਇੰਜ ਖੜਕਦੇ ਜਿਵੇਂ ਕੋਈ ਬਾਹਰੋਂ ਧੱਕੇ ਮਾਰ ਰਿਹਾ ਹੋਵੇ।
ਸਭ ਅੰਦਰੀੰ ਦੜੇ -ਸਹਿਮੇ , ਰੱਬ ਨੂੰ ਰਹਿਮ ਦੀਆਂ ਅਰਜੋਈਆਂ ਕਰ ਰਹੇ ਸਨ। ਸੱਥ ਵਾਲੇ ਬੋਹੜ ਦਾ ਟਾਹਣਾ ਟੁੱਟਣ ਦੀ ਕੜ-ਕੜ ਤੇ ਪਸ਼ੂਆਂ ਵਾਲੇ ਢਾਰੇ ਦੇ ਧੜੰਮ ਕਰਕੇ ਡਿੱਗਣ ਦੀ ਅਵਾਜ਼ ਨੇ ਸਾਰੇ ਟੱਬਰ ਦਾ ਧੜਾਕਾ ਕੱਢ ਦਿੱਤਾ । ਹਨੇਰ ਲੋਕਾਈ ਤੇ ਬਰਬਾਦੀ ਦਾ ਤਾਂਡਵ ਨਾਚ ਕਰ ਰਿਹਾ ਸੀ।
ਬਾਪੂ ਤੇ ਚਾਚਾ ਜੀਅ ਭਿਆਣੇ ਢਾਰੇ ਵੱਲ਼ ਦੋੜੇ । ਖੜਾਕ ਸੁਣ ਆਂਡੀ- ਗੁਆਂਢੀ ਭੱਜੇ ਆਏ । ਹਨੇਰ ਦੀ ਪਰਵਾਹ ਕੀਤੇ ਬਗੈਰ ਮਲਬਾ ਹਟਾਇਆ ਗਿਆ ਪਰ ਭਾਣਾ ਵਾਪਰ ਚੁੱਕਾ ਸੀ। ਪੁੱਤਾਂ ਵਾਂਗੂੰ ਪਾਲਿਆ ਲਾਖਾ ਵਹਿੜਕਾ ਤੇ ਲਬੋਚੜ ਗਾਂ ਢਾਰੇ ਥੱਲੇ ਆਉਣ ਨਾਲ ਮਾਰੇ ਗਏ।
ਚਾਚੇ ਦੀਆਂ ਤਾਹਾਂ ਨਿਕਲੀਆਂ ਵੇਖ, ਬਾਪੂ ਉਸਨੂੰ ਗਲ ਲਾ ਚੁੱਪ ਕਰਾਉੰਦਿਆਂ ਆਪ ਵਹਿ ਤੁਰਿਆ। ਕਈ ਦਿਨ ਉਨ੍ਹਾਂ ਦਾ ਹੇਰਵਾ ਸਾਰੇ ਟੱਬਰ ਨੂੰ ਵੱਡ -ਵੱਡ ਖਾ਼ਂਦਾ ਰਿਹਾ।
ਬਾਪੂ ਹੁਰੀੰ ਖੇਤਾਂ ਨੂੰ ਗਏ ਤਾਂ ਬਹਿਣ-ਖਲੋਣ ਲਈ ਬਣਾਇਆ ਟਿਕਾਣਾ ਖੇੰਰੂ ਖੇਰੂ...

ਹੋਇਆ ਪਿਆ ਸੀ। ਤਬਾਹੀ ਦਾ ਮੰਜਰ ਵੇਖ ਉਨ੍ਹਾਂ ਦੇ ਮੂੰਹ ਅੱਡੇ ਰਹਿ ਗਏ। ਤੀਲਾ-ਤੀਲਾ ਕਰਕੇ ਬਣਾਈਆਂ ਛੰਨਾਂ ਤੂਫ਼ਾਨ ਨੇ ਤਹਿਸ਼ ਨਹਿਸ਼ ਕਰ ਦਿੱਤੀਆਂ । ਦੋ ਠੁਉਣੀਆਂ ਖੜ੍ਹੀਆਂ ਸਨ ਪਤਾ ਨਹੀਂ ਇਹ ਉਸ ਦੇ ਕਹਿਰ ਤੋਂ ਕਿਵੇਂ ਬੱਚ ਗਈਆਂ । ਛਾਂ ਦੀ ਆਸ ਨਾਲ ਲਾਏ ਬੂਟਿਆਂ ਦੇ ਲੱਕ ਟੁੱਟ ਗਏ।
ਲਵੇਰੀਆਂ ਤੇ ਬਲੱਦ ਜੱਟ-ਜਿਮੀਦਾਰਾਂ ਦੀਆਂ ਬਾਹਾਂ ਹੁੰਦੀਆਂ ਨੇ।
ਮੁਰੱਬੇਬੰਦੀ ਦੇ ਦੈੰਤ ਨੇ ਪਹਿਲਾਂ ਹੀ ਕੱਖੋੰ ਹੌਲਾ ਕਰ ਛੱਡਿਆ ਸੀ ਹੁਣ ਲਾਖੇ ਵਹਿੜਕੇ ਤੇ ਲਬੋਚੜ ਗਾਂ ਦੇ ਬੇਵਕਤ ਤੁਰ ਜਾਣ ਨੇ ਬਾਪੂ ਹੁਰਾਂ ਦਾ ਲੱਕ ਤੋੜ ਸੁੱਟਿਆ।
ਗੁਰਬੱਤ ਦੇ ਸਮੇਂ ਤੁਹਾਡੇ ਨਜ਼ਦੀਕੀ ਵੀ ਅੱਖਾਂ ਫੇਰ ਲੈੰਦੇ ਨੇ। ਜਿਹੜੇ ਜੱਫੀਆਂ ਪਾ ਮਿਲਦੇ ਸਨ ਦੂਰੋਂ ਵੇਖ ਰਾਹ ਛੱਡਣ ਲਗ ਪਏ।
ਰਿਸ਼ਤੇਦਾਰਾਂ ਦੇ ਵਿਆਹ ਤੇ ਗਏ ਤਾਂ ਸਾਡੇ ਹਲਕੇ ਲਿਬਾਸ ਨੂੰ ਵੇਖ ਕਿਸੇ ਸਿੱਧੇ ਮੂੰਹ ਨਾ ਕਵਾਇਆ । ਹਰ ਕੋਈ ਸਾਡੇ ਤੋਂ ਦੂਰੀ ਬਨਾਉਣ ਵਿੱਚ ਭਲਾ ਸਮਝਦਾ ਜਿਵੇਂ ਅਸੀਂ ਕਿਸੇ ਛੂਤ ਦੀ ਬਿਮਾਰੀ ਦੇ ਸ਼ਿਕਾਰ ਹੋਈਏ।
ਹੇਠੀ ਹੁੰਦੀ ਵੇਖ ਬੇਬੇ-ਬਾਪੂ ਵਿੱਚੇ ਵਿਆਹ ਛੱਡ ਘਰ ਆ ਗਏ । ਉਨ੍ਹਾਂ ਅਗੇ ਤੋਂ ਸ਼ਾਦੀਆਂ ਤੇ ਆਉਣਾ ਜਾਣਾ ਬੰਦ ਕਰ ਦਿੱਤਾ। ਜਦੋਂ ਉਪਰਵਾਲੇ ਦੀ ਨਜ਼ਰ ਸੱਵਲੀ ਨਾ ਹੋਵੇ ਤਾਂ ਸਭ ਪਰਾਏ ਹੋ ਜਾਂਦੇ।
” ਰੱਬ ਡਾਢੇ ਅੱਖਾਂ ਫੇਰੀਆਂ,
ਵੈਰੀ ਹੋਇਆ ਕੁਲ ਜਹਾਨ।”
ਇਕ ਗੱਲ ਤਾਂ ਤਹਿ ਸੀ ਕਿ ਜਿਨ੍ਹਾਂ ਚਿਰ ਖੇਤਾਂ ਵਿੱਚ ਪਾਣੀ ਦਾ ਪ੍ਰਬੰਧ ਨਾ ਹੋਇਆ ਫਸਲ ਨਹੀਂ ਹੋਣ ਲਗੀ। ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਾਣੀ ਬਿਨਾਂ ਧਰਤ ਸੁਹਾਗਣ ਨਹੀਂ ਹੋਣੀ।
ਡੀਜ਼ਲ ਇੰਜਣ ਲਾਉਣਾ ਮੁੱਖ ਜਰੂਰਤ ਬਣ ਗਈ। ਬੋਰ ਤੇ ਇੰਜਣ ਲਈ ਕਰੀਬ 6000-7000 ਹਜ਼ਾਰ ਰੁਪਏ ਚਾਹੀਦੇ ਸਨ। ਬਾਪੂ ਨੇ ਬਥੇਰੀ ਉਧੇੜ-ਬੁਣ ਕੀਤੀ ਪਰ ਕਿਤਿਉੰ ਮਦਦ ਨਾ ਮਿਲੀ।
ਆਖਿਰ ਬਾਪੂ ਨੇ ਚੀਨਾ ਬਲਦ ਤੇ ਬੂਰੀ ਮੱਝ ਵੇਚ ਦਿੱਤੇ । ਦੋਵਾਂ ਨੂੰ ਵੇਚ ਵੱਟਕੇ 3000 ਹਜ਼ਾਰ ਰੁਪਈਏ ਹੀ ਇੱਕਠੇ ਹੋਏ।
ਬੇਬੇ ਨੇ ਸੰਦੂਖ ਖੋਲਿਆ ਤੇ ਗਹਿਣਿਆਂ ਵਾਲੀ ਗੁੱਥਲੀ ਬਾਪੂ ਅਗੇ ਲਿਆ ਰੱਖੀ। ਅੌਰਤ ਦਾ ਟੂੰਮ ਛੱਲੇ ਨਾਲ ਮੋਹ ਕਿਸੇ ਤੋਂ ਗੁੱਝਾ ਨਹੀਂ ਪਰ ਫਰਾਕਦਿਲ ਅੌਰਤਾਂ ਅੌਖੀ ਘੜੀ ਗਹਿਣਿਆਂ ਨੂੰ ਪਰਵਾਰਾਂ ਤੋਂ ਨਿਸ਼ਾਵਰ ਕਰਦੀਆਂ ਵੇਖੀਆਂ ਹਨ।
ਬੇਬੇ ਬਾਪੂ ਹੁਰਾਂ ਨੂੰ ਹੌਸਲਾ ਦੇੰਦੀ ਬੋਲੀ, ” ਅੰਮਿ੍ਤਸਰ ਵੇਲੇ ਗੁਰੂਘਰੋੰ ਓਟ ਆਸਰਾ ਲੈ ਕੇ ਸ਼ਹਿਰੋਂ ਇੰਜਣ ਲੈ ਆਓ। ਮੈਨੂੰ ਭਾਖਿਆ ਹੋਈ ਕਿ ਸਾਡੇ ਦੁੱਖਾਂ ਦਾ ਅੰਤ ਹੋਣ ਵਾਲਾ।”
ਬਾਪੂ ਤੇ ਚਾਚਾ ਬਾਬਾ ਨਾਨਕ ਨੂੰ ਧਿਆ ਪਹਿਲੀ ਬੱਸ ਤੇ ਬੈਠ
ਇੰਜਣ ਲੈਣ ਸ਼ਹਿਰ ਨੂੰ ਰਵਾਨਾ ਹੋ ਗਏ।
” ਜਿੰਦਗੀ ਜਿੰਦਾਬਾਦ” (ਚਲਦਾ )
✍:- ਗੁਰਨਾਮ ਨਿੱਜਰ=19/05/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)