More Punjabi Kahaniya  Posts
ਬੇਬੇ ਨਾਨਕੀ ਦਾ ਰੂਪ


ਚਾਰ ਭੈਣਾਂ ਵਿਚੋਂ ਸਭ ਤੋਂ ਛੋਟਾ ਸਾਂ..ਗੁਰਪੁਰਵ ਵਾਲੇ ਦਿਨ ਜਨਮੇ ਦਾ ਨਾਮ ਘਰਦਿਆਂ ਨਾਨਕ ਸਿੰਘ ਰੱਖ ਦਿੱਤਾ..!
ਭਾਪਾ ਜੀ ਗੁਹਾਟੀ ਵੱਲ ਟਰੱਕ ਚਲਾਇਆ ਕਰਦੇ..!
ਧੀਆਂ ਨਾਲ ਏਨਾ ਮੋਹ ਕੇ ਕਦੇ ਦੇਰ ਸੁਵੇਰ ਘਰੇ ਆਉਣ ਦਾ ਸਬੱਬ ਬਣਦਾ ਤਾਂ ਦੱਬੇ ਪੈਰੀ ਹੀ ਆਉਂਦੇ..ਮਤੇ ਗੂੜੀ ਨੀਂਦਰ ਸੁੱਤੀ ਪਈ ਕੋਈ ਧੀ ਹੀ ਨਾ ਜਾਗ ਪਵੇ..!
ਫੇਰ ਓਸੇ ਤਰਾਂ ਸੁੱਤੀਆਂ ਪਈਆਂ ਦੇ ਮੂੰਹ ਸਿਰ ਚੁੰਮ ਵਾਪਿਸ ਪਰਤ ਜਾਇਆ ਕਰਦੇ..!
ਵੱਡੀ ਭੈਣ ਨੇ ਸੁਵੇਰੇ ਉੱਠ ਲੜਨਾ ਤੁਸਾਂ ਮੈਨੂੰ ਕਿਓਂ ਨਹੀਂ ਜਗਾਇਆ..ਮਾਂ ਨੇ ਆਖਣਾ ਤੈਨੂੰ ਬਥੇਰੇ ਹਲੂਣੇ ਦਿੱਤੇ ਪਰ ਤੂੰ ਉਠੀ ਹੀ ਨਹੀਂ..ਉਸਨੇ ਅੱਗੋਂ ਆਖੀ ਜਾਣਾ ਨਹੀਂ ਤੂੰ ਝੂਠ ਬੋਲਦੀ ਏ..!
ਵੱਡੇ ਭੈਣ ਜੀ ਦੀ ਨੀਂਦ ਬੜੀ ਭੈੜੀ ਹੁੰਦੀ..ਆਸ ਪਾਸ ਦੀ ਕੋਈ ਹੋਸ਼ ਨਹੀਂ ਸੀ ਰਹਿੰਦੀ..ਇੱਕ ਵੇਰ ਕੋਠੇ ਸੁੱਤੀ ਹੋਈ ਨੇ ਸਾਰਾ ਮੋਹਲੇਧਾਰ ਮੀਂਹ ਆਪਣੇ ਉੱਪਰ ਹੀ ਵਰਾਇਆ..ਓਥੇ ਹੀ ਪਈ ਰਹੀ..ਹੇਠਾਂ ਨਾ ਉੱਤਰੀ..ਪਰ ਮੇਰੇ ਨਾਲ ਪਏ ਤੇ ਇੱਕ ਕਣੀ ਤੱਕ ਵੀ ਨਾ ਪੈਣ ਦਿੱਤੀ!
ਅਸਾਂ ਭਾਪਾ ਜੀ ਨੂੰ ਬਹੁਤ ਘੱਟ ਵੇਖਿਆ..ਹਮੇਸ਼ਾਂ ਹਨੇਰੇ ਪਏ ਆਉਂਦੇ ਤੇ ਕੁਝ ਘੰਟਿਆਂ ਬਾਅਦ ਹੀ ਵਾਪਿਸ ਪਰਤ ਜਾਇਆ ਕਰਦੇ..ਸ਼ਾਇਦ ਆਲੇ ਦਵਾਲੇ ਦੇ ਸਮਾਜਿਕ ਵਰਤਾਰੇ ਤੋਂ ਵਾਕਿਫ ਹਮੇਸ਼ਾਂ ਇਸੇ ਫਿਕਰ ਵਿਚ ਹੀ ਰਹਿੰਦੇ ਕੇ ਕਿਧਰੇ ਧੀਆਂ ਦੀ ਪੜਾਈ ਅਤੇ ਵਿਆਹ ਕਾਰਜਾਂ ਵਿਚ ਕੋਈ ਢਿੱਲ-ਮੱਠ ਹੀ ਨਾ ਰਹਿ ਜਾਵੇ..!
ਚੁਰਾਸੀ ਮਗਰੋਂ ਫੇਰ ਪਿੰਡੇ ਤੇ ਤਸ਼ੱਦਤ ਵੀ ਕਾਫੀ ਹੰਢਾਇਆ..ਪੁਲਸ ਆਖਦੀ ਇਸਦੇ ਟਰੱਕ ਵਿਚ ਸਿੰਘ ਜਾਂਦੇ ਨੇ ਏਧਰ ਓਧਰ..!
ਫੇਰ ਇੱਕ ਦਿਨ ਬਿਜਲੀ ਆਣ ਡਿੱਗੀ..ਸੁਨੇਹਾ ਮਿਲਿਆ ਐਕਸੀਡੈਂਟ ਹੋ ਗਿਆ..ਬੰਗਾਲ ਬਾਡਰ ਤੇ..ਮਾਂ ਸਾਨੂੰ ਰਿਸ਼ਤੇਦਾਰੀ ਵਿਚ ਛੱਡ ਨੱਸ ਗਈ..ਕਿੰਨੇ ਦਿਨਾਂ ਬਾਅਦ ਮੁੜੀ..ਹਾਲੋਂ ਬੇਹਾਲ..!
ਦੱਸਣ ਵਾਲਿਆਂ ਮੁਤਾਬਿਕ ਓਹਨਾ ਨੂੰ ਚਲਾਉਂਦਿਆਂ ਨੂੰ ਨੀਂਦ ਆ ਗਈ ਸੀ..ਫੇਰ...

ਟਰੱਕ ਸਿੱਧਾ ਖੱਡ ਵਿਚ ਜਾ ਡਿੱਗਾ..ਦੇਹ ਕਿੰਨੇ ਦਿਨ ਓਥੇ ਹੀ ਪਈ ਰਹੀ..ਕਿਸੇ ਕਨਸੋਅ ਕੱਢੀ ਕੇ ਕਲੀਨਰ ਪੁਲਸ ਨਾਲ ਰਲ ਗਿਆ ਸੀ..!
ਅੱਜ ਏਨੇ ਵਰ੍ਹਿਆਂ ਬਾਅਦ ਕਨੇਡਾ ਅਜੇ ਟਰੱਕ ਯਾਰਡ ਵਿਚੋਂ ਬਾਹਰ ਵੀ ਨਹੀਂ ਨਿੱਕਲਿਆ ਹੁੰਦਾ ਕੇ ਨਾਲ ਹੀ ਭੈਣ ਜੀ ਦਾ ਫੋਨ ਆ ਜਾਂਦਾ..ਅਖ਼ੇ ਤੇਰੀ ਨੀਂਦਰ ਪੂਰੀ ਹੋਈ ਕੇ ਨਹੀਂ?
ਮਾੜਾ ਜਿੰਨਾ ਵੀ ਪਤਾ ਲੱਗ ਜਾਵੇ ਕੇ ਉਨੀਂਦਰਾਂ ਹਾਂ ਤੇ ਪਹਿਲਾਂ ਚੰਗੀਆਂ ਝਿੜਕਾਂ ਦਿੰਦੀ ਤੇ ਫੇਰ ਆਖਦੀ ਹੁਣ ਮੇਰੇ ਨਾਲ ਬੱਸ ਗੱਲਾਂ ਹੀ ਕਰਦਾ ਰਹਿ..!
ਹੈਰਾਨਗੀ ਹੁੰਦੀ ਕੇ ਜਿਸਨੂੰ ਕਦੇ ਵਰਦੇ ਮੀਂਹ ਵਿਚ ਵੀ ਜਾਗ ਨਹੀਂ ਸੀ ਆਇਆ ਕਰਦੀ ਹੁਣ ਅਕਸਰ ਤਿੰਨ ਤਿੰਨ ਘੰਟੇ ਫੋਨ ਤੇ ਲੱਗੀ ਰਹਿੰਦੀ ਏ..ਮਤੇ ਕਿਧਰੇ ਮਾਂ ਜਾਏ ਨੂੰ ਟਰੱਕ ਚਲਾਉਂਦਿਆਂ ਨੀਂਦਰ ਹੀ ਨਾ ਆ ਜਾਵੇ..!
ਪਤਾ ਨੀ ਕਿਸੇ ਪਹਿਲਾਂ ਬੁੱਝ ਗਏ ਨੂੰ ਚੇਤੇ ਕਰਕੇ ਘਾਬਰ ਜਾਂਦੀ ਏ ਕੇ ਜਾਂ ਫੇਰ ਕਿਸੇ ਦੂਰ ਜਗਦੇ ਹੋਏ ਨੂੰ ਬੁੱਝਣ ਤੋਂ ਰੋਕਣ ਲਈ ਹੀ ਇਹ ਸਾਰੇ ਪਾਪੜ ਵੇਲਦੀ ਏ..!
ਪਰ ਜੋ ਵੀ ਕਰਦੀ ਏ ਸੱਚ-ਮੁੱਚ ਬੜਾ ਸੁਕੂਨ ਮਿਲਦਾ..ਬੀਜੀ ਦੇ ਤੁਰ ਜਾਣ ਮਗਰੋਂ ਸੱਚੀ-ਮੁੱਚੀ ਹੀ ਮੇਰੀ ਮਾਂ ਬਣ ਵਿੱਚਰਨ ਲੱਗ ਪਈ ਏ..!
ਝੱਖੜ ਤੂਫ਼ਾਨ ਅਤੇ ਵਰਦੇ ਮੀਹਾਂ ਦੀਆਂ ਮੋਟੀਆਂ ਕਣੀਆਂ ਤੋਂ ਬਚਾਉਂਦੀ ਹੋਈ ਮੇਰੀ ਵੱਡੀ ਭੈਣ..ਭਾਵੇਂ ਮੈਂ ਬਾਬੇ ਨਾਨਕ ਦੇ ਚਰਨਾਂ ਦੀ ਧੂੜ ਤੱਕ ਬਣਨ ਦੇ ਕਾਬਿਲ ਨਹੀਂ ਪਰ ਉਹ ਮੈਨੂੰ ਹਮੇਸ਼ਾਂ ਹੀ ਬੇਬੇ ਨਾਨਕੀ ਦਾ ਰੂਪ ਈ ਲੱਗਦੀ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)