Gurpreet Kaur
ਕਹਾਣੀ- ਚਰਿੱਤਰਹੀਣ
ਭਾਗ- ਪਹਿਲਾ
ਪਿਆਰ ਦੇ ਮਿੱਠੇ ਅਹਿਸਾਸ
(ਮੈਂ ਇਸ ਸਮਾਜ, ਇਸ ਦੁਨੀਆਂ ਦੀਆਂ ਨਜ਼ਰਾਂ ਚ ਚਰਿੱਤਰਹੀਣ ਹਾਂ, ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਹਾਂ।) ( ਕਹਾਣੀ ਤੇ ਕਹਾਣੀ ਦੇ ਸਾਰੇ ਪਾਤਰ ਕਾਲਪਨਿਕ ਹਨ।)
_______________________________
25 ਫਰਵਰੀ 2001, ਮੇਰੇ ਵਿਆਹ ਦਾ ਦਿਨ, ਇਹ ਦਿਨ ਬੜਾ ਹੀ ਖਾਸ ਰਿਹਾ ਮੇਰੀ ਜ਼ਿੰਦਗੀ ਚ, ਠੀਕ ਇੱਕ ਦਿਨ ਪਹਿਲਾਂ ਮੈਂ ਬਹੁਤ ਖੁਸ਼ ਸੀ। ਮੈਨੂੰ ਬੜਾ ਹੀ ਚਾਅ ਚੜਿਆ ਸੀ, ਮਹਿੰਦੀ ਵੀ ਬਹੁਤ ਰਚੀ ਸੀ, ਮੇਰਾ ਧਿਆਨ ਵਾਰੋ ਵਾਰੀ ਮੇਰੀਆਂ ਚੂੜੇ ਵਾਲੀਆਂ ਬਾਹਾਂ ਤੇ ਜਾ ਰਿਹਾ ਸੀ, ਕਿ ਕਦੋਂ ਇਹ ਬਾਹਵਾਂ ਦਾ ਹਾਰ ਮੈਂ ਹਰਮਨ ਦੇ ਗਲ ਚ ਪਾਉਂਗੀ ਤੇ ਉਹ ਵੀ ਮੇਰੇ ਨਾਲ ਪਿਆਰ ਭਰੀਆਂ ਅਠਖੇਲੀਆਂ ਕਰਨਗੇ। ਆਖਿਰ ਇੱਕ ਫੋਟੋ ਦੇ ਸਹਾਰੇ ਪੂਰੇ ਦੋ ਸਾਲ ਕੱਟੇ ਸੀ, ਮੰਗਣੀ ਵੇਲੇ ਵੀ ਮੈਂ ਉਨ੍ਹਾਂ ਨੂੰ ਦੇਖ ਨਾ ਸਕੀ ਸੀ, ਸੰਗਾਂ ਸ਼ਰਮਾਂ ਹੀ ਐਨੀਆਂ ਸੀ ਕਿ ਚਾਹ ਕੇ ਵੀ ਨਜ਼ਰਾਂ ਉਤਾਂਹ ਨੀ ਕਰ ਸਕੀ ਸੀ। ਸਾਡੇ ਵੇਲਿਆਂ ਚ ਹੁਣ ਵਾਲੇ ਰਿਵਾਜ਼ ਨਹੀਂ ਸੀ ਹੁੰਦੇ ਕਿ ਮੰਗਣੀ ਤੋਂ ਬਾਅਦ ਫੋਨ ਤੇ ਦਿਨ ਭਰ ਗੱਲਾਂ ਕਰੀ ਜਾਓ ਜਾਂ ਕੌਫ਼ੀ ਪੀਣ ਜਾਓ। ਨਾ ਹੀ ਉਦੋਂ ਐਨੀ ਖੁੱਲ ਹੁੰਦੀ ਸੀ ਤੇ ਨਾ ਹੀ ਐਨੇ ਸਾਧਨ ਹੁੰਦੇ ਸੀ। ਬਸ ਫੋਟੋਆਂ ਹੀ ਸਹਾਰਾ ਹੁੰਦੀਆਂ ਸੀ, ਹਰਮਨ ਦੀ ਫੋਟੋ ਨੂੰ ਬਾਰ ਬਾਰ ਦੇਖੀ ਜਾਣਾ, ਜੇ ਜਿਆਦਾ ਦਿਲ ਕਾਹਲਾ ਪੈਣਾ ਤਾਂ ਫੋਟੋ ਨੂੰ ਘੁੱਟ ਕੇ ਹਿੱਕ ਨਾਲ ਲਾ ਲੈਣਾ ਜਾਂ ਚੁੰਮ ਲੈਣਾ। ਉਦੋਂ ਫੋਟੋ ਨੂੰ ਚੁੰਮਣਾਂ ਵੀ ਐਨਾ ਖਾਸ ਹੁੰਦਾ ਸੀ ਕਿ ਆਪ ਮੁਹਾਰੇ ਗੱਲਾਂ ਚ ਲਾਲੀ ਛਾ ਜਾਂਦੀ ਸੀ, ਤੇ ਇੱਕ ਮਿੱਠਾ ਜਿਹਾ ਅਹਿਸਾਸ ਹੁੰਦਾ ਸੀ ਜਿਵੇਂ ਸ਼ਾਂਤ ਵੱਗ ਰਹੇ ਸਮੁੰਦਰ ਚ ਅਚਾਨਕ ਕੋਈ ਤੁਫਾਨ ਆ ਗਿਆ ਹੋਵੇ। ਹਰਮਨ ਦੀ ਇੱਕ ਫੋਟੋ ਲਗਭਗ ਹਰ ਵੇਲੇ ਮੇਰੇ ਕੋਲ ਹੀ ਰਹਿੰਦੀ ਸੀ। ਜਿੰਨੀ ਵਾਰ ਫੋਟੋ ਦੇਖਦੀ ਸੀ ਓਨੀ ਵਾਰ ਚੰਡੀਗੜ੍ਹ ਵਾਲੀ ਭੂਆ ਨੂੰ ਦੁਆਵਾਂ ਦਿੰਦੀ ਸੀ, ਕਿੰਨਾ ਸੋਹਣਾ ਮਾਹੀ ਮੇਰੇ ਲਈ ਲੱਭਿਆ ਸੀ, ਤੇ ਫੁੱਫੜ ਜੀ ਦੱਸਦੇ ਸੀ ਕਿ ਉਨ੍ਹਾਂ ਦਾ ਪਰਿਵਾਰ ਵੀ ਸਾਡੇ ਪਰਿਵਾਰ ਵਾਂਗ ਪੜਿਆ ਲਿਖਿਆ ਸੀ। ਮੇਰੇ ਸਹੁਰਾ ਸਾਹਿਬ ਸਰਕਾਰੀ ਅਧਿਆਪਕ ਲੱਗੇ ਹੋਏ ਸੀ ਉਹ ਵੀ ਹੈੱਡਮਾਸਟਰ, ਕੋਈ 8 ਸਕੂਲਾਂ ਦੀ ਜ਼ਿੰਮੇਵਾਰੀ ਸੀ ਉਨ੍ਹਾਂ ਸਿਰ। ਮੇਰੇ ਸੱਸ-ਸਹੁਰਾ ਪਿੰਡ ਚ ਰਹਿੰਦੇ ਸੀ ਪਰ ਹਰਮਨ ਚੰਡੀਗੜ੍ਹ ਚ ਨੌਕਰੀ ਕਰਦੇ ਸੀ ਤੇ ਉੱਥੇ ਹੀ ਆਪਣਾ ਫਲੈਟ ਲਿਆ ਹੋਇਆ ਸੀ। #gurkaurpreet ਆਪਣੀ ਕਿਸਮਤ ਤੇ ਬੜਾ ਗਰੂਰ ਹੁੰਦਾ ਸੀ, ਮੈਂ ਵੀ ਚੰਡੀਗੜ੍ਹ ਚ ਤਿੰਨ ਸਾਲ ਬਿਤਾਏ ਸੀ ਪਰ ਕਦੀ ਕੋਈ ਦਿਲ ਚ ਤਾਂ ਕੀ ਨਜ਼ਰਾਂ ਚ ਵੀ ਨਹੀਂ ਸੀ ਆਉਣ ਦਿੱਤਾ, ਇਸ ਲਈ ਮੈਨੂੰ ਹਰਮਨ ਮਿਲਿਆ ਸੀ। ਮੈਂਨੂੰ ਯਾਦ ਹੈ ਮੇਰੇ ਨਾਲ ਪੜਦੀਆਂ ਕੁੜੀਆਂ ਹਰਮਨ ਵਰਗੇ ਸੋਹਣੇ-ਸੁਨੱਖੇ ਮੁੰਡੇ ਨੂੰ ਉਂਝ ਹੀ ਦਿਲ ਦੇਣ ਨੂੰ ਤਿਆਰ ਹੋ ਜਾਂਦੀਆਂ ਸੀ, ਤੇ ਮੈਂਨੂੰ ਹਰਮਨ ਰੱਬ ਨੇ ਹੀ ਲੱਭ ਕੇ ਦੇ ਦਿੱਤਾ ਸੀ। ਕਈ ਵਾਰ ਮੈਂ ਸੋਚਦੀ ਸੀ ਕਿ ਹਰਮਨ ਵੀ ਮੇਰੇ ਬਾਰੇ ਇੰਝ ਹੀ ਸੋਚਦੇ ਹੋਣਗੇ ਜਾਂ ਮੇਰੀ ਫੋਟੋ ਨੂੰ ਦੇਖਦੇ ਹੋਣਗੇ? ਕੀ ਉਹ ਵੀ ਮੇਰੀ ਫੋਟੋ ਨੂੰ ਹਿੱਕ ਨਾਲ ਲਾ ਕੇ ਮਿੱਠੇ ਅਹਿਸਾਸਾਂ ਚ ਖੋ ਜਾਂਦੇ ਹੋਣਗੇ? ਇਹੋ ਸਵਾਲ ਹਮੇਸ਼ਾ ਮੇਰੇ ਦਿਲ ਚ ਰਹਿੰਦੇ ਸੀ। ਤੇ ਇੰਝ ਹੀ ਦੋ ਸਾਲ ਲੰਘ ਗਏ ਸੀ, ਤੇ ਉਹ ਦਿਨ ਵੀ ਆ ਗਿਆ ਸੀ ਜਦੋਂ ਸਾਡੇ ਮਿਲਣ ਵਿਚਾਲੇ ਸਿਰਫ਼ ਇੱਕ ਰਾਤ ਦਾ ਫਾਸਲਾ ਸੀ। ਮੈਂ ਸੋਚ ਰਹੀ ਸਾਂ ਕਦੋਂ ਸਵੇਰ ਹੋਵੇਗੀ, ਕਦੋਂ ਬਰਾਤ ਆਵੇਗੀ, ਕਦ ਲਾਵਾਂ ਹੋਣਗੀਆਂ ਤੇ ਕਦੋਂ ਮੈਂ ਤੇ ਹਰਮਨ ਸਦਾ ਲਈ ਇੱਕ ਹੋ ਜਾਵਾਂਗੇ? ਇਹਨਾਂ ਸੋਚਾਂ ਵਿੱਚ ਡੁੱਬੀ ਦੇ ਬੁੱਲਾਂ ਉਪਰ ਮਿੰਨੀ ਮਿੰਨੀ ਮੁਸਕਾਨ ਫੈਲ ਗਈ, ਪਤਾ ਹੀ ਨਾ ਲੱਗਾ ਕਦੋਂ ਵੱਡੀ ਭਾਬੀ ਨੇ ਅਚਾਨਕ ਵੱਖੀ ਵਿੱਚ ਚੂੰਢੀ ਵੱਢ ਦਿੱਤੀ, ਇਸ ਅਚਾਨਕ ਛੋਹ ਨਾਲ ਮੈਂ ਸੁੰਗੜ ਕੇ ਇਕੱਠੀ ਜਿਹੀ ਹੋ ਗਈ ਤੇ ਦਰਦ ਤੇ ਕਾਬੂ ਪਾਉਣ ਲਈ ਮੈਂ ਬੁੱਲਾਂ ਨੂੰ ਦੰਦਾਂ ਵਿੱਚ ਘੁੱਟ ਲਿਆ। ਭਾਬੀ ਨੇ ਮਜਾਕੀਆ ਅੰਦਾਜ਼ ਚ ਕਿਹਾ, ” ਅੱਜ ਤਾਂ ਐਨਾ ਕੁ ਹੱਥ ਲਾਉਣ...
ਤੇ ਦੂਹਰੀ ਤੀਹਰੀ ਹੁੰਦੀ ਜਾਨੀ ਐਂ, ਕੱਲ ਨੂੰ ਅਗਲੇ ਨੇ ਹਿੱਲਣ ਵੀ ਨਹੀਂ ਦੇਣਾ”, ਆਸ ਪਾਸ ਬੈਠੀਆਂ ਸਭ ਕੁੜੀਆਂ ਤਾੜੀ ਮਾਰ ਹੱਸਣ ਲੱਗੀਆਂ, ਤੇ ਮੈਂ ਸ਼ਰਮ ਦੀ ਮਾਰੀ ਨੇ ਆਪਣੀਆਂ ਨਜ਼ਰਾਂ ਜਮੀਨ ਤੇ ਗੱਡ ਲਈਆਂ। ਮੈਂ ਇਸ ਤਰ੍ਹਾਂ ਸਭ ਦੇ ਸਾਹਮਣੇ ਹਰਮਨ ਬਾਰੇ ਕੁਝ ਵੀ ਨਹੀਂ ਸੀ ਸੋਚਣਾ ਚਾਹੁੰਦੀ, ਉਸਦਾ ਖਿਆਲ ਹੀ ਮੈਨੂੰ ਅਸਹਿਜ ਕਰ ਦਿੰਦਾ ਸੀ ਤਾਂ ਉਸਦੇ ਬੋਲ ਜਾਂ ਛੂਹ ਨਾਲ ਮੇਰਾ ਕੀ ਹਾਲ ਹੋਵੇਗਾ।
ਨੱਚਦਿਆਂ ਟੱਪਦਿਆਂ ਅਖੀਰ ਰਾਤ ਲੰਘ ਗਈ ਤੇ ਭੌਰ ਵੇਲਾ ਆ ਗਿਆ, ਮੇਰੀਆਂ ਅੱਖਾਂ ਵਿੱਚ ਨੀਂਦਰ ਨਹੀਂ ਸੀ ਪਈ, ਜੇ ਨੀਂਦਰ ਆਈ ਵੀ ਸੀ ਤਾਂ ਉਹਦੇ ਚ ਵੀ ਹਰਮਨ ਹੀ ਦਿਸਿਆ ਸੀ, ਗੁਲਾਬੀ ਪੱਗ ਚ ਬਾਹਲਾ ਹੀ ਫੱਬਦਾ ਸੀ। ਸਵੇਰ ਵੇਲੇ ਫਿਰ ਤੋਂ ਇੱਕ ਵਾਰ ਵਿਹੜੇ ਚ ਰੌਣਕ ਲੱਗ ਗਈ, ਬੀਬੀਆਂ ਨੇ ਸੁਹਾਗ ਗਾਉਣੇ ਸ਼ੁਰੂ ਕਰ ਦਿੱਤੇ, ਭਰਾ ਤੇ ਡੈਡੀ ਹਰ ਇੱਕ ਚੀਜ਼ ਨੂੰ ਆਪ ਦੇਖਦੇ ਕੀ ਕਿਤੇ ਕੋਈ ਕਮੀ ਨਾ ਰਹਿ ਜਾਵੇ, ਮਾਂ ਵੀ ਕੰਮਾਂ ਕਾਰਾਂ ਚ ਲੱਗੀ ਹੋਈ ਸੀ, ਵਿੱਚ ਵਿੱਚ ਮੇਰੇ ਵੱਲ ਵੀ ਵੇਖ ਲੈਂਦੀ ਤੇ ਫਿਰ ਉਸਦੀਆਂ ਅੱਖਾਂ ਉਦਾਸੀ ਨਾਲ ਭਰ ਜਾਂਦੀਆਂ। ਮੇਰੀਆਂ ਸਹੇਲੀਆਂ ਤੇ ਭੈਣਾਂ ਨੇ ਹਾਸਾ ਮਜਾਕ ਜਾਰੀ ਰੱਖਿਆ, ਵੱਡੀਆਂ ਭਰਜਾਈਆਂ ਕਈ ਵਾਰ ਇਹੋ ਜਿਹਾ ਮਜਾਕ ਕਰ ਜਾਂਦੀਆਂ ਜੋ ਮੇਰੀ ਸਮਝ ਤੋਂ ਵੀ ਪਰੇ ਹੁੰਦਾ, ਫੇਰ ਮੇਰੇ ਵੱਲ ਦੇਖ ਕੇ ਕਹਿੰਦੀਆਂ “ਸਮਝ ਜਾਏਂਗੀ, ਬੱਸ ਥੋੜਾ ਟਾਈਮ ਹੋਰ, ਤੂੰ ਵੀ ਸਾਡੇ ਵਾਲੀ ਪਾਰਟੀ ਚ ਸ਼ਾਮਿਲ ਹੋ ਜਾਣਾ।” 8 ਵੱਜਦੇ ਨੂੰ ਮੈਂ ਲਾਲ ਸੂਹੇ ਜੋੜੇ ਵਿੱਚ ਤਿਆਰ ਹੋ ਗਈ ਸਾਂ, ਮੇਰੀ ਪੱਕੀ ਸਹੇਲੀ ਅੰਮ੍ਰਿਤ ਨੇ ਮੈਨੂੰ ਪੂਰੀਆਂ ਰੀਝਾਂ ਲਾ ਕੇ ਤਿਆਰ ਕੀਤਾ ਸੀ, ਉਹ ਪਹਿਲਾਂ ਤੋਂ ਹੀ ਕਹਿੰਦੀ ਆ ਰਹੀ ਸੀ ਕਿ ਤੈਨੂੰ ਇਹੋ ਜਿਹਾ ਤਿਆਰ ਕਰੂੰ ਕਿ ਜੀਜਾ ਵੇਖਦਾ ਹੀ ਰਹਿ ਜਾਊ। ਸੱਚਮੁੱਚ ਉਹਨੇ ਕੋਈ ਜਾਦੂ ਹੀ ਕੀਤਾ ਸੀ, ਮੈਂ ਐਨੀ ਸੋਹਣੀ ਕਦੀ ਵੀ ਨਹੀਂ ਸਾਂ ਲੱਗੀ, ਮੇਰਾ ਧਿਆਨ ਹੀ ਨਹੀਂ ਸੀ ਹੱਟ ਰਿਹਾ ਸ਼ੀਸ਼ੇ ਤੋਂ। gurkaurpreet ਅੰਮ੍ਰਿਤ ਨੇ ਪੂਰੀ ਕਾਰੀਗਿਰੀ ਦਿਖਾਈ ਸੀ, ਆਖਿਰ ਚੰਡੀਗੜ੍ਹ ਤੋਂ ਪਾਰਲਰ ਦਾ ਕੋਰਸ ਕੀਤਾ ਸੀ, ਇਹ ਮੇਰੀ ਇੱਕੋ ਇੱਕ ਸਹੇਲੀ ਸੀ ਜੋ ਕਾਲਜ ਤੋਂ ਹੁਣ ਤੱਕ ਨਾਲ ਸੀ। ਮੇਰੇ ਵਿਆਹ ਦਾ ਸਭ ਤੋਂ ਵੱਧ ਚਾਅ ਵੀ ਇਹਨੂੰ ਹੀ ਸੀ, ਉਹ ਵੀ ਚੰਡੀਗੜ੍ਹ ਵਿੱਚ ਰਹਿੰਦੀ ਸੀ ਤਾਂ ਬਹੁਤ ਖੁਸ਼ ਸੀ ਕਿ ਮੈਂ ਉਸਦੇ ਹੋਰ ਨੇੜੇ ਹੋ ਜਾਵਾਂਗੀ। ਮੇਰੇ ਨਾਲੋਂ ਵੀ ਜਿਆਦਾ ਉਹ ਖੁਸ਼ ਸੀ। ਮੈਂ ਤਿਆਰ ਹੋਈ ਸ਼ੀਸ਼ੇ ਅੱਗੇ ਖੜੀ ਸੀ, ਐਨੇ ਨੂੰ ਮਾਮਾ ਜੀ ਦਾ ਬੇਟਾ ਭੱਜਦਾ ਹੋਇਆ ਆਇਆ, ” ਦੀਦੀ ਬਰਾਤ ਆਗੀ”, ਉਸਦੇ ਐਨਾ ਕਹਿੰਦਿਆਂ ਹੀ ਮੇਰੇ ਤਾਂ ਜਿਵੇਂ ਸਾਹ ਰੁਕ ਗਏ ਹੋਣ, ਆਪ ਮੁਹਾਰੇ ਬੁੱਲਾਂ ਤੇ ਮੁਸਕਾਨ ਆ ਗਈ। ਮੈਂ ਉਸਨੂੰ ਪੁੱਛਿਆ, ” ਤੂੰ ਆਪਣੇ ਜੀਜੂ ਨੂੰ ਦੇਖਿਆ, ਕਿਵੇਂ ਦੇ ਲੱਗ ਰਹੇ ਨੇ ਉਹ, ਕੀ ਗੁਲਾਬੀ ਪੱਗ ਬੰਨ੍ਹੀ ਆ ਉਨ੍ਹਾਂ ਨੇ?” ਮੇਰੇ ਸਵਾਲ ਸੀ ਕਿ ਰੁਕਣ ਦਾ ਨਾ ਹੀ ਨਹੀਂ ਸੀ ਲੈ ਰਹੇ, ਅੰਮ੍ਰਿਤ ਮੈਨੂੰ ਟੋਕਦਿਆਂ ਬੋਲੀ, ” ਬੱਸ ਬੱਸ, ਐਨੀ ਕਾਹਲੀ ਨਾ ਹੋ ਜੀਜੂ ਨੂੰ ਦੇਖਣ ਲਈ।” ਅੰਮਿ੍ਤ ਦੇ ਇਸ ਤਰ੍ਹਾਂ ਟੋਕਣ ਤੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੋਈ, ਪਰ ਮੈਂ ਵੀ ਹੌਲੇ ਜਿਹੇ ਆਖ ਦਿੱਤਾ, ” ਜੋ ਮੇਰਾ ਹੈ, ਉਹਦੇ ਲਈ ਨਾ ਕਾਹਲੀ ਹੋਵਾਂ ਤਾਂ ਹੋਰ ਕੀਹਦੇ ਲਈ ਹੋਵਾਂ”, ਐਨਾ ਆਖ ਕੇ ਮੈਂ ਆਪਣਾ ਚਿਹਰਾ ਹੱਥਾਂ ਨਾਲ ਛੁਪਾ ਲਿਆ। ਅੰਮ੍ਰਿਤ ਖਿਲਖਿਲਾ ਕੇ ਹੱਸਣ ਲੱਗ ਗਈ। ” ਚੱਲ ਮੈਂ ਹੀ ਦੇਖ ਕੇ ਆਉਂਦੀ ਹਾਂ ਕਿ ਜੀਜੂ ਨੇ ਗੁਲਾਬੀ ਪੱਗ ਬੰਨ੍ਹੀ ਆ ਕਿ ਨਹੀਂ “, ਐਨਾ ਆਖ ਕੇ ਅੰਮ੍ਰਿਤ ਕਮਰੇ ਚੋਂ ਬਾਹਰ ਚਲੇ ਗਈ, ਤੇ ਮੈਂ ‘ਕੱਲੀ ਬੈਠੀ ਫਿਰ ਤੋਂ ਹਰਮਨ ਦੇ ਸੁਪਨਿਆਂ ਵਿੱਚ ਗਵਾਚ ਗਈ।
#gurkaurpreet
ਚਲਦਾ,,,,,,,,,,,,, ਬਾਕੀ ਕੱਲ।