More Punjabi Kahaniya  Posts
ਧਰਮ ਯੁੱਧ


ਖਰਗੋਸ਼ ਦਾ ਬੱਚਾ..
ਬਾਹਰ ਲਾਅਨ ਦੇ ਇੱਕ ਪਾਸੇ ਦਰਖਤਾਂ ਦੇ ਝੁੰਡ ਵਿਚ ਰਹਿੰਦਾ..
ਅੱਗੇ ਅਕਸਰ ਹੀ ਮੇਰੀ ਬਿੜਕ ਸੁਣ ਦੌੜ ਜਾਇਆ ਕਰਦਾ..ਪਰ ਉਸ ਦਿਨ ਸੁੱਕਾ ਘਾਹ ਖਾਂਦਾ ਹੋਇਆ ਬਿਲਕੁਲ ਵੀ ਨਾ ਡਰਿਆ..ਮੈਂ ਹੋਰ ਲਾਗੇ ਚਲਾ ਗਿਆ..ਪਰ ਉਹ ਮੂੰਹ ਮਾਰਦਾ ਹੋਇਆ ਆਪਣੀ ਥਾਂ ਤੋਂ ਨਹੀਂ ਹਿੱਲਿਆ..!
ਇੰਝ ਲੱਗਿਆ ਮੈਨੂੰ ਆਖ ਰਿਹਾ ਹੋਵੇ..”ਸਿਆਲ ਦੀਆਂ ਠੰਡੀਆਂ ਰੁੱਤਾਂ ਵਿਚ ਇਹ ਸੁੱਕਾ ਘਾਹ ਹੀ ਤੇ ਮੇਰੀ ਜਿੰਦਗੀ ਏ..ਜਿੰਨਾ ਮਰਜੀ ਡਰਾ ਲੈ..ਮੈਨੂੰ ਕੋਈ ਫਰਕ ਨਹੀਂ..”
ਮਰਦਾ ਕੀ ਨਾ ਕਰਦਾ
ਮੋਰਚੇ ਤੇ ਪਹੁੰਚੀ ਦਿੱਲੀ ਰਹਿੰਦੀ ਇੱਕ ਮੁਟਿਆਰ..
ਇੱਕ ਬਜ਼ੁਰਗ ਦੇ ਗਲ਼ ਲੱਗ ਰੋਣੋਂ ਨਾ ਹਟੇ..ਅਖ਼ੇ ਏਨੀ ਠੰਡ ਵਿਚ ਥੋਨੂ ਨੀਂਦ ਕਿੱਦਾਂ ਆਉਂਦੀ..?
ਅਗਿਓਂ ਦਿਲਾਸਾ ਦਿੰਦਾ ਹੋਇਆ ਇੰਝ ਆਖਦਾ ਪ੍ਰਤੀਤ ਹੁੰਦਾ..”ਧੀਏ ਮਾਛੀਵਾੜੇ ਦੀਆਂ ਜੂਹਾਂ ਵਿਚ ਵਿਚਰਦਾ ਦਸਮ ਪਿਤਾ..ਠੰਡੇ ਬੁਰਜ ਵਿਚ ਰਾਤਾਂ ਕੱਟਦੇ ਨਿੱਕੇ ਸਾਹਿਬਜਾਦੇ..
ਸੁੱਤੇ ਪਿਆਂ ਕੋਈ ਪਾਸਾ ਠਰਨ ਲੱਗਦਾ ਤਾਂ ਓਹਨਾ ਨੂੰ ਯਾਦ ਕਰ ਲਈਦਾ..
ਫੇਰ ਆਖਦਾ ਅਸੀਂ ਇਸ ਵਾਰ ਮੇਲਾ ਵੇਖਣ ਨਹੀ..ਪੈਰਾਂ ਥੱਲੇ ਮਧੋਲ ਦਿੱਤੀ ਆਪਣੀ ਪੱਗ ਚੁੱਕਣ ਆਏ ਹਾਂ..”
ਵਿੰਨੀਪੈਗ ਸ਼ਹਿਰ ਦਾ ਇੱਕ ਚੌਂਕ..
ਅਲੂਣੀ ਜਿਹੀ ਆਪਣੀ ਕੁੜੀ..ਕਿਰਸਾਨੀ ਦੇ ਹੱਕ ਵਿਚ ਬੈਨਰ ਚੁੱਕ ਖਲੋਤੀ..
ਹਰ ਆਉਂਦਾ ਜਾਂਦਾ ਹਾਰਨ ਵਜਾ ਕੇ ਜਾਂਦਾ..ਫੇਰ ਦਿਨ ਢਲ ਜਾਂਦਾ..ਲੋਕਾਂ ਨੂੰ ਬੈਨਰ ਤੇ ਲਿਖਿਆ ਦਿਸਣੋਂ ਹਟ ਜਾਂਦਾ..ਫੇਰ ਦੇਖਦਾ ਉਸਨੇ ਆਪਣੇ ਫੋਨ ਦੀ ਫਲੈਸ਼ ਲਾਈਟ ਜਗਾ ਕੇ ਬੈਨਰ ਤੇ ਪਾਈ ਹੋਈ..ਤਾਂ ਕੇ ਕੋਲੋਂ ਲੰਘਦੇ ਚੰਗੀ ਤਰਾਂ ਪੜ ਸਕਣ!
ਇਸ ਵਾਰ ਮੈਥੋਂ ਨਾ ਹੀ ਰਿਹਾ ਗਿਆ…ਪੁੱਛ ਲਿਆ..”ਕਮਲੀਏ ਫੋਨ ਡੈਡ ਹੋ ਗਿਆ..ਫੇਰ ਕੀ ਕਰੇਂਗੀ”?
“ਘਰ ਨੂੰ ਤੁਰ ਜਾਵਾਂਗੀ..ਇਥੇ ਕੋਲ ਹੀ ਤਾਂ ਹੈ..”
“ਪੈਲੀ ਕਿੰਨੀ ਏ?
ਅੱਗੋਂ ਹੱਸ ਪਈ..ਅਖ਼ੇ ਜਿੰਨੀ ਹੈ ਸੀ ਬਾਪ ਨੇ ਵੇਚ ਕੇ ਦੋਹਾਂ ਭੈਣਾਂ ਨੂੰ ਬਾਹਰ ਘਲ ਦਿੱਤਾ..
ਏਨਾ ਆਖ ਭਾਵੇਂ ਚੁੱਪ ਕਰ ਗਈ ਪਰ ਮੇਰੇ ਦਿਮਾਗ ਵਿਚ ਸਵਾਲਾਂ ਦੀ ਸੁਨਾਮੀ ਜਿਹੀ ਆ ਗਈ..ਰੱਬਾ ਇੱਕ ਦੁੱਖ ਹੋਵੇ ਤੇ ਬਿਆਨ ਕਰੀਏ!
ਅੱਜ ਮੋਰਚੇ ਤੇ ਦੀਪ ਸਿੱਧੂ ਆਖ ਰਿਹਾ ਸੀ..
ਪਿੰਡ ਇੱਕ ਬਿੱਲੀ ਰੋਜ ਰੋਜ ਸਾਡਾ ਦੁੱਧ ਪੀ ਜਾਇਆ ਕਰੇ..ਘਰਦਿਆਂ ਗੱਲ ਆਈ ਗਈ ਕਰ ਦਿਆ ਕਰਨੀ..
ਇੱਕ ਦਿਨ ਬੀਜੀ ਨੇ ਉਹ ਬਿੱਲੀ ਕੁੱਟ ਦਿੱਤੀ..ਪੁੱਛਿਆ ਕਿਓਂ?
ਆਖਣ ਲੱਗੇ “ਦੁੱਧ ਪੀ ਕੇ ਬਨੇਰੇ ਤੇ ਚੜ ਨਾਲੇ ਮੇਰੇ ਵੱਲ ਵੇਖੀ ਜਾਵੇ ਤੇ ਨਾਲੇ ਆਪਣੀਆਂ ਮੁੱਛਾਂ ਤੇ ਜੀਬ ਜਿਹੀ ਫੇਰੀ ਜਾਂਦੀ ਸੀ..ਅੱਜ ਮੈਂਥੋਂ ਫੇਰ ਜਰ ਨਾ ਹੋਇਆ”!
ਵਾਕਿਆ ਹੀ ਪੰਜਾਬੀ ਚੋਰੀ ਜਰ ਲੈਂਦੇ ਪਰ ਸੀਨਾ ਜੋਰੀ ਕਦੇ ਨਹੀਂ..!
ਇੱਕ ਮਸ਼ਖਰੀ ਜਿਹੀ ਨਾਲ ਆਖਣ ਲੱਗਾ..
“ਚਿੱਟੇ ਕੁੜਤੇ ਪਜਾਮੇ..ਪੋਚਵੀਆਂ ਪੱਗਾਂ..ਲਾਹੌਰੀ ਨੋਕਦਾਰ ਜੁੱਤੀਆਂ..ਲੱਗਦਾ ਮੋਰਚੇ ਤੇ ਨਹੀਂ ਸ਼ੁਗਲ ਮੇਲਾ ਕਰਨ ਆਏ ਹੋਣ..!
ਆਖਿਆ ਚੁਰਾਸੀ ਤੇ ਯਾਦ ਹੋਣੀ ਤੈਨੂੰ..ਅਜੇ ਕੱਲ ਦੀ ਹੀ ਤੇ ਗੱਲ ਏ..ਓਦੋਂ ਦੇ ਸਿੱਖੇ ਨੇ ਇਹ ਸਭ ਕੁਝ ਕਰਨਾ..ਤੁਰਨਾ ਦੋ ਕਦਮ ਪਰ ਤੁਰਨਾ ਮੜਕ ਦੇ ਨਾਲ..!
ਤੀਰ ਵਾਲਾ ਦੱਸਦੇ ਕੱਪੜੇ ਲੱਤੇ ਦੀ ਪ੍ਰਵਾਹ...

ਘੱਟ ਹੀ ਕਰਿਆ ਕਰਦਾ ਸੀ..
ਪਰ ਛੇ ਜੂਨ..ਮਿੱਥ ਕੇ ਸ਼ਹੀਦੀ ਪਉਣ ਲੱਗਾ ਤਾਂ ਪਹਿਲੋਂ ਉਚੇਚਾ ਨਵਾਂ ਨਕੋਰ ਚੋਲਾ ਪਾਇਆ..ਸਿਰ ਤੇ ਨਵਾਂ ਪਰਨਾ ਬੰਨਿਆ..
ਪੱਕਾ ਸੋਚਦਾ ਹੋਊ..ਚੜ ਕੇ ਆਇਆ ਪੰਜ ਭੂਤਕ ਵੇਖ ਇਹ ਮੇਹਣਾ ਹੀ ਨਾ ਦੇ ਦੇਵੇ..ਕੇ ਵੱਡੇ ਵੱਡੇ ਜੈਕਾਰੇ ਛੱਡਣ ਵਾਲੀ ਕੌਮ ਸਾਧ ਵਾਸਤੇ ਚੱਜ ਦੇ ਕਪੜੇ ਵੀ ਨਾ ਸਵਾਂ ਸਕੀ!
ਕਈਆਂ ਦੀ ਸਾਰੀ ਜਿੰਦਗੀ ਮਿੱਟੀ ਪਲੀਤ ਹੁੰਦਿਆਂ ਹੀ ਨਿੱਕਲ ਜਾਂਦੀ ਤੇ ਕਈ ਸ਼ਹੀਦੀ ਵੀ ਟੌਰ ਨਾਲ ਪਾਉਂਦੇ..ਜਾਗਦੀ ਜਮੀਰ ਵਾਲਿਆਂ ਕਿਹੜਾ ਨਿੱਤ-ਨਿੱਤ ਮਰਨਾ ਹੁੰਦਾ!
ਜਾਗਦੀ ਜਮੀਰ ਤੋਂ ਪੰਥ ਰਤਨ ਦਾ ਬਿਆਨ ਚੇਤੇ ਆ ਗਿਆ..
ਅਖ਼ੇ ਸਰੀਰ ਕਰਕੇ ਭਾਵੇਂ ਮੈਂ ਇਥੇ ਪੰਜਾਬ ਵਿਚ ਹਾਂ..ਪਰ ਮੇਰੀ ਆਤਮਾਂ ਦਿੱਲੀ ਮੋਰਚੇ ਵਿਚ ਹੀ ਸਮਝੋ..
ਇੱਕ ਨੇ ਟਿਚਕਰ ਕੀਤੀ ਅਖ਼ੇ ਤਾਂ ਹੀ ਲੰਮੀ ਭੋਗੀ ਜਾਂਦਾ..
ਉਹ ਲੈਣ ਆਉਂਦੇ ਹੋਣੇ ਤੇ ਇਹ ਅਗਿਓਂ..ਸਰੀਰ ਕਿਤੇ ਹੋਰ ਤੇ ਆਤਮਾਂ ਕਿਧਰੇ ਹੋਰ..!
ਉਸਨੇ ਮੈਨੂੰ ਟੋਕ ਦਿੱਤਾ ਅਖ਼ੇ ਇਹ ਕੋਈ ਧਰਮ ਯੁੱਧ ਵਾਲਾ ਮੋਰਚਾ ਨਹੀਂ..ਇਹੋ ਜਿਹੇ ਰੌਲੇ ਅੱਗੇ ਵੀ ਬਥੇਰੀ ਵਾਰ ਪਏ..ਕੱਢਣ ਪਉਣ ਨੂੰ ਹੈਨੀ ਕੁਝ ਵੀ..ਅਗਲਿਆਂ ਕੱਚੀਆਂ ਗੋਲੀਆਂ ਥੋੜੀ ਖੇਡੀਆਂ..ਕਮਜ਼ੋਰ ਕੜੀ ਲੱਭਣਗੇ ਤੇ ਓਸੇ ਵੇਲੇ ਸੱਟ ਮਾਰ ਦੇਣਗੇ..ਫੇਰ ਅਹੁ ਗਿਆ ਥੋਡਾ ਮੋਰਚਾ ਤੇ ਅਹੁ ਗਈ ਕਿਸਾਨੀ ਏਕਤਾ ਦੀ ਬਿਸਾਤ..!
ਅੱਗੋਂ ਆਖਿਆ ਭਾਈ ਸਾਡੇ ਵੱਡੇ ਵਡੇਰੇ ਤਾਂ ਬਲਦਾਂ ਦੀ ਜੋੜੀ ਵੀ ਨਿੱਤਨੇਮ ਮੁਕਾਉਣ ਮਗਰੋਂ ਹੀ ਖੇਤਾਂ ਵਿਚ ਵਾੜਦੇ ਹੁੰਦੇ ਸਨ..
ਫੇਰ ਜੇਠ ਹਾੜ ਦੀਆਂ ਧੁੱਪਾਂ ਵਿਚ..ਚੱਲ ਸੋ ਚੱਲ..ਨਾ ਕਦੀ ਬਲਦ ਥੱਕਦੇ ਤੇ ਨਾ ਆਪ..ਬੱਸ ਇਹੋ ਕੁਝ ਗਾਈ ਜਾਣਾ “ਸਾਡੇ ਖੇਤਾਂ ਵਿਚ ਰੱਬ ਵੱਸਦਾ..ਸਾਨੂੰ ਸਵਰਗਾਂ ਦੀ ਲੋੜ ਕੋਈ ਨਾ”
ਫੇਰ ਜਦੋਂ ਤ੍ਰੇਹ ਲੱਗਦੀ ਤਾਂ ਕੋਲੋਂ ਲੰਘਦੀ ਨਹਿਰ ਦਾ ਪਾਣੀ ਪੀ ਲੈਣਾ..ਇੱਕ ਪਾਸੇ ਬਜ਼ੁਰਗ ਆਪ ਲੱਗਾ ਹੁੰਦਾ ਤੇ ਦੂਜੇ ਪਾਸੇ ਉਸਦੇ ਬਲਦ..ਓਸੇ ਪਾਣੀ ਅਤੇ ਓਹਨਾ ਖੇਤਾਂ ਦੀ ਗੱਲ ਕਰਦਾ ਜਿਹਨਾਂ ਤੇ ਅੱਜ ਮੋਟੇ ਢਿੱਡਾਂ ਵਾਲਿਆਂ ਦੀ ਰਖੇਲ ਬਣੀ ਦਿੱਲੀ ਦੀ ਪੈਨੀ ਨਜਰ ਏ..!
ਨਾਲੇ ਖੇਤੀ ਤਾਂ ਓਸੇ ਦਿਨ ਧਰਮ ਬਣ ਗਈ ਸੀ ਜਿਸ ਦਿਨ ਕਿਰਤ ਕਰੋ ਵੰਡ ਛਕੋ ਦਾ ਹੋਕਾ ਦਿੰਦਾ ਬਾਬਾ ਨਾਨਕ ਖੁਦ ਕਰਤਾਰਪੁਰ ਦੇ ਖੇਤਾਂ ਵਿਚ ਜਾ ਵੜਿਆ ਸੀ..
ਫੇਰ ਜੇ ਇਸੇ ਧਰਤੀ ਮਾਂ ਨੂੰ ਕੋਈ ਸਾਥੋਂ ਖੋਹਣ ਆਣ ਪਵੇ ਤਾਂ ਅਸੀਂ ਧਰਮ ਯੁੱਧ ਸਮਝ ਕੇ ਹੀ ਡਟ ਜਾਇਆ ਕਰਦੇ ਹਾਂ
ਕਾਰੋਬਾਰੀ ਬੰਦਾ ਸੀ..ਛੇਤੀ ਹੱਥ ਖੜੇ ਕਰ ਗਿਆ ਪਰ ਜਾਂਦੇ ਜਾਂਦੇ ਨੂੰ ਇੱਕ ਗੱਲ ਸੁਣਾ ਦਿੱਤੀ..”ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਬਹੁਤੇ ਦੁਨੀਆਂਦਾਰ..ਪਰ ਬਹੁਤ ਬਰੀਕ ਹੈ ਸਮਜਣੀ..ਇਹ ਧਰਮ ਯੁਧਾਂ ਦੀ ਕਾਰ”
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)