ਭਾਨਾ ਇਸ਼ਨਾਨ ਕਰ ਸਵੇਰੇ ਸਾਢੇ ਤਿੰਨ ਵਜੇ ਗੁਰਦੁਆਰੇ ਪਹੁੰਚ ਜਾਂਦਾ .. ਝਾੜੂ ਫੇਰਦਾ ..ਝਾੜ ਪੂੰਝ ਕਰਦਾ ..ਪ੍ਰਸ਼ਾਦ ਵਰਤਾਉਂਦਾ ਤੇ ਸੱਤ ਵਜੇ ਘਰ ਮੁੜਦਾ .. ਆਵਦਾ ਰੋਟੀ ਟੁੱਕ ਕਰ ਲਵੇਰੀ ਗਾਂ ਨੂੰ ਖੇਤ ਲੈ ਜਾਂਦਾ ..ਸੜਕਾਂ ਦੇ ਬੰਨੇ ਸਿਖਰ ਦੁਪਹਿਰਾ ਨੂੰ ਸਾਫ ਕਰਦਾ ਰਹਿੰਦਾ .. ਸ਼ਾਮ ਨੂੰ ਵਾਪਿਸ ਪਰਤ ਗਾਂ ਦਾ ਦੁੱਧ ਵੇਚ ਆਵਦਾ ਗੁਜਾਰਾ ਚਲਾਉਦਾ .. ਸਾਰਾ ਪਿੰਡ ਭਾਨਾ ਛੜਾ ਕਹਿੰਦਾ ਸੀ … ਗੁਰੂ ਦਾ ਪੱਕਾ ਸ਼ਰਧਾਲੂ ਅੰਮਿ੍ਰਤਧਾਰੀ ਸਿੱਖ ਬਣ ਗਿਆ ਸੀ ..!!
ਅਜੇ ਭਾਨਾਂ ਚੌਦਾਂ ਕੁ ਵਰ੍ਹਿਆਂ ਦਾ ਸੀ ਜਦੋਂ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ .. ਛੋਟੇ ਚਾਰ ਭੈਣ ਭਰਾ ਪੜਾਏ , ਵਿਆਹੇ ਮਾਂ ਸੰਗ ਮੋਢੇ ਨਾਲ ਮੋਢਾ ਜੋੜ ਨਿਭਿਆ… ਮਾਂ ਦਾ ਆਗਿਆਕਾਰ ਕਮਾਉ ਪੁੱਤ ਨਿਕਲਿਆ ਸੀ …ਵੱਡਾ ਹੋਣ ਕਰਕੇ ਕਬੀਲਦਾਰੀ ਦੇ ਬੋਝ ਨੇ ਛੜਾ ਰੱਖ ਦਿੱਤਾ ਸੀ .. ਜਦੋਂ ਛੋਟੇ ਭੈਣ ਭਰਾ ਵਿਆਹੇ ਗਏ ਤਾਂ ਉਹਨਾਂ ਦੀਆਂ ਘਰਵਾਲੀਆਂ ਨੇ ਰਤਾ ਵੀ ਭਾਨੇ ਦਾ ਆਦਰ ਸਤਿਕਾਰ ਨਾ ਕੀਤਾ ਅਤੇ ਇੱਕ ਦਿਨ ਛੜਾ ਜੇਠ ਕਹਿ ਘਰੋਂ ਕੱਢ ਦਿੱਤਾ ..।
ਅਖੀਰ ਭਾਨਾ ਤੇ ਉਸਦੀ ਮਾਂ ਇਕੱਠੇ ਰਹਿਣ ਲੱਗੇ .. ਭਾਨੇ ਕੋਲ ਪਿਉ ਦੇ ਹਿੱਸੇਦਾਰੀ ਦੀ ਚਾਰ ਕਿੱਲੇ ਜ਼ਮੀਨ ਸੀ ।
ਮਾਂ ਨੇ ਭਾਨੇ ਨੂੰ ਵਿਆਹ ਕਰਾਉਣ ਲਈ ਬਥੇਰੇ ਤਰਲੇ ਕੀਤੇ ..ਪਰ ਭਾਨਾ ਭਰਜਾਈਆਂ ਦਾ ਸਤਾਇਆ ਨਾਂਹ ਨੁੱਕਰ ਕਰਦਾ ਰਿਹਾ .. ਕੁਝ ਸਾਲ ਬੀਤੇ ਮਾਂ ਵੀ ਚੱਲ ਵਸੀ ਤੇ ਭਾਨਾ ਇਕੱਲਾ ਰਹਿ ਗਿਆ .. ਉਮਰ ਵੀ ਪਚਵੰਜਾ
ਨੂੰ ਜਾ ਢੁੱਕੀ ਸੀ .. ਸ਼ਰੀਫ ਇਮਾਨਦਾਰ ਹੋਣ ਕਰਕੇ ਕਿਸੇ ਨਾਲ ਲੜਾਈ ਝਗੜਾ ਉੱਕਾ ਨਹੀਂ ਕਰਦਾ ਸੀ .. ।
ਇੱਕ ਦਿਨ ਸੁਣਿਆ ਕੇ ਭਾਨਾ ਸੰਤਾਂ ਦੇ ਡੇਰੇ ਚਲਾ ਗਿਆ ਹੈ .. ।ਕਈ ਦਿਨ ਉੱਥੇ ਰਿਹਾ ਤੇ ਵਾਪਿਸ ਆ ਗਿਆ … ਫਿਰ ਪੰਦਰਾਂ ਦਿਨ ਘਰੇ ਰਹਿੰਦਾ ਤੇ ਪੰਦਰਾਂ ਦਿਨ ਸੰਤਾਂ ਦੇ ਡੇਰੇ ਲਾਉਂਦਾ .. ਦੋ ਸਾਲ ਇੰਝ ਸਿਲਸਿਲਾ ਚੱਲਦਾ ਰਿਹਾ ..ਡੇਰੇ ਤੋਂ ਵਾਪਿਸ ਪਰਤ ਕੇ ਸੱਥਾਂ ਵਿੱਚ ਬਹਿ ਦੱਸਦਾ ਕੇ ਡੇਰੇ ਵਾਲੇ ਸੰਤਾਂ ਨੇ ਮੈਨੂੰ ਪੁੱਤ ਬਣਾ ਲਿਆ ਹੈ .. ਮੈਨੂੰ ਬਹੁਤ ਪਿਆਰ ਕਰਦੇ ਹਨ .. !!
ਹੌਲੀ ਹੌਲੀ ਗੁਰੂ ਘਰੋਂ ਟੁੱਟਦਾ ਗਿਆ ਤੇ ਡੇਰੇ ਵਾਲੇ ਸੰਤਾਂ ਨਾਲ ਜੁੜਦਾ ਗਿਆ ..!
ਹੁਣ ਕਦੇ ਕਦਾਈ ਗੁਰੂ ਘਰ ਜਾਂਦਾ ਸੀ..!!
ਜਦੋਂ ਕਦੇ ਪਿੰਡ ਮੁੜਦਾ ਤਾਂ ਸੰਤਾਂ ਦੀ ਵਡਿਆਈ ਕਰਦਾ ਨਾ ਥੱਕਦਾ .. ਸਕੇ ਸੋਦਰੇ ਥਥੇਰਾ ਕਹਿੰਦੇ ਕੇ ਭਾਨਿਆ ਸਾਧੂ ਸੰਤ ਮਿਤ ਨੀ ਹੁੰਦੇ ਕਿਸੇ ਦੇ .. ਸੌ ਟੂਣੇ ਮੰਤਰਾਂ ਨਾਲ ਬੰਦਾ ਵੱਸ ਚ ਕਰ ਲੈਂਦੇ ਹੁੰਦਾ ਆ .. ਵੇਖੀਂ ਕਿਤ੍ਹੇ ਤੇਰੇ ਨਾਲ ਧੋਖਾ ਨਾ ਕਰ ਜਾਣ ..ਤੂੰ ਇਕੱਲਾ ਛੜਾ ਬੰਦਾ .. ਚਾਰ ਸਿਆੜ ਵੀ ਹੈਗੇ ਐ ਤੇਰੇ ਕੋਲ .. ਪਰ ਭਾਨਾ ਗੱਲ ਨੂੰ ਇੱਕ ਕੰਨ ਸੁਣ ਦੂਜੇ ਕੱਢ ਦਿੰਦਾ .. ਤੇ ਕਹਿੰਦਾ .. ਮੇਰੇ ਵੱਡੇ ਬਾਬਾ ਜੀ ਨੇ ਮੈਨੂੰ ਗੱਦੀ ਦੇਣੀ ਐ .. ਮੈਨੂੰ ਜਿਉਦਿਆਂ ਮੁਕਤ ਕਰ ਦੇਣਾ .. ਮੈਨੂੰ ਪੁੱਤ ਬਣਾਇਆ .. ਧੋਖਾ ਤਾਂ ਦੂਰ ਦੀ ਗੱਲ ਹੈ .. ਸੁਣ ਸਕੇ ਸੰਬੰਧੀ ਚੁੱਪ ਕਰ ਜਾਂਦੇ ..!!
ਐਤਕੀਂ ਭਾਨਾ ਛੇ ਮਹੀਨੇ ਪਿੰਡ ਨਾ ਪਰਤਿਆ .. ਲੋਕੀਂ ਕਹਿਣ ਲਾਲਚੀ ਸਾਧਾਂ ਨੇ ਪੂਜਤਾ ਹੋਣਾ ਮਾਤੜ੍ਹ ਵਿਚਾਰਾ .. ??
ਜਦੋਂ ਛੇ ਮਹੀਨੇ ਬਾਅਦ ਵਾਪਿਸ ਪਿੰਡ ਪਰਤਿਆ ਤਾਂ ਸੁਣਿਆ ਕੇ ਭਾਨੇ ਨੂੰ ਸੰਤਾਂ ਨੇ ਗੱਦੀ ਦੇ ਦਿੱਤੀ ਹੈ …...
ਭਾਨਾ ਰੱਬ ਦੀ ਮੌਜ ਵਿੱਚ
ਮਸਤ ਹੋ ਗਿਆ ਹੈ .. ।
ਗਲੀ ਵਿੱਚ ਬਾਹਰ ਨਿਕਲਿਆ ਵੇਖਿਆ ਤਾਂ ਸਭ ਹੈਰਾਨ ਹੋ ਗਏ …ਕਾਲਾ ਸੂਟ ਸਿਰ ਮੁੰਡਨ ਹੁਲੀਆ ਹੀ ਬਦਲ ਕੇ ਰੱਖ ਦਿੱਤਾ ਡੇਰੇ ਵਾਲਿਆਂ ਨੇ ਭਾਨੇ ਦਾ .. ਕਿਸੇ ਨੂੰ ਸੱਚ ਨਹੀਂ ਆ ਰਿਹਾ ਸੀ ਕੇ ਸੱਚ ਵਿੱਚ ਇਹ ਭਾਨਾ ਹੈ ??
ਡੇਰੇ ਦੀ ਮਰਿਯਾਦਾ ਅਨੁਸਾਰ ਗੁਰਸਿੱਖ ਤੋਂ ਮਸਤ ਫੱਕਰ ਸਾਧ ਬਣਾ ਦਿੱਤਾ ..!!
ਪਾਗਲਾਂ ਵਰਗੀ ਹਾਲਤ ..ਸਭ ਅਸਚਰਜ ਸੀ ਕੇ ਇਹ ਸਭ ਕਿੰਝ ਹੋ ਗਿਆ … ??
ਕਮਲਿਆਂ ਵਾਂਗ ਇੱਕੱਲਾ ਖੁਦ ਨਾਲ ਗੱਲਾਂ ਕਰ ਰਿਹਾ ਸੀ .. ਖੁਦ ਦੀ ਕੋਈ ਹੋਸ਼ ਹਵਾਸ ਨਹੀਂ ਸੀ .. ਬਾਹਰ ਕੁੱਤਿਆਂ ਨੂੰ ਸਿੱਟੀਆਂ ਰੋਟੀਆਂ ਚੁੱਕ ਕੇ ਖਾ ਲੈਂਦਾ ਤੇ ਕੁੱਤਿਆਂ ਬਿੱਲੀਆਂ ਦਾ ਵਲੂੰਧਰਿਆ ਕੱਚਾ ਮੀਟ ਵੀ ਨਾ ਛੱਡਦਾ .. ਜੇਠ ਹਾੜ੍ਹ ਦੇ ਮਹੀਨੇ ਗਰਮੀ ਵਿੱਚ ਧੁੱਪੇ ਪਿਆ ਰਹਿੰਦਾ .. ਜੇ ਕਿਸੇ ਨੇ ਛਾਵੇਂ ਹੋਣ ਲਈ ਕਹਿਣਾ ਤਾਂ ਕਹਿ ਛੱਡਦਾ ..”ਫੱਕਰ ਮੌਜ ਵਿੱਚ ਹਨ “.. ਆਪਣੇ ਘਰ ਦੀ ਅਤੇ ਤਨ ਦੇ ਕੱਪੜੇ ਸਾਫ ਕਰਨ ਦੀ ਕੋਈ ਸੁੱਧ ਬੁੱਧ ਨਾ ਰਹੀ .. ਸੜਕਾਂ ਤੇ ਬਾਵਰਿਆਂ ਵਾਂਗ ਘੁੰਮਦਾ ਫਿਰਦਾ .. ।
ਇੱਕ ਦਿਨ ਸੜਕ ਤੇ ਤੇਜ਼ ਰਫਤਾਰ ਗੱਡੀ ਆਈ ਤੇ ਕੁਚਲ ਕੇ ਤੁਰਦੀ ਬਣੀ .. ਭਾਨਾ ਸਦਾ ਲਈ “ਫੱਕਰਾਂ ਦੀ ਮੌਜ” ਵਿੱਚ ਅਲੋਪ ਹੋ ਗਿਆ .. ਜਦੋਂ ਪਿੰਡ ਵਾਲਿਆਂ ਨੇ ਚੁੱਕ ਕੇ ਸੰਸਕਾਰ ਕੀਤਾ ਤਾਂ ਕੋਈ ਡੇਰੇ ਦਾ ਗੱਦੀ ਦੇਣ ਵਾਲਾ ਸਾਧ ਚੇਲਾ ਨਾ ਬਹੁੜਿਆ .. ਲੋਕਾਂ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ..ਲੋਕ ਡੇਰੇ ਦੇ ਸੰਤਾਂ ਦੀਆਂ ਚਾਲਾਂ ਸਮਝ ਚੁੱਕੇ ਸਨ .. ਜਦੋਂ ਭਾਨੇ ਦੇ ਭੋਗ ਮਗਰੋਂ ਘਰ ਦੀ ਛਾਣਬੀਣ ਕੀਤੀ ਤਾਂ ਮਿੱਧੀ ਫਟੀ ਮੈਲੀ ਕੁਚਲੀ ਭਾਨੇ ਦੀ ਵਸੀਅਤ ਦੀ ਫੋਟੋ ਕਾਪੀ ਲੱਭੀ …ਜਿਹੜੀ ਭਾਨੇ ਤੋਂ ਡੇਰੇ ਵਾਲਿਆਂ ਨੇ ਕਿਸੇ ਵੇਲੇ ਆਪਣੇ ਨਾਮ ਕਰਵਾ ਲਈ ਸੀ .. !!
ਪਤਾ ਨਹੀਂ ਭਾਨੇ ਨੂੰ ਕੀ ਖੇਹ ਸੁਆਹ ਖੁਆ ਕੇ ਸੰਤਾਂ ਨੇ ਜਾਇਦਾਦ ਨੂੰ ਹਥਿਆ ਲਿਆ ਤੇ ਪਾਗਲ ਕਰਕੇ “ ਫੱਕਰਾਂ ਦੀ ਮਸਤੀ “ ਦਾ ਪਾਠ ਪੜਾ ਦਿੱਤਾ ਸੀ .. ਲੋਕ ਮੂੰਹ ਜੋੜ ਜੋੜ ਗੱਲਾਂ ਕਰ ਰਹੇ ਸਨ .. !!
ਸਾਧਾਂ ਸੰਤਾਂ ਦੇ ਭੇਖ ਵਿੱਚ ਰਹਿਣ ਵਾਲੇ ਭਲਾ ਕਿੱਥੇ ਲਾਲਚ ਤਿਆਗਦੇ ਹਨ ..??
ਭਗਵੇਂ , ਕਾਲੇ ,ਚਿੱਟੇ ,ਹਰੇ ਬਾਣਿਆਂ ਦੇ ਭੇਸ ਵਿੱਚ ਖੁੱਲੀਆਂ ਧਰਮ ਦੇ ਨਾਂ ਤੇ ਠੱਗੀ ਰੂਪੀ ਦੁਕਾਨਾਂ ਤੇ ਭਲਾ ਕਰਨ ਵਾਲੇ ਨਹੀਂ ਸ਼ੈਤਾਨ ਰਹਿੰਦੇ ਹਨ … ਕਲਯੁਗ ਦੇ ਦੌਰ ‘ਚ ਤਾਂ ਰੱਬ ਕਿਤੇ ਬਾਰ੍ਹੀ ਕੋਹੀ ਬਹੁੜਦਾ ..ਭਲਿਆ ਜੇ ਰੱਬ ਦਾ ਨਾਮ ਲੈਣਾ ਸੀ ਘਰੇ ਬਹਿ ਸਤ ਸਤ ਕਰ ਲੈਂਦਾ .. ਐਵੇਂ ਗਲਤ ਬੰਦਿਆਂ ਦੇ ਡੇਰੇ ਜਾ ਵੜਿਆ ..!!
“ਜਦੋਂ ਸੱਚੀ ਨੀਯਤ ਨਾਲ ਨਾਇਨਸਾਫੀ ਹੁੰਦੀ ਹੈ ਤਾਂ ਹਰ ਅੱਖ
ਗਿੱਲੀ ਹੁੰਦੀ ਐ ਕੋਸੇ ਪਾਣੀ ਨਾਲ .. ।”
ਛੜੇ ਬੰਦੇ ਦੀ ਮਾੜੀ ਮੋਟੀ ਵੀ ਜਾਇਦਾਦ ਉਸਦੇ ਸਿਰ ਦਾ ਕਫ਼ਨ ਹੋ ਨਿਬੜਦੀ ਹੈ .. ਪਤਾ ਨਹੀਂ ਕਿਸ ਦੀਆਂ ਲਾਲਚੀ ਨਜ਼ਰਾਂ ਕਦੋਂ ਉਸ ਨੂੰ ਕਫਨ ਵਿੱਚ ਬਦਲ ਦੇਣ …ਭਾਨੇ ਦੀ ਤਰ੍ਹਾਂ …!!
“ਰਾਜਵਿੰਦਰ ਕੌਰ ਵਿੜਿੰਗ”
Access our app on your mobile device for a better experience!