More Punjabi Kahaniya  Posts
ਫਰੇਬ ਕਿਸ਼ਤ – 5


ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਕਿਸ਼ਤ – 5
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਪਿਛਲੀ ਕਿਸ਼ਤ ਦਾ ਲਿੰਕ-
https://m.facebook.com/story.php?story_fbid=331661798970086&id=100063788046394
5
ਪਿਛਲੀ ਕਿਸ਼ਤ ਵਿੱਚ ਅਸੀਂ ਜੈਲੇ ਦੀ ਸ਼ਿਵਾਨੀ ਲਈ ਤੜਪ ਨੂੰ ਪੜਿਆ। ਜਦੋਂ ਸ਼ਿਵਾਨੀ ਜੈਲੇ ਨੂੰ ਦੋ ਦਿਨ ਤੱਕ ਫੋਨ ਨਹੀਂ ਕਰਦੀ ਤਾਂ ਜੈਲਾ ਤੜਫ ਜਾਂਦਾ ਹੈ। ਓਹ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਦੋਸਤਾਂ ਕੋਲ ਬੈਠਾ ਰੋਣ ਲੱਗਦਾ ਹੈ। ਜੈਲਾ ਸੋਚਦਾ ਸੀ ਕਿ ਮਸਾਂ-ਮਸਾਂ ਉਸ ਛੜੇ ਦੀ ਜਿੰਦਗੀ ਵਿੱਚ ਜਨਾਨੀ ਦਾ ਸਾਥ ਆਓਣ ਦੀ ਉਮੀਦ ਜਗੀ ਸੀ ਪਰ ਹੁੱਣ ਓਹ ਵੀ ਪੂਰੀ ਨਹੀਂ ਹੋ ਸਕੇਗੀ।
ਪਰ ਜੈਲੇ ਦੀ ਚੰਗੀ ਕਿਸਮਤ ਸੀ ਕਿ ਉਸ ਰਾਤ ਜਦੋਂ ਓਹ ਸ਼ਰਾਬੀ ਹੋਇਆ ਸੜਕ ਤੇ ਸਾਈਕਲ ਘਸੀਟੀ ਜਾ ਰਿਹਾ ਸੀ ਤਾਂ ਸ਼ਿਵਾਨੀ ਦਾ ਉਸਨੂੰ ਫੋਨ ਆ ਗਿਆ। ਓਹ ਸਾਈਕਲ ਸੜਕ ਤੇ ਸੁੱਟ ਸ਼ਿਵਾਨੀ ਨਾਲ ਗੱਲ ਕਰਦਾ ਰੋਣ ਲੱਗਿਆ।
ਅਗਲੀ ਸਵੇਰ ਜਦੋਂ ਜੈਲਦਾਰ ਨੂੰ ਹੋਸ਼ ਆਇਆ ਤਾਂ ਓਹ ਖੇਤਾਂ ਵਿੱਚ ਹੀ ਡਿਗਿਆ ਪਿਆ ਸੀ। ਉਸਦਾ ਸਾਈਕਲ ਸੜਕ ਦੇ ਕਿਨਾਰੇ ਤੇ ਪਿਆ ਸੀ। ਰਾਤ ਸ਼ਰਾਬੀ ਹੋਇਆ ਓਹ ਇੱਥੇ ਖੇਤ ਵਿੱਚ ਹੀ ਡਿੱਗ ਪਿਆ ਹੋਏਗਾ। ਸਾਈਕਲ ਵੀ ਸੜਕ ਦੇ ਵਿਚਕਾਰ ਡਿੱਗਿਆ ਸੀ। ਪਰ ਸ਼ਾਇਦ ਕਿਸੇ ਰਾਹਗੀਰ ਨੇ ਚੱਕ ਕੇ ਕਿਨਾਰੇ ਕਰ ਦਿੱਤਾ ਹੋਣਾ। ਸ਼ੁਕਰ ਸੀ ਕਿ ਉਸਦਾ ਮੋਬਾਈਲ ਤੇ ਸਾਈਕਲ ਕਿਸੇ ਨੇ ਚੋਰੀ ਨਹੀਂ ਸੀ ਕਰ ਲਿਆ।
ਸ਼ਰਾਬ ਦਾ ਨਸ਼ਾ ਤਾਂ ਫੇਰ ਵੀ ਲਹਿ ਜਾਂਦਾ ਪਰ ਜੇ ਆਹ ਆਸ਼ਕੀ ਵਾਲਾ ਨਸ਼ਾ ਸਿਰ ਤੇ ਸਵਾਰ ਹੋ ਜਾਏ ਤਾਂ ਔਖਾ ਹੋ ਜਾਂਦਾ। ਓਹ ਤਾਂ ਪਤੰਦਰ ਦਾ ਬਚ ਗਿਆ ਨਹੀਂ ਤਾਂ ਫੋਨ ਤੇ ਸਾਈਕਲ ਕੌਣ ਛੱਡਦਾ!!?
ਸਵੇਰੇ ਨਸ਼ਾ ਘਟਿਆ ਤਾਂ ਓਹ ਆਪ ਹੀ ਉਠ ਖੜਾ ਹੋਇਆ। ਹਜੇ ਸਾਝਰਾ ਹੀ ਸੀ। ਉਸਨੇ ਝੱਟ ਉਠਕੇ ਆਪਣੇ ਕੱਪੜੇ ਝਾੜ ਲਏ। ਆਪਣਾ ਪਰਨਾ ਖੇਤਾਂ ਵਿੱਚੋਂ ਚੱਕਿਆ ਅਤੇ ਗਲ ਵਿੱਚ ਪਾ ਲਿਆ। ਫੇਰ ਆਪਣਾ ਫੋਨ ਦੇਖਿਆ। ਤਾਂ ਉਸਦੀ ਜੇਬ ਵਿੱਚ ਹੀ ਸੀ। ਉਸਨੇ ਆਪਣਾ ਸਾਈਕਲ ਚੱਕਿਆ ਅਤੇ ਪੈਡਲ ਮਾਰਦਾ ਹੋਇਆ ਪਿੰਡ ਵੱਲ ਨੂੰ ਹੋ ਗਿਆ।
ਰਾਏਕੋਟ ਪਹੁੰਚ ਕੇ ਉਸਨੇ ਘਰ ਦਾ ਦਰਵਾਜਾ ਖੜਕਾਇਆ ਤਾਂ ਉਸਦੇ ਬਾਪੂ ਜੀ ਬਾਹਰ ਆਏ। ਨਿਰੰਜਣ ਸਿੰਘ ਸਾਰੀ ਰਾਤ ਆਪਣੇ ਪੁੱਤ ਨੂੰ ਉਡੀਕਦਾ ਰਿਹਾ ਸੀ। ਜੈਲੇ ਨੂੰ ਦੇਖ ਨਿਰੰਜਣ ਸਿੰਘ ਨੂੰ ਗੁੱਸਾ ਚੜ ਗਿਆ।
“ਬੇਸ਼ਰਮ!! ਕਿੱਥੇ ਸੀ ਸਾਰੀ ਰਾਤ ਦਾ!! ਜੇ ਨਈ ਪਚਦੀ ਤਾਂ ਨਾ ਪੀਆ ਕਰ!!! ਮੈਥੋਂ ਤੁਰਿਆ-ਫਿਰਿਆ ਜਾਂਦਾ ਤਾਂ ਤੈਨੂੰ ਲੱਭ ਲੈਂਦਾ ਕਿਤੇ ਜਾ ਕੇ!! ਸਾਰੀ ਰਾਤ ਦਾ ਮੈਂ ਫਿਕਰ ਚ ਬੈਠਾਂ!! ਮਿੰਟ ਨੀ ਸੁੱਤਾ!! ਤੂੰ ਹੁੱਣ ਆਇਆਂ!!”
ਨਿਰੰਜਣ ਸਿੰਘ ਬੋਲਦਾ ਰਿਹਾ। ਪਰ ਜੈਲਦਾਰ ਚੁੱਪ-ਚਾਪ ਅੰਦਰ ਚਲਿਆ ਗਿਆ। ਉਹ ਆਪਣੇ ਕਮਰੇ ਵਿੱਚ ਗਿਆ। ਜੈਲੇ ਦਾ ਧਿਆਨ ਸ਼ਿਵਾਨੀ ਵੱਲ ਸੀ। ਕਮਰੇ ਵਿੱਚ ਜਾ ਕੇ ਉਸਨੇ ਸ਼ਿਵਾਨੀ ਨੂੰ ਫੋਨ ਕੀਤਾ। ਸ਼ਿਵਾਨੀ ਨੇ ਫੋਨ ਚੱਕ ਲਿਆ। ਪਰ ਫੋਨ ਚੱਕਦੇ ਹੀ ਓਹ ਬੋਲੀ,
“ਮੈਂ ਨੀ ਤੁਹਾਡੇ ਨਾਲ ਗੱਲ ਕਰਨੀ”।
“ਕਿਓਂ?” ਜੈਲਦਾਰ ਨੇ ਕਿਹਾ।
“ਰਾਤ ਕਿੰਨੀ ਸ਼ਰਾਬ ਪੀਤੀ ਸੀ ਤੁਸੀਂ ਪਤਾ ਤੁਹਾਨੂੰ?”
“ਪਹਿਲਾਂ ਤੁਸੀਂ ਦੋ ਦਿਨਾ ਤੋਂ ਫੋਨ ਕਿਓਂ ਨੀ ਕੀਤਾ?” ਜੈਲਾ ਬੋਲਿਆ, “ਪਤਾ ਮੈਂ ਕਿੰਨਾ ਪਰੇਸ਼ਾਨ ਸੀ!?”
“ਇਸੇ ਲਈ ਤੁਸੀਂ ਸ਼ਰਾਬ ਪੀਤੀ!?” ਸ਼ਿਵਾਨੀ ਬੋਲੀ, “ਵਾਅਦਾ ਕਰੋ ਨਹੀਂ ਪੀਓਂਗੇ? ਕਦੇ ਨਹੀਂ ਪੀਓਂਗੇ! ਪਤਾ ਰਾਤ ਤੁਸੀਂ ਕਿੰਨੇ ਨਸ਼ੇ ‘ਚ ਸੀ!”
“ਤੁਸੀਂ ਬੱਸ ਮੈਥੋਂ ਦੂਰ ਨਾ ਹੋਇਓ! ਮੈਂ ਕਦੇ ਸ਼ਰਾਬ ਨੂੰ ਮੂੰਹ ਨੀ ਲਾਂਓਦਾ!” ਜੈਲਾ ਬੋਲਿਆ।
“ਮੈਂ ਕਿੱਥੇ ਦੂਰ ਹੋਈ ਆ! ਮੈਂ ਤਾਂ ਕੰਮ ਚ ਉਲਝੀ ਹੋਈ ਸੀ”। ਸ਼ਿਵਾਨੀ ਬੋਲੀ।
“ਦੇਖੋ ਕਿੱਡੀ ਅਜੀਬ ਗੱਲ ਆ! ਮੈਂ ਤਾਂ ਇਹ ਤੱਕ ਨੀ ਜਾਣਦਾ ਕਿ ਤੁਸੀਂ ਕੰਮ ਕੀ ਕਰਦੇ ਓ! ਤੇ ਤੁਹਾਡੇ ਪਿੱਛੇ ਪਾਗਲ ਹੋਇਆ ਪਿਆਂ! ਦੋ ਦਿਨ ਤੁਸੀਂ ਫੋਨ ਨੀ ਕਰਿਆ ਤਾਂ ਫਿਕਰ ਹੋ ਗਈ ਤੁਹਾਡੀ! ਪਤਾ ਨੀ ਮੈਨੂੰ ਤੁਹਾਡੀ ਫਿਕਰ ਕਰਨ ਦਾ ਹੱਕ ਹੈ ਵੀ ਯਾਂ ਨਹੀਂ”।
“ਕਿਓਂ ਨੀ ਹੱਕ ਤੁਹਾਨੂੰ? ਤੁਹਾਨੂੰ ਹੀ ਤਾਂ ਹੱਕ ਹੈ! ਪੂਰਾ ਹੱਕ ਹੈ। ਤੁਹਾਨੂੰ ਨੀ ਪਤਾ ਜੈਲੇ ਤੁਸੀਂ ਮੇਰੇ ਲਈ ਥੋੜੇ ਜਿਹੇ ਦਿਨਾ ਵਿੱਚ ਹੀ ਕਿੰਨੇ ਖਾਸ ਬਣ ਗਏ ਓ!” ਸ਼ਿਵਾਨੀ ਨੇ ਕਿਹਾ, “ਜਿੱਥੇ ਤੱਕ ਰਹੀ ਮੇਰੇ ਕੰਮ ਦੀ ਗੱਲ ਤਾਂ ਮੈਂ ਕਾੱਲਸੈਂਟਰ ਚ ਜੌਬ ਕਰਦੀ ਆ। ਦੋ ਦਿਨ ਸਾਡੀ ਟ੍ਰੇਨਿੰਗ ਲੱਗੀ ਸੀ। ਮੈਂ ਦਿੱਲੀ ਗਈ ਸੀ”।
“ਤਾਂ ਮੈਨੂੰ ਦੱਸ ਦਿੰਦੇ! ਮੈਂ ਫਿਕਰ ਤਾਂ ਨਾ ਕਰਦਾ”। ਜੈਲਾ ਬੋਲਿਆ।
ਜੈਲਾ ਆਪਣੇ ਕਮਰੇ ਵਿੱਚ ਓਵੇਂ ਹੀ ਗੰਦੇ ਕੱਪੜਿਆਂ ਵਿੱਚ ਲੇਟ ਗਿਆ ਸੀ। ਬਾਹਰ ਉਸਦਾ ਬਾਪੂ ਨਿਰੰਜਣ ਸਿੰਘ ਚਾਹ ਦੀ ਉਡੀਕ ਕਰੀ ਜਾਂਦਾ ਸੀ।
“ਮੈਂ ਦੱਸਣਾ ਸੀ ਤੁਹਾਨੂੰ ਜਾਣ ਤੋਂ ਪਹਿਲਾਂ! ਪਰ ਸਭ ਅਚਾਨਕ ਹੀ ਹੋਇਆ! ਸਰ ਨੇ ਅਚਾਨਕ ਪਲੈਨ ਬਣਾ ਲਿਆ ਜਾਣ ਦਾ”। ਸ਼ਿਵਾਨੀ ਬੋਲੀ।
“ਸ਼ਿਵਾਨੀ ਮੈਂ ਮਿਲਣਾ ਤੁਹਾਨੂੰ! ਕੀ ਆਪਾਂ ਮਿਲ ਸਕਦੇ ਆ!?” ਜੈਲਦਾਰ ਹੁੱਣ ਦੋਬਾਰਾ ਸ਼ਿਵਾਨੀ ਤੋਂ ਦੂਰ ਨਹੀਂ ਸੀ ਹੋਣਾ ਚਾਹੁੰਦਾ।
“ਮਿਲਣਾ ਤਾਂ ਮੈਂ ਵੀ ਚਾਹੁੰਨੀ ਆ”। ਸ਼ਿਵਾਨੀ ਬੋਲੀ।
“ਤਾਂ ਅੱਜ ਮਿਲੀਏ!?”
“ਇੰਨੀ ਜਲਦੀ!!?”
“ਮੈਂ ਹੁੱਣ ਤੁਹਾਡੇ ਤੋਂ ਥੋੜੀ ਦੇਰ ਲਈ ਵੀ ਦੂਰ ਨੀ ਰਹਿ ਸਕਦਾ!!”
“ਕਿਓਂ?”
“ਕਿਓਂਕਿ ਮੇਰੇ ਦਿਲ ਦਾ ਟੁਕੜਾ ਬਣ ਗਏ ਓ ਤੁਸੀਂ!! ਮੇਰੀ ਜਾਨ ਬਣ ਗਏ ਓ ਤੁਸੀਂ!! ਮੈਂ! …….ਮੈਂ ਤੁਹਾਨੂੰ ਪਿਆਰ ਕਰਦਾ ਸ਼ਿਵਾਨੀ!!”
ਇੱਕੋ ਸਾਹੇ ਜੈਲਦਾਰ ਆਪਣੇ ਦਿਲ ਦੀ ਸਾਰੀ ਗੱਲ ਕਰ ਗਿਆ। ਸ਼ਿਵਾਨੀ ਨੇ ਵੀ ਝੱਟ “ਹਾਂ” ਦੀ ਹਾਮੀ ਭਰ ਦਿੱਤੀ।
“ਪਿਆਰ ਤਾਂ ਮੈਂ ਵੀ ਬਹੁਤ ਕਰਦੀ ਆ ਤੁਹਾਡੇ ਨਾਲ!! ਮੈਂ ਵੀ ਦੂਰ ਨੀ ਰਹਿ ਸਕਦੀ ਤੁਹਾਡੇ ਤੋਂ!!” ਸ਼ਿਵਾਨੀ ਨੇ ਕਿਹਾ।
ਜੈਲਾ ਬਹੁਤ ਖੁੱਸ਼ ਸੀ। ਸ਼ਿਵਾਨੀ ਨੇ ਮੁਹੱਬਤ ਦੀ ਹਾਮੀ ਜੋ ਭਰ ਦਿੱਤੀ ਸੀ। ਜੈਲੇ ਨੂੰ ਬਾਹਰੋਂ ਨਿਰੰਜਣ ਸਿੰਘ ਚਾਹ ਲਈ ਆਵਾਜ਼ਾਂ ਮਾਰਦਾ ਰਿਹਾ।
“ਚਲੋ...

ਮੈਂ ਬਾਪੂ ਜੀ ਲਈ ਚਾਹ ਬਣਾ ਦਵਾਂ! ਅੱਜ ਸ਼ਾਮ ਚਾਰ ਵਜੇ ਮੈਂ ਲੁਧਿਆਣੇ ਸਿਲਵਰ ਆਰਕ ਮਾੱਲ ਚ ਤੁਹਾਡਾ ਵੇਟ ਕਰੂੰਗਾ”। ਜੈਲਦਾਰ ਬੋਲਿਆ।
“ਮੈਂ ਆਜੂੰਗੀ!” ਸ਼ਿਵਾਨੀ ਬੋਲੀ, “ਤੇ ਬਣਾ ਲਵੋ ਚਾਹ! ਜਦੋਂ ਮੈਂ ਆਗੀ ਤਾਂ ਮੈਂ ਬਣਾ ਕੇ ਪਿਲਾਇਆ ਕਰੂੰ!”
ਸ਼ਿਵਾਨੀ ਨੇ ਕਿਹਾ ਤੇ ਹੱਸ ਪਈ।
“ਤੇਰਾ ਪਿਆਰ ਮੇਰੇ ਲਈ ਬੜਾ ਕੀਮਤੀ ਆ ਮੇਰੀਏ ਹੀਰੇ!!” ਜੈਲਾ ਬੋਲਿਆ।
“ਤਾਂ ਆਵਦੀ ਹੀਰ ਦੀ ਸੌਂਹ ਖਾ ਕੇ ਕਹੋ! ਅੱਜ ਤੋਂ ਬਾਅਦ ਸ਼ਰਾਬ ਕਦੇ ਨੀ ਪੋਵੋਂਗੇ!” ਸ਼ਿਵਾਨੀ ਬੋਲੀ।
“ਤੇਰੇ ਪਿਆਰ ਦੀ ਸੌਂਹ ਲੱਗੇ! ਕਦੇ ਨੀ ਪੀਂਦਾ!” ਜੈਲਦਾਰ ਬੋਲਿਆ।
ਮੰਨ ਹੀ ਮੰਨ ਜੈਲੇ ਨੇ ਸੌਂਹ ਖਾ ਲਈ ਕਿ ਹੁੱਣ ਸ਼ਰਾਬ ਨੂੰ ਹੱਥ ਨੀ ਲਾਓਣਾ। ਘਰ ਦੀ ਤਿਆਰੀ ਸ਼ੁਰੂ ਕਰਾਈਏ! ਸੁੱਖ ਨਾਲ ਘਰ ਸੰਭਾਲਣ ਵਾਲੀ ਆ ਰਹੀ ਹੈ। ਹਜੇ ਤੱਕ ਤਾਂ ਆਪ ਜੈਲਾ ਚੁੱਲਾ ਬਾਲ ਲਿਆ ਕਰਦਾ ਸੀ। ਹੁੱਣ ਸਲੰਡਰ ਦੀ ਕਾਪੀ ਬਣਾ ਲੈਣੀ ਚਾਹੀਦੀ ਹੈ। ਅਗਲੀ ਥੋੜੀ ਆ ਕੇ ਚੁੱਲਾ ਬਾਲੂਗੀ! ਵਿਹੜਾ ਵੀ ਕੱਚਾ ਹੈ। ਸੋਚਦਾਂ ਪੱਥਰ ਲਵਾ ਲੈਨਾ!! ਓ ਨਈ! ਨਈ!! ਅੱਜ-ਕੱਲ ਤਾਂ ਟੈਲਾਂ ਚੱਲਦੀਆਂ ਨੇ!!
ਇਹੀ ਸਭ ਸੋਚਦਾ ਹੋਇਆ ਜੈਲਦਾਰ ਨਹਾਂ ਲਿਆ ਅਤੇ ਫੇਰ ਰਸੋਈ ਵਿੱਚ ਜਾ ਵੜਿਆ। ਓਹ ਚਾਹ ਧਰਨ ਹੀ ਲੱਗਿਆ ਸੀ ਕਿ ਜਾਗਰ ਸਿੰਘ ਘਰ ਆ ਵੜਿਆ। ਉਸਦੇ ਨਾਲ ਕਾਲੀ ਵੀ ਸੀ।
ਪਿਛਲੀ ਰਾਤ ਜਾਗਰ ਨੂੰ ਨਿਰੰਜਣ ਸਿੰਘ ਨੇ ਫੋਨ ਕਰਿਆ ਸੀ ਕਿ ਜੈਲਾ ਘਰ ਨਹੀਂ ਆਇਆ। ਉਸੇ ਚੱਕਰ ਵਿੱਚ ਜਾਗਰ ਸਿੰਘ ਹੁੱਣ ਪਤਾ ਲੈਣ ਆਇਆ ਸੀ।
“ਓਹ ਜੈਲਿਆ ਕਿੱਥੇ ਰਹਿ ਗਿਆ ਸੀ ਕੱਲ ਰਾਤ!?” ਜਾਗਰ ਨੇ ਰਸੋਈ ਵਿੱਚ ਖੜੇ ਜੈਲੈ ਨੂੰ ਪੁੱਛਿਆ।
“ਕੁੱਛ ਨੀ ਚਾਚਾ! ਘੁੱਟ ਜਿਆਦਾ ਲੱਗ ਗੀ ਸੀ ਤਾਂ ਓਥੇ ਤਾਜਪੁਰ ਈ ਸੌਂ ਗਿਆ ਸੀ”। ਜੈਲਦਾਰ ਨੇ ਕਿਹਾ।
“ਲਿਆਓ ਜੀ! ਚਾਹ ਮੈਂ ਬਣਾ ਦਿੰਨੀ ਆ”। ਕਾਲੀ ਬੋਲੀ।
ਓਹ ਵੀ ਜਾਗਰ ਮਿਸਤਰੀ ਨਾਲ ਰਸੋਈ ਦੇ ਦਰਵਾਜੇ ਤੇ ਹੀ ਖੜੀ ਸੀ। ਕਾਲੀ ਨੇ ਚਾਹ ਬਣਾਓਣ ਲਈ ਜੈਲੇ ਨੂੰ ਪੁੱਛਿਆ ਪਰ ਜੈਲੇ ਨੇ ਕੋਈ ਜਵਾਬ ਨਾ ਦਿੱਤਾ। ਓਹ ਚੁੱਪ-ਚਾਪ ਆਪਣੇ ਕੰਮ ਲੱਗਿਆ ਰਿਹਾ।
ਕਾਲੀ ਜਦੋਂ ਵੀ ਜੈਲਦਾਰ ਦੇ ਘਰ ਜਾਂਦੀ ਤਾਂ ਵਿਹੜੇ ਵਿੱਚ ਝਾੜੂ ਲਾ ਆਂਓਦੀ ਸੀ। ਹੋਰ ਕੋਈ ਛੋਟਾ-ਮੋਟਾ ਕੰਮ ਹੁੰਦਾ ਸੀ ਤਾਂ ਓਹ ਵੀ ਕਰ ਆਂਓਦੀ ਸੀ। ਓਹ ਇਸ਼ਾਰੇ ਨਾਲ ਜੈਲੇ ਨੂੰ ਆਪਣਾ ਪਿਆਰ ਜਤਾਂਓਦੀ ਸੀ ਪਰ ਜੈਲਾ ਕਾਲੀ ਦਾ ਮੂੰਹ ਦੇਖ ਕੇ ਰਾਜੀ ਨਹੀਂ ਸੀ।
“ਸਾਰੀ ਰਾਤ ਤੇਰਾ ਪਿਓ ਤੈਨੂੰ ਉਡੀਕਦਾ ਰਿਹਾ। ਦੋ ਵਾਰ ਤਾਂ ਗੇੜਾ ਤੇਰੇ ਘਰ ਮੈਂ ਲਾ ਕੇ ਗਿਆ ਪਤੰਦਰਾ!! ਐਨੇ ਤੈਨੂੰ ਫੂਨ ਲਾਏ! ਤੂੰ ਚੱਕਿਆ ਈ ਨੀ”। ਜਾਗਰ ਸਿੰਘ ਬੋਲਿਆ, “ਮੈਂ ਤਾਂ ਹੁੱਣ ਆਇਆ ਸੀ ਵਈ ਜੇ ਨਹੀਂ ਆਇਆ ਤਾਂ ਚੌਂਕੀ ਜਾਕੇ ਰਪਟ ਲਿਖਾ ਆਈਏ!”
“ਲੈ ਚਾਚਾ ਚਾਹ ਪੀ!” ਜੈਲੇ ਨੇ ਚਾਹ ਦੇ ਦੋ ਗਿਲਾਸ ਜਾਗਰ ਮਿਸਤਰੀ ਨੂੰ ਫੜਾ ਦਿੱਤੇ।
ਜਾਗਰ ਨੇ ਇਕ ਗਿਲਾਸ ਜਾ ਕੇ ਕਾਲੀ ਨੂੰ ਫੜਾ ਦਿੱਤਾ। ਕਾਲੀ ਨਿਰੰਜਣ ਸਿੰਘ ਦਾ ਬਿਸਤਰਾ ਠੀਕ ਤਰਾਂ ਵਿਛਾ ਕੇ ਉਸ ਕੋਲ ਹੀ ਬੈਠ ਗਈ। ਜਾਗਰ ਸਿੰਘ ਵੀ ਕੋਲ ਹੀ ਬੈਠਾ ਸੀ। ਨਾਲ ਹੀ ਚਾਹ ਦਾ ਗਿਲਾਸ ਫੜੀ ਜੈਲਾ ਆ ਕੇ ਬਹਿ ਗਿਆ।
ਕਾਲੀ ਜੈਲਦਾਰ ਦੀ ਇਕ ਨਜ਼ਰ ਲਈ ਤਰਸੀ ਪਈ ਸੀ। ਪਰ ਜੈਲਾ ਜਾਗਰ ਨਾਲ ਗੱਲਾਂ ਮਾਰੀ ਗਿਆ। ਉਸਨੇ ਇਕ ਵਾਰ ਵੀ ਕਾਲੀ ਵੱਲ ਨਾ ਦੇਖਿਆ।
ਅੰਤ ਉਠ ਕੇ ਕਾਲੀ ਜਾਗਰ ਮਿਸਤਰੀ ਨਾਲ ਬਾਹਰ ਚਲੀ ਗਈ। ਜਾਗਰ ਨੇ ਕਾਲੀ ਦੀਆਂ ਅੱਖਾਂ ਪੜ ਲਈਆਂ ਸਨ। ਉਸਨੇ ਦੇਖ ਲਿਆ ਸੀ ਕਿ ਕਾਲੀ ਜੈਲਦਾਰ ਨੂੰ ਪਸੰਦ ਕਰਦੀ ਹੈ। ਘਰ ਜਾ ਕੇ ਜਾਗਰ ਨੇ ਪਹਿਲਾਂ ਤਾਂ ਕਾਲੀ ਨੂੰ ਕੁੱਟਿਆ। ਉਸ ਤੋਂ ਬਾਅਦ ਬੰਤ ਕੌਰ ਨੂੰ ਬੁਲਾ ਕੇ ਕਿਹਾ ਕਿ ਜੋ ਵੀ ਸ਼ਰਾਬੀ-ਕੁਆਬੀ ਇਸ ਵਾਸਤੇ ਮਿਲਦਾ ਓਹ ਪੱਕਾ ਕਰ!
“ਸ਼ਰਮ ਨੀ ਆਂਓਦੀ ਏਨੂੰ!! ਇੱਕੋ ਪਿੰਡ ਦੇ ਹੋ ਕੇ!! ਇਹ ਜੈਲੇ ਨਾਲ ਘਰ ਵਸਾਓਣ ਨੂੰ ਫਿਰਦੀ ਆ!!!” ਜਾਗਰ ਬੋਲਿਆ, “ਹਰਾਮਦੀਏ ਓਹ ਮੈਨੂੰ ਚਾਚਾ ਕਹਿੰਦਾ!!! ਤੇ ਤੂੰ ਓਨੂੰ ਖਸਮ ਬਣਾਓਣ ਦੇ ਸੁਪਨੇ ਦੇਖ ਰਹੀ ਆ!!! ਤੈਨੂੰ ਸ਼ਰਮ ਨੀ ਆਂਓਦੀ!!!!”
ਪਰ ਕਾਲੀ ਆਪਣੇ ਬਾਪ ਸਾਹਮਣੇ ਕੁੱਛ ਨਾ ਬੋਲੀ। ਓਹ ਬਹੁਤ ਡਰ ਗਈ ਸੀ। ਉਸਦੇ ਸ਼ਰੀਰ ਉਪਰ ਜਗਾ-ਜਗਾ ਲਾਸ਼ਾਂ ਪੈ ਗਈਆਂ ਸਨ। ਜਾਗਰ ਸਿੰਘ ਨੇ ਕਾਲੀ ਨੂੰ ਬੁਰੀ ਤਰਾਂ ਕੁੱਟਿਆ ਸੀ।
“ਮੈਨੂੰ ਤਾਂ ਪਹਿਲਾਂ ਈ ਪਤਾ ਇਦਾ ਕਲਿਹਣੀ ਦਾ!! ਮੈਂ ਕਿਓਂ ਕਹਿਨੀ ਆ ਥੋਨੂੰ!! ਵਈ ਆਵਦੀ ਦੂਸਰੀ ਕੁੜੀ ਬਾਰੇ ਵੀ ਸੋਚੋ!!! ਇੰਨੇ ਤਾਂ ਮੂੰਹ ਕਾਲਾ ਕਰਨਾ ਹੀ ਆ!! ਨਾਲ ਦੀ ਨਾਲ ਸਾਡੇ ਲਈ ਵੀ ਕੰਡੇ ਬੀਜ ਕੇ ਜਾਊਗੀ!!!” ਕਹਿੰਦੀ ਹੋਈ ਬੰਤ ਕੌਰ ਨੇ ਮੌਕਾ ਤਾੜ ਕੇ ਇਕ ਥੱਪੜ ਕਾਲੀ ਦੇ ਜੜ ਦਿੱਤਾ।
“ਤੈਨੂੰ ਇੰਨੀ ਕੁ ਗੱਲ ਨੀ ਪੱਲੇ ਪਈ ਬੇਸ਼ਰਮੇ!!!! ਕਿ ਮੇਰੇ ਪਿਓ ਨੇ ਪਿੰਡ ਚ ਮੂੰਹ ਦਖਾਓਣਾ ਕਿਸੇ ਨੂੰ!!!” ਜਾਗਰ ਸਿੰਘ ਬੋਲਿਆ, “ਇਹ ਜਿੰਨੀ ਦੇਰ ਓਥੇ ਬੈਠੀ ਰਹੀ ਆ!! ਜੈਲੇ ਵੱਲ ਐਦਾਂ ਦੇਖੀ ਗਈ ਆ ਜਿਵੇਂ ਓਦੀ ਘਰਵਾਲੀ ਹੋਵੇ!!”
ਕਾਲੀ ਨੂੰ ਜਾਗਰ ਨੇ ਕਮਰੇ ਵਿੱਚ ਬੰਦ ਕਰ ਦਿੱਤਾ।
“ਅੱਜ ਤੋਂ ਬਾਅਦ ਇਨੂੰ ਕਮਰੇ ਚੋਂ ਬਾਹਰ ਨਾ ਨਿਕਲਣ ਦਈ!!!” ਜਾਗਰ ਨੇ ਬੰਤ ਕੌਰ ਨੂੰ ਕਿਹਾ, “ਜਿੰਨੀ ਜਲਦੀ ਹੋ ਸਕੇ ਇਦੀ ਮੰਗਣੀ ਕਰ ਦੇ ਬੰਤ ਕੁਰੇ!!”
“ਹਾਂਜੀ!! ਮੈਂ ਕਰਦੀ ਆ ਫੋਨ!! ਮੂੰਡੇ ਵਾਲਿਆਂ ਦੇ ਘਰ!!!” ਬੰਤ ਕੌਰ ਨੇ ਕਿਹਾ।
ਕਮਰੇ ਦਾ ਦਰਵਾਜਾ ਬੰਦ ਹੋ ਗਿਆ ਅਤੇ ਕਾਲੀ ਕੈਦੀ ਬਣ ਗਈ। ਆਪਣੇ ਹੀ ਘਰ ਵਿੱਚ ਕੈਦੀ ਬਣ ਗਈ। ਉਸਨੂੰ ਲੱਗਿਆ ਕਿ ਹੁੱਣ ਓਹ ਜੈਲੇ ਦਾ ਪਿਆਰ ਕਦੇ ਨਹੀਂ ਪਾ ਸਕੇਗੀ!!
ਓਧਰ ਜੈਲਦਾਰ ਸ਼ਿਵਾਨੀ ਨੂੰ ਮਿਲਣ ਲਈ ਸ਼ਹਿਰ ਚਲਿਆ ਗਿਆ। ਸ਼ਿਵਾਨੀ ਨੂੰ ਮਿਲਣ ਦਾ ਵਾਅਦਾ ਉਸਨੇ ਸਿਲਵਰ ਆਰਕ ਮਾੱਲ ਵਿੱਚ ਕਰਿਆ ਸੀ। ਜੈਲੇ ਦੇ ਮਾੱਲ ਪਹੁੰਚਣ ਤੋਂ ਪਹਿਲਾਂ ਹੀ ਸ਼ਿਵਾਨੀ ਓਥੇ ਮੌਜੂਦ ਸੀ। ਜੈਲਦਾਰ ਨੇ ਸ਼ਿਵਾਨੀ ਨੂੰ ਦੇਖਦੇ ਸਾਰ ਪਹਿਚਾਣ ਲਿਆ। ਅੱਜ ਓਹ ਪਹਿਲੀ ਵਾਰ ਸ਼ਿਵਾਨੀ ਨੂੰ ਦੇਖ ਰਿਹਾ ਸੀ।
ਸੱਚ!! ਸ਼ਿਵਾਨੀ ਆਪਣੀਆਂ ਤਸਵੀਰਾਂ ਤੋਂ ਕਿਤੇ ਵੱਧ ਖੂਬਸੂਰਤ ਸੀ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)